ਕਲਾ ਦੀ ਕੋਮਲਤਾ ਤੇ ਪੈਸੇ ਦੀ ਪੀਰੀ

ਰਾਜਿੰਦਰ ਸਿੰਘ ਬੇਦੀ-6
ਗੁਰਬਚਨ ਸਿੰਘ ਭੁੱਲਰ
ਅਣਜਾਣ ਕੁੜੀ ਨੇ ਬੱਚੀ ਨਾ ਹੋਣ ਦਾ ਦਾਅਵਾ ਕੀਤਾ ਅਤੇ ਬੇਦੀ ਜੀ ਕੋਲ ਉਹਦਾ ਇਹ ਦਾਅਵਾ ਸਬੂਤ ਦੇਖਦਿਆਂ ਰੱਦ ਕਰਨ ਦਾ ਕੋਈ ਆਧਾਰ ਜਾਂ ਬਹਾਨਾ ਨਹੀਂ ਸੀ। ਤਾਂ ਵੀ ਸੱਚ ਤਾਂ ਉਹੋ ਹੀ ਸੀ ਜੋ ਹੋਸ਼ਾਂ ਨਾਲੋਂ ਚੰਗੀ ਮਸਤੀ ਦੀ ਅਵਸਥਾ ਵਿਚ ਪਰਵੇਸ਼ ਕਰਨ ਤੋਂ ਪਹਿਲਾਂ ਹੋਸ਼ਮੰਦ ਬੇਦੀ ਜੀ ਨੇ ਕੁੜੀ ਨੂੰ ਦੱਸਿਆ ਸੀ। ਉਹ ਇਨ੍ਹਾਂ ਦੇ ਸਾਹਮਣੇ ਬੱਚੀ ਹੀ ਸੀ, ਇਨ੍ਹਾਂ ਨਾਲੋਂ ਇਕ-ਤਿਹਾਈ ਉਮਰ ਦੀ। ਸਮਾਂ ਪਾ ਕੇ ਇਸ ਸੱਚ ਦਾ ਇਕ ਵੱਡੀ ਹਸਤੀ ਲਈ ਸ਼ਰਧਾ ਜਿਹੀ ਭਾਵੁਕਤਾ ਵਿਚੋਂ ਉਪਜੇ ਪਿਆਰ ਉਤੇ ਭਾਰੂ ਹੋਣਾ ਕੁਦਰਤੀ ਸੀ।

ਇਹਤੋਂ ਉਪਰੰਤ, ਜਾਪਦਾ ਇਹ ਹੈ ਕਿ ਬੇਦੀ ਵਰਗੇ ਫ਼ਿਲਮੀ ਸਮਰਾਟ ਨਾਲ ਇਹ ਪਿਆਰ ਉਸ ਨੂੰ ਜਗਮਗਾਹਟ ਅਤੇ ਚਕਾਚੋਂਧ ਨਾਲ ਭਰਪੂਰ ਫ਼ਿਲਮੀ ਸੰਸਾਰ ਵਿਚ ਪੱਕੇ ਪੈਰੀਂ ਪਰਵੇਸ਼ ਕਰਨ ਦਾ ਵਸੀਲਾ ਵੀ ਦਿੱਸਿਆ ਹੋਵੇਗਾ। ਇਨ੍ਹਾਂ ਨੇ ਉਹਨੂੰ ਫ਼ਿਲਮ ‘ਆਂਖਨ ਦੇਖੀ’ ਦੀ ਨਾਇਕਾ ਤਾਂ ਬਣਾ ਦਿੱਤਾ ਅਤੇ ਫ਼ਿਲਮੀ ਪੱਤਰਾਂ ਵਿਚ ਉਹਦੀ ਚਰਚਾ ਵੀ ਹੋਣ ਲੱਗੀ, ਪਰ ਆਖ਼ਰ ਨੂੰ ਜਾਂ ਤਾਂ ਫ਼ਿਲਮ ਪੂਰੀ ਹੀ ਨਾ ਹੋ ਸਕੀ, ਜੇ ਪੂਰੀ ਹੋ ਵੀ ਗਈ ਹੋਵੇਗੀ, ਰਿਲੀਜ਼ ਨਾ ਹੋ ਸਕੀ। ਰਿਸ਼ਤਾ ਸਵੈ-ਹਿਤ ਉਤੇ ਆਧਾਰਿਤ ਹੋਵੇ ਤਾਂ ਕੋਈ ਕਿੰਨਾ ਕੁ ਚਿਰ ਹਿਤੈਸ਼ੀ ਹੋਣ ਦਾ ਦਾਅਵਾ ਕਰ ਸਕਦਾ ਹੈ। ਤਥਾ-ਕਥਿਤ ‘ਥੋੜ੍ਹਾ ਜਿਹਾ ਇਸ਼ਕ’ ਗਿਲਿਆਂ-ਸ਼ਿਕਵਿਆਂ ਵਿਚ ਵਟਦਿਆਂ ਤਕਰਾਰਾਂ ਦਾ ਰੂਪ ਧਾਰ ਗਿਆ। ਅਜਿਹੀ ਹੀ ਇਕ ਚੰਦਰੀ ਘੜੀ ਸੀ ਜਦੋਂ ਉਹ ਉਸ ਕੁੜੀ ਦੇ ਸਾਹਮਣੇ ਦਫ਼ਤਰ ਦੀ ਕੁਰਸੀ ਉਤੇ ਬੈਠੇ ਹੋਏ ਹੀ ਇਕ ਪਾਸੇ ਨੂੰ ਲੁੜ੍ਹਕ ਗਏ। ਇਹੋ ਅਧਰੰਗ ਦਾ ਉਹ ਦੌਰਾ ਸੀ ਜੋ ਅੰਤ ਨੂੰ ਜਾਨ-ਲੇਵਾ ਸਿੱਧ ਹੋਇਆ।
ਉਨ੍ਹਾਂ ਦੇ ਮਾਨਸਿਕ ਤਣਾਉ ਦਾ ਇਕ ਹੋਰ ਕਾਰਨ ਜੇਠੇ ਪੁੱਤਰ ਨਰਿੰਦਰ ਬੇਦੀ ਨਾਲ ਉਨ੍ਹਾਂ ਦਾ ਗੁੱਸਾ-ਗਿਲਾ ਸੀ। ਉਹ ਖਾਸਾ ਸਫਲ ਫ਼ਿਲਮ-ਨਿਰਦੇਸ਼ਕ ਬਣ ਗਿਆ ਸੀ, ਤੇ ਉਹਦੀ ਇਸ ਸਫਲਤਾ ਵਿਚ ਸਭ ਤੋਂ ਵੱਡਾ ਹੱਥ ਉਹਦੇ ਇਸ ਅਸੂਲ ਦਾ ਸੀ ਕਿ ਪੈਸਾ ਕਮਾਉਣ ਤੋਂ ਬਿਨਾਂ ਬੰਦੇ ਦਾ ਕੋਈ ਅਸੂਲ ਨਹੀਂ ਹੋਣਾ ਚਾਹੀਦਾ ਅਤੇ ਕਲਾ, ਸਭਿਆਚਾਰ ਆਦਿ ਐਵੇਂ ਵਾਧੂ ਸ਼ਬਦ ਹਨ। ਬੇਦੀ ਸਾਹਿਬ ਦੀ ਇੱਛਾ ਹੁੰਦੀ ਸੀ ਕਿ ਉਨ੍ਹਾਂ ਨੇ ਫ਼ਿਲਮ ਨੂੰ ਧਿਆਨ ਵਿਚ ਰੱਖੇ ਬਿਨਾਂ ਜੋ ਕੁਝ ਆਪਣੇ ਮਿਆਰ ਅਨੁਸਾਰ ਲਿਖਿਆ ਹੈ, ਉਸ ਨੂੰ ਫ਼ਿਲਮੀ ਪਰਦੇ ਉਤੇ ਉਸੇ ਕਲਾਤਮਕ ਰੂਪ ਵਿਚ ਸਾਕਾਰ ਕੀਤਾ ਜਾਵੇ। ਪਾੜਾ ਬਹੁਤ ਵੱਡਾ ਸੀ। ਕਿਥੇ ਪਿਤਾ ਦੇ ਸਾਹਿਤ-ਸਭਿਆਚਾਰ ਦੀ ਠਰੰ੍ਹਮੇ-ਭਰੀ ਕਲਾਤਮਕ ਚਾਲ ਅਤੇ ਕਿਥੇ ਪੁੱਤਰ ਦੇ ਮਾਇਆ-ਮਹੱਤਵ ਦਾ ਮੂੰਹ-ਜ਼ੋਰ ਵੇਗ। ਪਿਤਾ ਸਮਝਦੇ ਸਨ, ਪੁੱਤਰ ਨੂੰ ਮਾਇਆ ਦੀ ਅੰਨ੍ਹੀ ਰਫ਼ਤਾਰ ਤੋਂ ਵਰਜ ਕੇ ਅਤੇ ਸਬਰ ਸਿੱਖਾ ਕੇ ਸਿਧੇ ਰਾਹ ਉਤੇ ਲਿਆਉਂਦਿਆਂ ਸੂਝਵਾਨਾਂ ਵਾਂਗ ਧੀਰਜ ਨਾਲ ਤੁਰਨਾ ਸਿੱਖਾਇਆ ਜਾਵੇ। ਪੁੱਤਰ ਸਮਝਦਾ ਸੀ, ਪਿਤਾ ਨੂੰ ਚੋਭਾਂ ਲਾ ਕੇ ਅਤੇ ਕਲਾ ਦੀ ਜ਼ੰਜੀਰ ਤੁੜਵਾ ਕੇ ਸਿੱਧੇ ਰਾਹ ਉਤੇ ਲਿਆਉਂਦਿਆਂ ਜ਼ਮਾਨੇ ਅਨੁਸਾਰ ਤੇਜ਼ ਚਾਲ ਚੱਲਣਾ ਸਿੱਖਾਇਆ ਜਾਵੇ। ਪਿਤਾ ਕਲਾਵੰਤ ਫ਼ਿਲਮ ਬਣਾਉਂਦੇ ਅਤੇ ਉਹ ਟਿਕਟ-ਖਿੜਕੀ ਉਤੇ ਅਸਫਲ ਹੋ ਜਾਂਦੀ ਤਾਂ ਪੁੱਤਰ ਪੁੱਛਦਾ, ਕੀ ਖੱਟਿਆ ਸਿਵਾਏ ਕਥਿਤ ਕਲਾ ਅਤੇ ਪ੍ਰਤੱਖ ਪਰੇਸ਼ਾਨੀ ਤੋਂ? ਪੁੱਤਰ ਵਣਜੀ ਫ਼ਿਲਮ ਬਣਾਉਂਦਾ ਅਤੇ ਉਹ ਟਿਕਟ-ਖਿੜਕੀ ਉਤੇ ਸਫਲ ਹੋ ਜਾਂਦੀ, ਤਾਂ ਪਿਤਾ ਪੁੱਛਦੇ, ਕੀ ਖੱਟਿਆ ਸਿਵਾਏ ਪੈਸੇ, ਪੈਸੇ ਅਤੇ ਹੋਰ ਪੈਸੇ ਤੋਂ? ਕਈ ਵਾਰ ਪਿਤਾ ਦੀ ਕਲਾ ਨੂੰ ਪੁੱਤਰ ਦੀ ਕਲਾਹ ਅੱਗੇ ਚੁੱਪ, ਸਗੋਂ ਨਿਰੁੱਤਰ ਹੋਣਾ ਪੈਂਦਾ। ਇਕ ਸਫ਼ਰ ਸਮੇਂ ਅਜਿਹਾ ਹੀ ਹੋਇਆ।
