ਗੁਲਜ਼ਾਰ ਸਿੰਘ ਸੰਧੂ
ਨਵੀਂ ਦਿੱਲੀ ਦੀ ਔਰੰਗਜ਼ੇਬ ਰੋਡ ਦਾ ਨਾਂ ਡਾæ ਏ ਪੀ ਜੇ ਅਬਦੁਲ ਕਲਾਮ ਰੋਡ ਰੱਖਿਆ ਗਿਆ ਹੈ। ਇਸ ਕਰਮ ਨੇ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਮਹਾਂ ਵਿਗਿਆਨੀ ਦੀ ਥਾਂ ਤਿੰਨ ਸਦੀਆਂ ਪਹਿਲਾਂ ਸਪੁਰਦ-ਏ-ਖਾਕ ਹੋਏ ਸ਼ਕਤੀਸ਼ਾਲੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਉਭਾਰਨ ਦਾ ਕੰਮ ਕੀਤਾ ਹੈ। ਮਲੇਰਕੋਟਲਾ ਤੋਂ ਛਪਦੇ Ḕਫਰਾਨ’ ਨਾਂ ਦੇ ਪਰਚੇ ਵਿਚ ਉਤਰ ਪ੍ਰਦੇਸ਼ ਦੇ ਮੁਹੰਮਦ ਸਾਕਬ ਨੇ ਉਸ ਦੀ ਸ਼ਖ਼ਸੀਅਤ ਦੇ ਕੁਝ ਖੂਬਸੂਰਤ ਪੱਖਾਂ ਉਤੇ ਚਾਨਣਾ ਪਾਇਆ ਹੈ।
ਉਸ ਦੇ ਲਿਖਣ ਅਨੁਸਾਰ ਮੁਗ਼ਲ ਬਾਦਸ਼ਾਹ ਦੀ ਸ਼ਖ਼ਸੀਅਤ ਸੜਕਨਾਮਿਆਂ ਦੀ ਮੁਥਾਜ ਨਹੀਂ। ਉਹ ਅਪਣੇ ਜੀਵਨ ਦੇ ਨਿਰਬਾਹ ਲਈ ਸ਼ਾਹੀ ਖਜ਼ਾਨੇ ਉਤੇ ਭਾਰੂ ਹੋਣ ਦੀ ਥਾਂ ਕੁਰਾਨ ਲਿਖਣ ਤੇ ਟੋਪੀਆਂ ਸਿਉਣ ਤੋਂ ਮਿਲੀ ਰਾਸ਼ੀ ਨਾਲ ਗੁਜ਼ਾਰਾ ਕਰਦਾ ਸੀ। ਇੱਕ ਸੱਚਾ ਮੁਸਲਮਾਨ ਹੋਣ ਦੇ ਨਾਤੇ ਉਸ ਨੇ ਅਪਣੇ ਐਸ਼ਪ੍ਰਸਤ ਪਿਤਾ ਨੂੰ ਕੈਦ ਕਰਕੇ ਅਤੇ ਉਸ ਦੇ ਪੈਰ ਚਿਨ੍ਹਾਂ ਤੇ ਚਲਣ ਵਾਲੇ ਭਰਾਵਾਂ ਨੂੰ ਕਤਲ ਕਰਵਾ ਕੇ ਸੱਚੀ ਤੇ ਸੁੱਚੀ ਮੁਸਲਿਮ ਸਲਤਨਤ ਕਾਇਮ ਕੀਤੀ। ਉਸ ਦੇ ਰਾਜ ਵਿਚ 52 ਮੰਤਰੀਆਂ ਵਿਚੋਂ 27 ਹਿੰਦੂ ਸਨ ਤੇ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਉਚ ਪ੍ਰਸ਼ਾਸਨਕ ਅਧਿਕਾਰੀਆਂ ਵਿਚ ਵੀ 368 ਹਿੰਦੂ ਸਨ। ਉਹੀਓ ਸੀ ਜਿਸ ਨੇ ਭਾਰਤ ਦਾ ਕਸ਼ਮੀਰ ਤੋਂ ਕਰਨਾਟਕ ਅਤੇ ਤਿਬੱਤ ਤੋਂ ਅਫਗਾਨਿਸਤਾਨ ਤੱਕ ਵਿਸਥਾਰ ਕੀਤਾ।
