ਕਬੱਡੀ ਓਲੰਪਿਕ ਖੇਡਾਂ ਵਿਚ ਖਿਡਾਉਣ ਦੀਆਂ ਟਾਹਰਾਂ

ਪ੍ਰਿੰæ ਸਰਵਣ ਸਿੰਘ
ਜੇਕਰ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਾਉਣਾ ਹੈ ਤਾਂ ਹੁਣੇ ਜਾਗਣ ਦਾ ਵੇਲਾ ਹੈ। 2016 ਦੀਆਂ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੀਰੋ ਵਿਚ ਹੋ ਰਹੀਆਂ ਹਨ ਤੇ 2020 ਦੀਆਂ ਟੋਕੀਓ, ਜਪਾਨ ਵਿਚ। 2024 ਦੀਆਂ 33ਵੀਆਂ ਓਲੰਪਿਕ ਖੇਡਾਂ ਕਰਾਉਣ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 15 ਸਤੰਬਰ 2015 ਸੀ। ਜਿਨ੍ਹਾਂ ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਪੁਣ ਛਾਣ ਕਰਨ ਪਿੱਛੋਂ ਉਨ੍ਹਾਂ ਦੇ ਨਾਂ ਨਸ਼ਰ ਕਰ ਦਿੱਤੇ ਹਨ।

ਟੋਰਾਂਟੋ ਵਿਚ ਪੈਨ ਅਮੈਰੀਕਨ ਖੇਡਾਂ ਕਾਮਯਾਬੀ ਨਾਲ ਕਰਾਉਣ ਪਿੱਛੋਂ ਲੱਗਦਾ ਸੀ ਕਿ ਟੋਰਾਂਟੋ ਵੀ ਅਰਜ਼ੀ ਦੇਵੇਗਾ। ਪਰ ਲੰਮੀ ਸੋਚ ਵਿਚਾਰ ਪਿੱਛੋਂ ਟੋਰਾਂਟੋ ਨੇ ਅਰਜ਼ੀ ਨਹੀਂ ਦਿੱਤੀ। ਪਹਿਲਾਂ ਉਸ ਨੇ 1996 ਤੇ 2008 ਦੀਆਂ ਓਲੰਪਿਕ ਖੇਡਾਂ ਕਰਾਉਣ ਲਈ ਅਰਜ਼ੀ ਦਿੱਤੀ ਸੀ ਪਰ ਅਟਲਾਂਟਾ ਤੇ ਬੀਜਿੰਗ ਬਾਜ਼ੀ ਮਾਰ ਗਏ ਸਨ। ਮੌਂਟਰੀਅਲ ਵਿਚ 1976 ਦੀਆਂ ਓਲੰਪਿਕ ਖੇਡਾਂ ਹੋਈਆਂ ਸਨ। ਸਰਦੀਆਂ ਦੀਆਂ ਓਲੰਪਿਕ ਖੇਡਾਂ ਕੈਨੇਡਾ ਵਿਚ ਦੋ ਵਾਰ ਹੋ ਚੁੱਕੀਆਂ ਹਨ।
