ਤਾਰੀਖ਼ ਦਾ ਜ਼ਹਿਰ

ਜਸਟਿਸ ਸੱਯਦ ਆਸਿਫ਼ ਸ਼ਾਹਕਾਰ
ਹਰ ਪੰਜਾਬੀ ਦੇ ਜੰਮਣ ਨਾਲ਼ ਹੀ ਉਹਦੇ ਗਲ ਵਿਚ ਮਜ਼ਹਬ ਦਾ ਪਟਾ ਪਾ ਕੇ ਉਹਨੂੰ ਰਾਖਵਾਂ ਬਣਾ ਦਿੱਤਾ ਜਾਂਦਾ ਹੈ। ਨਾਲ਼ ਹੀ ਉਹਨੂੰ  ਝੂਠੀ, ਬੇ-ਈਮਾਨ ਤੇ ਪਾਖੰਡੀ ਤਾਰੀਖ਼ (ਇਤਿਹਾਸ) ਦੇ ਜ਼ਹਿਰ ਦੀ ਘੁੱਟੀ ਦੇ ਕੇ ਸਾਰੀ ਜ਼ਿੰਦਗੀ ਲਈ ਮੁਹਤਾਜ ਅਤੇ ਬਿਮਾਰ ਕਰ ਦਿੱਤਾ ਜਾਂਦਾ ਹੈ। ਇਸ ਘੁੱਟੀ ਦੀ ਪਹਿਲੀ ਕਿਸ਼ਤ ਮਾਪੇ ਪਾਉਂਦੇ ਨੇ, ਬਾਕੀ ਕਿਸ਼ਤਾਂ ਸਾਨੂੰ ਮਜ਼ਹਬ, ਸਕੂਲ ਅਤੇ ਸਮਾਜ ਪਾਉਂਦਾ ਰਹਿੰਦਾ ਹੈ। ਇਸ ਘੁੱਟੀ ਦੀ ਸਭ ਤੋਂ ਵੱਡੀ ਕਿਸ਼ਤ ਸਾਨੂੰ ਸਾਡੇ ਮੰਦਰਾਂ, ਮਸੀਤਾਂ, ਗਿਰਜਿਆਂ ਤੇ ਗੁਰਦਆਰਿਆਂ ਚੋਂ ਮਿਲਦੀ ਹੈ। ਪੰਜਾਬੀਆਂ ਲਈ ਇਹ ਤਾਰੀਖ਼ ਵੀ ਮਜ਼ਹਬ ਵਾਂਗੂੰ ਬਣਾ ਦਿੱਤੀ ਗਈ ਹੈ। ਕੋਈ ਬੰਦਾ ਇਸ ‘ਤੇ ਸਵਾਲ ਨਹੀਂ ਉਠਾ ਸਕਦਾ। ਜੇ ਕੋਈ ਜ਼ੁਰਅਤ ਕਰ ਕੇ ਸਵਾਲ ਉਠਾਏ ਤਾਂ ਫ਼ੌਰਨ ਫ਼ਤਵਾ ਲਾ ਕੇ ਉਹਨੂੰ ਕਾਫ਼ਰ/ਨਾਸਤਕ ਅਤੇ ਗ਼ੱਦਾਰ ਬਣਾ ਦਿੱਤਾ ਜਾਂਦਾ ਹੈ। ਕਈ ਵਾਰ ਅਜਿਹਾ ਬੰਦਾ ਆਪਣੀ ਜਾਨ ਤੋਂ ਵੀ ਹੱਥ ਧੋ ਬਹਿੰਦਾ ਹੈ। ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਸਾਡੀ ਬਹੁਤੀ ਤਾਰੀਖ਼ ਸਾਈ ‘ਤੇ ਬਣਵਾਈ ਗਈ ਹੈ ਜੋ ਤਾਰੀਖ਼ ਲਿਖਵਾਉਣ ਵਾਲਿਆਂ ਆਪਣੀ ਮਰਜ਼ੀ ਨਾਲ਼ ਭਾੜੇ ਦੇ ਟੱਟੂਆਂ, ਤਾਰੀਖ਼ਦਾਨਾਂ ਤੇ ਵਿਦਵਾਨਾਂ ਤੋਂ ਲਿਖਵਾਈ। ਇਸ ਤਾਰੀਖ਼ ਵਿਚ ਮੁਲਕ ਦੁਸ਼ਮਣ, ਲੋਕ ਦੁਸ਼ਮਣ, ਧਾੜਵੀ, ਕਾਬਜ਼, ਤੇ ਗ਼ੱਦਾਰ ਹੀਰੋ ਬਣੇ ਹੋਏ ਨੇ ਅਤੇ ਧਾੜਵੀਆਂ ਦਾ ਮੁਕਾਬਲਾ ਕਰਨ ਵਾਲੇ ਦੇਸ਼-ਪਿਆਰਿਆਂ, ਲੋਕ-ਦੋਸਤ ਲੋਕਾਂ ਨੂੰ ਮੁਲਕ ਦੁਸ਼ਮਣ, ਗ਼ੱਦਾਰ ਤੇ ਕਾਫ਼ਰ ਬਣਾ ਦਿੱਤਾ ਗਿਆ ਹੈ। ਇਹਦੀ ਮਿਸਾਲ ‘ਸਿਕੰਦਰ-ਏ-ਆਜ਼ਮ’ ਹੈ ਜਿਹਨੂੰ ਸਾਡੀ ਤਾਰੀਖ਼ ਵਿਚ ਬਹੁਤ ਵੱਡਾ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਦੂਜੇ ਪਾਸੇ ਰਾਜਾ ਪੋਰਸ ਨੂੰ ਬੁੱਧੂ, ਬੁਜ਼ਦਿਲ ਤੇ ਨਿਕੰਮਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਤੇ ਉਹਦਾ ਮਜ਼ਾਕ ਉਡਾਇਆ ਜਾਂਦਾ ਹੈ। ਸਾਨੂੰ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਉਹ ਸਿਕੰਦਰ ਜੋ ਯੂਨਾਨ ਤੋਂ ਤੁਰਿਆ ਤੇ ਦਗੜ-ਦਗੜ ਕਰਦਾ ਹਿੰਦੁਸਤਾਨ ਆ ਵੜਿਆ ਤਾਂ ਰਾਜਾ ਪੋਰਸ ਦਿਆਂ ਪੰਜਾਬੀਆਂ ਨੇ ਉਹਦਾ ਮੂੰਹ ਭੰਨ੍ਹ ਦਿੱਤਾ ਤੇ ਉਹਨੂੰ ਇਥੋਂ ਫੱਟੜ ਕਰ ਕੇ ਵਾਪਸ ਤੋਰਿਆ। ਪੰਜਾਬੀਆਂ ਦੇ ਹੀ ਲਾਏ ਹੋਏ ਜ਼ਖ਼ਮਾਂ ਨਾਲ਼ ਉਹ ਅਗਾਂਹ ਹੋਇਆ।
ਸਿਕੰਦਰ ਨਾਲ਼ ਜੋ ਹੋਇਆ, ਇਹਦੀ ਗੱਲ ਪੰਜਾਬੀ ਤਾਰੀਖ਼ਦਾਨ ਨਹੀਂ ਕਰਦਾ ਸਗੋਂ ਸਿਕੰਦਰ ਖ਼ੁਦ  ਇਸ ਗੱਲ ਦੀ ਗਵਾਹੀ ਦੇ ਰਿਹਾ ਏ। ਸਿਕੰਦਰ ਜਦ ਪੰਜਾਬ ਆਇਆ ਤਾਂ ਪੰਜਾਬੀਆਂ ਨੇ ਜਿਵੇਂ ਉਹਦਾ ਮੂੰਹ ਭੰਨ੍ਹਿਆ, ਉਹਨੇ ਇਹਦਾ ਹਾਲ ਆਪਣੀ ਮਾਂ ਨੂੰ ਲਿਖੀ ਚਿੱਠੀ ਵਿਚ ਇੰਜ ਬਿਆਨ ਕੀਤਾ ਹੈ: ਮੈਂ ਸ਼ੇਰਾਂ ਤੇ ਬਹਾਦਰਾਂ ਦੇ ਦੇਸ਼ ਵਿਚ ਫਸਿਆ ਹੋਇਆ ਹਾਂ। ਇਸ ਦੇਸ਼ ਦਾ ਹਰ ਚੱਪਾ ਫ਼ੌਲਾਦ ਦੀ ਕੰਧ ਵਾਂਗੂੰ ਏ ਜੋ ਮੇਰੇ ਸਿਪਾਹੀਆਂ ਨਾਲ਼ ਟਕਰਾ ਰਿਹਾ ਏ। ਤੂੰ ਤਾਂ ਇਕੋ ਸਿਕੰਦਰ ਜੰਮਿਆ ਏ, ਪਰ ਇਸ ਦੇਸ਼ ਦਾ ਤਾਂ ਹਰ ਬੰਦਾ ਸਿਕੰਦਰ ਕਿਹਾ ਸਕਦਾ ਏ।
