ਰੱਖੋ ਸਬਰ ਲੱਗੇਗਾ ਬੇੜਾ ਪਾਰ…

ਮੇਜਰ ਕੁਲਾਰ ਬੋਪਰਾਏ ਕਲਾ
ਫੋਨ: 916-273-2856
ਗਿੰਦਰ ਤੇ ਉਸ ਦਾ ਬਾਪੂ ਸੰਤੋਖ ਸਿੰਘ ਖਾਲ਼ ਘੜ ਰਹੇ ਸਨ। ਜੇਠ ਮਹੀਨੇ ਦੀ ਤਪਸ਼ ਨੇ ਜ਼ੁਬਾਨ ਤਾਲੂਏ ਲਾਈ ਹੋਈ ਸੀ। ਸੰਤੋਖ ਸਿੰਘ ਨੇ ਆਸਮਾਨ ਵੱਲ ਦੇਖਦਿਆਂ ਕਿਹਾ, “ਗਿੰਦਰਾ! ਮੈਨੂੰ ਨਹੀਂ ਉਮੀਦ ਜੇਠ ਦੇ ਰਹਿੰਦੇ ਦਿਨਾਂ ਵਿਚ ਰੱਬ ਮੀਂਹ ਦਾ ਛਿੱਟਾ ਪਾਵੇ।”

“ਬਾਪੂ! ਰੱਬ, ਬੰਦਿਆਂ ਨਾਲੋਂ ਵੀ ਵੱਧ ਵੈਰੀ ਹੋ ਗਿਐ। ਲੋੜ ਵੇਲੇ ਮੀਂਹ ਪਾਉਂਦਾ ਨਹੀਂ। ਜਦੋਂ ਮੱਕੀ ਧਰਤੀ ਪਾੜ ਆਈ, ਤਾਂ ਫਿਰ ਦੇਖੀਂ ਕਿਵੇਂ ਜਲ-ਥਲ ਕਰਦਾ।” ਗਿੰਦਰ ਨੇ ਕਿਹਾ।
“ਬਾਪੂ! ਤੂੰ ਵੀ ਚਾਰ ਜਮਾਤਾਂ ਪੜ੍ਹ ਕੇ ਫੌਜ ਵਿਚ ਭਰਤੀ ਹੋ ਜਾਂਦਾ ਚਾਚੇ ਵਾਂਗੂੰ। ਅੱਜ ਤੇਰਾ ਗਿੰਦਰ ਜੇਠ ਦੀ ਸਿਖਰ ਦੁਪਹਿਰ ਤੋਂ ਬਚ ਜਾਂਦਾ।” ਗਿੰਦਰ ਨੇ ਮੱਥੇ ਤੋਂ ਪਸੀਨਾ ਪੂੰਝਦਿਆਂ ਕਿਹਾ।
“ਪੁੱਤਰਾ! ਕਹੌਤ ਆ, ਏਕ ਬਾਪ ਕੇ ਦੋ ਬੇਟੇ, ਕਿਸਮਤ ਜੁਦਾ ਜੁਦਾ। ਮੱਥੇ ਦੀਆਂ ਲਿਖੀਆਂ ਭੋਗਣੀਆਂ ਪੈਂਦੀਆਂ। ਪੇਟ ਦੀ ਅੱਗ ਬੁਝਾਉਣ ਖਾਤਰ ਕਈ ਵਾਰ ਅੱਗ ‘ਤੇ ਵੀ ਤੁਰਨਾ ਪੈ ਜਾਂਦਾ। ਇੱਜ਼ਤ ਦੀ ਰੋਟੀ ਲਈ ਜੇਠ ਦੀ ਤਪਸ਼ ਤਾਂ ਕੀ, ਜ਼ਿਮੀਦਾਰ ਤਾਂ ਬਲਦੀਆਂ ਭੱਠੀਆਂ ਨੂੰ ਠੰਢੇ ਕਰ ਦਿੰਦਾ।” ਸੰਤੋਖ ਸਿੰਘ ਨੇ ਕਿਹਾ।
“ਬਾਪੂ, ਗੱਲ ਤਾਂ ਤੇਰੀ ਸੋਲਾਂ ਆਨੇ ਸੱਚੀ ਆ, ਪਰ ਜੇ ਭਰਾ ਨੂੰ ਭਰਾ ਧੋਖਾ ਦੇ ਜਾਵੇ ਤਾਂ ਫਿਰ ਕੀ ਕੀਤਾ ਜਾਵੇ? ਜੇਠ ਦੀ ਗਰਮੀ ਝੱਲੀ ਜਾਵੇ, ਜਾਂ ਫਿਰ ਭਰਾ ਦੇ ਗਲ ਹੱਥ ਪਾ ਕੇ ਪੁੱਛਿਆ ਜਾਵੇ ਕਿ ਇਹ ਧੋਖਾ ਕਿਉਂ?” ਗਿੰਦਰ ਨੇ ਬਾਪੂ ਦੀ ਦੁਖਦੀ ਰਗ ਫੜਦਿਆਂ ਕਿਹਾ।
“ਗਿੰਦਰਾ, ਤੈਨੂੰ ਬਹੁਤ ਵਾਰ ਸਮਝਾਇਆ, ਬੰਦਾ ਬੰਦੇ ਦੇ ਹੱਥੋਂ ਟੁੱਕ ਖੋਹ ਸਕਦਾ ਹੈ, ਪਰ ਮੱਥੇ ਵਿਚ ਲਿਖਿਆ ਨਹੀਂ ਖੋਹ ਸਕਦਾ। ਜੋ ਸਾਡੇ ਕਰਮਾਂ ਵਿਚ ਲਿਖਿਆ, ਉਹ ਸਾਨੂੰ ਮਿਲ ਜਾਣਾ।” ਸੰਤੋਖ ਸਿੰਘ ਨੇ ਸ਼ਾਂਤ ਰਹਿੰਦਿਆਂ ਕਿਹਾ।
“ਬਾਪੂ, ਤੁਸੀਂ ਪਾਖਰ ਸਿੰਘ ਦੇ ਦੋ ਪੁੱਤਰ ਹੋ। ਵੱਡੇ ਨੂੰ ਕੱਚਾ ਘਰ, ਮਾੜੀ ਜ਼ਮੀਨ ਤੇ ਪਾਣੀ ਦਾ ਸਾਧਨ ਕੱਚਾ ਬੋਰ, ਉਹ ਵੀ ਪਿੰਡੋਂ ਦੂਰ। ਛੋਟੇ ਨੂੰ ਪੱਕਾ ਘਰ, ਚੰਗੀ ਜ਼ਮੀਨ ਵਿਚ ਪੰਜ ਪਾਵਰ ਦੀ ਮੋਟਰ, ਤੇ ਪਿੰਡ ਦੇ ਨੇੜੇ। ਇਹ ਭਲਾ ਕਿਥੋਂ ਦਾ ਇਨਸਾਫ ਹੋਇਆ? ਚਾਚੇ ਦਾ ਮੁੰਡਾ-ਕੁੜੀ ਵਧੀਆ ਸਕੂਲਾਂ ਵਿਚ ਪੜ੍ਹਨ, ਤੇ ਸਾਨੂੰ ਬੋਰੀ ਵਾਲੇ ਸਕੂਲ ਵੀ ਨਸੀਬ ਨਾ ਹੋਏ। ਕਿਉਂ, ਬਾਪੂ ਕਿਉਂ?” ਗਿੰਦਰ ਜੇਠ ਦੀ ਤਪਸ਼ ਵਾਂਗ ਤਪ ਗਿਆ ਸੀ।
“ਗਿੰਦਰਾ, ਅਹੁ ਦੇਖ ਰਾਣੋ ਰੋਟੀ ਲੈ ਕੇ ਆ ਗਈ। ਚੱਲ ਰੋਟੀ ਖਾਈਏ ਤੇ ਪਲ ਭਰ ਅਰਾਮ ਕਰੀਏ।” ਤੂਤ ਦੀ ਛਾਂ ਥੱਲੇ ਖੜ੍ਹੀ ਧੀ ਨੂੰ ਦੇਖਦਿਆਂ ਸੰਤੋਖ ਸਿੰਘ ਬੋਲਿਆ।
ਗਿੰਦਰ ਨੇ ਸਵੇਰ ਦੀ ਲਿਆਂਦੀ ਲੱਸੀ ਵਾਲੀ ਕੈਨੀ ਚੁੱਕੀ ਤੇ ਸਰਪੰਚਾਂ ਦੀ ਮੋਟਰ ਵੱਲ ਹੋ ਤੁਰਿਆ। ਮੋਟਰ ਸਵੇਰ ਦੀ ਠੰਡਾ ਪਾਣੀ ਹਰੇ ਕਮਾਦ ਦੀਆਂ ਜੜ੍ਹਾਂ ਨੂੰ ਦੇ ਰਹੀ ਸੀ। ਗਿੰਦਰ ਸਿਰੋਂ ਪਰਨਾ ਲਾਹ ਕੇ ਝਾੜਨ ਲੱਗਾ। ਸੁੱਕੀ ਮਿੱਟੀ ਦੀਆਂ ਕਈ ਬਰੀਕ ਰੋੜੀਆਂ ਚੱਲਦੇ ਪਾਣੀ ਵਿਚ ਡਿੱਗੀਆਂ ਤੇ ਆਪਣੀ ਪਿਆਸ ਬੁਝਾ ਗਈਆਂ, ਪਰ ਗਿੰਦਰ ਅਜੇ ਵੀ ਪਿਆਸਾ ਖੜ੍ਹਾ ਕੁਝ ਸੋਚ ਰਿਹਾ ਸੀ।
