ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਉ ਰੇ

ਗੁਰਨਾਮ ਕੌਰ ਕੈਨੇਡਾ
ਗੁਰੂ ਨਾਨਕ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿਚ ਆ ਚੁੱਕੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਗਿਰਾਵਟ ਦੀ ਚਰਚਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਭਲੀਭਾਂਤ ਪਤਾ ਲੱਗ ਜਾਂਦੀ ਹੈ। ਅਥਰਵ ਵੇਦ ਅਤੇ ਪੌਰਾਣਕ ਕਥਾਵਾਂ ਰਾਹੀਂ ਹਿੰਦੂ ਧਰਮ ਵਿਚ ਜਾਦੂ ਟੂਣੇ, ਵਹਿਮ-ਭਰਮ ਅਤੇ ਹੋਰ ਬਹੁਤ ਕਿਸਮ ਦਾ ਕਰਮ-ਕਾਂਡ ਸ਼ਾਮਲ ਹੋ ਚੁੱਕਾ ਸੀ।

ਗੁਰੂਆਂ ਵੱਲੋਂ ਸਿੱਖ ਧਰਮ ਦੀ ਸਥਾਪਤੀ ਦਾ ਮੁੱਖ ਮਕਸਦ ਆਮ ਮਾਨਵਤਾ ਨੂੰ ਇਸ ਗਿਰਾਵਟ ਵਿਚੋਂ ਕੱਢ ਕੇ, ਮਨੁੱਖ ਨੂੰ ਆਪਣੀ ਅਹਿਮੀਅਤ ਦਾ ਅਹਿਸਾਸ ਕਰਾਉਣਾ ਸੀ ਤਾਂ ਕਿ ਉਹ ਭਰਮ-ਮੁਕਤ ਹੋ ਕੇ ਕਿਰਤ ਕਰਦਾ ਹੋਇਆ ਇੱਕ ਸਵੈਮਾਣ ਵਾਲਾ ਜੀਵਨ ਜਿਉਂ ਸਕੇ।
ਗੁਰੂ ਨਾਨਕ ਸਾਹਿਬ ਨੇ ਮਨੁੱਖ ਮਾਤਰ ਨੂੰ ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ ਵਿਚੋਂ ਕੱਢ ਕੇ ਰੱਬ ਨੁੰ ਆਪਣੇ ਅੰਦਰ ਅਰਥਾਤ ਮਨੁੱਖੀ ਹਿਰਦੇ ਵਿਚ ਭਾਲਣ ਦੀ ਸਿੱਖਿਆ ਦਿੱਤੀ ਹੈ। ਇਸੇ ਲਈ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਸ੍ਰੀ ਗੁਰੂ ਗੰਥ ਸਾਹਿਬ ਵਿਚ ਭਗਤਾਂ ਦੀ ਉਹ ਬਾਣੀ ਵੀ ਸ਼ਾਮਲ ਕੀਤੀ ਗਈ ਹੈ ਜੋ ਸਿਧਾਂਤਕ ਰੂਪ ਵਿਚ ਗੁਰਮਤਿ ਸਿਧਾਂਤਾਂ ਨਾਲ ਮੇਲ ਖਾਂਦੀ ਹੈ। ਰੱਬ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ, ਕਿਸੇ ਮੰਦਰ ਦੀ ਚਾਰ ਦੀਵਾਰੀ ਵਿਚ ਨਹੀਂ ਅਤੇ ਨਾ ਹੀ ਉਸ ਨੂੰ ਕਿਸੇ ਕਿਸਮ ਦੇ ਕਰਮ-ਕਾਂਡ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਦਾ ਖੁਲਾਸਾ ਭਗਤ ਨਾਮ ਦੇਵ ਦੀ ਬਾਣੀ ਤੋਂ ਵੀ ਹੋ ਜਾਂਦਾ ਹੈ। ਭਗਤ ਨਾਮ ਦੇਵ ਮਨੁੱਖ ਨੂੰ ਰੱਬ ਨੂੰ ਆਪਣੇ ਅੰਦਰ ਭਾਲਣ ਦੀ ਗੱਲ ਕਹਿੰਦੇ ਹਨ ਅਤੇ ਬਾਕੀ ਹਰ ਤਰ੍ਹਾਂ ਦੇ ਕਰਮ ਨੂੰ Ḕਕੂੜ-ਕਿਰਿਆ’ ਮੰਨਦੇ ਹਨ। ਰਾਗੁ ਗੌਂਡ ਵਿਚ ਭਗਤ ਨਾਮ ਦੇਵ ਦੀ ਰਚਨਾ ਇਨ੍ਹਾਂ ਵਹਿਮਾਂ ਨੂੰ ਰੱਦ ਕਰਦੀ ਨਜ਼ਰ ਆਉਂਦੀ ਹੈ। ਭੈਰੋਂ, ਸੀਤਲਾ ਆਦਿ ਦੀ ਪੂਜਾ ਇਨ੍ਹਾਂ ਵਹਿਮਾਂ ਵੱਲ ਹੀ ਇਸ਼ਾਰਾ ਹੈ।
ਗੁਰਬਾਣੀ ਦਾ ਫੁਰਮਾਨ ਹੈ ਕਿ ਮਨੁੱਖ ਜਿਸ ਕਿਸਮ ਦੇ ਇਸ਼ਟ ਦੀ ਪੂਜਾ ਕਰਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤੀਤਵ ਘੜਿਆ ਜਾਂਦਾ ਹੈ। ਇਸੇ ਤੱਥ ਦੀ ਪ੍ਰੋੜਤਾ ਭਗਤ ਨਾਮ ਦੇਵ ਕਰਦੇ ਹਨ ਕਿ ਜਿਹੜੇ ਮਨੁੱਖ ਭੈਰੋਂ (ਇੱਕ ਜਤੀ ਜੋ ਕਾਲੇ ਕੁੱਤੇ ਦੀ ਸਵਾਰੀ ਕਰਦਾ ਮੰਨਿਆ ਜਾਂਦਾ ਹੈ) ਨੂੰ ਮੰਨਦੇ ਜਾਂ ਪੂਜਦੇ ਹਨ, ਉਹ ਭੂਤ ਬਣ ਜਾਂਦੇ ਹਨ। ਜੋ ਸੀਤਲਾ ਦੀ ਪੂਜਾ ਕਰਦਾ ਹੈ, ਉਹ ਸੀਤਲਾ ਵਾਂਗ ਹੀ ਖੋਤੇ ਦੀ ਸਵਾਰੀ ਕਰਦਾ ਹੈ (ਸੀਤਲਾ ਨੂੰ ਖੋਤੇ ਦੀ ਸਵਾਰੀ ਕਰਦੀ ਮੰਨਿਆ ਗਿਆ ਹੈ) ਤੇ ਖੋਤੇ ਵਾਂਗ ਖੇਹ ਉਡਾਉਂਦਾ ਹੈ। ਭਗਤ ਨਾਮ ਦੇਵ ਪੰਡਿਤ ਨੂੰ ਸਮਝਾਉਂਦੇ ਹਨ ਕਿ ਉਹ ਇਨ੍ਹਾਂ ਸਭ ਕਰਮ-ਕਾਂਡਾਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਦਾ ਸਿਮਰਨ ਕਰਨਗੇ ਅਤੇ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦੇਣਗੇ। ਪੌਰਾਣਕ ਕਥਾਵਾਂ ਵਿਚ ਹਰ ਦੇਵਤੇ ਦੀ ਕੋਈ ਨਾ ਕੋਈ ਸਵਾਰੀ ਮੰਨੀ ਗਈ ਹੈ, ਜਿਵੇਂ ਸ਼ਿਵ ਨੂੰ ਨੰਦੀ ਬੈਲ ਦੀ ਸਵਾਰੀ ਕਰਦਾ ਦੱਸਿਆ ਹੈ। ਭਗਤ ਨਾਮ ਦੇਵ ਕਹਿੰਦੇ ਹਨ ਕਿ ਜਿਹੜਾ ਬੰਦਾ ਸ਼ਿਵ ਦੀ ਅਰਾਧਨਾ ਕਰੇਗਾ ਉਸ ਦੀ ਪ੍ਰਾਪਤੀ ਇਹੋ ਹੋ ਸਕਦੀ ਹੈ ਕਿ ਉਸ ਨੂੰ ਸਵਾਰੀ ਲਈ ਬੈਲ ਮਿਲ ਜਾਵੇ ਅਤੇ ਸ਼ਿਵ ਦੀ ਤਰ੍ਹਾਂ ਉਹ ਡੌਰੂ ਵਜਾਵੇ। ਜਿਹੜਾ ਮਨੁੱਖ ਮਹਾਂ ਮਾਈ (ਪਾਰਬਤੀ) ਦੀ ਪੂਜਾ ਕਰਦਾ ਹੈ, ਉਹ ਆਦਮੀ ਔਰਤ ਬਣ ਕੇ ਪੈਦਾ ਹੁੰਦਾ ਹੈ। ਅੱਗੇ ਭਵਾਨੀ ਨੂੰ ਸੰਬੋਧਨ ਕਰਦੇ ਹਨ ਕਿ ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ ਪਰ ਆਪਣੇ ਭਗਤਾਂ ਨੂੰ ਮੁਕਤੀ ਦੇਣ ਵੇਲੇ ਤੂੰ ਵੀ ਪਤਾ ਨਹੀਂ ਕਿਥੇ ਅਲੋਪ ਹੋ ਜਾਂਦੀ ਹੈਂ। ਇਸ ਲਈ ਭਗਤ ਨਾਮ ਦੇਵ ਪੰਡਿਤ ਨੂੰ ਬੇਨਤੀ ਰੂਪ ਵਿਚ ਸਮਝਾਉਂਦੇ ਹਨ ਕਿ ਉਹ ਸਤਿਗੁਰੂ ਦੀ ਸਿੱਖਿਆ ‘ਤੇ ਚੱਲ ਕੇ ਅਕਾਲ ਪੁਰਖ ਦੇ ਨਾਮ ਦਾ ਓਟ ਆਸਰਾ ਲਵੇ ਕਿਉਂਕਿ ਪੰਡਿਤ ਦੀ ਧਾਰਮਿਕ ਪੁਸਤਕ ਗੀਤਾ ਵੀ ਇਹੋ ਉਪਦੇਸ਼ ਦਿੰਦੀ ਹੈ,
ਭੈਰਉ ਭੂਤ ਸੀਤਲਾ ਧਾਵੈ॥
ਖਰ ਬਾਹਨ ਉਹੁ ਛਾਰ ਉਡਾਵੈ॥੧॥
ਹਉ ਤਉ ਏਕ ਰਮਈਆ ਲੈ ਹਉ॥
ਆਨ ਦੇਵ ਬਦਲਾਵਨਿ ਦੈ ਹਉ॥੧॥ਰਹਾਉ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ॥
ਬਰਦ ਚਢੈ ਡਉਰੂ ਢਮਕਾਵੈ॥੨॥
ਮਹਾ ਮਾਈ ਕੀ ਪੂਜਾ ਕਰੈ॥
ਨਰ ਸੈ ਨਾਰਿ ਹੋਇ ਅਉਤਰੈ॥੩॥
ਤੂ ਕਹੀਅਤਿ ਹੀ ਆਦਿ ਭਵਾਨੀ॥
ਮੁਕਤਿ ਕੀ ਬਰੀਆ ਕਹਾ ਛਪਾਨੀ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ॥
ਪ੍ਰਣਵੈ ਨਾਮਾ ਇਉ ਕਹੈ ਗੀਤਾ॥੫॥੨॥੬॥ (ਪੰਨਾ ੮੭੪)
ਅਗਲੇ ਸ਼ਬਦ ਵਿਚ ਵੀ ਭਗਤ ਨਾਮ ਦੇਵ ਨੇ ਉਨ੍ਹਾਂ ਹੀ ਵਹਿਮਾਂ ਦੀ ਗੱਲ ਕੀਤੀ ਹੈ ਜੋ ਪਰਮਾਤਮਾ ਨੂੰ ਪਾਉਣ ਦਾ ਸਾਧਨ ਤਾਂ ਬਣ ਨਹੀਂ ਸਕਦੇ ਪਰ ਮਨੁੱਖ ਦੀ ਜ਼ਿੰਦਗੀ ਨੂੰ ਹੋਰ ਕਈ ਤਰ੍ਹਾਂ ਨਾਲ ਦੁਸ਼ਵਾਰ ਬਣਾ ਦਿੰਦੇ ਹਨ ਅਤੇ ਅੱਜ ਵੀ ਬਣਾ ਰਹੇ ਹਨ। ਮਸਲਨ ਪੰਡਿਤ ਗਾਇਤ੍ਰੀ ਦਾ ਪਾਠ ਕਰਦਾ ਹੈ, ਅਵਤਾਰਾਂ ਨੂੰ ਰੱਬ ਸਮਝ ਕੇ ਪੂਜਦਾ ਹੈ ਪਰ ਉਸ ਦਾ ਭਰੋਸਾ ਕਿਸੇ ‘ਤੇ ਵੀ ਨਹੀਂ ਬੱਝਦਾ। ਪਰਮਾਤਮਾ ਕਿਸੇ ਮੂਰਤੀ ਜਾਂ ਮੰਦਰਿ ਵਿਚ ਨਹੀਂ ਵੱਸਦਾ, ਉਹ ਮਨੁੱਖ ਦੇ ਅੰਦਰ ਵੱਸਦਾ ਹੈ ਅਤੇ ਉਸ ਨੂੰ ਆਪਣੇ ਅੰਦਰ ਹੀ ਅਨੁਭਵ ਕਰਨ ਦੀ ਜ਼ਰੂਰਤ ਹੈ। ਭਗਤ ਨਾਮ ਦੇਵ ਕਹਿੰਦੇ ਹਨ ਕਿ ਉਨ੍ਹਾਂ ਨੇ ਪਰਮਾਤਮਾ ਦੇ ਦਰਸ਼ਨ ਆਪਣੇ ਹਿਰਦੇ ਵਿਚ ਕਰ ਲਏ ਹਨ, ਕੋਈ ਉਸ ਮੂਰਖ ਪੰਡਿਤ ਨੂੰ ਸਮਝਾਵੇ ਅਤੇ ਪੁੱਛੇ ਕਿ ਉਸ ਨੂੰ ਹੁਣ ਤੱਕ ਪਰਮਾਤਮਾ ਦਾ ਦਰਸ਼ਨ ਕਿਉਂ ਨਹੀਂ ਹੋਇਆ?