ਇਹ ਫ਼ੌਲਾਦੀ ਕੰਧ ਪੰਜਾਬੀ ਹਿੰਦੂ ਸੀ।
ਇਕ ਹੋਰ ਮਿਸਾਲ ਪਰਬਤ/ਸ਼ਮਾਲ ਤੋਂ ਆਉਣ ਵਾਲੇ ਧਾੜਵੀਆਂ ਦੀ ਹੈ ਜਿਨ੍ਹਾਂ ਵਿਚ ਸਭ ਤੋਂ ਅੱਗੇ ਮਹਿਮੂਦ ਗ਼ਜ਼ਨਵੀ ਹੈ। ਇਹਨੂੰ ਪਾਕਿਸਤਾਨ ਵਿਚ ਬਹੁਤ ਵੱਡਾ ਮੁਜਾਹਿਦ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਉਹਨੇ ਸੋਮਨਾਥ ਉਤੇ ਸਤਾਰਾਂ ਹਮਲੇ ਕੀਤੇ ਤੇ ਹਿੰਦੂਆਂ ਦੀ ਐਸੀ-ਤੈਸੀ ਫੇਰੀ। ਇਹਨੇ ਸੋਮਨਾਥ ਉਤੇ ਖ਼ੌਰੇ ਸਤਾਰਾਂ ਹਮਲੇ ਕੀਤੇ ਜਾਂ ਨਹੀਂ ਕੀਤੇ, ਪਰ ਇਹਨੇ ਪੰਜਾਬ ਉਤੇ ਸਤਾਰਾਂ ਹਮਲੇ ਜ਼ਰੂਰ ਕੀਤੇæææਉਹ ਪੰਜਾਬ ਜਿਥੇ ਲਾਹੌਰ ਦਾ ਹਾਕਮ ਮੁਸਲਮਾਨ ਸੀ ਅਤੇ ਮੁਲਤਾਨ ਵਿਚ ਸ਼ੀਆ ਮੁਸਲਮਾਨਾਂ ਦੀ ਹਕੂਮਤ ਸੀ। ਇਹਨੇ ਮੁਸਲਮਾਨਾਂ ਨਾਲ਼ ਕੀ ਕੀਤਾ, ਇਹ ਕਿਸੇ ਕਿਤਾਬ ਵਿਚ ਦਰਜ ਨਹੀਂ ਹੈ, ਪਰ ਇਸ ਸਿਲਸਿਲੇ ਵਿਚ ਸਿਰਫ਼ ਮੁਲਤਾਨ ਦੀ ਮਿਸਾਲ ਕਾਫ਼ੀ ਹੈ। ਇਹਨੇ ਮੁਲਤਾਨ ਉਤੇ ਹਮਲਾ ਕਰ ਕੇ ਮੁਸਲਮਾਨਾਂ ਦਾ ਉਹ ਕਤਲੇਆਮ ਕੀਤਾ ਕਿ ਮੁਲਤਾਨ ਦੀਆਂ ਗਲੀਆਂ ਵਿਚ ਲਹੂ ਦਾ ਚਿੱਕੜ ਹੋ ਗਿਆ। ਲੁੱਟ ਦੇ ਮਾਲ ਨਾਲ਼ ਮੁਲਤਾਨ ਦੇ ਮਾਰੇ-ਕੱਟੇ ਮੁਸਲਮਾਨਾਂ ਦੀਆਂ ਤਮਾਮ ਔਰਤਾਂ ਮਹਿਮੂਦ ਗ਼ਜ਼ਨਵੀ ਦੀ ਮੁਜਾਹਿਦ ਫ਼ੌਜ ਰਖੇਲਾਂ ਬਣਾ ਕੇ ਲੈ ਗਈ। ਇਹੋ ਹਾਲ ਦੂਜੇ ਪਰਬਤੀ ਹਮਲਾਵਰਾਂ ਦਾ ਸੀ ਜਿਨ੍ਹਾਂ ਦੀ ਤਸਵੀਰ ਇਸ ਤੋਂ ਵੱਧ ਹੋਰ ਕੁਝ ਨਹੀਂ ਹੈ ਕਿ ਇਹ ਲੁਟੇਰੇ ਤੇ ਡਾਕੂ ਸਨ ਜੋ ਹਰ ਚੌਥੇ ਦਿਨ ਪੰਜਾਬੀਆਂ (ਹਿੰਦੂਆਂ ਤੇ ਮਸਲਮਾਨਾਂ) ਨੂੰ ਲੁੱਟ-ਮਾਰ ਕੇ ਤੁਰ ਜਾਂਦੇ ਸਨ। ਇਹ ਧਾੜਵੀ ਸਾਡੀ ਤਾਰੀਖ਼ ਵਿਚ ਮੁਜਾਹਿਦ, ਗ਼ਾਜ਼ੀ ਤੇ ਖ਼ੌਰੇ ਹੋਰ ਕੀ ਕੀ ਬਣੇ ਬੈਠੇ ਨੇ। ਇਨ੍ਹਾਂ ਦੀਆਂ ਸਾਰੀਆਂ ਬੁਰਾਈਆਂ ਉਤੇ ਪਰਦਾ ਪਾ ਦਿੱਤਾ ਗਿਆ ਹੈ। ਇਨ੍ਹਾਂ ਦੇ ਜ਼ੁਲਮਾਂ ਤੇ ਅੱਯਾਸ਼ੀਆਂ ਦਾ ਕਿਧਰੇ ਜ਼ਿਕਰ ਨਹੀਂ ਕੀਤਾ ਜਾਂਦਾ। ਇਹ ਰੰਡੀਬਾਜ਼ ਤੇ ਮੁੰਡੇਬਾਜ਼ ਸਨ, ਇਹ ਮਾਸੂਮ ਤੇ ਬੇਗੁਨਾਹ ਇਨਸਾਨਾਂ (ਜਿਹਦੇ ਵਿਚ ਹਿੰਦੂ ਤੇ ਮੁਸਲਮਾਨ ਸ਼ਾਮਿਲ ਨੇ) ਨੂੰ ਬੇਦਰਦੀ ਨਾਲ਼ ਕਤਲ ਕਰਦੇ ਸਨ। ਇਹ ਪੰਜਾਬੀ ਧੀਆਂ ਭੈਣਾਂ ਦੀ ਇੱਜ਼ਤ ਰੋਲ਼ ਕੇ ਉਨ੍ਹਾਂ ਨੂੰ ਰਖੇਲਾਂ ਬਣਾ ਕੇ ਲੈ ਜਾਂਦੇ ਸਨ। ਇਹ ਗੱਲਾਂ ਕਦੇ ਨਹੀਂ ਦੱਸੀਆਂ ਜਾਂਦੀਆਂ।
ਮਹਿਮੂਦ ਗ਼ਜ਼ਨਵੀ ਮਗਰੋਂ ਇਹੋ ਜਿਹੀ ਇਕ ਹੋਰ ‘ਮੁਜਾਹਿਦ ਤੇ ਨੇਕ’ ਸ਼ਖ਼ਸੀਅਤ ਔਰੰਗਜ਼ੇਬ ਹੈ ਜੋ ਪੰਜ ਵਕਤ ਦਾ ਨਮਾਜ਼ੀ ਸੀ, ਤੀਹ ਰੋਜ਼ੇ ਰੱਖਦਾ ਸੀ ਅਤੇ ਟੋਪੀਆਂ ਸਿਓ ਕੇ ਗੁਜ਼ਾਰਾ ਕਰਦਾ ਸੀ। ਉਸ ਦੀ ਹਿੰਦੁਸਤਾਨ ਵਿਚ ਹੋਰ ਸੂਰਤ ਹੈ, ਪਈ ਇਹਨੇ ਸਿੱਖਾਂ ਤੇ ਹਿੰਦੂਆਂ ਨੂੰ ਦੱਬ ਕੇ ਕੁੱਟਿਆ ਪਰ ਇਹਨੇ ਕਿੰਨੇ ਮੁਸਲਮਾਨ ਮਾਰੇ, ਇਹਦਾ ਜ਼ਿਕਰ ਨਾ ਤਾਂ ਹਿੰਦੁਸਤਾਨ ਦੀਆਂ ਤਾਰੀਖ਼ ਦੀਆਂ ਕਿਤਾਬਾਂ ਵਿਚ ਆਉਂਦਾ ਹੈ ਤੇ ਪਾਕਿਸਤਾਨ ਦੀਆਂ ਕਿਤਾਬਾਂ ਵਿਚ ਤਾਂ ਆ ਹੀ ਨਹੀਂ ਸਕਦਾ। ਇਹਨੇ ਆਪਣੇ ਭਰਾ ਕਤਲ ਕੀਤੇ, ਆਪਣੇ ਪਿਓ ਨੂੰ ਕੈਦ ਕਰ ਕੇ ਜ਼ਲੀਲ ਕਰ ਕੇ ਮਾਰਿਆ; ਇਹ ਤਾਂ ਕੁਝ ਲੋਕਾਂ ਨੂੰ ਪਤਾ ਹੈ, ਪਰ ਇਹਨੇ ਇਕ ਖ਼ਾਸ ਫ਼ਿਰਕੇ ਦੇ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਫ਼ਿਰਕਿਆਂ ਦੇ ਮੁਸਲਮਾਨਾਂ ਨੂੰ ਮਾਰ ਮਾਰ ਕੇ ਉਨ੍ਹਾਂ ਦਾ ਜੋ ਹਸ਼ਰ ਕੀਤਾ, ਇਹਦਾ ਜ਼ਿਕਰ ਕਿਧਰੇ ਨਹੀਂ ਮਿਲਦਾ।
ਅੱਜ ਇਸ ਗੱਲ ਦਾ ਪਤਾ ਸਿਰਫ਼ ਸ਼ੀਆ ਤੇ ਇਸਮਾਈਲੀਆਂ ਤੋਂ ਲਗਦਾ ਹੈ ਜੋ ਇਹਦਾ ਬਦਤਰੀਨ ਨਿਸ਼ਾਨਾ ਬਣੇ ਸਨ। ਇਸ ਮਗਰੋਂ ਬੰਦਾ ਬੈਰਾਗੀ (ਬਹਾਦਰ) ਦੀ ਵਾਰੀ ਆਉਂਦੀ ਹੈ। ਵਾਹਗੇ ਦੇ ਇੱਕ ਪਾਸੇ ਉਹ ਸਿੱਖੀ ਦਾ ਮਹਾਨ ਸੇਵਕ ਤੇ ਹੀਰੋ ਹੈ, ਦੂਜੇ ਪਾਸੇ ਉਹ ਮੁਸਲਮਾਨਾਂ ਦਾ ਬਦਤਰੀਨ ਦੁਸ਼ਮਣ ਹੈ ਜਿਹਨੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਬੇਸ਼ੁਮਾਰ ਪੰਜਾਬੀ ਮੁਸਲਮਾਨ ਕਤਲ ਕੀਤਾ। ਹਾਲੇ ਕੱਲ੍ਹ ਦੀ ਗੱਲ ਹੈ, ਧਾੜਵੀ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਫਾਹੇ ਚਾੜ੍ਹਿਆ। ਲਹਿੰਦੇ ਪੰਜਾਬ ਵਿਚ ਪੜ੍ਹਾਈ ਜਾਣ ਵਾਲੀ ਤਾਰੀਖ਼ ਵਿਚ ਇਸ ਪੰਜਾਬੀ ਪੁੱਤਰ ਦਾ ਕਿਧਰੇ ਜ਼ਿਕਰ ਹੀ ਨਹੀਂ ਹੈ। ਜੇ ਕਿਧਰੇ ਹੈ ਵੀ, ਤਾਂ ਬਤੌਰ ਸਿੱਖ ਅਤੇ ਦਹਿਸ਼ਤਗਰਦ ਦੇ ਹੈ। ਕੀ ਭਗਤ ਸਿੰਘ ਬੱਸ ਸਿੱਖ ਹੀ ਸੀ? ਕੀ ਭਗਤ ਸਿੰਘ ਦਹਿਸ਼ਤਗਰਦ ਸੀ? ਇਹ ਵਿਤਕਰਾ ਚੜ੍ਹਦੇ ਪੰਜਾਬ ਵਿਚ ਵੀ ਕੋਈ ਘੱਟ ਨਹੀਂ ਹੈ। ਉਥੇ ਪੜ੍ਹਾਈ ਜਾਣ ਵਾਲੀ ਤਾਰੀਖ਼ ਵਿਚ ਆਜ਼ਾਦੀ ਦੇ ਇੱਕ ਹੋਰ  ਹੀਰੋ ਅਹਿਮਦ ਖ਼ਾਨ ਖਰਲ ਬਾਰੇ ਇਕ ਸ਼ਬਦ ਨਹੀਂ ਮਿਲਦਾ।