ਗੱਲ ਇਉਂ ਹੋਈ ਕਿ ਪਿਉ-ਪੁੱਤਰ ਕਾਰ ਰਾਹੀਂ ਬੰਬਈਓਂ ਬਾਹਰ ਜਾ ਰਹੇ ਸਨ ਅਤੇ ਕਾਰ ਨੂੰ ਚਲਾ ਪੁੱਤਰ ਰਿਹਾ ਸੀ। ਪੁੱਤਰ ਰਫ਼ਤਾਰ ਦੀ ਸੂਈ ਨੂੰ ਉਤਾਂਹ ਨੂੰ ਚਾੜ੍ਹਦਾ ਤਾਂ ਪਿਤਾ ਰੋਕ ਦਿੰਦੇ, “ਧੀਰਜ ਨਾਲ, ਕਾਕਾ, ਧੀਰਜ ਨਾਲ।” ਉਹ ਕੁਝ ਪਲ ਰਫ਼ਤਾਰ ਮੱਠੀ ਕਰ ਲੈਂਦਾ, ਪਰ ਆਦਤ-ਵੱਸ ਸੂਈ ਫੇਰ ਉਤਾਂਹ ਚੜ੍ਹ ਜਾਂਦੀ। ਕਈ ਵਾਰ ਇਸੇ ਤਰ੍ਹਾਂ ਹੋਇਆ। ਤੇ ਫੇਰ ਸੜਕ ਪਾਰ ਕਰਦਾ ਹੋਇਆ ਇਕ ਜਾਨਵਰ ਕਾਰ ਹੇਠ ਆ ਕੇ ਮਰ ਗਿਆ। ਪਿਤਾ ਨੇ ਉਸ ਬੇਦੋਸ਼ ਦੀ ਅਣਆਈ ਮੌਤ ਦਾ ਸੋਗ ਮਨਾਉਂਦਿਆਂ ਕਿਹਾ, “ਕਾਕਾ, ਕਾਕਾ! ਮੈਂ ਤੈਨੂੰ ਕਹਿੰਦਾ ਰਿਹਾ, ਰਫ਼ਤਾਰ ਹੌਲੀ ਰੱਖ, ਤਾਂ ਜੋ ਕਾਰ ਕਾਬੂ ਵਿਚ ਰਹੇ।” ਪੁੱਤਰ ਨੇ ਮੂੰਹ ਪਾੜਿਆ, “ਇਸ ਜਾਨਵਰ ਨੂੰ ਤੁਸੀਂ ‘ਧੀਰਜ਼ææਧੀਰਜ æææਕਰ ਕੇ ਮਰਵਾਇਆ। ਜੇ ਤੁਸੀਂ ਮੈਨੂੰ ਮੇਰੀ ਆਪਣੀ ਰਫ਼ਤਾਰ ਵਿਚ ਚੱਲਣ ਦਿੰਦੇ ਤਾਂ ਜਦੋਂ ਇਹ ਇਥੇ ਸੜਕ ਪਾਰ ਕਰ ਰਿਹਾ ਸੀ, ਆਪਣੀ ਕਾਰ ਤਾਂ ਇਥੋਂ ਸੌ ਮੀਲ ਅੱਗੇ ਲੰਘ ਚੁੱਕੀ ਹੁੰਦੀ ਅਤੇ ਇਹ ਵਿਚਾਰਾ ਖ਼ੈਰ-ਮਿਹਰ ਨਾਲ ਸੜਕ ਪਾਰ ਕਰ ਲੈਂਦਾ।” ਪਿਤਾ ਕੋਲ ਪੁੱਤਰ ਦੀ ਇਸ ਗੱਲ ਦਾ ਕੋਈ ਉਤਰ ਨਹੀਂ ਸੀ, ਤੇ ਮਾੜੀ ਗੱਲ ਇਹ ਵੀ ਸੀ ਕਿ ਅਜਿਹੇ ਤਕਰਾਰੀ ਮੌਕਿਆਂ ਉਤੇ ਬੇਦੀ ਸਾਹਿਬ ਵਿਰੁਧ ਮੋਰਚਾਬੰਦੀ ਵਿਚ ਇਨ੍ਹਾਂ ਦੀ ਪਤਨੀ ਡਟ ਕੇ ਪੁੱਤਰ ਦਾ ਸਾਥ ਦਿੰਦੀ ਸੀ।
ਨਰਿੰਦਰ, ਜੇ ਅਤੇ ਜਦੋਂ ਲੋੜ ਪੈਂਦੀ, ਬੇਦੀ ਜੀ ਦਾ ਪੁੱਤਰ ਹੋਣ ਦੇ ਤੱਥ ਦਾ ਲਾਭ ਤਾਂ ਲੈ ਲੈਂਦਾ ਸੀ, ਪਰ ਪੁੱਤਰ ਵਲੋਂ ਪਿਤਾ ਲਈ ਸ਼ੋਭਦਾ ਸਤਿਕਾਰ ਦੇਣ ਵਾਸਤੇ ਤਿਆਰ ਨਹੀਂ ਸੀ। ਉਹ ਬੇਦੀ ਨੂੰ ਮਿਲਣ ਵਾਲੇ ਪੁਰਸਕਾਰਾਂ ਦਾ ਮਖ਼ੌਲ ਉਡਾਉਂਦਾ ਜੋ ਆਪਣੇ ਨਾਲ ਮਾਇਆ ਨਹੀਂ ਸਨ ਲਿਆ ਸਕਦੇ। ਉਹ ਬੇਦੀ ਵੱਲੋਂ ਅਪਣਾਈਆਂ ਹੋਈਆਂ ਕਦਰਾਂ-ਕੀਮਤਾਂ ਦਾ ਮਖ਼ੌਲ ਉਡਾਉਂਦਾ ਜੋ ਐਸ਼ੋ-ਇਸ਼ਰਤ ਅਤੇ ਸੁਖ-ਸਹੂਲਤ ਦੇ ਵਸੀਲਿਆਂ ਵਿਚ ਨਹੀਂ ਸਨ ਪਲਟ ਸਕਦੀਆਂ।
ਇਕ ਪ੍ਰੈਸ ਕਾਨਫ਼ਰੰਸ ਵਿਚ ਕਿਸੇ ਨੇ ਬੇਦੀ ਜੀ ਦੀ ਪ੍ਰਤਿਭਾ ਦੀ ਵਡਿਆਈ ਕਰ ਕੇ ਪੁੱਤਰ ਦੀ ਕਲਾ ਉਤੇ ਪਿਤਾ ਦੇ ਪ੍ਰਭਾਵ ਬਾਰੇ ਸਵਾਲ ਕਰ ਦਿੱਤਾ ਤਾਂ ਉਹਨੇ ਪਿਤਾ ਦੇ ਪ੍ਰਭਾਵ ਤੋਂ ਇਨਕਾਰੀ ਹੁੰਦਿਆਂ ਉਹਦੇ ਲਈ ਸ਼ਬਦ ਬਾਸਟਰਡ ਵਰਤ ਦਿੱਤਾ। ਬੇਦੀ ਨੂੰ ਪਤਾ ਲੱਗਿਆ ਤਾਂ ਬੇਹੱਦ ਪਰੇਸ਼ਾਨ ਹੋਏ। ਨਰਿੰਦਰ ਦਾ ਅਗਲਾ ਜਨਮ ਦਿਨ ਆਇਆ ਤਾਂ ਬੇਦੀ ਨੂੰ ਬੁਲਾਇਆ ਨਾ ਗਿਆ। ਪਰ ਪੁੱਤਰ ਦੇ ਜਨਮ-ਦਿਨ ਦੇ ਉਤਸਵ ਵਿਚ ਜਾਣ ਲਈ ਪਿਤਾ ਨੂੰ ਭਲਾ ਸੱਦੇ ਦੀ ਕੀ ਲੋੜ। ਬੇਦੀ ਸਾਹਿਬ ਉਠੇ, ਤਿਆਰ ਹੋਏ ਅਤੇ ਬਿਨਾਂ-ਬੁਲਾਏ ਚਲੇ ਗਏ। ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਫ਼ਿਲਮੀ ਸੰਸਾਰ ਦੀ ਰੀਤ ਅਨੁਸਾਰ ਉਥੇ ਨਿਰਮਾਤਾਵਾਂ, ਅਭਿਨੇਤਾਵਾਂ, ਅਭਿਨੇਤਰੀਆਂ, ਚਾਪਲੂਸਾਂ ਆਦਿ ਦੀਆਂ ਕਾਰਾਂ ਦੀ ਅਥਾਹ ਭੀੜ ਲੱਗੀ ਹੋਈ ਸੀ। ਪਰ ਅਸਲ ਨਿਰਣਾ ਤਾਂ ਸਮੇਂ ਦੇ ਹੱਥ ਹੁੰਦਾ ਹੈ। ਅੱਜ ਸਾਹਿਤ ਦੇ ਇਤਿਹਾਸ ਵਿਚ ਅਤੇ ਫ਼ਿਲਮਾਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਬੇਦੀ ਦਾ ਨਾਂ ਲਿਸ਼ਕ-ਚਮਕ ਰਿਹਾ ਹੈ ਜਦੋਂ ਕਿ ਨਰਿੰਦਰ ਬੇਦੀ ਦਾ ਨਾਂ ਜ਼ੋਰ ਲਾ ਕੇ ਲੱਭਿਆਂ ਕਿਸੇ ਫੁੱਟ-ਨੋਟ ਵਿਚ ਭਾਵੇਂ ਮਿਲ ਜਾਵੇ।
ਪਰਿਵਾਰ ਵਿਚ ਨੂੰਹ ਤੋਂ ਇਲਾਵਾ ਸਕੇ-ਸਬੰਧੀਆਂ ਵਿਚ ਉਨ੍ਹਾਂ ਦੇ ਕਦਰਦਾਨ ਦੋਵੇਂ ਭਾਈ, ਇਕ ਫੌਜੀ ਜੁਆਈ ਅਤੇ ਉਨ੍ਹਾਂ ਦੀ ਦਿੱਲੀ ਵਿਚ ਵਿਆਹੀ ਹੋਈ ਭੈਣ ਰਾਜ ਦੁਲਾਰੀ ਦੀ ਨੂੰਹ ਇੰਦਰਜੀਤ ਸਨ। ਦਿੱਲੀ ਆਏ ਉਹ ਇੰਦਰਜੀਤ ਨੂੰ ਜ਼ਰੂਰ ਮਿਲਦੇ ਅਤੇ ਇਹ ਪੁੱਛਣਾ ਵੀ ਨਾ ਭੁਲਦੇ ਕਿ ਤੂੰ ਏਨੀ ਸਿਆਣੀ ਹੋ ਕੇ ਮੇਰੇ ਇਸ ਭਾਣਜੇ ਰਵੀ ਉਰਫ਼ ਰੱਦੀ ਨਾਲ ਵਿਆਹ ਕਿਉਂ ਕਰਵਾ ਲਿਆ! ਉਨ੍ਹਾਂ ਦਾ ਇਹ ਸਵਾਲ, ਸ਼ਾਇਦ, ਮਨੁੱਖੀ ਮਨ ਦੀ ਸੂਖਮ ਸਮਝ ਵਿਚੋਂ ਨਿਕਲਦਾ ਸੀ, ਕਿਉਂਕਿ ਇਹ ਕੁਜੋੜ ਕੁਝ ਸਾਲ ਤਾਂ ਰੁੜ੍ਹਦਾ-ਘਿਸੜਦਾ ਰਿਹਾ, ਪਰ ਦੋ ਪੁੱਤਰਾਂ ਦੀ ਜੋੜਵੀਂ ਤੰਦ ਦੇ ਬਾਵਜੂਦ ਅੰਤ ਨੂੰ ਟੁੱਟ ਕੇ ਹੀ ਰਿਹਾ।