ਵਿਸ਼ਵ ਦੀ ਛੇਵਾਂ ਹਿੱਸਾ ਵਸੋਂ ਵਾਲੇ ਮੁਲਕ ਭਾਰਤ ਦਾ ਕੋਈ ਸ਼ਹਿਰ ਕਦੇ ਵੀ ਉਲੰਪਿਕ ਖੇਡਾਂ ਦਾ ਉਮੀਦਵਾਰ ਨਹੀਂ ਬਣਿਆ। ਸੰਭਵ ਹੈ ਭਾਰਤ 2028 ਦੀਆਂ ਓਲੰਪਿਕ ਖੇਡਾਂ ਲਈ ਅਰਜ਼ੀ ਦੇਵੇ। 2024 ਦੀਆਂ ਓਲੰਪਿਕ ਖੇਡਾਂ ਲਈ ਹੁਣ ਪੰਜ ਸ਼ਹਿਰ ਮੈਦਾਨ ਵਿਚ ਹਨ। ਹੰਗਰੀ ਦਾ ਬੁਡਾਪੈਸਟ, ਜਰਮਨੀ ਦਾ ਹੈਮਬਰਗ, ਅਮਰੀਕਾ ਦਾ ਲਾਸ ਏਂਜਲਸ, ਫਰਾਂਸ ਦਾ ਪੈਰਿਸ ਤੇ ਇਟਲੀ ਦਾ ਰੋਮ। ਇਨ੍ਹਾਂ ਵਿਚੋਂ ਤਿੰਨ-ਲਾਸ ਏਂਜਲਸ, ਪੈਰਿਸ ਤੇ ਰੋਮ ਅਜਿਹੇ ਸ਼ਹਿਰ ਹਨ ਜਿਥੇ ਪਹਿਲਾਂ ਵੀ ਇਕ ਜਾਂ ਦੋ ਵਾਰ ਓਲੰਪਿਕ ਖੇਡਾਂ ਹੋ ਚੁੱਕੀਆਂ ਹਨ। ਸਿਰਫ ਬੁਡਾਪੈਸਟ ਤੇ ਹੈਮਬਰਗ ਹੀ ਨਵੇਂ ਉਮੀਦਵਾਰ ਹਨ। ਜਿਸ ਸ਼ਹਿਰ ਨੂੰ ਓਲੰਪਿਕ ਖੇਡਾਂ ਅਲਾਟ ਹੋਣਗੀਆਂ ਉਸ ਨੂੰ ਆਈ ਓ ਸੀ ਵੱਲੋਂ 1æ70 ਬਿਲੀਅਨ ਡਾਲਰ ਦੀ ਮਦਦ ਦਿੱਤੀ ਜਾਵੇਗੀ। ਬਾਕੀ ਖਰਚਾ ਉਸ ਸ਼ਹਿਰ ਦਾ ਆਪਣਾ ਹੋਵੇਗਾ।
ਆਧੁਨਿਕ ਓਲੰਪਿਕ ਖੇਡਾਂ 1896 ਵਿਚ ਏਥਨਜ਼ ਤੋਂ ਸ਼ੁਰੂ ਹੋਈਆਂ ਸਨ। ਇਹ ਹਰ ਚਾਰ ਸਾਲ ਬਾਅਦ ਲੀਪ ਦੇ ਸਾਲ ਹੁੰਦੀਆਂ ਆ ਰਹੀਆਂ ਹਨ। 1900 ਵਿਚ ਪੈਰਿਸ, 1904 ‘ਚ ਸੇਂਟ ਲੂਈਸ, 1908 ‘ਚ ਲੰਡਨ ਤੇ 1912 ‘ਚ ਸਟਾਕਹੋਮ ਵਿਚ ਖੇਡਾਂ ਹੋਣ ਪਿੱਛੋਂ 1916 ਬਰਲਿਨ ਵਿਚ ਨਹੀਂ ਸਨ ਹੋ ਸਕੀਆਂ ਕਿਉਂਕਿ ਵਿਸ਼ਵ ਜੰਗ ਲੱਗ ਗਈ ਸੀ। 1920 ਐਂਟਵਰਪ, 1924 ਪੈਰਿਸ, 1928 ਐਮਸਟਰਡਮ, 1932 ਲਾਸ ਏਂਜਲਸ ਤੇ 1936 ਬਰਲਿਨ ਵਿਚ ਹੋਈਆਂ। 1940 ਹੈਲਸਿੰਕੀ ਤੇ 1944 ਲੰਡਨ ਦੀਆਂ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। 1948 ਲੰਡਨ, 1952 ਹੈਲਸਿੰਕੀ, 1956 ਮੈਲਬੌਰਨ, 1960 ਰੋਮ ਤੇ 1964 ਵਿਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ ਵਿਚ ਹੋਈਆਂ। ਤਦ ਤਕ ਭਾਰਤੀ ਹਾਕੀ ਟੀਮ ਦੀ ਚੜ੍ਹਤ ਰਹੀ ਜਿਸ ਨੇ ਐਮਸਟਰਡਮ ਤੋਂ ਟੋਕੀਓ ਤਕ ਅੱਠ ਓਲੰਪਿਕਸ ਵਿਚੋਂ ਹਾਕੀ ਦੇ ਸੱਤ ਗੋਡਲ ਮੈਡਲ ਅਤੇ ਇਕ ਸਿਲਵਰ ਮੈਡਲ ਜਿੱਤੇ। ਕਿਸੇ ਓਲੰਪਿਕ ਦੇ ਫਾਈਨਲ ਮੈਚ ਵਿਚ ਸਭ ਤੋਂ ਬਹੁਤੇ ਗੋਲ ਕਰਨ ਦਾ ਰਿਕਾਰਡ ਅਜੇ ਵੀ ਬਲਬੀਰ ਸਿੰਘ ਸੀਨੀਅਰ ਦੇ ਨਾਂ ਤੁਰਿਆ ਆਉਂਦਾ ਹੈ ਜੋ ਓਲੰਪਿਕ ਖੇਡਾਂ ਦਾ ਸਭ ਤੋਂ ਪੁਰਾਣਾ ਰਿਕਾਰਡ ਹੈ!
1980 ਤੋਂ ਬਾਅਦ ਭਾਰਤੀ ਹਾਕੀ ਟੀਮ ਕਦੇ ਜਿੱਤ ਮੰਚ ‘ਤੇ ਨਹੀਂ ਚੜ੍ਹ ਸਕੀ। 2008 ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ ਜਦ ਕਿ ਕੈਨੇਡਾ ਦੀ ਹਾਕੀ ਟੀਮ ਕੁਆਲੀਫਾਈ ਕਰ ਗਈ ਸੀ। ਉਦੋਂ ਚਾਰ ਸਿੱਖ ਖਿਡਾਰੀ ਕੈਨੇਡਾ ਦੀ ਟੀਮ ਵਿਚ ਖੇਡੇ ਸਨ।
ਓਲੰਪਿਕ ਖੇਡਾਂ 1968 ਮੈਕਸੀਕੋ, 1972 ਮਿਊਨਿਖ, 1976 ਮੌਂਟਰੀਅਲ, 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ, 1992 ਬਾਰਸੀਲੋਨਾ, 1996 ਐਟਲਾਂਟਾ, 2000 ਸਿਡਨੀ, 2004 ਏਥਨਜ਼ ਤੇ 2008 ‘ਚ ਬੀਜਿੰਗ ਵਿਚ ਹੋਈਆਂ। 2012 ਦੀਆਂ ਖੇਡਾਂ ਲੰਡਨ ਵਿਚ ਹੋਈਆਂ ਤੇ 2016 ਦੀਆਂ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੀਰੋ ਵਿਚ ਹੋਣਗੀਆਂ। ਵਿਸ਼ਵ ਦੀ ਦੋ ਤਿਹਾਈ ਆਬਾਦੀ ਵਾਲੇ ਮਹਾਂਦੀਪ ਏਸ਼ੀਆ ਵਿਚ ਸਤਾਈ ਓਲੰਪਿਕ ਖੇਡਾਂ ਵਿਚੋਂ ਕੇਵਲ ਤਿੰਨ ਵਾਰ ਇਹ ਖੇਡਾਂ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ ਤੇ ਤੀਜੀ ਵਾਰ ਬੀਜਿੰਗ ਵਿਚ। ਯੂਰਪ ਵਿਚ ਇਹ ਖੇਡਾਂ ਸਭ ਤੋਂ ਵੱਧ ਵਾਰ ਹੋਈਆਂ, ਉਸ ਤੋਂ ਘੱਟ ਉਤਰੀ ਅਮਰੀਕਾ, ਆਸਟ੍ਰੇਲੀਆ ਮਹਾਂਦੀਪ ਤੇ ਦੱਖਣੀ ਅਮਰੀਕਾ ਵਿਚ। ਅਫਰੀਕਾ ਮਹਾਂਦੀਪ ਵਿਚ ਓਲੰਪਿਕ ਖੇਡਾਂ ਕਦੇ ਵੀ ਨਹੀਂ ਹੋਈਆਂ। ਭਾਰਤ 2020 ਜਾਂ 2024 ਦੀਆਂ ਉਲੰਪਿਕ ਖੇਡਾਂ ਦੀ ਅਰਜ਼ੀ ਦੇਣ ਨੂੰ ਅਹੁਲਦਾ ਸੀ ਪਰ 2010 ਵਿਚਲੀਆਂ ਦਿੱਲੀ ਦੀਆਂ ਕਾਮਨਵੈਲਥ ਖੇਡਾਂ ਦੇ ਘਪਲਿਆਂ ਨੇ ਗੱਲ ਠੰਢੀ ਪਾ ਦਿੱਤੀ।
ਲੰਡਨ ਦੀਆਂ ਓਲੰਪਿਕ ਖੇਡਾਂ-2012 ਵਿਚ 26 ਖੇਡਾਂ ਦੇ 39 ਵਰਗ ਸਨ ਜਿਨ੍ਹਾਂ ਦੇ ਕੁਲ 302 ਈਵੈਂਟ ਸਨ। 302 ਗੋਲਡ ਮੈਡਲਾਂ ਵਿਚੋਂ ਭਾਰਤ ਨੇ ਕੋਈ ਗੋਲਡ ਮੈਡਲ ਨਹੀਂ ਸੀ ਜਿੱਤਿਆ। ਬੀਜਿੰਗ-2008 ਵਿਚ ਭਾਰਤ ਦੇ ਅਭਿਨਵ ਸਿੰਘ ਬਿੰਦਰਾ ਨੇ ਨਿਸ਼ਾਨੇਬਾਜ਼ੀ ‘ਚੋਂ ਇਕ ਗੋਲਡ ਮੈਡਲ ਜਿੱਤਿਆ ਸੀ। ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਵਿਚ ਭਾਰਤ ਨੇ ਕੁਲ 9 ਗੋਲਡ ਮੈਡਲ ਜਿੱਤੇ ਹਨ ਜਿਨ੍ਹਾਂ ਵਿਚ 8 ਹਾਕੀ ਦੇ ਹਨ ਤੇ 1 ਸ਼ੂਟਿੰਗ ਦਾ। ਇਹੋ ਮਹਾਨ ਭਾਰਤ ਦੀ ਮਹਾਨ ਕਾਰਗੁਜ਼ਾਰੀ ਹੈ! ਆਪਣੇ ਮੂੰਹੋਂ ਆਪ ਨੂੰ ਮੀਆਂ ਮਿੱਠੂ ਕਹਿਣ ਨਾਲ ਕੁਝ ਨਹੀਂ ਹੁੰਦਾ!