ਉਸ ਨੇ ਕੈਨੀ ਸਾਫ ਕੀਤੀ ਤੇ ਪਾਣੀ ਨਾਲ ਭਰ ਲਈ। ਬਾਪੂ ਦੇ ਹੱਥ ਧੁਆ ਕੇ ਰਾਣੋ ਨੇ ਦੋ ਪ੍ਰਸ਼ਾਦੇ ਹੱਥ ਉਤੇ ਧਰ ਦਿੱਤੇ ਤੇ ਕੜ੍ਹੀ ਦੀ ਕੌਲੀ ਫੜਾ ਦਿੱਤੀ। ਸੰਤੋਖ ਸਿੰਘ ਨੇ ਰੋਟੀ ਦੋਵਾਂ ਹੱਥਾਂ ਵਿਚ ਘੁੱਟ ਕੇ ਮੱਥੇ ਲਾਈ ਤੇ ਰੱਬ ਦਾ ਸ਼ੁਕਰਾਨਾ ਕੀਤਾ। ਗਿੰਦਰ ਵੀ ਰੋਟੀ ਖਾਣ ਲੱਗਾ। ਤੂਤ ਉਤੇ ਬੈਠੀਆਂ ਚਿੜੀਆਂ ਨੇ ਚੀਂ-ਚੀਂ ਸ਼ੁਰੂ ਕਰ ਦਿੱਤੀ। ਸੰਤੋਖ ਸਿੰਘ ਨੇ ਅੱਧੀ ਰੋਟੀ ਦੀਆਂ ਬਰੀਕ ਬਰੀਕ ਟੁਕੜੀਆਂ ਕੀਤੀਆਂ ਤੇ ਕਣਕ ਦੇ ਵੱਢ ਵਿਚ ਖਿਲਾਰ ਦਿੱਤੀਆਂ। ਝੱਟ ਹੀ ਚਿੜੀਆਂ ਦੀ ਡਾਰ ਤੂਤ ਤੋਂ ਉਤਰ ਰੋਟੀ ਦੀਆਂ ਟੁਕੜੀਆਂ ਚੁਗਣ ਲੱਗੀ। ਰਾਣੋ ਚੁੱਪ ਤੋੜਦਿਆਂ ਬੋਲੀ, “ਬਾਪੂ, ਅੱਜ ਸਰਪੰਚਾਂ ਦੀ ਜੀਤੀ ਨੂੰ ਕੈਨੇਡਾ ਵਾਲੇ ਦੇਖਣ ਆਏ ਸੀ। ਉਨ੍ਹਾਂ ਦੇ ਬੂਹੇ ਦੋ-ਤਿੰਨ ਕਾਰਾਂ ਖੜ੍ਹੀਆਂ ਸਨ ਤੇ ਸਾਰਾ ਟੱਬਰ ਸੋਹਣੇ ਕੱਪੜੇ ਪਾਈ ਫਿਰਦਾ ਸੀ। ਬੇਬੇ ਮੈਨੂੰ ਕਹਿੰਦੀ, ਤੂੰ ਵੀ ਦੱਬ ਕੇ ਪੜ੍ਹਿਆ ਕਰ। ਇਕ ਦਿਨ ਤੈਨੂੰ ਵੀ ਕੈਨੇਡਾ ਵਾਲੇ ਦੇਖਣ ਆਉਣਗੇ।”
ਸੰਤੋਖ ਸਿੰਘ ਦੇ ਮੂੰਹ ਵਿਚ ਬੁਰਕੀ ਫੁੱਲ ਗਈ। ਉਸ ਨੇ ਪਾਣੀ ਦਾ ਘੁੱਟ ਭਰ ਕੇ ਬੁਰਕੀ ਅੰਦਰ ਕੀਤੀ ਤੇ ਸੋਚਿਆ, ‘ਕੁੱਲੀ ਵਾਲਿਆਂ ਦੀ ਮਹਿਲਾਂ ਨਾਲ ਕਦੋਂ ਨਿਭਦੀ ਐ?’ ਫਿਰ ਸੋਚਾਂ ਵਿਚੋਂ ਨਿਕਲ ਕੇ ਬੋਲਿਆ, “ਰਾਣੋ ਪੁੱਤ, ਤੂੰ ਆਪਣੀ ਪੜ੍ਹਾਈ ਕਰੀ ਜਾ, ਜਿੰਨਾ ਮਰਜ਼ੀ ਪੜ੍ਹ ਲੈ।”
ਰਾਣੋ ਨੇ ਹੱਸ ਕੇ ਚੁੰਨੀ ਦਾ ਲੜ ਦੰਦਾਂ ਹੇਠ ਦੱਬ ਲਿਆ। ਫਿਰ ਇਕ ਇਕ ਰੋਟੀ ‘ਤੇ ਸ਼ੱਕਰ ਪਾ ਕੇ ਫੜਾਉਂਦਿਆਂ ਕਿਹਾ, “ਗਿੰਦਰ ਵੀਰੇ, ਕੀ ਗੱਲ ਐ ਅੱਜ ਚੁੱਪ ਧਾਰੀ ਹੋਈ ਆ। ਬਾਪੂ ਨਾਲ ਫਿਰ ਚਾਚੇ ਦੀ ਗੱਲ ਤੋਰੀ ਹੋਣੀ ਆਂ। ਨਾ ਗੁੱਸੇ ਹੋਇਆ ਕਰ, ਸਾਡਾ ਦੋ ਭੈਣਾਂ ਦਾ ਤੂੰ ਇਕੱਲਾ ਵੀਰ ਹੈਂ।” ਰਾਣੋ ਨੇ ਪਿਆਰ ਨਾਲ ਗਿੰਦਰ ਦੁਆਲੇ ਬਾਹਾਂ ਪਾ ਕੇ ਘੁੱਟਦਿਆਂ ਕਿਹਾ।