ਸਕੇ-ਸਬੰਧੀਆਂ ਤੋਂ ਬਾਹਰਲੇ ਘੇਰੇ ਵਿਚ ਤਾਂ ਬੇਦੀ ਜੀ ਦੇ ਬੱਸ ਪ੍ਰਸੰæਸਕ ਅਤੇ ਕਦਰਦਾਨ ਹੀ ਸਨ। ਉਨ੍ਹਾਂ ਦੀ ਯੂਨਿਟ ਦੇ ਸਾਰੇ ਮੈਂਬਰ, ਲੇਖਕ ਅਤੇ ਫ਼ਿਲਮਾਂ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਲੋਕ। ਤੇ ਉਹ ਪਨਵਾੜੀ ਜੋ ਉਨ੍ਹਾਂ ਦੀ ਉਡੀਕ ਵਿਚ ਰਾਤ ਦੇ ਦੋ ਦੋ ਵਜੇ ਤੱਕ ਦੁਕਾਨ ਖੁੱਲ੍ਹੀ ਰਖਦਾ ਕਿਉਂਕਿ ਉਹ ਹੋਰ ਕਿਸੇ ਤੋਂ ਪਾਨ ਨਹੀਂ ਸਨ ਲੈਂਦੇ ਅਤੇ ਇਨ੍ਹਾਂ ਨੂੰ ਆਉਂਦੇ ਦੇਖ ਕੇ ਵਿਸ਼ੇਸ਼ ਤੌਰ ਉਤੇ ਤਿਆਰ ਕੀਤੇ ਬੀੜਿਆਂ ਦਾ ਪੁੜਾ ਅਦਬ ਨਾਲ ਇਨ੍ਹਾਂ ਦੇ ਹਵਾਲੇ ਕਰ ਕੇ ਦੁਕਾਨ ਵੱਡੀ ਕਰਨ ਲਗਦਾ। ਅਸਲ ਵਿਚ ਬੇਦੀ ਦਾ ਨਾਂ ਤਾਂ ਇਕ ਅਜਿਹਾ ਖਰਾ ਸਿੱਕਾ ਸੀ ਜੋ ਦੇਸ ਦੀਆਂ ਹੱਦਾਂ ਤੋਂ ਬਾਹਰ ਵੀ ਚਲਦਾ ਸੀ। ਇਕ ਵਾਰ ਪਾਕਿਸਤਾਨ ਵਿਚ ਕਈ ਦਿਨ ਗੁਜ਼ਾਰ ਆ ਕੇ ਆਈ ਬੇਦੀ ਦੀ ਵਾਕਫ਼ ਇਕ ਔਰਤ ਨੇ ਹੈਰਾਨ ਹੋ ਕੇ ਇਨ੍ਹਾਂ ਨੂੰ ਦੱਸਿਆ ਸੀ ਕਿ ਜਦੋਂ ਇਕ ਅਦਬੀ ਮਹਿਫ਼ਲ ਵਿਚ ਤੁਹਾਡੇ ਬਾਰੇ ਪੁੱਛੇ ਜਾਣ ਉਤੇ ਮੈਂ ਆਪਣੇ ਆਪ ਨੂੰ ਤੁਹਾਡੀ ਭੈਣ ਕਹਿ ਦਿੱਤਾ, ਫੇਰ ਬਾਕੀ ਦੇ ਸਾਰੇ ਦਿਨ ਮੇਰੀ ਸਾਂਭ-ਸੰਭਾਲ ਅਤੇ ਖ਼ਾਤਰਦਾਰੀ ਦੀ ਕੋਈ ਚਾਹਨਾ ਅਜਿਹੀ ਨਹੀਂ ਸੀ ਜੋ ਬਿਨਾਂ ਆਖਿਆਂ ਹੀ ਪੂਰੀ ਨਾ ਹੋਈ ਹੋਵੇ।
ਜਿੰਨੀ ਪ੍ਰਸਿੱਧੀ ਉਨ੍ਹਾਂ ਨੇ ਫ਼ਿਲਮ ਨਿਰਮਾਤਾ ਅਤੇ ਫ਼ਿਲਮ ਨਿਰਦੇਸ਼ਕ ਵਜੋਂ ਖੱਟੀ, ਉਸ ਨਾਲੋਂ ਵੱਧ ਪਟਕਥਾ-ਲੇਖਕ ਅਤੇ ਸੰਵਾਦ-ਲੇਖਕ ਵਜੋਂ ਖੱਟੀ। ਸੰਵਾਦ-ਲੇਖਕ ਵਜੋਂ ਤਾਂ ਉਨ੍ਹਾਂ ਦੀ ਕਲਮ ਦਾ ਕਮਾਲ ਖ਼ਾਸ ਕਰਕੇ ਸਭ ਮੰਨਦੇ ਸਨ। ਜਦੋਂ ਮੈਂ ਇਹ ਲੇਖ ਲਿਖ ਰਿਹਾ ਸੀ, ਜਾਵੇਦ ਅਖ਼ਤਰ, ਜਿਨ੍ਹਾਂ ਨੇ ਸ਼ਾਇਰ ਹੋਣ ਦੇ ਨਾਲ-ਨਾਲ ਫ਼ਿਲਮੀ ਲੇਖਕ ਵਜੋਂ ਵੀ ਸਫ਼ਲਤਾ ਦੀਆਂ ਸਿਖ਼ਰਾਂ ਛੋਹੀਆਂ ਹਨ, ਇਕ ਟੀਵੀ ਪ੍ਰੋਗਰਾਮ ਵਿਚ ਬੇਦੀ ਜੀ ਦੇ ਪ੍ਰਸੰਗ ਵਿਚ ਕਹਿ ਰਹੇ ਸਨ ਕਿ ਫ਼ਿਲਮੀ ਸੰਵਾਦ ਲਿਖਣ ਸਮੇਂ ਕਠਿਨਾਈ ਇਹ ਆਉਂਦੀ ਹੈ ਕਿ ਜੇ ਪਾਤਰਾਂ ਦੇ ਮੂੰਹੋਂ ਸੁਭਾਵਿਕ ਗੱਲਬਾਤ ਬੁਲਵਾਈ ਜਾਵੇ, ਉਹ ਨਾਟਕੀਅਤਾ ਦੀ ਅਣਹੋਂਦ ਕਾਰਨ ਨੀਰਸ ਰਹਿ ਜਾਂਦੀ ਹੈ ਅਤੇ ਜੇ ਉਸ ਵਿਚ ਨਾਟਕੀਅਤਾ ਭਰੀ ਜਾਵੇ, ਉਹ ਪਾਤਰਾਂ ਦੇ ਮੂੰਹੋਂ ਅਸੁਭਾਵਿਕ ਲਗਦੀ ਹੈ, ਪਰ ਬੇਦੀ ਜੀ ਸੰਵਾਦ ਵਿਚ ਸੁਭਾਵਿਕਤਾ ਅਤੇ ਨਾਟਕੀਅਤਾ ਦਾ ਸੁਮੇਲ ਅਤੇ ਸੰਤੁਲਨ ਪੈਦਾ ਕਰਨ ਦੀ ਕਲਾ ਦੇ ਨਿਪੁੰਨ ਸਨ।