ਬਲਜੀਤ ਬਾਸੀ
ਅੱਸੂ ਵਿਚ ਜੰਮਿਆ ਪਾਲਾ ਕੱਤਕ ਵਿਚ ਵੱਡਾ ਹੋ ਜਾਂਦਾ ਹੈ, ਠੁਰ ਠੁਰ ਵਧ ਜਾਣ ਕਾਰਨ ਗਰਮ ਕਪੜਿਆਂ ਦੀ ਲੋੜ ਪੈ ਜਾਂਦੀ ਹੈ। ਕੱਤਕ ਨੂੰ ਆਮ ਬੋਲਚਾਲ ਵਿਚ ਕੱਤਾ ਜਾਂ ਕੱਤੇ ਵੀ ਕਹਿ ਦਿੱਤਾ ਜਾਂਦਾ ਹੈ। ਜੇ ਕਦੇ ਇਸ ਮਹੀਨੇ ਵੀ ਮੀਂਹ ਪੈ ਜਾਵੇ ਤਾਂ ਜੱਟ ਲਈ ਕੱਤਕ ਵੀ ਸਾਵਣ ਹੋ ਜਾਂਦਾ ਹੈ,
ਕੱਤਕ ਕਿਣਿਆ, ਸੋ ਦਿਨ ਗਿਣਿਆ
ਮੀਂਹ ਪਿਆ ਦੀਵਾਲੀ ਜਿਹਾ ਸੱਤਾ ਤਿਹਾ ਹਾਲੀ
ਸਿੱਟਾ ਕੱਢੂ ਵਾਹੀ ਵਾਲੀ
ਕੱਤਕ ਦੇ ਮਹੀਨੇ ਹਾੜੀ ਬੀਜਣ ਨਾਲ ਬਰਕਤ ਹੁੰਦੀ ਹੈ, ‘ਚੜ੍ਹਦੇ ਕੱਤੇ ਹਾੜੀ ਬੀਜਨ, ਘਰੇ ਮਨਾਵਣ ਸੇਵਨ।’ ਇਸ ਮਹੀਨੇ ਕਿਸਾਨ ਦਾ ਮੁਖ ਰੁਝੇਵਾਂ ਕਣਕ ਦੀ ਬਿਜਾਈ ਹੁੰਦਾ ਹੈ, ‘ਕਣਕ ਕੱਤੇ ਦੀ ਤੇ ਪੁੱਤ ਜੇਠਾ।’ ਗਿਆਨੀ ਗੁਰਦਿੱਤ ਸਿੰਘ ਨੇ ‘ਮੇਰਾ ਪਿੰਡ’ ਵਿਚ ਇਸ ਮਹੀਨੇ ਬਾਰੇ ਜੱਟ ਦੀ ਮਸ਼ਰੂਫੀਅਤ ਉਘਾੜਦੀ ਇਕ ਮਸ਼ਹੂਰ ਕਹਾਣੀ ਦੱਸੀ ਹੈ। ਅਖੇ, ਇਕ ਜੱਟ ਦੀ ਮਾਂ ਮਰ ਗਈ। ਉਸ ਨੇ ਕਿਹਾ ਭੜੋਲੀ ਵਿਚ ਪਾ ਕੇ ਖੂੰਜੇ ਪਰ ਛੱਡੋ, ਜਦ ਵਿਹਲ ਹੋਈ ਫੂਕ ਆਵਾਂਗੇ। ਇਕ ਕਹਾਵਤ ਵਿਚ ਇਹ ਕਹਾਣੀ ਇਸ ਤਰ੍ਹਾਂ ਸਮੇਟੀ ਗਈ ਹੈ, “ਕੱਤਕ ਜੱਟ ਨੂੰ ਪਈ ਬਿਆਈ, ਮਰੀ ਮਾਂ ਭੜੋਲੇ ਪਾਈ।” ਇਸ ਨਾਲ ਮਿਲਦੀ ਜੁਲਦੀ ਇਕ ਅੰਗਰੇਜ਼ੀ ਕਹਾਣੀ ਮੈਂ ਬਹੁਤ ਚਿਰ ਪਹਿਲਾਂ ਪੜ੍ਹੀ ਸੀ, ਸ਼ਾਇਦ ਹੈਮਿੰਗਵੇ ਦੀ ਹੈ। ਜ਼ਬਰਦਸਤ ਬਰਫਾਨੀ ਸਰਦੀ ਦੌਰਾਨ ਇਕਲਵਾਂਝੇ ਰਹਿੰਦੇ ਇਕ ਤਰਖਾਣ ਦੀ ਪਤਨੀ ਮਰ ਜਾਂਦੀ ਹੈ। ਉਸ ਕੋਲ ਪਤਨੀ ਨੂੰ ਦਫਨਾਉਣ ