ਸਾਲ 2012 ਨੂੰ ਅਲਵਿਦਾ ਆਖਦਿਆਂ ‘ਪੰਜਾਬ ਟਾਈਮਜ਼’ ਨੇ ਆਪਣੇ ਨਿਰਵਿਘਨ ਸਫਰ ਦੇ 13 ਵਰ੍ਹੇ ਮੁਕੰਮਲ ਕਰ ਲਏ ਹਨ ਅਤੇ 14ਵੇਂ ਵਰ੍ਹੇ ਵਿਚ ਪੈਰ ਧਰ ਲਿਆ ਹੈ। ਜਦੋਂ ਇਹ ਪਰਚਾ ਸ਼ੁਰੂ ਕੀਤਾ ਗਿਆ, ਉਸ ਸਮੇਂ ਅਮਰੀਕਾ ਦੀ ਧਰਤੀ ਤੋਂ ਇਕੋ ਹੋਰ ਪਰਚਾ ‘ਸ਼ੇਰੇ ਪੰਜਾਬ’ ਨਿਕਲਦਾ ਸੀ ਜੋ ਇਸ ਤੋਂ ਕੁਝ ਹੀ ਮਹੀਨੇ ਪਹਿਲਾਂ ਨਿਊ ਯਾਰਕ ਤੋਂ ਇਕ ਸਥਾਪਤ ਅਖਬਾਰੀ ਅਦਾਰੇ ‘ਇੰਡੀਆ ਅਬਰੌਡ’ ਵਲੋਂ ਸ਼ੁਰੂ ਕੀਤਾ ਗਿਆ ਸੀ। ਬਿਨਾ ਕਿਸ ਪੂੰਜੀ ਅਤੇ ਉਹ ਵੀ ਸ਼ਿਕਾਗੋ ਜਿਹੇ ਘੱਟ ਪੰਜਾਬੀ ਵਸੋਂ ਵਾਲੇ ਸ਼ਹਿਰ ਤੋਂ ਪਰਚਾ ਸ਼ੁਰੂ ਕਰਨਾ ਕੌਈ ਸੌਖਾ ਕੰਮ ਨਹੀਂ ਸੀ। ਇਨ੍ਹਾਂ 13 ਵਰ੍ਹਿਆਂ ਦੌਰਾਨ ਅਮਰੀਕਾ ਵਿਚ ਕਈ ਪੰਜਾਬੀ ਪਰਚੇ ਸ਼ੁਰੂ ਹੋਏ ਤੇ ਬੰਦ ਹੋਏ। ਇਸ ਸਮੇਂ ਕੋਈ ਦੋ ਦਰਜ਼ਨ ਹਫਤਾਵਾਰੀ ਤੇ 15 ਰੋਜ਼ਾ ਪੰਜਾਬੀ ਪਰਚੇ ਨਿਕਲ ਰਹੇ ਹਨ। ਇਨ੍ਹਾਂ ਸਾਲਾਂ ਦੌਰਾਨ ‘ਪੰਜਾਬ ਟਾਈਮਜ਼’ ਦੇ ਨਾਲ ਤੁਰੇ ਸਾਥੀਆਂ ਅਤੇ ਕਲਮਾਂ ਦੇ ਬਣੇ ਕਾਫਲੇ ਦਾ ਆਪਣਾ ਮੁਕਾਮ ਹੈ। ਪਾਠਕਾਂ ਦੇ ਹੁੰਗਾਰੇ ਦੀਆਂ ਤਾਂ ਬਾਤਾਂ ਹੀ ਕਿਆ! ਇਸ ਹੁੰਗਾਰੇ ਨੇ ਇੰਨਾ ਹੁਲਾਰਾ ਦਿੱਤਾ ਹੈ ਕਿ ਰਾਹ ਵਿਚ ਆਇਆ ਕੋਈ ਵੀ ਅੜਿੱਕਾ ਬਹੁਤਾ ਔਖਾ ਨਹੀਂ ਲੱਗਿਆ। ਇਹ ਦੁਵੱਲਾ ਰਿਸ਼ਤਾ ਹੈ। ਪੱਤਰਕਾਰੀ ਅਸਲ ਵਿਚ ਪਾਠਕਾਂ ਨਾਲ ਬਹੁਤ ਨੇੜੇ ਹੋ ਕੇ ਕੀਤੀਆਂ ਗੱਲਾਂ ਅਤੇ ਉਨ੍ਹਾਂ ਦੇ ਦਿਲਾਂ ਦੀ ਰਮਜ ਬੁਝਣਾ ਵੀ ਹੈ। ਪਾਠਕਾਂ ਨੇ ਵੀ ਸਾਡੀਆਂ ਇਹ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ ਹਨ। ਇਸੇ ਸਦਕਾ ਹੀ ਅਸੀਂ ਗੁਰਬਾਣੀ ਦੇ ਮਹਾਂਵਾਕ ‘ਕਿਛੁ ਸੁਣੀਐ ਕਿਛੁ ਕਹੀਐ’ ਦੇ ਅਨੁਸਾਰੀ ਹੋ ਕੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਸਬੰਧਤ ਬਹੁਤ ਸਾਰੇ ਅਹਿਮ ਮਾਮਲਿਆਂ ‘ਤੇ ਬਹਿਸ ਚਲਾ ਸਕੇ ਹਾਂ। ਅਦਾਰੇ ਦੀ ਹਰ ਸੰਭਵ ਕੋਸ਼ਿਸ਼ ਰਹੀ ਹੈ ਕਿ ਪਰਚਾ ਹਰ ਕਿਸਮ ਦੇ ਵਿਚਾਰਾਂ ਦਾ ਮੰਚ ਬਣੇ; ਕਿਸੇ ਇਕ ਖਾਸ ਧੜੇ, ਜਥੇਬੰਦੀ ਜਾਂ ਸੰਸਥਾ ਦਾ ਅਨੁਸਾਰੀ ਹੋਣ ਦੀ ਥਾਂ ਲੋਕਾਈ ਨਾਲ ਜੁੜੇ ਸਰੋਕਾਰਾਂ ਨੂੰ ਕੇਂਦਰ ਵਿਚ ਰੱਖੇ ਅਤੇ ਸਰਬੱਤ ਦੇ ਭਲੇ ਦੀ ਗੱਲ ਤੋਰੇ। ਇਹੀ ਰਾਹ ਸੁਲੱਖਣਾ ਸੀ।
ਅਸਲ ਵਿਚ ਮੂੰਹ-ਜ਼ੋਰ ਸਿਆਸਤ ਨੇ ਪਿਛਲੇ ਇਕ ਦਹਾਕੇ ਦੌਰਾਨ ਆਮ ਜ਼ਿੰਦਗੀ ਨਾਲ ਜੁੜੇ ਹਰ ਪਹਿਲੂ ਅਤੇ ਸਰੋਕਾਰ ਨੂੰ ਇੰਨੀ ਵੱਡੀ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ ਕਿ ਕੋਈ ਵੀ ਖੇਤਰ ਇਸ ਦੀ ਮਾਰ ਤੋਂ ਬਚ ਨਹੀਂ ਸਕਿਆ। ਮੀਡੀਏ ਉਤੇ ਵੀ ਇਸ ਨੇ ਚੋਖਾ ਅਤੇ ਡੂੰਘਾ ਅਸਰ ਪਾਇਆ ਹੈ। ਮੀਡੀਏ ਦੀ ਮੁਹਿੰਮ, ਮੁੱਢ ਤੋਂ ਹੀ ਮਿਸ਼ਨ ਨਾਲ ਜੁੜੀ ਰਹੀ ਹੈ, ਪਰ ਜਦੋਂ ਤੋਂ ਸਿਆਸਤ ਚਲਾਉਣ ਲਈ ਮਾਇਆ ਦਾ ਸਹਾਰਾ ਲਿਆ ਜਾਣ ਲੱਗਾ ਹੈ, ਸਭ ਕੁਝ ਮੂਲੋਂ ਹੀ ਬਦਲਦਾ ਜਾ ਰਿਹਾ ਹੈ। 21ਵੀਂ ਸਦੀ ਦਾ ਪਹਿਲਾ ਦਹਾਕਾ ਪਾਰ ਕਰਦਿਆਂ ਹੀ ਮੀਡੀਆ, ਮੰਡੀ ਦੀ ਇਕ ਵਸਤ ਮਾਤਰ ਜਾਪਣ ਲੱਗ ਪਿਆ ਹੈ ਅਤੇ ਇਸ ਨੂੰ ਚਲਾਉਣ ਵਾਲਿਆਂ ਦੇ ਸਿਆਸੀ ਅਤੇ ਆਰਥਿਕ ਸਰੋਕਾਰ, ਮਿਸ਼ਨ ਵਾਲੀ ਭਾਵਨਾ ਨੂੰ ਲਾਂਭੇ ਰੱਖ ਕੇ ਮਾਇਆ ਦੇ ਲੜ ਜਾ ਲੱਗੇ ਹਨ। ਸਿਆਸਤ ਚਲਾਉਣ ਲਈ ਮਣਾਂ-ਮੂੰਹੀਂ ਮਾਇਆ ਚਾਹੀਦੀ ਹੈ ਅਤੇ ਦੇਖਦਿਆਂ ਹੀ ਦੇਖਦਿਆਂ ਮੀਡੀਆ ਤੇ ਮਾਇਆ ਇਕੋ ਤਸਵੀਰ ਦੇ ਦੋ ਪਾਸੇ ਜਾਪਣ ਲੱਗ ਪਏ ਹਨ। ਕੋਈ ਸਮਾਂ ਸੀ ਜਦੋਂ ਪਾਠਕ ਲਈ ਕਾਗਜ਼ ‘ਤੇ ਛਪਿਆ ਹਰ ਅੱਖਰ ਸੱਚ ਤੋਂ ਕਿਸੇ ਵੀ ਸੂਰਤ ਘੱਟ ਨਹੀਂ ਹੁੰਦਾ ਸੀ; ਇਹ ਅੱਖਰ ਇਕ ਲਿਹਾਜ ਨਾਲ ਯਕੀਨ ਦਾ ਹੀ ਦੂਜਾ ਰੂਪ ਸੀ ਅਤੇ ਜਵਾਬ ਵਿਚ ਛਪੇ ਹੋਏ ਅੱਖਰਾਂ ਨੂੰ ਪਾਠਕ ਵੀ ਸੱਚੀ ਸਲਾਮੀ ਦਿੰਦਾ ਸੀ; ਪਰ ਹੁਣ ਜਦੋਂ ਮੀਡੀਆ ਦੀ ਮੰਡੀ ਦੇ ਨਵੇਂ ਤੋਂ ਨਵੇਂ ਖੁਲਾਸੇ ਨਿੱਤ ਦਿਨ ਹੋ ਰਹੇ ਹਨ ਤਾਂ ਪਾਠਕ ਹੱਕਾ-ਬੱਕਾ ਰਹਿ ਗਿਆ ਹੈ। ਦੂਜੇ, ਉਸ ਕੋਲ ਚੋਣ ਵੀ ਬਹੁਤ ਘੱਟ ਰਹਿ ਗਈ ਹੈ। ਮੰਡੀ ਦਾ ਪਾਸਾਰਾ ਹੀ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਬਹੁਤ ਵਾਰ ਮੀਡੀਆ, ਮੰਡੀ ਅਤੇ ਮਾਇਆ ਦੇ ਬਹੁਤ ਪੀਡੇ ਹੋ ਚੁੱਕੇ ਰਿਸ਼ਤੇ ਦੀ ਕੰਨੋ-ਕੰਨ ਖਬਰ ਵੀ ਨਹੀਂ ਹੁੰਦੀ। ਇਸ ਨਾਲ ਬਿਨਾਂ ਸ਼ੱਕ ਪਾਠਕ ਦੇ ਭਰੋਸੇ ਨੂੰ ਖੋਰਾ ਲੱਗਾ ਹੈ।
ਇਸ ਤਰ੍ਹਾਂ ਦੇ ਡਾਵਾਂਡੋਲ ਹਾਲਾਤ ਵਿਚ ਮੀਡੀਆ ਪ੍ਰਤੀ ਪ੍ਰੋਫੈਸ਼ਨਲ ਪਹੁੰਚ ਦੇ ਮਾਅਨੇ ਬਹੁਤ ਵੱਡੇ ਹੁੰਦੇ ਹਨ। ਇਹੀ ਪਹੁੰਚ ਪੱਤਰਕਾਰੀ ਦੇ ਦਾਮਨ ਨੂੰ ਪਾਕ-ਸਾਫ ਰੱਖਦੀ ਹੈ ਅਤੇ ਮੁਸੀਬਤਾਂ ਨਾਲ ਆਢਾ ਲਾਉਣ ਦਾ ਬਲ ਵੀ ਬਖ਼ਸ਼ਦੀ ਹੈ। ਇਹੀ ਉਹ ਬਿਖੜਾ ਪੈਂਡਾ ਹੈ ਜਿਸ ਉਤੇ ਤੁਰ ਕੇ ਕੋਈ ਅਦਾਰਾ, ਸੰਸਥਾ ਜਾਂ ਸ਼ਖ਼ਸ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦਾ ਹੀਆ ਕਰਦਾ ਹੈ। ਸਾਨੂੰ ਇਸ ਗੱਲ ‘ਤੇ ਤਸੱਲੀ ਹੈ ਕਿ ‘ਪੰਜਾਬ ਟਾਈਮਜ਼’ ਨੇ ਐਨ ਇਸੇ ਤਰ੍ਹਾਂ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ ਅਤੇ ਮੁਸੀਬਤਾਂ ਨਾਲ ਨੱਕੋ-ਨੱਕ ਭਰੇ ਅੱਗ ਦੇ ਦਰਿਆ ਵਿਚ ਆਪਣੀ ਬੇੜੀ ਠੇਲ੍ਹੀ ਹੈ। ਪਿਛਲੇ ਵਰ੍ਹੇ ਵੀ ਅਸੀਂ ਆਪਣੇ ਪਾਠਕਾਂ ਅਤੇ ਸਨੇਹੀਆਂ ਨਾਲ ਦਿਲ ਦੀਆਂ ਇਹ ਗੱਲਾਂ ਕੀਤੀਆਂ ਸਨ। ਉਂਜ, ਲੰਘਿਆ ਸਾਲ ਵਾਹਵਾ ਉਥਲ-ਪੁਥਲ ਵਾਲਾ ਰਿਹਾ ਹੈ। ਅਮਰੀਕਾ ਅਤੇ ਸਾਡਾ ਆਪਣਾ ਵਤਨ, ਲਗਾਤਾਰ ਹੋ ਰਹੀ ਅਤੇ ਤੇਜ਼ੀ ਫੜ ਰਹੀ ਇਸ ਤਬਦੀਲੀ ਨਾਲ ਦੋ-ਚਾਰ ਹੋ ਰਿਹਾ ਹੈ। ਹਰ ਖੇਤਰ ਦੀਆਂ ਤਰਜੀਹਾਂ ਵੀ ਉਤਨੀ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਇਹ ਮੋੜਵੇਂ ਰੂਪ ਵਿਚ ਸਾਡੀ ਜ਼ਿੰਦਗੀ ‘ਤੇ ਸਿੱਧੀਆਂ ਅਸਰਅੰਦਾਜ਼ ਹੋ ਰਹੀਆਂ ਹਨ। ਇਹੀ ਅਸਲ ਵਿਚ ਅਜ਼ਮਾਇਸ਼ ਦੀਆਂ ਘੜੀਆਂ ਹਨ। ‘ਪੰਜਾਬ ਟਾਈਮਜ਼’ ਇਸ ਅਜ਼ਮਾਇਸ਼ ਵਿਚ ਸਦਾ ਪਾਠਕਾਂ ਦੇ ਲਾਗੇ ਹੋ ਕੇ ਖੜ੍ਹਾ ਹੋਇਆ ਹੈ ਅਤੇ ਇਸ ਨੇ ਨਿਰੋਲ ਸ਼ਬਦਾਂ ਦੀ ਸੌਦਾਗਰੀ ਦੇ ਜ਼ਰੀਏ ਨਵੇਂ ਦਿਸਹੱਦਿਆਂ ਤੋਂ ਪਾਰ ਝਾਕਣ ਲਈ ਰਾਹ ਬਣਾਉਣ ਦਾ ਹੀਲਾ ਕੀਤਾ ਹੈ। ਇਸ ਦੀ ਪਹਿਲ ਸਦਾ ਹੀ ਪੰਜਾਬੀ ਭਾਈਚਾਰਾ ਅਤੇ ਇਸ ਦੇ ਅਸਲ ਸਰੋਕਾਰ ਹੀ ਰਹੇ ਹਨ। ਇਸ ਦੇ ਨਾਲ ਹੀ 2013 ਦੇ ਨਵੇਂ ਵਰ੍ਹੇ ਦਾ ਪੰਜਾਬੀਆਂ ਲਈ ਖਾਸ ਮਹੱਤਵ ਹੈ। ਇਕ ਸਦੀ ਪਹਿਲਾਂ ਅਮਰੀਕਾ ਦੀ ਧਰਤੀ ਉਤੇ ਗਦਰੀਆਂ ਨੇ ਆਪਣੇ ਵਤਨ ਦੀ ਬੰਦ-ਖਲਾਸੀ ਲਈ ਮਿਸ਼ਨ ਅਰੰਭਿਆ ਸੀ। ਉਸ ਮਿਸ਼ਨ ਦੀ ਸ਼ਤਾਬਦੀ ਵੱਖ ਵੱਖ ਧਿਰਾਂ ਆਪੋ-ਆਪਣੇ ਢੰਗ ਨਾਲ ਮਨਾ ਰਹੀਆਂ ਹਨ। ‘ਪੰਜਾਬ ਟਾਈਮਜ਼’ ਵੀ ਇਨ੍ਹਾਂ ਗਦਰੀਆਂ ਦੇ ਮਿਸ਼ਨ ਦੇ ਅਸਲ ਸਰੋਕਾਰ ਉਜਾਗਰ ਕਰ ਕੇ ਉਸ ਮਿਸ਼ਨ ਵਿਚ ਆਪਣੇ ਤਿਲ-ਫੁਲ ਪਾ ਰਿਹਾ ਹੈ। ‘ਪੰਜਾਬ ਟਾਈਮਜ਼’ ਦਾ ਨਾੜੂਆ ਅਸਲ ਵਿਚ ਗਦਰੀਆਂ ਦੀ ਉਸੇ ਸੱਚੀ-ਸੁੱਚੀ ਸੋਚ ਨਾਲ ਜੁੜਿਆ ਹੋਇਆ ਹੈ। ਇਸ ਵਿਚ ਰਲਾ ਕੋਈ ਨਹੀਂ ਹੈ, ਬੱਸ ਮਿਸ਼ਨ ਹੀ ਮੁੱਖ ਸਰੋਕਾਰ ਹੈ।
Leave a Reply