“ਰਾਣੋ, ਕੁਝ ਨਹੀਂ, ਬੱਸ ਐਵੇਂ ਹੀ ਮਨ ਉਦਾਸ ਹੋ ਗਿਆ।” ਗਿੰਦਰ ਦੀਆਂ ਅੱਖਾਂ ਵਿਚੋਂ ਨਿਕਲੇ ਹੰਝੂ ਉਸ ਦੀ ਵਿਰਲੀ ਦਾੜ੍ਹੀ ਵਿਚ ਗੁਆਚ ਗਏ।
ਰਾਣੋ ਰੋਟੀ ਵਾਲੇ ਭਾਂਡੇ ਸਾਂਭ ਕੇ ਤੁਰਨ ਲੱਗੀ ਤਾਂ ਸੰਤੋਖ ਸਿੰਘ ਬੋਲਿਆ, “ਰਾਣੋ, ਪੁੱਤ ਜਾਂਦੀ ਹੋਈ ਕਰੇਲਿਆਂ ਦੀ ਵੇਲ ਦੇਖ ਲਈਂ। ਜੇ ਹੋਏ ਤਾਂ ਤੋੜ ਲਵੀਂ, ਕੱਲ੍ਹ ਨੂੰ ਬਣਾ ਲਿਉ।” ਰਾਣੋ ‘ਚੰਗਾ ਬਾਪੂ’ ਆਖ ਕਰੇਲਿਆਂ ਦੀ ਵੇਲ ਵੱਲ ਹੋ ਤੁਰੀ।
“ਗਿੰਦਰਾ, ਮੈਂ ਆਪਣੇ ਛੋਟੇ ਭਰਾ ਤੀਰਥ ਨੂੰ ਇਸ ਲਈ ਪੜ੍ਹਾਇਆ ਸੀ ਕਿ ਉਹ ਨੌਕਰ ਹੋ ਜਾਊ ਤੇ ਮੈਂ ਖੇਤੀ ਸਾਂਭ ਲਊਂਗਾ। ਇਕ ਤੇ ਇਕ ਗਿਆਰਾਂ ਹੋ ਜਾਵਾਂਗੇ। ਤੀਰਥ ਭਰਤੀ ਹੋ ਗਿਆ। ਦੋ ਸਾਲ ਉਸ ਨੇ ਆਪਣੀ ਕਮਾਈ ਸਾਨੂੰ ਦਿੱਤੀ ਜਿਸ ਨਾਲ ਬਾਹਰਲੇ ਘਰ ਵਿਚ ਦੋ ਬੈਠਕਾਂ ਤੇ ਬਰਾਂਡਾ ਪਾ ਲਿਆ। ਫਿਰ ਉਸ ਦਾ ਵਿਆਹ ਕਰ ਦਿੱਤਾ। ਤੇਰੀ ਚਾਚੀ ਇਕ ਸਾਲ ਤਾਂ ਵਧੀਆ ਰਹੀ, ਪਿਛੋਂ ਤੇਰੇ ਚਾਚੇ ਨੂੰ ਚੁੱਕਣ ਲੱਗ ਪਈ ਕਿ ਜੇਠਾਣੀ ਤਾਂ ਮੰਜੀ ਜੇਠ ਕੋਲ ਡਾਹੁੰਦੀ ਐ ਤੇ ਤੂੰ ਲੇਹ-ਲੱਦਾਖ ਤੁਰਿਆ ਫਿਰਦਾਂ, ਮੈਂ ਪੋਹ-ਮਾਘ ਦੀਆਂ ਰਾਤਾਂ ਇਕੱਲੀ ਕੱਟਦੀ ਹਾਂ, ਤੇ ਤੇਰੀ ਸਾਰੀ ਤਨਖਾਹ ਜੇਠ ਸਾਂਭ ਲੈਂਦਾ। ਜਿਵੇਂ ਕਹੌਤ ਐ, ਫੌਜੀ, ਫੌਜ ਵਿਚ ਅਫਸਰ ਅਧੀਨ, ਤੇ ਘਰੇ ਘਰਵਾਲੀ ਅਧੀਨ ਹੁੰਦਾ। ਇਸੇ ਤਰ੍ਹਾਂ ਤੇਰੇ ਚਾਚੇ ਨਾਲ ਹੋਈ। ਹੌਲੀ ਹੌਲੀ ਉਹ ਤਨਖਾਹ ਤੇਰੀ ਚਾਚੀ ਨੂੰ ਭੇਜਣ ਲੱਗ ਪਿਆ। ਤੇਰੀ ਚਾਚੀ ਗੁਲਾਬ ਦੇ ਫੁੱਲ ਵਾਂਗ ਖਿੜਨ ਲੱਗੀ ਤੇ ਤੇਰੇ ਪਿਉ ਦੇ ਆਸਾਂ ਵਾਲਾ ਦੀਵਾ ਬੁਝਣ ਲੱਗ ਪਿਆ। ਪਹਿਲਾਂ ਤਾਂ ਚਾਚਾ ਤੇਰਾ ਹਾੜ੍ਹੀ-ਸਾਉਣੀ ਛੁੱਟੀ ਲੈ ਕੇ ਆਉਂਦਾ ਤੇ ਮੇਰੇ ਨਾਲ ਕੰਮ ਵਿਚ ਹੱਥ ਵਟਾਉਂਦਾ, ਫਿਰ ਜਦੋਂ ਤੇਰੀ ਚਾਚੀ ਨੇ ਉਸ ਦੇ ਕੰਨ ਭਰ ਦਿੱਤੇ ਤਾਂ ਉਹ ਛੁੱਟੀ ਸਿਆਲਾਂ ਵਿਚ ਆਉਣ ਲੱਗ ਪਿਆ। ਤੁਹਾਡੇ ਤਿੰਨਾਂ ਦੇ ਜਨਮ ਪਿਛੋਂ ਤੁਹਾਡੀ ਚਾਚੀ ਗੋਦੀ ਚੁੱਕਿਆ ਮੁੰਡਾ ਲੈ ਕੇ ਬਾਹਰਲੇ ਘਰ ਅੱਡ ਹੋ ਗਈ। ਬੇਬੇ-ਬਾਪੂ ਨੇ ਬੜਾ ਈ ਸਮਝਾਇਆ, ਪਰ ਉਹ ਨਾ ਮੰਨੀ। ਫੌਜੀ ਕੋਟੇ ਵਿਚੋਂ ਮੋਟਰ ਦਾ ਕੁਨੈਕਸ਼ਨ ਮਿਲਿਆ ਤਾਂ ਮੋਟਰ ਲੱਗ ਗਈ। ਉਹ ਜ਼ਮੀਨ ਤੇਰੇ ਚਾਚੇ ਨੇ ਸਾਂਭ ਲਈ ਤੇ ਮੈਨੂੰ ਆਹ ਜ਼ਮੀਨ ਆ ਗਈ।
ਬੇਬੇ ਮਰਨ ਲੱਗੀ ਕਹਿੰਦੀ ਸੀ, ‘ਸੰਤੋਖ ਪੁੱਤ, ਸੰਤੋਖ ਰੱਖੀਂ, ਧਰ ਧਰ ਭੁੱਲੇਂਗਾ। ਔਖੇ ਦਿਨ ਬੀਤ ਜਾਂਦੇ ਆ ਤੇ ਭੁੱਲ ਵੀ ਜਾਂਦੇ ਆ, ਪਰ ਜਿਨ੍ਹਾਂ ਨੇ ਇਹ ਦਿਨ ਦਿਖਾਏ ਹੁੰਦੇ ਆ, ਉਹ ਨਈਂ ਭੁੱਲਦੇ। ਦੇਖੀਂ ਤੇਰੇ ਬੱਚੇ ਕਿੰਨੀ ਤਰੱਕੀ ਕਰਨਗੇ’। ਮਾਂ ਤੇਰੇ ਪਿਉ ਨੂੰ ਸੰਤੋਖ ਦਾ ਸਬਕ ਪੜ੍ਹਾ ਕੇ ਅੱਖਾਂ ਮੀਟ ਗਈ। ਮੈਂ ਆਪਣੇ ਹੱਥ ਤੇਰੇ ਚਾਚੇ ਦੇ ਗਲ ਪਾਉਣ ਨਾਲੋਂ ਰੱਬ ਅੱਗੇ ਜੋੜ ਲੈਂਦਾ ਹਾਂ ਜੋ ਡਿੱਗਿਆਂ ਨੂੰ ਚੁੱਕ ਕੇ ਹਮੇਸ਼ਾ ਗਲ ਲਾਉਂਦਾ।” ਸੰਤੋਖ ਸਿੰਘ ਨੇ ਆਪਣੇ ਦਰਦ ਦੀ ਚੀਸ ਗੱਭਰੂ ਪੁੱਤ ਨੂੰ ਸੁਣਾ ਦਿੱਤੀ।
“ਬਾਪੂ, ਪਿੰਡ ਵਾਲੀ ਜ਼ਮੀਨ ਵਿਚੋਂ ਸਾਨੂੰ ਅੱਧ ਆਉਂਦਾ, ਤੇ ਆਹ ਜ਼ਮੀਨ ਵਿਚੋਂ ਚਾਚੇ ਨੂੰ ਅੱਧ ਆਉਣਾ ਚਾਹੀਦਾ। ਉਸ ਜ਼ਮੀਨ ਦੀ ਕੀਮਤ ਇਕ ਰੁਪਿਆ, ਤੇ ਇਸ ਦੀ ਪੰਝੀ ਪੈਸੇ। ਸਾਨੂੰ ਦੋਵਾਂ ਜ਼ਮੀਨਾਂ ਦੀ ਵੰਡ ਬਰਾਬਰ ਕਰਨੀ ਚਾਹੀਦੀ ਆ।” ਗਿੰਦਰ ਬੋਲਿਆ।
“ਗਿੰਦਰਾ, ਤੇਰੇ ਵਾਲੇ ਹਿਸਾਬ ਮੈਨੂੰ ਵੀ ਆਉਂਦੇ ਆ, ਪਰ ਬੇਬੇ ਦਾ ਪੜ੍ਹਾਇਆ ਸਬਕ ਮੈਨੂੰ ਅੱਜ ਵੀ ਯਾਦ ਹੈ। ਰਾਣੋ ਪੜ੍ਹ ਲਿਖ ਜਾਵੇ ਤਾਂ ਸਭ ਰੋਣੇ-ਧੋਣੇ ਮੁੱਕ ਜਾਣਗੇ।” ਸੰਤੋਖ ਸਿੰਘ ਨੇ ਦਿਲ ਦੀ ਸੁਣਾ ਦਿੱਤੀ।
ਦੋਵੇਂ ਫਿਰ ਰੱਬ ਉਤੇ ਆਸਾਂ ਛੱਡ ਕੇ ਕੰਮ ਕਰੀ ਗਏ। ਗਿੰਦਰ ਕੰਮ ਕਰ ਕੇ ਹਰਖ ਜਾਂਦਾ ਤਾਂ ਬਾਪੂ ਆਪਣੀ ਅਕਲ ਨਾਲ ਉਸ ਨੂੰ ਸ਼ਾਂਤ ਕਰ ਲੈਂਦਾ।
ਸਮਾਂ ਬੀਤਿਆ, ਰਾਣੋ ਪੜ੍ਹ ਗਈ। ਮੁੱਖ ‘ਤੇ ਸਾਦਗੀ ਰਾਣੋ ਦੇ ਹੁਸਨ ਨੂੰ ਹੋਰ ਨਿਖਾਰ ਜਾਂਦੀ। ਸੁਰਾਹੀ ਵਰਗੀ ਧੌਣ ਵਿਚ ਕਾਲੀ ਗਾਨੀ, ਹੁਸਨ ਨੂੰ ਨਜ਼ਰ ਤੋਂ ਬਚਾਉਂਦੀ ਹੋਰ ਵੀ ਸੋਹਣੀ ਲੱਗਦੀ। 21ਵਾਂ ਵਰ੍ਹਾ ਲੱਗਾ ਸੀ। ਸਰਪੰਚਾਂ ਦੀ ਜੀਤੀ ਨੇ ਉਸ ਦੀ ਦੱਸ ਕੈਨੇਡਾ ਪਾ ਦਿੱਤੀ। ਜਦੋਂ ਕੈਨੇਡਾ ਵਾਲਿਆਂ ਨੇ ਰਾਣੋ ਨੂੰ ਦੇਖਿਆ ਤਾਂ ਕਹਿੰਦੇ, ‘ਭਲਾ ਅੱਜ ਹੀ ਕੁੜੀ ਸਾਡੇ ਨਾਲ ਤੋਰ ਦੇਵੋ’, ਪਰ ਸੰਤੋਖ ਸਿੰਘ ਕਹਿੰਦਾ, ‘ਮੈਂ ਆਪਣਾ ਸ਼ਰੀਕਾ-ਕਬੀਲਾ ਸੱਦ ਕੇ ਧੀ ਦੇ ਹੱਥ ਪੀਲੇ ਕਰਾਂਗਾ’।
ਵੀਹ ਦਿਨਾਂ ਬਾਅਦ ਰਾਣੋ ਦਾ ਵਿਆਹ ਰੱਖ ਦਿੱਤਾ। ਸੰਤੋਖ ਸਿੰਘ ਨੇ ਆਪਣੀ ਹੈਸੀਅਤ ਮੁਤਾਬਕ ਧੀ-ਜਵਾਈ ਲਈ ਗਹਿਣੇ ਬਣਵਾ ਲਏ, ਪਰ ਮੁੰਡੇ ਵਾਲਿਆਂ ਸਿਰਫ ਇਕ ਮੁੰਦੀ ਹੀ ਮੁੰਡੇ ਨੂੰ ਪੁਆਈ। ਕੋਈ ਪੇਟੀ-ਅਲਮਾਰੀ ਨਹੀਂ ਲਈ। ਮਹਿਲਾਂ ਵਾਲਿਆਂ ਨੇ ਹੀਰਾ ਪਛਾਣ ਲਿਆ ਸੀ। ਰਾਣੋ ਦਾ ਵਿਆਹ ਵਧੀਆ ਹੋ ਗਿਆ। ਫੌਜੀ ਚਾਚਾ ਸੱਦੇ ਤੋਂ ਵੀ ਨਾ ਆਇਆ।
ਸਰਪੰਚ ਦੀ ਧੀ ਜੀਤੀ ਦੇ ਰਾਣੋ ਦੀ ਵਿਚੋਲਣ ਬਣਨ ਨਾਲ ਗਿੰਦਰ ਦਾ ਸਾਥ ਸਰਪੰਚ ਦੇ ਮੁੰਡੇ ਪਾਲੀ ਨਾਲ ਹੋ ਗਿਆ। ਹੁਣ ਦੋਵੇਂ ਖੇਤ ਵਿਚ ਇਕੱਠੇ ਹੋ ਜਾਂਦੇ। ਪਾਲੀ ਖੇਤ ਖੜ੍ਹਾ ਕਹਿੰਦਾ, “ਗਿੰਦਰਾ, ਜੇ ਮੇਰੀ ਮੰਨੇ ਤਾਂ ਆਹ ਇਕ ਕਿੱਲੇ ਦੀ ਮਿੱਟੀ ਇਕ ਇਕ ਫੁੱਟ ਖਿੱਚ ਕੇ ਔਹ ਤਿੰਨ ਕਿੱਲਿਆਂ ਵਿਚ ਸਿੱਟ ਦੇਈਏ ਤਾਂ ਸਾਡੀ ਮੋਟਰ ਦਾ ਪਾਣੀ ਤੁਹਾਡੀ ਜ਼ਮੀਨ ਵਿਚ ਦੌੜਦਾ ਪੈ ਜਾਊ। ਫਿਰ ਤੈਨੂੰ ਤਿੰਨ ਕਿੱਲਿਆਂ ਦਾ ਖਾਲ਼ ਵੀ ਨਹੀਂ ਘੜਨਾ ਪਊ।”
“ਪਾਲੀ ਬਾਈ, ਤੁਹਾਡੀ ਗੱਲ ਤਾਂ ਠੀਕ ਐ। ਬਾਪੂ ਨੂੰ ਪੁੱਛ ਕੇ ਦੇਖ ਲਊਂ।” ਗਿੰਦਰ ਨੇ ਜਵਾਬ ਦਿੱਤਾ।
ਉਸੇ ਦਿਨ ਗਿੰਦਰ ਨੇ ਸ਼ਾਮ ਨੂੰ ਬਾਪੂ ਨਾਲ ਸਲਾਹ ਕੀਤੀ ਤੇ ਉਹ ਮੰਨ ਗਿਆ। ਫਿਰ ਪਾਲੀ ਨੇ ਇਕ ਕਿੱਲਾ ਕਰਾਹ ਕੇ ਜ਼ਮੀਨ ਪੱਧਰੀ ਕਰ ਲਈ। ਹੁਣ ਉਨ੍ਹਾਂ ਦੀ ਮੋਟਰ ਦਾ ਪਾਣੀ ਗਿੰਦਰ ਦੇ ਖੇਤ ਪੈਣ ਲੱਗ ਪਿਆ। ਪਿਆਸੀ ਧਰਤੀ ਨੂੰ ਪਾਣੀ ਮਿਲਿਆ, ਫਸਲ ਦੂਣੀ-ਚੌਣੀ ਹੋਣ ਲੱਗ ਗਈ। ਘਰ ਆਏ ਦਾਣਿਆਂ ਨੇ ਕੱਚਾ ਕੋਠਾ ਪੱਕੇ ਵਿਚ ਬਦਲ ਦਿੱਤਾ। ਫਿਰ ਪਾਲੀ ਨੇ ਆਪਣੀ ਸਾਲੀ ਦਾ ਰਿਸ਼ਤਾ ਗਿੰਦਰ ਨੂੰ ਕਰਵਾ ਦਿੱਤਾ। ਆਪਣਿਆਂ ਨਾਲੋਂ ਗੈਰਾਂ ਦਾ ਸਾਥ ਉਜੜਦਿਆਂ ਨੂੰ ਆਬਾਦ ਕਰ ਗਿਆ।
ਰਾਣੋ ਕੈਨੇਡਾ ਚਲੀ ਗਈ। ਸਾਰਾ ਪਰਿਵਾਰ ਖੁਸ਼ੀ ਵਿਚ ਹੰਝੂ ਕੇਰਨ ਲੱਗਾ। ਸੰਤੋਖ ਸਿੰਘ ਦੇ ਸੰਤੋਖ ਨੂੰ ਫਲ ਲੱਗਣ ਲੱਗਾ। ਗਿੰਦਰ ਦੀ ਛੋਟੀ ਭੈਣ ਗਿਆਨੋ ਵੀ ਕੈਨੇਡਾ ਵਿਆਹੀ ਗਈ। ਕਿਸਮਤ ਨੇ ਦਿਨ ਬਦਲ ਦਿੱਤੇ। ਸੰਤੋਖ ਸਿੰਘ ਸਿਰੋਂ ਮੈਲਾ ਪਰਨਾ ਉਤਾਰ ਕੇ ਸੋਹਣੀ ਪੱਗ ਸਜਾ ਦਿੱਤੀ।