ਓਲੰਪਿਕ ਖੇਡਾਂ ਦਾ ਮੇਜ਼ਬਾਨ ਬਣਨ ਲਈ ਦੇਸ਼ਾਂ ਦੀਆਂ ਨਹੀਂ ਸਗੋਂ ਸ਼ਹਿਰਾਂ ਦੀਆਂ ਅਰਜ਼ੀਆਂ ਸਬੰਧਤ ਦੇਸ਼ਾਂ ਦੀਆਂ ਨੈਸ਼ਨਲ ਓਲੰਪਿਕ ਕਮੇਟੀਆਂ ਰਾਹੀਂ ਖੇਡਾਂ ਦੇ ਸਾਲ ਤੋਂ ਨੌਂ ਸਾਲ ਪਹਿਲਾਂ ਮੰਗੀਆਂ ਜਾਂਦੀਆਂ ਹਨ। ਸੱਤ ਸਾਲ ਪਹਿਲਾਂ ਆਈ ਓ ਸੀ ਦੇ ਸੈਸ਼ਨ ਵਿਚ ਸ਼ਹਿਰ ਦੀ ਚੋਣ ਕੀਤੀ ਜਾਂਦੀ ਹੈ। ਮਸਲਨ 2016 ਦੀਆਂ ਉਲੰਪਿਕ ਖੇਡਾਂ ਲਈ ਨੌਂ ਸਾਲ ਪਹਿਲਾਂ ਸੱਤ ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਆਈ ਓ ਸੀ ਦੇ ਮੁਲਾਂਕਣ ਕਮਿਸ਼ਨ ਤੇ ਕਾਰਜਕਾਰੀ ਬੋਰਡ ਨੇ ਮੁੱਢਲੀ ਕਾਰਵਾਈ ਵਿਚ ਦੋਹਾ, ਪਰਾਗ ਤੇ ਬਾਕੂ ਪਹਿਲਾਂ ਹੀ ਚੋਣ ਤੋਂ ਬਾਹਰ ਕਰ ਦਿੱਤੇ ਸਨ। ਚੋਣ ਚਾਰ ਸ਼ਹਿਰਾਂ ਵਿਚਕਾਰ ਰਹਿ ਗਈ ਸੀ। ਆਈ ਓ ਸੀ ਦੇ ਵੱਧ ਤੋਂ ਵੱਧ 115 ਮੈਂਬਰ ਹੋ ਸਕਦੇ ਹਨ। 2 ਅਕਤੂਬਰ 2009 ਨੂੰ ਕੌਪਨਹੈਗਨ ਵਿਚ ਆਈ ਓ ਸੀ ਦੇ 121ਵੇਂ ਸੈਸ਼ਨ ਵਿਚ ਸ਼ਹਿਰ ਦੀ ਚੋਣ ਲਈ ਵੋਟਾਂ ਪਈਆਂ ਸਨ। ਪਹਿਲੇ ਦੌਰ ਵਿਚ ਰੀਓ ਡੀ ਜਨੀਰੋ ਨੂੰ 26, ਮੈਡਰਿਡ ਨੂੰ 28, ਟੋਕੀਓ ਨੂੰ 22 ਤੇ ਸ਼ਿਕਾਗੋ ਨੂੰ 18 ਵੋਟਾਂ ਮਿਲੀਆਂ। ਕਿਸੇ ਨੂੰ ਵੀ ਬਹੁਗਿਣਤੀ ਯਾਨਿ 48 ਵੋਟਾਂ ਨਾ ਪੈਣ ਕਾਰਨ ਸਭ ਤੋਂ ਘੱਟ ਵੋਟਾਂ ਵਾਲੇ ਸ਼ਿਕਾਗੋ ਨੂੰ ਬਾਹਰ ਕਰ ਦਿੱਤਾ ਗਿਆ। ਦੂਜੇ ਦੌਰ ਵਿਚ ਰੀਓ ਨੂੰ 46, ਮੈਡਰਿਡ ਨੂੰ 29 ਤੇ ਟੋਕੀਓ ਨੂੰ 20 ਵੋਟਾਂ ਪਈਆਂ। ਇੰਜ ਟੋਕੀਓ ਬਾਹਰ ਹੋ ਗਿਆ ਤੇ ਮੁਕਾਬਲਾ ਰੀਓ ਤੇ ਮੈਡਰਿਡ ਵਿਚਕਾਰ ਰਹਿ ਗਿਆ। ਤੀਜੇ ਦੌਰ ਵਿਚ ਮੈਡਰਿਡ ਦੀਆਂ 32 ਵੋਟਾਂ ਦੇ ਮੁਕਾਬਲੇ ਰੀਓ ਨੂੰ 66 ਵੋਟਾਂ ਪੈਣ ਨਾਲ 2016 ਦੀਆਂ ਓਲੰਪਿਕ ਖੇਡਾਂ ਰੀਓ ਡੀ ਜਨੀਰੋ ਨੂੰ ਮਿਲ ਗਈਆਂ। ਰੀਓ ਵਿਚ ਕੁਸ਼ਤੀ, ਗੌਲਫ਼ ਤੇ ਰਗਬੀ ਸੈਵਨ ਸਮੇਤ 28 ਖੇਡਾਂ ਸ਼ਾਮਲ ਹਨ। ਉਥੇ ਸਭ ਤੋਂ ਵੱਧ 47 ਗੋਲਡ ਮੈਡਲ ਅਥਲੈਟਿਕਸ ਤੇ ਉਸ ਤੋਂ ਘੱਟ 34 ਗੋਲਡ ਮੈਡਲ ਸਵਿਮਿੰਗ ਦੇ ਹੋਣਗੇ। ਕੁਸ਼ਤੀ ਦੇ 15 ਗੋਲਡ ਮੈਡਲ ਹਨ। ਕੁਲ 297 ਸੋਨ ਤਮਗਿਆਂ ਲਈ 205 ਦੇਸ਼ਾਂ ਦੇ 10500 ਖਿਡਾਰੀ ਖੇਡ ਮੁਕਾਬਲਿਆਂ ਵਿਚ ਭਾਗ ਲੈਣਗੇ। ਗਰਮ ਰੁੱਤ ਦੀਆਂ 31ਵੀਆਂ ਓਲੰਪਿਕ ਖੇਡਾਂ 2016 ਵਿਚ 5 ਤੋਂ 21 ਅਗਸਤ ਤਕ ਹੋਣਗੀਆਂ।
2020 ਵਿਚ ਹੋਣ ਵਾਲੀਆਂ 32ਵੀਆਂ ਓਲੰਪਿਕ ਖੇਡਾਂ ਲਈ ਅਰਜ਼ੀਆਂ ਦੇਣ ਦੀ ਆਖਰੀ ਤਾਰੀਖ 15 ਫਰਵਰੀ 2012 ਸੀ। ਕੁਲ ਪੰਜ ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਆਈ ਓ ਸੀ ਦੇ ਈਵੈਲੂਏਸ਼ਨ ਕਮਿਸ਼ਨ ਤੇ ਕਾਰਜਕਾਰੀ ਬੋਰਡ ਨੇ ਮੁੱਢਲੇ ਮੁਲਾਂਕਣ ਵਿਚ ਆਜ਼ਰਬਾਈਜਾਨ ਦੇ ਸ਼ਹਿਰ ਬਾਕੂ ਤੇ ਕਤਰ ਦੇ ਸ਼ਹਿਰ ਦੋਹਾ ਨੂੰ ਪਹਿਲਾਂ ਹੀ ਮੁਕਾਬਲੇ ‘ਚੋਂ ਬਾਹਰ ਕਰ ਦਿੱਤਾ ਸੀ। ਫਿਰ ਤਿੰਨ ਸ਼ਹਿਰ, ਤੁਰਕੀ ਦਾ ਇਸਤੰਬੋਲ, ਜਪਾਨ ਦਾ ਟੋਕੀਓ ਤੇ ਸਪੇਨ ਦਾ ਮੈਡਰਿਡ ਮੁਕਾਬਲੇ ਵਿਚ ਰਹਿ ਗਏ। ਕੌਮਾਂਤਰੀ ਓਲੰਪਿਕ ਕਮੇਟੀ ਦਾ 125ਵਾਂ ਸਾਲਾਨਾ ਸੈਸ਼ਨ 2013 ਵਿਚ 7 ਤੋਂ 10 ਸਤੰਬਰ ਤੱਕ ਬਿਊਨਸ ਏਅਰਜ਼ ਵਿਚ ਹੋਇਆ। ਵੋਟਾਂ ਦੇ ਪਹਿਲੇ ਦੌਰ ਵਿਚ ਟੋਕੀਓ ਨੂੰ 42, ਇਸਤੰਬੋਲ ਤੇ ਮੈਡਰਿਡ ਨੂੰ 26-26 ਵੋਟਾਂ ਪਈਆਂ। ਇਨ੍ਹਾਂ ਦੋਹਾਂ ‘ਚੋਂ ਇਕ ਸ਼ਹਿਰ ਨੂੰ ਬਾਹਰ ਕੱਢਣ ਲਈ ਵੋਟਾਂ ਪੁਆਈਆਂ ਗਈਆਂ। ਇਸਤੰਬੋਲ ਨੂੰ 49 ਤੇ ਮੈਡਰਿਡ ਨੂੰ 45 ਵੋਟਾਂ ਪਈਆਂ ਜਿਨ੍ਹਾਂ ਨਾਲ ਮੈਡਰਿਡ ਦੌੜ ‘ਚੋਂ ਬਾਹਰ ਹੋ ਗਿਆ। ਤੀਜੇ ਰਾਊਂਡ ਵਿਚ ਟੋਕੀਓ ਨੂੰ 60 ਤੇ ਇਸਤੰਬੋਲ ਨੂੰ 36 ਵੋਟਾਂ ਪਈਆਂ। ਇੰਜ 2020 ਦੀਆਂ ਓਲੰਪਿਕ ਖੇਡਾਂ ਟੋਕੀਓ ਨੂੰ ਅਲਾਟ ਹੋ ਗਈਆਂ।
2024 ਦੀਆਂ ਓਲੰਪਿਕ ਖੇਡਾਂ ਲਈ ਜੋ ਪੰਜ ਸ਼ਹਿਰ ਮੈਦਾਨ ਵਿਚ ਹਨ ਉਨ੍ਹਾਂ ਦਾ ਆਈ ਓ ਸੀ ਦੇ ਮੁਲਾਂਕਣ ਕਮਿਸ਼ਨ ਤੇ ਕਾਰਜਕਾਰੀ ਬੋਰਡ ਨੇ ਮੁੱਢਲਾ ਮੁਲਾਂਕਣ ਕਰਨਾ ਹੈ। ਮੁਲਾਂਕਣ ਤੋਂ ਬਾਅਦ ਆਈ ਓ ਸੀ ਦੇ 2017 ਦੇ ਸੈਸ਼ਨ ਵਿਚ ਵੋਟਾਂ ਪਾ ਕੇ ਸ਼ਹਿਰ ਦੀ ਚੋਣ ਕੀਤੀ ਜਾਵੇਗੀ। ਉਹ ਸੈਸ਼ਨ ਪੀਰੂ ਦੇ ਸ਼ਹਿਰ ਲੀਮਾ ਵਿਖੇ ਹੋਵੇਗਾ। ਉਥੇ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਖੇਡਾਂ ਦਾ ਵੀ ਫੈਸਲਾ ਕੀਤਾ ਜਾਵੇਗਾ। ਜਿਹੜੇ ਸੱਜਣ ਪੰਜਾਬ ਦੀ ਦੇਸੀ ਖੇਡ ਸਰਕਲ ਸਟਾਈਲ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਾਉਣ ਦੇ ਐਲਾਨ ਕਰਦੇ ਨਹੀਂ ਥੱਕਦੇ, ਉਨ੍ਹਾਂ ਨੂੰ ਓਲੰਪਿਕ ਚਾਰਟਰ ਪੜ੍ਹ ਕੇ ਹੁਣੇ ਤੋਂ ਉਪਰਾਲਾ ਕਰਨਾ ਚਾਹੀਦੈ। ਜੁਲਾਈ 2011 ਤੋਂ ਲਾਗੂ ਨਵਾਂ ਓਲੰਪਿਕ ਚਾਰਟਰ 103 ਸਫਿਆਂ ਦਾ ਦਸਤਾਵੇਜ਼ ਹੈ। ਉਸ ਅਨੁਸਾਰ ਪਹਿਲਾ ਕਾਰਜ ਹੈ ਕਬੱਡੀ ਸਰਕਲ ਸਟਾਈਲ ਨੂੰ ਵੱਖਰੀ ਖੇਡ ਵਜੋਂ ਵੱਖ ਵੱਖ ਦੇਸ਼ਾਂ ਦੀਆਂ ਨੈਸ਼ਨਲ ਓਲੰਪਿਕ ਕਮੇਟੀਆਂ ਨਾਲ ਸਬੰਧਤ ਕਰਨਾ। ਕੌਮਾਂਤਰੀ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਬਣਾਉਣੀ ਤੇ ਕੌਮਾਂਤਰੀ ਓਲੰਪਿਕ ਕਮੇਟੀ ਤੋਂ ਮਾਨਤਾ ਲੈਣੀ। ਹਾਲੇ ਤਾਂ ਕੈਨੇਡਾ/ਅਮਰੀਕਾ ਵਰਗੇ ਮੁਲਕਾਂ ਵਿਚ ਜਿਥੇ ਕਬੱਡੀ ਦੇ ਅਨੇਕਾਂ ਕਲੱਬ ਹਨ, ਫੈਡਰੇਸ਼ਨਾਂ ਹਨ, ਕਬੱਡੀ ਦੇ ਅਨੇਕਾਂ ਟੂਰਨਾਮੈਂਟ ਹੁੰਦੇ ਹਨ, ਉਥੇ ਕਬੱਡੀ ਨੈਸ਼ਨਲ ਓਲੰਪਿਕ ਕਮੇਟੀਆਂ ਨਾਲ ਸਬੰਧਤ ਖੇਡ ਨਹੀਂ। ਹਾਲ ਦੀ ਘੜੀ ਕਬੱਡੀ ਸਰਕਲ ਸਟਾਈਲ, ਕਬੱਡੀ ਨੈਸ਼ਨਲ ਸਟਾਈਲ ਖੇਡ ਦਾ ਇਕ ਵਰਗ ਹੈ, ਵੱਖਰੀ ਆਜ਼ਾਦ ਖੇਡ ਨਹੀਂ। ਕਬੱਡੀ ਦਾ ਓਲੰਪਿਕ ਖੇਡਾਂ ਵੱਲ ਜਾਣ ਦਾ ਰਾਹ ਭਾਵੇਂ ਕਾਫੀ ਵਿੰਗ ਵਲੇਵਿਆਂ ਵਾਲਾ ਤੇ ਲੰਮਾ ਹੈ ਪਰ ਜੇ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਾਉਣ ਦੇ ਜੈਕਾਰੇ ਛੱਡਣੇ ਤੇ ਬੱਲੇ-ਬੱਲੇ ਕਰਾਉਣੀ ਹੈ ਤਾਂ ਸਹੀ ਸੇਧ ਵੀ ਲੈਣੀ ਪਵੇਗੀ। ਹਰ ਸਾਲ ਕਬੱਡੀ ਦਾ ਵਰਲਡ ਕੱਪ ਕਰਾ ਕੇ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਪੁਚਾਉਣ ਦੀਆਂ ਟਾਹਰਾਂ ਮਾਰਨ ਨਾਲ ਜੱਗ ਹਸਾਈ ਹੁੰਦੀ ਹੈ। ਰੀਓ ਓਲੰਪਿਕਸ ਵਿਚ ਤਾਂ ਕਬੱਡੀ ਸ਼ਾਮਲ ਕਰਾਉਣ ਦਾ ਸਮਾਂ ਕਦੋਂ ਦਾ ਲੰਘ ਚੁੱਕੈ ਤੇ ਟੋਕੀਓ ਓਲੰਪਿਕਸ ਦਾ ਵੀ ਲੰਘ ਗਿਐ। ਜੇਕਰ 2024 ਜਾਂ 2028 ਦੀਆਂ ਓਲੰਪਿਕ ਖੇਡਾਂ ਵਿਚ ਕਬੱਡੀ ਸ਼ਾਮਲ ਕਰਵਾਉਣੀ ਹੈ ਤਾਂ ਹੁਣੇ ਜਾਗਣ ਦਾ ਵੇਲਾ ਹੈ!