ਮੁਹੰਮਦ ਸਾਕਬ ਦੇ ਕਥਨ ਅਨੁਸਾਰ ਔਰੰਗਜ਼ੇਬ ਨੇ ਹਿੰਦੂ ਵਸਨੀਕਾਂ ਉਤੇ ਜਜ਼ੀਆ ਲਾ ਕੇ ਇਹ ਪੈਸੇ ਅਪਣੀ ਜੇਬ ਵਿਚ ਨਹੀਂ ਪਾਏ ਸਗੋਂ ਜਜ਼ੀਆ ਤੋਂ ਪ੍ਰਾਪਤ ਹੋਈ ਪੂੰਜੀ ਨਾਲ 64 ਨਿੱਕੇ-ਨਿੱਕੇ ਕਰ ਮੁਆਫ ਕੀਤੇ। ਦਲੀਲ ਇਹ ਹੈ ਕਿ ਮੁਸਲਿਮ ਵਸਨੀਕ ਤਾਂ ਪਹਿਲਾਂ ਹੀ ਜ਼ਕਾਤ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਦੇ ਸਨ। ਜ਼ਕਾਤ ਦੀ ਦਰ ਢਾਈ ਫੀਸਦੀ ਸੀ ਜਦ ਕਿ ਜਜ਼ੀਆ ਦੀ ਦਰ ਕੇਵਲ ਇਕ ਫੀਸਦੀ ਸੀ। ਉਹ ਇੱਕੋ ਇੱਕ ਮੁਗਲ ਬਾਦਸ਼ਾਹ ਸੀ ਜਿਸ ਨੇ ਭਗਵਤ ਗੀਤਾ ਦਾ ਉਲਥਾ ਅਰਬੀ ਅਤੇ ਫਾਰਸੀ ਵਿਚ ਕਰਵਾ ਕੇ ਅਰਬ ਦੇਸ਼ਾਂ ਵਿਚ ਭਿਜਵਾਇਆ ਤਾਂ ਕਿ ਉਹ ਲੋਕ ਵੀ ਸਨਾਤਨ ਧਰਮ ਦੀਆਂ ਚੰਗਿਆਈਆਂ ਤੋਂ ਜਾਣੂ ਹੋ ਸਕਣ। ਉਸ ਨੇ ਕਦੀ ਵੀ ਧਰਮ ਨੂੰ ਅਪਣੇ ਨਿਆਂ ਦੇ ਰਸਤੇ ਵਿਚ ਰੋੜਾ ਨਹੀਂ ਬਣਨ ਦਿੱਤਾ। ਨਿਆਂ ਦੇ ਉਲਟ ਜਾਣ ਵਾਲਿਆਂ ਉਤੇ ਕੈੜੀ ਨਜ਼ਰ ਰੱਖਣ ਵਾਲੇ ਔਰੰਗਜ਼ੇਬ ਨੇ ਬਲਾਤਕਾਰ ਤੇ ਹੋਰ ਕੁਕਰਮਾਂ ਦਾ ਅੱਡਾ ਬਣੇ ਮੰਦਰ ਢਠਵਾਏ ਤਾਂ ਅਜਿਹੇ ਕੁਕਰਮਾਂ ਦਾ ਸ਼ਿਕਾਰ ਮਸਜਦਾਂ ਤੇ ਮਜ਼ਾਰਾਂ ਨਾਲ ਵੀ ਭਲੀ ਨਹੀਂ ਕੀਤੀ।