ਉਧਰ, ਤੀਰਥ ਸਿੰਘ ਨੇ ਧੀ ਵਿਆਹੀ, ਪਰ ਸਾਲ ਬਾਅਦ ਹੀ ਤਲਾਕ ਹੋ ਗਿਆ। ਪੁੱਤ ਵਿਆਹਿਆਂ ਪੰਜ ਸਾਲ ਹੋ ਗਏ ਸਨ, ਪਰ ਕੋਈ ਔਲਾਦ ਨਹੀਂ ਸੀ ਹੋਈ। ਘਰ ਰੋਜ਼ ਲੜਾਈ-ਝਗੜਾ ਰਹਿੰਦਾ। ਜਦੋਂ ਪਾਣੀ ਗਲ ਤੋਂ ਉਪਰ ਲੰਘ ਗਿਆ, ਪੁੱਤ ਸਲਫਾਸ ਖਾ ਕੇ ਮਰ ਗਿਆ। ਪਿੰਡ ਵਾਲੇ ਪੁੱਤ ਦੀ ਮੌਤ ਦਾ ਜ਼ਿੰਮੇਵਾਰ ਫੌਜੀ ਨੂੰ ਆਖਦੇ। ਸੰਤੋਖ ਸਿੰਘ ਨਾਲ ਧੱਕਾ ਕਰ ਕੇ ਚੰਗਾ ਘਰ ਤੇ ਚੰਗੀ ਜ਼ਮੀਨ ਰੱਖ ਲੈਣੀ ਵੀ ਫੌਜੀ ਨੂੰ ਪੁੱਤ ਦੀ ਮੌਤ ਦਾ ਕਾਰਨ ਲੱਗਦੇ।
ਰਾਣੋ ਨੇ ਆਪਣੇ ਮਾਤਾ-ਪਿਤਾ ਵੀ ਕੈਨੇਡਾ ਸੱਦ ਲਏ। ਬੰਜਰ ਧਰਤੀ ਵਿਚੋਂ ਹੀਰੇ ਲੱਭਣ ਵਾਲਾ ਸੰਤੋਖ ਸਿੰਘ ਡਾਲਰਾਂ ਦੀ ਖਾਣ ਵਿਚ ਆਣ ਬੈਠਾ ਸੀ। ਦੋ ਸਾਲ ਬਾਅਦ ਪਿੰਡ ਗਿਆ। ਮੋਟਰ ਲੁਆਉਣ ਲਈ ਨਵਾਂ ਬੋਰ ਕਰਨਾ ਸੀ। ਬੋਰ ਵਾਲੇ ਕਹਿੰਦੇ, “ਆਹ ਤੂਤ ਪੁੱਟਣਾ ਪਊ।” ਸੰਤੋਖ ਸਿੰਘ ਕਹਿੰਦਾ, “ਪੁੱਤਰੋ, ਇਸ ਤੂਤ ਨੂੰ ਪੁੱਟਣ ਦਾ ਨਾਂ ਨਹੀਂ ਲੈਣਾ। ਇਸ ਤੂਤ ਨਾਲ ਮੇਰੀ ਪੁਰਾਣੀ ਯਾਦ ਜੁੜੀ ਆ। ਜਦੋਂ ਮੈਨੂੰ ਮੇਰਾ ਭਰਾ ਤਪਾਉਂਦਾ ਸੀ, ਤਾਂ ਇਸੇ ਦੀ ਛਾਂ ਥੱਲੇ ਮੈਨੂੰ ਠੰਢ ਮਿਲਦੀ ਸੀ। ਇਸੇ ਤੂਤ ਥੱਲੇ ਮੇਰੀ ਰਾਣੋ ਸਾਨੂੰ ਰੋਟੀ ਖੁਆਉਂਦੀ ਹੁੰਦੀ ਸੀ। ਮੈਂ ਦੁੱਖ-ਸੁੱਖ ਇਸ ਨਾਲ ਸਾਂਝਾ ਕਰ ਲੈਂਦਾ ਸੀ। ਮੈਂ ਕਿਸੇ ਦਾ ਵੱਸਦਾ ਘਰ ਨਹੀਂ ਉਜਾੜਨਾ ਚਾਹੁੰਦਾ।”
ਬੋਰ ਵਾਲਿਆਂ ਨੇ ਦਸ ਕਦਮ ਅਗਾਂਹ ਟੋਆ ਪੁੱਟ ਲਿਆ।
ਹੁਣ ਸੰਤੋਖ ਸਿੰਘ ਦੇ ਜੀਵਨ ਵਿਚ ਚਾਰੇ ਪਾਸੇ ਖੁਸ਼ਹਾਲੀ ਹੈ। ਤੀਰਥ ਸਿੰਘ ਨੂੰ ਤੀਰਥੀਂ ਜਾ ਕੇ ਵੀ ਸ਼ਾਂਤੀ ਨਹੀਂ ਮਿਲੀ।