ਭਗਤ ਨਾਮ ਦੇਵ ਅਨੁਸਾਰ ਇਹ ਪਰਮਾਤਮਾ ਵਿਚ ਵਿਸ਼ਵਾਸ ਨਾ ਹੋਣ ਕਰਕੇ ਅਤੇ ਫੋਕੇ ਕਰਮ-ਕਾਂਡ ਵਿਚ ਅੰਧ-ਵਿਸ਼ਵਾਸ ਕਾਰਨ ਹੀ ਹੈ ਕਿ ਪੰਡਿਤ ਪਰਮਾਤਮਾ ਦਾ ਅਨੁਭਵ ਆਪਣੇ ਅੰਤਰ-ਆਤਮੇ ਵਿਚ ਨਹੀਂ ਕਰ ਸਕਿਆ। ਭਗਤ ਜੀ ਸਮਝਾਉਂਦੇ ਹਨ ਕਿ ਪੰਡਿਤ ਅਨੁਸਾਰ ਗਾਇਤ੍ਰੀ (ਗਾਇਤ੍ਰੀ ਮੰਤ੍ਰ ਜਿਸ ਦਾ ਪੰਡਿਤ ਪਾਠ ਕਰਦਾ ਹੈ ਅਤੇ ਜਿਸ ਨੂੰ ਇੱਕ ਵਾਰ ਗਊ ਦੀ ਜੂਨ ਪੈ ਗਈ ਮੰਨਿਆ ਜਾਂਦਾ ਹੈ) ਲੋਧੇ ਜੱਟ ਦਾ ਖੇਤ ਖਾ ਰਹੀ ਸੀ ਜਿਸ ਕਰਕੇ ਲੋਧੇ ਕਿਸਾਨ ਨੇ ਉਸ ਦੀ ਲੱਤ ਤੇ ਡੰਡਾ ਮਾਰਿਆ ਤਾਂ ਉਹ ਲੰਗੜਾ ਕੇ ਚੱਲ ਰਹੀ ਸੀ। ਅਗਲੀ ਉਦਾਹਰਣ ਸ਼ਿਵ ਦੀ ਦਿੰਦੇ ਹਨ ਜਿਸ ਨੂੰ ਇੱਕ ਪਾਸੇ ਪੰਡਿਤ ਪੂਜਦਾ ਹੈ ਅਤੇ ਦੂਸਰੇ ਪਾਸੇ ਉਸ ਨੂੰ ਕ੍ਰੋਧੀ ਵੀ ਮੰਨਦਾ ਹੈ, ਜੋ ਗੁੱਸੇ ਵਿਚ ਆ ਕੇ ਆਪਣੇ ਭਗਤਾਂ ਨੂੰ ਸਰਾਪ ਦੇ ਦਿੰਦਾ ਹੈ। ਪੰਡਿਤ ਦਾ ਸ਼ਿਵ ਉਹ ਹੈ ਜਿਸ ਬਾਰੇ ਪੰਡਿਤ ਦਾ ਕਹਿਣਾ ਹੈ ਕਿ ਕਿਸੇ ਭੰਡਾਰੀ ਦੇ ਘਰ ਸ਼ਿਵ ਲਈ ਭੋਜਨ ਪੱਕਿਆ ਅਤੇ ਸ਼ਿਵ ਚਿੱਟੇ ਬਲਦ ‘ਤੇ ਬੈਠ ਕੇ ਗਿਆ ਪਰ ਨਾਰਾਜ਼ ਹੋ ਕੇ (ਸ਼ਾਇਦ ਭੋਜਨ ਪਸੰਦ ਨਹੀਂ ਆਇਆ) ਸਰਾਪ ਦੇ ਕੇ ਉਸ ਦਾ ਮੁੰਡਾ ਮਾਰ ਦਿੱਤਾ। ਇਸੇ ਤਰ੍ਹਾਂ ਪੰਡਿਤ ਵੱਲੋਂ ਇੱਕ ਪਾਸੇ ਰਾਮ ਚੰਦ੍ਰ ਨੂੰ ਪਰਮਾਤਮਾ ਦਾ ਅਵਤਾਰ ਸਮਝ ਕੇ ਪੂਜਾ ਕੀਤੀ ਜਾਂਦੀ ਹੈ, ਦੂਸਰੇ ਪਾਸੇ ਉਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ ਰਾਵਣ ਨਾਲ ਲੜਾਈ ਇਸ ਲਈ ਕੀਤੀ ਕਿਉਂਕਿ ਰਾਵਣ ਉਸ ਦੀ ਪਤਨੀ ਸੀਤਾ ਨੂੰ ਉਠਾ ਕੇ ਲੈ ਗਿਆ ਸੀ। ਭਗਤ ਨਾਮ ਦੇਵ ਕਹਿੰਦੇ ਹਨ ਕਿ ਹਿੰਦੂ ਗਿਆਨ ਤੋਂ ਬਿਲਕੁਲ ਕੋਰਾ ਹੋਣ ਕਰਕੇ ਅੰਨ੍ਹਾ ਹੈ (ਕਿਉਂਕਿ ਉਹ ਅਗਿਆਨ ਵੱਸ ਆਪਣੇ ਇਸ਼ਟ ਬਾਰੇ ਕਹਾਣੀਆਂ ਘੜਦਾ ਹੈ ਅਤੇ ਪਰਮਾਤਮਾ ਨੂੰ ਸਿਰਫ ਮੰਦਰ ਵਿਚ ਹੀ ਮੌਜੂਦ ਸਮਝਦਾ ਹੈ ਅਤੇ ਮੰਦਰ ਦੀ ਪੂਜਾ ਕਰਦਾ ਹੈ) ਅਤੇ ਤੁਰਕ ਦੀ ਇੱਕ ਅੱਖ ਹੀ ਖਰਾਬ ਹੋਈ ਹੈ (ਕਿਉਂਕਿ ਉਹ ਆਪਣੇ ਇਸ਼ਟ ਵਿਚ ਤਾਂ ਪੂਰਨ ਸ਼ਰਧਾ ਰੱਖਦਾ ਹੈ ਪਰ ਸਮਝਦਾ ਹੈ ਕਿ ਰੱਬ ਸਿਰਫ ਮਸਜਿਦ ਵਿਚ ਵਸਦਾ ਹੈ)। ਇਨ੍ਹਾਂ ਦੋਵਾਂ ਨਾਲੋਂ ਗਿਆਨੀ ਸਿਆਣਾ ਹੈ ਜੋ ਰੱਬ ਦੀ ਸਰਬ-ਵਿਆਪਕਤਾ ਨੂੰ ਸਮਝਦਾ ਹੈ। ਭਗਤ ਨਾਮ ਦੇਵ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ ਜੋ ਮੰਦਰ ਜਾਂ ਮਸਜਿਦ ਤੱਕ ਮਹਿਦੂਦ ਨਹੀਂ ਹੈ, ਹਰ ਥਾਂ ਵਿਆਪਕ ਹੈ,
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ਰਹਾਉ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥੧॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤ ਦੇਖਿਆ ਥਾ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥੨॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥੩॥
ਹਿੰਦੂ ਅੰਨ੍ਹਾ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥੪॥੩॥੭॥ (ਪੰਨਾ ੮੭੪)
ਸਦੀਆਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਹਾਲਾਤ ਉਸੇ ਕਿਸਮ ਦੇ ਹਨ ਪਰ ਅੱਜ ਇਹ Ḕਕੂੜ ਕਿਰਿਆ’ ਅਗਿਆਨ-ਵੱਸ ਨਹੀਂ ਹੋ ਰਹੀ ਬਲਕਿ ਇਸ ਦਾ ਖਾਸਾ ਰਾਜਨੀਤਕ ਹੈ। ਅੱਜ ਬੀæਜੇæਪੀ ਅਤੇ ਆਰæਐਸ਼ਐਸ਼ ਵੱਲੋਂ ਘੱਟ-ਗਿਣਤੀ ਭਾਈਚਾਰਿਆਂ ਨੂੰ ਦਬਾਉਣ ਅਤੇ ਵੇਦਾਂ-ਸ਼ਾਸਤਰਾਂ ਅਨੁਸਾਰ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਮਹਿਰੂਮ ਰੱਖਿਆ ਜਾ ਰਿਹਾ ਹੈ। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਤੁਸੀਂ ਕਿਧਰੇ ਵੀ ਚਲੇ ਜਾਉ ਤੁਹਾਨੂੰ ਜੀæਟੀæ ਰੋਡ, ਪਿੰਡਾਂ ਦੀਆਂ ਸੜਕਾਂ, ਗਲੀਆਂ ਮੁਹੱਲਿਆਂ ਵਿਚ ਆਮ ਹੀ ਅਵਾਰਾ ਗਊਆਂ ਅਤੇ ਸਾਨ੍ਹਾਂ ਦੇ ਝੁੰਡ ਫਿਰਦੇ ਮਿਲ ਜਾਂਦੇ ਹਨ। ਇਹ ਅਵਾਰਾ ਗਊਆਂ ਅਤੇ ਸਾਨ੍ਹ ਲੋਕਾਂ ਦੀ ਜਾਨ ਦਾ ਖਉ ਬਣੇ ਸੜਕਾਂ, ਖੇਤਾਂ ਵਿਚ ਤੁਰੇ ਫਿਰਦੇ ਹਨ। ਇਹ ਅਵਾਰਾ ਗਾਇਤ੍ਰੀਆਂ ਅਤੇ ਗਾਇਤ੍ਰੀਆਂ ਦੇ ਬੱਚੇ ਨਾ ਸਿਰਫ ਸੜਕਾਂ ‘ਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਬਲਕਿ ਕਈ ਵਾਰ ਭੂਤਰੇ ਹੋਏ ਸਾਹਮਣੇ ਆਉਣ ਵਾਲੇ ਜਾਂ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ‘ਤੇ ਵਾਰ ਵੀ ਕਰਦੇ ਹਨ।
ਆਪਣੀ ਭਾਰਤ ਫੇਰੀ ਸਮੇਂ ਜਦੋਂ ਮੈਂ ਸਮਰਾਲੇ ਗਈ ਤਾਂ ਮੈਨੂੰ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਦਾ ਪਤਾ ਲੱਗਾ। ਸਮਰਾਲੇ ਦੇ ਨੇੜੇ ਇੱਕ ਪਿੰਡ ਵਿਚ ਭੂਤਰੇ ਸਾਨ੍ਹ ਨੇ ਇੱਕ ਬੰਦੇ ‘ਤੇ ਹਮਲਾ ਕਰ ਦਿੱਤਾ। ਉਸ ਦੀ ਜਾਨ ਤਾਂ ਬਚ ਗਈ ਪਰ ਉਹ ਏਨਾ ਜ਼ਿਆਦਾ ਜ਼ਖ਼ਮੀ ਹੋ ਗਿਆ ਕਿ ਹੁਣ ਤੱਕ ਇਲਾਜ ‘ਤੇ ਉਸ ਦੇ ਇੱਕ ਲੱਖ ਤੋਂ ਵੀ ਜ਼ਿਆਦਾ ਪੈਸੇ ਖਰਚ ਹੋ ਚੁੱਕੇ ਹਨ ਪਰ ਉਹ ਠੀਕ ਨਹੀਂ ਹੋ ਰਿਹਾ ਅਤੇ ਮੰਜੇ ਨਾਲ ਮੰਜਾ ਹੋਇਆ ਪਿਆ ਹੈ। ਅਜਿਹੇ ਅਨੇਕਾਂ ਹਾਦਸੇ ਹਰ ਰੋਜ਼ ਪਿੰਡਾਂ ਸ਼ਹਿਰਾਂ ਵਿਚ ਵਾਪਰ ਰਹੇ ਹਨ ਅਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਕਿਸਾਨ ਜੋ ਪਹਿਲਾਂ ਹੀ ਸਰਕਾਰ ਦੀਆਂ ਕਿਸਾਨ-ਵਿਰੋਧੀ ਨੀਤੀਆਂ ਅਤੇ ਬੇਮੌਸਮੀ ਬਾਰਿਸ਼ ਕਾਰਨ ਦਿਨੋ-ਦਿਨ ਕਰਜਾਈ ਹੋ ਰਿਹਾ ਹੈ ਅਤੇ ਖੁਦਕਸ਼ੀਆਂ ਦੇ ਰਾਹ ਪੈ ਚੁੱਕਾ ਹੈ, ਇਨ੍ਹਾਂ ਅਵਾਰਾ ਗਊਆਂ ਕਾਰਨ ਆਪਣਾ ਬਹੁਤ ਜ਼ਿਆਦਾ ਫਸਲੀ ਨੁਕਸਾਨ ਝੱਲ ਰਿਹਾ ਹੈ।
ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਦੇ ਰਸਤੇ ਪਟਿਆਲੇ ਨੂੰ ਵਾਪਸ ਆਉਂਦਿਆਂ ਇੱਕ ਥਾਂ ਸੜਕ ‘ਤੇ ਬੜਾ ਅਜੀਬ ਨੋਟਿਸ ਦੇਖਿਆ। ਵੱਡੇ ਸਾਰੇ ਬੋਰਡ ‘ਤੇ ਲਿਖਿਆ ਹੋਇਆ ਸੀ, “ਇਥੇ ਸਾਵਧਾਨ ਰਹਿਣਾ। ਇਸ ਸੜਕ ‘ਤੇ ਕਈ ਵਾਰ ਨੀਲ ਗਊਆਂ ਅਚਾਨਕ ਹਮਲਾ ਕਰ ਦਿੰਦੀਆਂ ਹਨ।” ਕਾਫੀ ਸਮਾਂ ਹੋਇਆ ਇੱਕ ਵਾਰ ਅਖ਼ਬਾਰ ਵਿਚ ਖ਼ਬਰ ਪੜ੍ਹੀ ਸੀ ਕਿ ਸੰਗਰੂਰ ਦੇ ਇਲਾਕੇ ਵਿਚ ਕਿਸਾਨ ਨੀਲ ਗਊਆਂ ਵੱਲੋਂ ਵੱਡੀ ਪੱਧਰ ‘ਤੇ ਫਸਲ ਉਜਾੜੇ ਜਾਣ ਤੋਂ ਬਹੁਤ ਔਖੇ ਰਹਿੰਦੇ ਹਨ। ਨੀਲ ਗਊਆਂ ਵੱਡੇ ਵੱਡੇ ਝੁੰਡਾਂ ਦੇ ਰੂਪ ਵਿਚ ਬੀਜੀਆਂ ਫਸਲਾਂ ‘ਤੇ ਹਮਲਾ ਕਰ ਦਿੰਦੀਆਂ ਹਨ ਜਿਨ੍ਹਾਂ ਨੂੰ ਖੇਤ ਵਿਚੋਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਕਿਸਾਨ ਵਿਚਾਰਾ ਹੱਥ ਮਲਦਾ ਰਹਿ ਜਾਂਦਾ ਹੈ।
ਅਸੀਂ ਕਾਰ ਵਿਚ ਪਿੰਡ ਕੰਮੋਕੇ ਤੋਂ ਬਾਬੇ ਬਕਾਲੇ ਵੱਲ ਜਾ ਰਹੇ ਸੀ। ਸਾਹਮਣਿਓਂ ਦੋ ਕੁ ਮੀਲ ਲੰਬਾ ਅਤੇ ਸੜਕ ‘ਤੇ ਦੋਵੇਂ ਪਾਸੇ ਬੀਜੇ ਝੋਨੇ ਵਿਚ ਅੱਧਾ-ਅੱਧਾ ਏਕੜ ਤੱਕ ਗਾਹ ਪਾਉਂਦਾ ਵੱਗ ਆ ਰਿਹਾ ਸੀ ਜਿਸ ਨੂੰ ਅੱਗੇ-ਪਿੱਛੇ ਅਤੇ ਆਸ ਪਾਸ ਤੋਂ ਡਾਂਗ-ਧਾਰੀ ਹੱਟੇ ਕੱਟੇ ਸ਼ਕਲ ਤੋਂ ਸਿੱਖੀ ਸਰੂਪ ਵਿਚ ਨਜ਼ਰ ਆਉਂਦੇ ਬੰਦੇ ਲਈ ਆ ਰਹੇ ਸਨ। ਅਸੀਂ ਗੱਡੀ ਦੇ ਸ਼ੀਸ਼ੇ ਬੰਦ ਕਰ ਲਏ ਅਤੇ ਸਾਰਾ ਸਮਾਂ ਇਹੀ ਡਰ ਲੱਗਦਾ ਰਿਹਾ ਕਿ ਪਤਾ ਨਹੀਂ ਗੱਡੀ ਵਿਚ ਕਿੰਨੇ ਕੁ ਡੈਂਟ ਪਏ ਹੋਣਗੇ ਅਤੇ ਨਾਲ ਹੀ ਮਨ ਵਿਚ ਉਨ੍ਹਾਂ ਦੇ ਹੌਕੇ ਮਹਿਸੂਸ ਹੋ ਰਹੇ ਸੀ ਜਿਨ੍ਹਾਂ ਦੀ ਝੋਨੇ ਦੀ ਫਸਲ ਉਜੜ ਰਹੀ ਸੀ। ਸਾਡੇ ਅੱਗੇ ਇੱਕ ਬਜ਼ੁਰਗ ਆਪਣੀ ਧੀ ਨੂੰ ਮੋਟਰ ਸਾਈਕਲ ‘ਤੇ ਬਿਠਾਈ ਜਾ ਰਿਹਾ ਸੀ ਅਤੇ ਉਹ ਖੜ੍ਹ ਕੇ ਵੱਗ ਦੇ ਤੁਰ ਜਾਣ ਦਾ ਇੰਤਜ਼ਾਰ ਕਰਨ ਲੱਗੇ। ਜਦੋਂ ਵੀ ਪਸ਼ੂ ਆਪਣੇ ਸਿੰਗ ਹਿਲਾਉਂਦੇ ਕੋਲੋਂ ਦੀ ਗੁਜ਼ਰਦੇ ਕੁੜੀ ਦੇ ਚਿਹਰੇ ‘ਤੇ ਖੌਫ ਉਭਰ ਆਉਂਦਾ ਅਤੇ ਸਾਨੂੰ ਕਾਰ ਵਿਚ ਬੈਠਿਆਂ ਨੂੰ ਵੀ ਉਸ ਕੁੜੀ ਅਤੇ ਉਸ ਦੇ ਬਾਪ ਲਈ ਡਰ ਲੱਗ ਰਿਹਾ ਸੀ। ਵੱਗ ਸਾਡੇ ਸਾਹਮਣੇ ਤੋਂ ਆ ਰਿਹਾ ਸੀ ਅਤੇ ਗੁਜ਼ਰਨ ਲਈ ਪੂਰੇ ਦੋ ਘੰਟੇ ਲੱਗ ਗਏ। ਅਸੀਂ ਫਸ ਚੁੱਕੇ ਸੀ ਪਰ ਸਾਡੇ ਪਿੱਛੇ ਆਉਣ ਵਾਲਿਆਂ ਨੇ ਪਹਿਲਾਂ ਹੀ ਬੁਤਾਲੇ ਤੋਂ ਰਸਤਾ ਬਦਲ ਲਿਆ ਸੀ। ਵੱਗ ਦੇ ਪਿੱਛੇ ਆਉਣ ਵਾਲੇ ਵਾਹਨਾਂ ਦੀ ਲੰਬੀ ਕਤਾਰ ਸੜਕ ‘ਤੇ ਲੱਗ ਗਈ ਸੀ। ਵੱਗ ਲੰਘ ਜਾਣ ਤੇ ਮੈਂ ਸ਼ੁਕਰ ਕੀਤਾ ਤਾਂ ਮੇਰਾ ਭਤੀਜਾ ਬੋਲਿਆ, “ਭੂਆ ਜੀ! ਆਪਾਂ ਨੂੰ ਤਾਂ ਵੱਗ ਨੇ ਕਰਾਸ ਕੀਤਾ ਹੈ। ਉਨ੍ਹਾਂ ਵਿਚਾਰਿਆਂ ਬਾਰੇ ਸੋਚੋ ਜਿਨ੍ਹਾਂ ਨੂੰ ਇਸ ਵੱਗ ਦੇ ਮਗਰ ਪਤਾ ਨਹੀਂ ਕਿੱਥੇ ਤੱਕ ਜਾਣਾ ਪੈਣਾ ਹੈ!” ਉਸ ਦਾ ਇਸ਼ਾਰਾ ਵੱਗ ਦੇ ਪਿੱਛੇ ਜਾਮ ਹੋ ਚੁੱਕੇ ਟਰੈਫਿਕ ਵੱਲ ਸੀ।
ਹਿੰਦੁਸਤਾਨ ਅਜਿਹਾ ਮੁਲਕ ਹੈ ਜਿੱਥੇ ਇਨਸਾਨ ਦੀ ਜਾਨ ਨਾਲੋਂ ਗਊ ਵਰਗਾ ਪਸ਼ੂ ਵੱਧ ਪਵਿੱਤਰ ਮੰਨਿਆ ਜਾਂਦਾ ਹੈ, ਜਿਸ ਦੀ ਅਹਿਮੀਅਤ ਇਨਸਾਨੀ ਜ਼ਿੰਦਗੀ ਨਾਲੋਂ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਆਰæਐਸ਼ਐਸ਼ ਅਤੇ ਬੀæਜੇæਪੀæ ਦੇ ਭੂਤਰੇ ਹੋਏ ਕਾਰਕੁੰਨ ਅਵਾਰਾ ਗਊਆਂ ਜਾਂ ਲੋਕਾਂ ਵੱਲੋਂ ਮੰਡੀਆਂ ਵਿਚ ਵੇਚੀਆਂ ਗਊਆਂ ਦੇ ਭਰੇ ਹੋਏ ਟਰੱਕ ਅੱਗ ਲਾ ਕੇ ਸਾੜ ਦਿੰਦੇ ਹਨ ਅਤੇ ਟਰੱਕ-ਡਰਾਈਵਰਾਂ ਨੂੰ ਕੁਟਾਪਾ ਚਾੜ੍ਹਦੇ ਹਨ। ਇਹ ਆਮ ਜਿਹੀ ਗੱਲ ਹੈ ਜੋ ਪੰਜਾਬ ਵਿਚ ਗਾਹੇ-ਵਗਾਹੇ ਵਾਪਰਦੀ ਰਹਿੰਦੀ ਹੈ।
ਕਿਸਾਨ ਮੁਲਕ ਦਾ ਅੰਨ-ਦਾਤਾ ਹੈ। ਪੰਜਾਬ ਦੇ ਕਿਸਾਨ ਨੇ ਹਿੰਦੁਸਤਾਨ ਨੂੰ ਭੁੱਖ-ਮਰੀ ਵਿਚੋਂ ਕੱਢਿਆ ਪਰ ਅੱਜ ਉਹ ਅੰਨ-ਦਾਤਾ ਆਪ ਤਬਾਹੀ ਦੇ ਕੰਢੇ ‘ਤੇ ਪਹੁੰਚ ਗਿਆ ਹੈ। ਵਰਣ-ਆਸ਼ਰਮ ਵੰਡ ਕਰਕੇ ਹਿੰਦੂ ਧਰਮ ਦੀਆਂ ਉਚੀਆਂ ਜਾਤਾਂ ਮੁੱਢ ਤੋਂ ਹੀ ਕਿਰਤ ਅਤੇ ਕਿਰਤੀ ਦੇ ਖਿਲਾਫ ਹਨ। ਵੈਸ਼ ਅਤੇ ਸ਼ੂਦਰ ਨੂੰ ਉਨ੍ਹਾਂ ਨੇ ਸਮਾਜਿਕ ਵੰਡ ਵਿਚ ਸਭ ਤੋਂ ਥੱਲੇ ਰੱਖਿਆ ਹੈ ਅਤੇ ਇਸ ਕਿਰਤ ਅਤੇ ਕਿਰਤੀ ਵਿਰੋਧੀ ਰਵੱਈਏ ਨੂੰ ਆਰæਐਸ਼ਐਸ਼ ਅਤੇ ਬੀæਜੇæਪੀæ ਦੇ ਰੂਪ ਵਿਚ ਨਵੀਂਆਂ ਨੀਤੀਆਂ ਅਤੇ ਨਵੇਂ ਢੰਗਾਂ ਨਾਲ ਉਭਾਰਿਆ ਜਾ ਰਿਹਾ ਹੈ।