ਕੁਲਦੀਪ ਕੌਰ
ਫਿਲਮ ‘ਗਰਮ ਹਵਾ’ ਬਣਾਉਣ ਵਾਲੇ ਐਮæਐਸ਼ ਸਥਿਊ ਦੀ ਫਿਲਮ ‘ਸੂਖਾ’ ਉਨ੍ਹਾਂ ਦੀ ਕੰਨੜ ਭਾਸ਼ਾ ਵਿਚ ਬਣਾਈ ਫਿਲਮ ‘ਬਰਾਂ’ (ਅਕਾਲ) ਦਾ ਹਿੰਦੀ ਰੂਪ ਸੀ। ਫਿਲਮ ਉਨ੍ਹਾਂ ਸਾਲਾਂ ਵਿਚ ਕਰਨਾਟਕ ਵਿਚ ਪਏ ਭਿਅੰਕਰ ਅਕਾਲ ਦੀ ਸਿਆਸਤ ਬਾਬਤ ਸੀ। ਕਿਸਾਨਾਂ ਦੀ ਬੇਜ਼ਾਰੀ, ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਲਈ ਇਮਾਨਦਾਰ ਅਫਸਰ ਦੀਆਂ ਸਭ ਕੋਸ਼ਿਸ਼ਾਂ ਦੀ ਹਾਰ, ਸੋਕੇ ਨੂੰ ਧਾਰਮਿਕ ਆਗੂਆਂ ਦੁਆਰਾ ਫਿਰਕੂ ਰੰਗਤ ਦੇਣ ਵਿਚ ਸਫਲਤਾ, ਸਰਕਾਰੀ-ਤੰਤਰ ਦੀ ਨਾ-ਅਹਿਲੀਅਤ ਦੀ ਸੰਵੇਦਨਸ਼ੀਲ ਪੇਸ਼ਕਾਰੀ ਇਸ ਫਿਲਮ ਨੂੰ ਉਸ ਸਮੇਂ ਦਾ ਦਸਤਾਵੇਜ਼ ਬਣਾ ਦਿੰਦੀ ਹੈ।
ਇਹ ਫਿਲਮ ਇਸਮਤ ਚੁਗਤਾਈ ਦੀ ਕਹਾਣੀ ‘ਤੇ ਅਧਾਰਿਤ ਸੀ। ‘ਗਰਮ ਹਵਾ’ ਦਾ ਕੇਂਦਰੀ ਨੁਕਤਾ ਭਾਰਤੀਆਂ ਦੀ ਉਸ ਸਾਂਝੀ ਸੋਚ ਨਾਲ ਜੁੜਦਾ ਹੈ ਜਿਥੇ ਮਜ਼ਹਬਾਂ, ਜਾਤਾਂ, ਫਿਰਕਿਆਂ ਤੇ ਮੁਫਾਦਾਂ ਦੀ ਸਿਆਸਤ ਦੇ ਬਾਵਜੂਦ ਉਹ ਇਨਸਾਨ ਦੇ ਤੌਰ ‘ਤੇ ਇੱਕ-ਦੂਜੇ ਨੂੰ ਅੰਦਰੋਂ ਘੁੱਟ ਕੇ ਫੜੀ ਰੱਖਦੇ ਹਨ।
ਫਿਲਮ ਵਿਚ ਮੁੱਖ ਭੂਮਿਕਾ ਬਲਰਾਜ ਸਾਹਨੀ ਦੀ ਸੀ ਜਿਨ੍ਹਾਂ ਨੇ ਇਹ ਜਜ਼ਬਾਤੀ ਭੂਮਿਕਾ ਖੁੱਭ ਕੇ ਨਿਭਾਈ। ਵੰਡ ਵੇਲੇ ਅੱਧਖੜ ਉਮਰ ਦਾ ਇਮਾਨਦਾਰ ਮੁਸਲਮਾਨ ਆਪਣਾ ਘਰ ਛੱਡ ਕੇ ਪਾਕਿਸਤਾਨ ਜਾਣ ਤੋਂ ਨਾਬਰ ਹੋ ਜਾਂਦਾ ਹੈ। ਉਹ ਆਪਣੇ ਆਸ-ਪਾਸ ਪਨਪ ਰਹੀ ਨਫਰਤ, ਬੇਭਰੋਸਗੀ ਤੇ ਬੇਈਮਾਨੀ ਨੂੰ ਪੂਰੀ ਸ਼ਿੱਦਤ ਨਾਲ ਨੰਗੇ ਪਿੰਡੇ ਝੱਲਦਾ ਹੈ। ਉਸ ਨੂੰ ਵੰਡ ਦੀ ਆਰਥਿਕਤਾ ਦੇ ਲਾਲਚ ਵਿਚ ਚਿੱਟੇ ਹੋ ਗਏ ਰਿਸ਼ਤੇ ਸੌਣ ਨਹੀਂ ਦਿੰਦੇ ਜਿਥੇ ਉਸ ਨੂੰ ਵਾਰ ਵਾਰ ਅਹਿਸਾਸ ਹੁੰਦਾ ਹੈ ਕਿ ਵੰਡ ਤੋ ਵੀ ਤਰਾਸਦਿਕ ਤਾਂ ਦਿਲਾਂ ਵਿਚ ਪਈਆਂ ਗੰਢਾਂ ਹਨ। ਫਿਲਮ ਦੇ ਆਖਰੀ ਦ੍ਰਿਸ਼ ਵਿਚ ਜਦੋਂ ਉਸ ਦਾ ਛੋਟਾ ਪੁੱਤਰ ਪਾਕਿਸਤਾਨ ਜਾ ਰਹੇ ਰਿਕਸ਼ੇ ਵਿਚੋਂ ਛਾਲ ਮਾਰ ਕੇ ਹੜਤਾਲ ਕਰ ਰਹੇ ਮਜ਼ਦੂਰਾਂ ਵਿਚ ਜਾ ਰਲਦਾ ਹੈ ਤਾਂ ਉਸ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਇਨਸਾਨੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੂਬਸੂਰਤੀ ਤਾਂ ਗਰੀਬੀ, ਬੇਵਸੀ ਤੇ ਜ਼ਲਾਲਤ ਦੇ ਖਾਤਮੇ ਖਿਲਾਫ ਜੂਝਣਾ ਹੈ ਤੇ ਇਹ ਜੰਗ ਮੁਲਕਾਂ ਦੀਆਂ ਹੱਦਾਂ-ਸਰਹੱਦਾਂ ਤੋਂ ਕਿਤੇ ਵੱਡੀ ਹੈ।
ਸਥਿਊ ਦੀ ਅਗਲੀ ਫਿਲਮ ਸੀ ‘ਕਹਾਂ ਕਹਾਂ ਸੇ ਗੁਜ਼ਰ ਗਿਆ’। ਇਹ ਫਿਲਮ ਕਲਕੱਤਾ ਸ਼ਹਿਰ ਦੇ ਉਚ-ਵਰਗੀ ਨੌਜਵਾਨਾਂ ਦੇ ਵਿਵਸਥਾ ਖਿਲਾਫ ਖੜ੍ਹੇ ਹੋਣ ਨਾਲ ਸਬੰਧਿਤ ਸੀ। ਇਸ ਫਿਲਮ ਦੇ ਬਣਨ ਸਮੇਂ ਤੱਕ ਸਨਅਤਕਾਰਾਂ, ਰਈਸਾਂ ਅਤੇ ਸਿਆਸੀ ਰਸੂਖ ਵਾਲੇ ਘਰਾਂ ਦੇ ਮੁੰਡੇ-ਕੁੜੀਆਂ ਦਾ ਆਪਣੇ ਮਾਪਿਆਂ ਦੀ ਜੀਵਨ-ਸ਼ੈਲੀ ਅਤੇ ਪੂੰਜੀਵਾਦੀ ਸੋਚ ਤੋਂ ਬਾਗੀ ਹੋ ਕੇ ਮਾਰਕਸਵਾਦੀ ਸਫਾ ਵਿਚ ਰਲਣ ਦਾ ਰੁਝਾਨ ਜ਼ੋਰ ਫੜ ਚੁੱਕਾ ਸੀ। ਉਨ੍ਹਾਂ ਅੰਦਰਲੀ ਬੇਚੈਨੀ, ਰੰਜ਼, ਬੇਵਸੀ ਤੇ ਦਿਸ਼ਾਹੀਣਤਾ ਨੇ ਜਦੋਂ ਸਮਿਆਂ ਦੀ ਕਰੂਰਤਾ ਨਾਲ ਜ਼ਰਬ ਖਾਧੀ ਤਾਂ ਵਿਚਾਰ, ਕਦਰਾਂ-ਕੀਮਤਾਂ, ਸਮਾਜਕ-ਤੰਤਰ, ਰਿਸ਼ਤੇ ਤੇ ਤਦਬੀਰਾਂ, ਸਭ ਚੁਰਾਹਿਆਂ ਵਿਚ ਲਹੂ-ਲੁਹਾਣ ਹੋ ਗਏ। ਪਿੱਛੇ ਬਚੀ ਨਾ-ਉਮੀਦੀ ਫਿਲਮ ਵਿਚ ਵੀ ਸਾਫ ਦਿਸਦੀ ਹੈ। ਇਸ ਪਹੁੰਚ ਲਈ ਸਥਿਊ ਦੀ ਆਲੋਚਨਾ ਵੀ ਹੋਈ ਜਿਸ ਦਾ ਜਵਾਬ ਉਸ ਨੇ ਬਾਕਾਇਦਾ ਦਿੱਤਾ ਅਤੇ ਕਿਹਾ ਕਿ ਇਸ ਫਿਲਮ ਨੂੰ ਉਮੀਦ ‘ਤੇ ਖਤਮ ਕਰਨ ਦਾ ਮਤਲਬ ਸਚਾਈ ਤੋਂ ਭੱਜਣਾ ਸੀ। ਮੇਰੀ ਫਿਲਮ ਭੌਂਪੂ ਨਹੀਂ ਬਣ ਸਕਦੀ। ਮੁੱਦੇ ਤਾਂ ਹੁਣ ਹੋਰ ਵੀ ਖਤਰਨਾਕ ਮੋੜ ‘ਤੇ ਖੜ੍ਹੇ ਹਨ।
ਉਧਰ ਮੁਲਕ ਵੀ ਖਤਰਨਾਕ ਮੋੜ ‘ਤੇ ਸੀ। 1973-74 ਦੇ ਅਕਾਲ ਨੂੰ ਹਰੀ ਕ੍ਰਾਂਤੀ ਨੇ ਡੱਕ ਲਿਆ, ਪਰ ਹਰੀ ਕ੍ਰਾਂਤੀ ਦੇ ਪਿਛੇ ਦੀ ਸਿਆਸਤ ਨੇ ਦਿਹਾਤੀ ਖੇਤਰਾਂ ਦੀ ਸਮਾਜਕ ਵਰਗ-ਵੰਡ ਨੂੰ ਹੋਰ ਤਿੱਖਾ ਕਰ ਦਿੱਤਾ। ਵੱਡੇ ਕਿਸਾਨਾਂ ਨੇ ਪੈਸੇ ਦੇ ਬਲ ਸਿਆਸੀ ਪਿੜ ਵਿਚ ਜ਼ੋਰ-ਅਜ਼ਮਾਈ ਸ਼ੁਰੂ ਕੀਤੀ। ਪੈਸੇ ਅਤੇ ਸੱਤਾ ਨੇ ਮਿਲ ਕੇ ਨਵੇਂ ਆਦਰਸ਼ ਘੜੇ ਜਿਥੇ ਇਮਾਨਦਾਰੀ ਨੂੰ ਮੂਰਖਾਂ ਦੀ ਪਛਾਣ ਮੰਨਿਆ ਗਿਆ। ਇਹੀ ਰੁਝਾਨ ਮੁੰਬਈ ਦੀ ਮਾਇਆ ਨਗਰੀ ਵਿਚ ਦਿਸਣ ਲੱਗਾ ਜਿਥੇ ਕਾਲਾਬਜ਼ਾਰੀ, ਮਾਫੀਆ, ਅੰਡਰ-ਵਰਲਡ, ਸਮਗਲਿੰਗ, ਵੇਸਵਾਗਿਰੀ ਆਦਿ ਸ਼ਬਦ ਫਿਲਮੀ ਜ਼ੁਬਾਨ ‘ਤੇ ਫਿਸਲਣ ਲੱਗੇ। ਜੇ ਇੱਕ ਪਾਸੇ ਸ਼ਿਆਮ ਬੇਨੈਗਲ ਆਪਣੀ ਫਿਲਮ ‘ਮੰਥਨ’ ਅਤੇ ‘ਨਿਸ਼ਾਂਤ’ ਦੀ ਪਟਕਥਾ ਲਈ ‘ਸਾਈਲੈਂਸ ਕੋਰਟ ਚਾਲੂ ਹੈ’ ਵਾਲੇ ਲੇਖਕ ਵਿਜੇ ਤੇਂਦੁਲਕਰ ਨਾਲ ਵਿਚਾਰਾਂ ਕਰ ਰਹੇ ਸਨ, ਤਾਂ ਦੂਜੇ ਪਾਸੇ ਉਨ੍ਹਾਂ ਦਾ ਦੋਸਤ ਗੋਬਿੰਦ ਨਿਹਲਾਨੀ ਆਪਣੀ ਪਹਿਲੀ ਫਿਲਮ ‘ਆਕ੍ਰੋਸ਼’ ਦਾ ਖਾਕਾ ਵੀ ਵਿਜੇ ਤੇਂਦੁਲਕਰ ਨਾਲ ਮਿਲ ਕੇ ਤਿਆਰ ਕਰ ਰਿਹਾ ਸੀ ਜਿਸ ਵਿਚ ਉਸ ਨੇ ਸ਼ਹਿਰ ਦੇ ਕਿਰਦਾਰ ਨੂੰ ਅਜਿਹੀ ਕਹਾਣੀ ਰਾਹੀਂ ਫਿਲਮਾਉਣਾ ਸੀ ਜਿਸ ਵਿਚ ਵਧੀਕੀ ਦਾ ਸ਼ਿਕਾਰ ਮਨੁੱਖ ਮੌਨ ਧਾਰ ਲੈਂਦਾ ਹੈ ਤੇ ਸ਼ਬਦਾਂ ਦੀ ਬੇਅਰਥੀ ਨੂੰ ਜ਼ਾਹਿਰ ਕਰਦਾ ਹੈ। ਆਖਿਰ ਉਥੇ ਨਿਆਂ ਮੰਗਣ ਦਾ ਅਰਥ ਵੀ ਕੀ ਰਹਿ ਜਾਂਦਾ ਜਿਥੇ ਕਟਿਹਰੇ ਵਿਚ ਖੜ੍ਹਾ ਦੋਸ਼ੀ ਕੋਈ ਇਨਸਾਨ ਨਹੀਂ, ਸਗੋਂ ਸਮਾਜ ਦਾ ਨਿਪੁੰਸਕ ਖਾਸਾ ਹੋਵੇ?
(ਚਲਦਾ)