ਲਹਿੰਦੇ ਪੰਜਾਬ ਵਿਚ ਸਭ ਤੋਂ ਭੈੜਾ ਹਾਲ ਰਾਜਾ ਰਣਜੀਤ ਸਿੰਘ ਦਾ ਹੈ। ਉਹ ਉੱਥੇ ਪੜ੍ਹਾਈ ਜਾਣ ਵਾਲੀ ਤਾਰੀਖ਼ ਰਾਹੀਂ ਜਾਹਲ, ਉਜੱਡ, ਬੇਵਕੂਫ਼ ਤੇ ਜ਼ਾਲਮ ਸਿੱਖ ਰਾਜਾ ਹੈ ਜੋ ਇਕ ਅੱਖ ਤੋਂ ਕਾਣਾ ਸੀ ਤੇ ਮੁਸਲਮਾਨਾਂ ਦਾ ਜਾਨੀ ਦੁਸ਼ਮਣ ਸੀ ਤੇ ਉਹਨੇ ਚੁਣ ਚੁਣ ਕੇ ਮੁਸਲਮਾਨ ਮਾਰੇ ਤੇ ਮੁਸਲਮਾਨ ਜ਼ਨਾਨੀਆਂ ਦੀ ਇੱਜ਼ਤ ਰੋਲ਼ੀ।
ਕੋਈ ਮਜ਼ਹਬ ਵੀ ਇਨਸਾਨਾਂ ਨਾਲ਼ ਨਫ਼ਰਤ ਕਰਨ ਦਾ ਸੁਨੇਹਾ ਨਹੀਂ ਦਿੰਦਾ, ਪਰ ਪੰਜਾਬੀਆਂ ਦੇ ਹਰ ਮਜ਼ਹਬ ਦੀ ਇਬਾਦਤਗਾਹ ਅਮਲੀ ਤੌਰ ‘ਤੇ ਨਫ਼ਰਤ ਫੈਲਾਉਣ ਦਾ ਅੱਡਾ ਬਣ ਚੁੱਕੀ ਹੈ। ਇਹ ਨਫ਼ਰਤ ਇਸ ਮਜ਼ਹਬ ਦੀ ਮਜ਼ਹਬੀ ਕਿਤਾਬ ਰਾਹੀਂ ਨਹੀਂ ਫੈਲਾਈ ਜਾਂਦੀ ਸਗੋਂ ਇਹ ਕੰਮ ਤਾਰੀਖ਼ ਰਾਹੀਂ ਹੁੰਦਾ ਹੈ। ਇਨ੍ਹਾਂ ਇਬਾਦਤਗਾਹਾਂ ਵਿਚ ਬੇ-ਈਮਾਨ ਤੇ ਪਖੰਡੀ ਤਾਰੀਖ਼ ਰਾਹੀਂ ਲੋਕਾਂ ਵਿਚ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਇੰਤਕਾਮ (ਬਦਲੇ) ਲਈ ਉਭਾਰਿਆ ਜਾਂਦਾ ਹੈ। ਕਿੰਨੇ ਜ਼ੁਲਮ ਦੀ ਗੱਲ ਹੈ ਕਿ ਅੱਜ ਤੋਂ ਕਈ ਸੌ ਸਾਲ ਪਹਿਲਾਂ ਕਿਸੇ ਮਜ਼ਹਬੀ ਹਸਤੀ ਨੂੰ ਮਾਰਿਆ ਗਿਆ ਜਾਂ ਕਿਸੇ ਮਜ਼ਹਬ ਦੇ ਲੋਕਾਂ ਨੂੰ ਕਿਸੇ ਹੋਰ ਮਜ਼ਹਬ ਦੇ ਲੋਕਾਂ ਮਾਰਿਆ; ਇਨ੍ਹਾਂ ਨੂੰ ਮਾਰਨ ਵਾਲੇ ਵੀ ਕਈ ਸੌ ਸਾਲ ਪਹਿਲਾਂ ਮਰ-ਖਪ ਚੁੱਕੇ ਨੇ ਪਰ ਇਸ ਹਸਤੀ ਦੇ ਕਤਲ ਦਾ ਬਦਲਾ ਜਾਂ ਇਸ ਮਜ਼ਹਬ ਦੇ ਲੋਕਾਂ ਦੇ ਕਤਲ ਦਾ ਬਦਲਾ ਲੈਣ ਦੇ ਨਤੀਜੇ ਵਿਚ ਕਿੰਨੇ ਹਜ਼ਾਰ ਬੇਗੁਨਾਹ ਇਨਸਾਨ ਕਤਲ ਕਰ ਦਿੱਤੇ ਗਏ ਨੇ। ਇਹ ਕਤਲ ਹੋਣ ਵਾਲੇ ਨਾ ਤਾਂ ਉਸ ਵੇਲੇ ਮੌਜੂਦ ਸਨ ਤੇ ਨਾ ਹੀ ਉਨ੍ਹਾਂ ਦਾ ਇਸ ਕਤਲ ਨਾਲ਼ ਕੋਈ ਵਾਸਤਾ ਸੀ। ਉਨ੍ਹਾਂ ਦਾ ਕਸੂਰ ਸਿਰਫ਼ ਇਹ ਸੀ ਕਿ ਇਨ੍ਹਾਂ ਦਾ ਤਾਂ ਕਈ ਸੌ ਸਾਲ ਪਹਿਲਾਂ ਕਿਸੇ ਮਜ਼ਹਬੀ ਹਸਤੀ ਨੂੰ ਮਾਰਨ ਵਾਲਿਆਂ ਦਾ ਮਜ਼ਹਬ ਸਾਂਝਾ ਸੀ। ਨਫ਼ਰਤ ਤੇ ਇੰਤਕਾਮ ਦੀ ਇਹ ਜ਼ਹਿਰ ਹਰ ਵੇਲੇ ਇਨ੍ਹਾਂ ਇਬਾਦਤਗਾਹਾਂ ਵਿਚ ਵੰਡੀ ਜਾਂਦੀ ਹੈ ਜੋ ਪਿਆਰ ਤੇ ਅਮਨ ਦੇ ਸੁਨੇਹੇ ਲਈ ਬਣਾਈਆਂ ਗਈਆਂ ਸਨ।
ਉਂਜ ਤਾਂ ਸਾਰੀ ਦੁਨੀਆਂ ਵਿਚ ਝੂਠੀ, ਬੇ-ਈਮਾਨ ਤੇ ਪਾਖੰਡੀ ਤਾਰੀਖ਼ ਨੇ ਇਹੋ ਹਸ਼ਰ ਕੀਤਾ ਹੈ, ਪਰ ਪੰਜਾਬੀਆਂ ਨਾਲ਼ ਇਹ ਧਰੋ ਸ਼ਾਇਦ ਸਭ ਤੋਂ ਵੱਧ ਹੋਇਆ ਹੈ। ਇਥੇ ਇਕ ਪਾਸੇ ਤਾਂ ਮਜ਼ਹਬ ਰਾਹੀਂ ਨਫ਼ਰਤ ਦਾ ਜ਼ਹਿਰ ਫੈਲਾਉਣ ਵਾਲੀ ਤਾਰੀਖ਼ ਦੀ ਛਬੀਲ ਲੱਗੀ ਰਹੀ ਹੈ ਤੇ ਦੂਜੇ ਪਾਸੇ ਹਮੇਸ਼ਾ ਧਾੜਵੀਆਂ ਅਤੇ ਕਾਬਜ਼ਕਾਰਾਂ ਦੀ ਤਾਰੀਖ਼ ਲਾਗੂ ਰਹੀ ਹੈ। ਇਹ ਤਾਰੀਖ਼ ਪੰਜਾਬੀਆਂ ਦੇ ਜ਼ਿਹਨਾਂ ਵਿਚ ਜੇ ਇਕ ਪਾਸੇ ਲਗਾਤਾਰ ਨਫ਼ਰਤ ਤੇ ਦੁਸ਼ਮਣੀ ਦੇ ਬੀਜ ਗੱਡਦੀ ਰਹਿੰਦੀ ਹੈ ਤੇ ਉਨ੍ਹਾਂ ਨੂੰ ਰਲ਼ ਕੇ ਬਹਿਣ ਨਹੀਂ ਦਿੰਦੀ ਤਾਂ ਦੂਜੇ ਪਾਸੇ ਇਹ ਅਜਿਹਾ ਰੋਗ ਹੈ ਜਿਸ ਨੇ ਹਰ ਪੰਜਾਬੀ ਨੂੰ ਰੋਗੀ ਤੇ ਮੁਹਤਾਜ ਬਣਾ ਦਿੱਤਾ ਹੈ। ਪੰਜਾਬ ਦੀ ਵੰਡ ਮਗਰੋਂ ਇਸ ਹਨੇਰ ਦੀ ਹੱਦ ਮੁਕਾ ਦਿੱਤੀ ਗਈ ਹੈ। ਦੋਹਾਂ ਪੰਜਾਬਾਂ ਵਿਚਕਾਰ ਤਾਰੀਖ਼ (ਇਤਿਹਾਸ) ਦਾ ਇਕ ਵਾਹਗਾ ਬਾਰਡਰ ਖੜ੍ਹਾ ਕਰ ਕੇ ਦੋ ਤਾਰੀਖ਼ਾਂ ਬਣਾ ਦਿੱਤੀਆਂ ਗਈਆਂ ਨੇ। ਇਨ੍ਹਾਂ ਤਾਰੀਖ਼ਾਂ  ਵਿਚ ਜੇ ਮਾਜ਼ੀ ਦੇ ਪੁਰਾਣੇ ਹੀਰੋ ਵੱਖਰੇ ਨੇ ਤਾਂ ਵੰਡ ਮਗਰੋਂ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਹੋਈਆਂ ਜੰਗਾਂ ਰਾਹੀਂ ਇਹ ਨਵੇਂ ਦੁਸ਼ਮਣਾਂ ਤੇ ਹੀਰੋਆਂ ਨਾਲ਼ ਵੀ ਭਰੀਆਂ ਪਈਆਂ ਨੇ। ਜੇ ਇੱਕ ਪਾਸੇ ਇਹ ਨਵਾਂ ਹੀਰੋ ਨੈਸ਼ਨਲ ਹੀਰੋ ਹੈ ਤਾਂ ਦੂਜੇ ਪਾਸੇ ਉਹ ਦੁਸ਼ਮਣ ਹੈ। ਇਹ ਹੀਰੋ ਤੇ ਦੁਸ਼ਮਣ ਸਕੂਲਾਂ ਵਿਚ ਹਰ ਪੰਜਾਬੀ ਬੱਚੇ ਦੇ ਜ਼ਿਹਨ ਵਿਚ ਮਜ਼ਹਬ ਵਾਂਗ ਪਾਏ ਜਾ ਰਹੇ ਨੇ। ਜਦ ਤੱਕ ਪੰਜਾਬੀ, ਇਸ ਪਖੰਡੀ ਤਾਰੀਖ਼ ਦੀ ਜ਼ਹਿਰ ਦੇ ਅਸਰ ਹੇਠ ਹੈ, ਉਦੋਂ ਤੱਕ ਨਾ ਤਾਂ ਉਹ ਸਿਹਤਮੰਦ ਤਰੀਕੇ ਨਾਲ਼ ਸੋਚ ਸਕਦਾ ਹੈ ਤੇ ਨਾ ਹੀ ਕੋਈ ਫ਼ੈਸਲਾ ਕਰ ਸਕਦਾ ਹੈ।
ਇਹ ਤਾਰੀਖ਼ (ਇਤਿਹਾਸ) ਪੰਜਾਬੀ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਜੋ ਇਹਨੂੰ ਕੌਮ ਬਣਨ ਤੋਂ ਮਸਲਸਲ ਰੋਕਦੀ ਹੈ। ਇੱਕਮੁੱਠ ਪੰਜਾਬੀ ਕੌਮ ਦੀ ਉਸਾਰੀ, ਆਪਣੀ ਅਸਲੀ ਪਛਾਣ ਅਤੇ ਆਪਣੇ ਅਸਲੀ ਪਿਛੋਕੜ ਦੀ ਜਾਣਕਾਰੀ ਲਈ ਸਿਹਤਮੰਦ ਤਰੀਕੇ ਨਾਲ਼ ਸੋਚਣ ਲਈ ਇਹ ਲਾਜ਼ਮੀ ਏ ਕਿ ਹਰ ਪੰਜਾਬੀ, ਕੌਮੀ ਤੇ ਫ਼ਰਦ (ਵਿਅਕਤੀ) ਦੀ ਪੱਧਰ ‘ਤੇ ਇਸ ਜ਼ਹਿਰੀਲੀ ਤਾਰੀਖ਼ ਤੋਂ ਛੁਟਕਾਰਾ ਹਾਸਲ ਕਰਨ ਲਈ ਇੱਕਮੁੱਠ ਹੋ ਕੇ ਸੱਚੀ ਤਾਰੀਖ਼ ਦੀ ਜਾਣਕਾਰੀ ਹਾਸਲ ਕਰੇ ਅਤੇ ਦੂਜਿਆਂ ਤੱਕ ਪਹੁੰਚਾਏ।

Be the first to comment

Leave a Reply

Your email address will not be published.