ਸਾਕਬ ਅਨੁਸਾਰ ਉੜੀਸਾ ਦੇ ਸਾਬਕਾ ਰਾਜਪਾਲ ਵੀ ਐਨ ਪਾਂਡੇ ਦੀ ਪੁਸਤਕ Ḕਔਰੰਗਜ਼ੇਬ ਅਤੇ ਗਲਤ ਫਹਿਮੀਆਂ’ ਤੇ ਪੰਡਤ ਓਮ ਪ੍ਰਕਾਸ਼ ਦੀ ਪੁਸਤਕ Ḕਸ਼ਹਿਨਸ਼ਾਹ ਔਰੰਗਜ਼ੇਬ ਇੱਕ ਨਵਾਂ ਦ੍ਰਿਸ਼ਟੀਕੋਣ’ ਇਨ੍ਹਾਂ ਕਥਨਾ ਦੀ ਪੁਸ਼ਟੀ ਕਰਦੀਆਂ ਹਨ।
ਮੈਂ ਉਪਰੋਕਤ ਦ੍ਰਿਸ਼ਟੀਕੋਣ ਦੀ ਗੱਲ ਅਪਣੇ ਮਲੇਰਕੋਟਲਾ ਦੇ ਮੁਸਲਮਾਨ ਬੁੱਧੀ ਜੀਵੀਆਂ ਨਾਲ ਕੀਤੀ ਤਾਂ ਉਨ੍ਹਾਂ ਨੇ ਦਸਮ ਗੁਰੂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਲਈ ਔਰੰਗਜ਼ੇਬ ਨੂੰ ਜ਼ਿਮੇਵਾਰ ਨਹੀਂ ਠਹਿਰਾਇਆ। ਇਸ ਕਰਤੂਤ ਦਾ ਰਚਣਹਾਰਾ ਕੇਵਲ ਤੇ ਕੇਵਲ ਸਰਹੰਦ ਦਾ ਸੂਬੇਦਾਰ ਵਜ਼ੀਦ ਖਾਂ ਸੀ ਜਿਸ ਦੀ ਅਕਲ ਉਤੇ ਵਹਿਸ਼ੀਆਨਾ ਪਰਦਾ ਪੈ ਚੁੱਕਿਆ ਸੀ। ਹਾਅ ਦਾ ਨਾਅਰਾ ਮਾਰਨ ਵਾਲਾ ਮਲੇਰਕੋਟਲਾ ਦਾ ਨਵਾਬ ਸ਼ੇਰ ਖਾਂ ਵੀ ਔਰੰਗਜ਼ੇਬ ਵਾਂਗ ਸੱਚਾ ਮੁਸਲਮਾਨ ਸੀ। ਇਸਲਾਮ ਮਾਸੂਮਾਂ, ਔਰਤਾਂ ਤੇ ਬਜ਼ੁਰਗਾਂ ਦੀ ਰਾਖੀ ਕਰਨ ਦਾ ਦਮ ਭਰਦਾ ਹੈ। ਇਥੋਂ ਤੱਕ ਕਿ ਜੰਗ ਦੇ ਦਿਨਾਂ ਵਿਚ ਵੀ ਇਨ੍ਹਾਂ ਨੂੰ ਆਂਚ ਨਹੀਂ ਆਉਣ ਦਿੰਦਾ।
ਮੁਹਮੰਦ ਸਾਕਬ ਨੇ ਔਰੰਗਜ਼ੇਬ ਦਾ ਨਾਂ ਨਵੀਂ ਦਿੱਲੀ ਦੀ ਸੜਕ ਤੋਂ ਹਟਾਏ ਜਾਣ ਉਤੇ ਪ੍ਰਸੰਨਤਾ ਜਤਾਈ ਹੈ। ਇਸ ਲਈ ਕਿ ਤਿੰਨ ਸਦੀਆਂ ਤੋਂ ਚਲੇ ਆਏ ਭੰਡੀ ਪ੍ਰਚਾਰ ਨੇ ਔਰੰਗਜ਼ੇਬ ਨੂੰ ਇਸ ਕਦਰ ਹਿੰਦੂ ਵਿਰੋਧੀ ਤੇ ਜ਼ਾਲਮ ਬਣਾ ਕੇ ਪੇਸ਼ ਕੀਤਾ ਹੈ ਕਿ ਸੜਕ ਉਤੇ ਲਿਖਿਆ ਉਸ ਦਾ ਨਾ ਔਰੰਗਜ਼ੇਬ ਨੂੰ ਗਾਲਾਂ ਹੀ ਕਢਵਾਉਂਦਾ ਸੀ, ਮਹਿਮਾ ਨਹੀਂ ਸੀ ਕਰਾਂਉਦਾ। ਸਾਕਬ ਦੀ ਇਹ ਸੋਚ ਧਿਆਨ ਮੰਗਦੀ ਹੈ।
ਅੰਗ੍ਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀ ਚੜ੍ਹਤ: ਨਵੇਂ ਅੰਕੜੇ ਦਸਦੇ ਹਨ ਕਿ ਪਿਛਲੇ ਪੰਜ ਸਾਲਾਂ ਵਿਚ ਅੰਗ੍ਰੇਜ਼ੀ ਮਾਧਿਅਮ ਵਾਲੇ ਸਕੂਲਾਂ ਰਾਹੀਂ ਪੜ੍ਹਨ ਵਾਲਿਆਂ ਦੀ ਗਿਣਤੀ 89 ਫੀਸਦੀ ਵਧ ਗਈ ਹੈ। ਬਿਹਾਰ ਤੇ ਉਤਰ ਪ੍ਰਦੇਸ਼ ਵਿਚ ਇਨ੍ਹਾਂ ਅੰਕੜਿਆਂ ਦਾ ਵਾਧਾ ਛੜੱਪੇ ਮਾਰਨ ਵਾਲਾ ਹੈ। ਜੰਮੂ ਕਸ਼ਮੀਰ ਵਿਚ ਇਹ ਵਾਧਾ ਸਭ ਤੋਂ ਉਤੇ ਭਾਵ 99æ9 ਫੀਸਦੀ ਹੈ ਜਦ ਕਿ ਨੰਬਰ ਦੋ ਤੇ ਆਉਣ ਵਾਲੇ ਕੇਰਲ ਰਾਜ ਦਾ ਅੰਕੜਾ ਕੇਵਲ 49 ਫੀਸਦੀ ਹੈ। ਸੁਤੰਤ੍ਰਤਾ ਪ੍ਰਾਪਤੀ ਤੋਂ ਪਹਿਲਾਂ ਕਾਲਜਾਂ ਵਿਚ ਲਗਭਗ ਸਾਰੇ ਵਿਸ਼ੇ ਅੰਗ੍ਰੇਜ਼ੀ ਮਾਧਿਅਮ ਨਾਲ ਪੜ੍ਹਾਏ ਜਾਂਦੇ ਸਨ ਪਰ ਸੁਤੰਤਰ ਭਾਰਤ ਵਿਚ ਇਨ੍ਹਾਂ ਦੀ ਥਾਂ ਸਥਾਨਕ ਭਾਸ਼ਾਵਾਂ ਨੇ ਲੈ ਲਈ।
ਭਾਰਤ ਵਾਸੀਆਂ ਨੂੰ ਇਸ ਤੱਥ ਦਾ ਗਿਆਨ ਛੇ ਦਹਾਕੇ ਪਿਛੋਂ ਹੋਇਆ ਹੈ ਕਿ ਅੰਗ੍ਰੇਜ਼ੀ ਭਾਸ਼ਾ ਦਾ ਕੋਈ ਬਦਲ ਨਹੀਂ। ਸਮਾਂ ਲੰਘਣ ਨਾਲ ਚੰਗੇਰਾ ਜੀਵਨ ਜਿਉਣ ਲਈ ਹਰ ਭਾਰਤੀ ਨੂੰ ਅਪਣੇ ਦੇਸ਼ ਦੇ ਦੂਜੇ ਰਾਜਾਂ ਵਿਚ ਹੀ ਨਹੀਂ ਅਪਣੇ ਦੇਸ਼ ਤੋਂ ਬਾਹਰ ਵੀ ਜਾਣਾ ਪੈ ਰਿਹਾ ਹੈ ਜਿੱਥੇ ਅੰਗ੍ਰੇਜ਼ੀ ਭਾਸ਼ਾ ਦੀ ਮੁਢਲੀ ਜਾਣਕਾਰੀ ਤੋਂ ਬਿਨਾਂ ਜਾਣਾ ਅਪਣੇ ਆਪ ਨੂੰ ਬਾਹਰਲੇ ਦੇਸ਼ਾਂ ਦੇ ਠੁੱਡੇ ਖਾਣ ਤੱਕ ਸੀਮਤ ਕਰ ਦਿੰਦਾ ਹੈ। ਪੰਜਾਬ ਦਾ ਪ੍ਰਮਾਣ ਲਈਏ ਤਾਂ ਇਥੋਂ ਦੇ ਵਸਨੀਕ ਦਿੱਲੀ ਦੱਖਣ ਤੋਂ ਬਹੁਤ ਦੂਰ ਹਰੀਆਂ ਚਰਾਂਦਾ ਦੀ ਭਾਲ ਵਿਚ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿਚ ਕੰਮ ਕਰਦੇ ਹਨ। ਇਹ ਗੱਲ ਵੀ ਕਿਸੇ ਨੂੰ ਭੁੱਲੀ ਹੋਈ ਨਹੀਂ ਕਿ ਜਿਨ੍ਹਾਂ ਕੋਲ ਅੰਗ੍ਰੇਜ਼ੀ ਭਾਸ਼ਾ ਦਾ ਮੁਢਲਾ ਗਿਆਨ ਨਹੀਂ ਹੁੰਦਾ ਉਨ੍ਹਾਂ ਨੂੰ ਅੰਤਾਂ ਦਾ ਦੁੱਖ ਤੇ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਮੇਰੀ ਉਮਰ ਦੇ ਬੰਦੇ ਜਾਣਦੇ ਹਨ ਕਿ ਅੰਗ੍ਰੇਜ਼ੀ ਭਾਸ਼ਾ ਪੜ੍ਹਨ ਨਾਲ ਬੰਦੇ ਦਾ ਸਥਾਨਕ ਭਾਸ਼ਾ ਨਾਲੋਂ ਨਾਤਾ ਨਹੀਂ ਟੁੱਟਦਾ ਸਗੋਂ ਅੰਗ੍ਰੇਜ਼ੀ ਦਾ ਗਿਆਨ ਸਾਨੂੰ ਅਪਣੀ ਭਾਸ਼ਾ ਨੂੰ ਅਮੀਰ ਕਰਨ ਦਾ ਕੰਮ ਕਰਦਾ ਹੈ। ਸਾਨੂੰ ਚਾਹੀਦਾ ਹੈ ਕਿ ਨਵੇਂ ਰੁਝਾਨ ਦਾ ਸਵਾਗਤ ਕਰੀਏ ਤੇ ਅੱਗੇ ਵਧੀਏ। ਹੋ ਸਕਦਾ ਇਹ ਰੁਝਾਨ ਪ੍ਰਾਈਵੇਟ ਪਬਲਿਕ ਸਕੂਲਾਂ ਦੀ ਦੇਣ ਹੋਵੇ। ਕੇਂਦਰ ਦੀ ਸਰਕਾਰ ਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪ ਵੀ ਅੰਗ੍ਰੇਜ਼ੀ ਮਾਧਿਅਮ ਵਾਲੀ ਪੜ੍ਹਾਈ ਅਪਨਾਉਣ ਤੇ ਇਹ ਰੁਝਾਨ ਉਨ੍ਹਾਂ ਬੱਚਿਆਂ ਦੇ ਵੀ ਕੰਮ ਆਵੇ ਜਿਹੜੇ ਪਬਲਿਕ ਸਕੂਲਾਂ ਵਿਚ ਪੜ੍ਹਨ ਦੀ ਸਮਰਥਾ ਨਹੀਂ ਰੱਖਦੇ।
ਅੰਤਿਕਾ: (ਅਹਿਮਦ ਨਦੀਮ ਕਾਸਮੀ)
ਉਸ ਕਾ ਸਿਤਮ ਭੀ ਅਦਲ ਸੇ ਖਾਲੀ ਨਹੀਂ ਨਦੀਮ
ਦਿਲ ਲੇ ਕੇ ਸ਼ਾਇਰੀ ਕਾ ਸਲੀਕਾ ਦੀਆ ਮੁਝੇ।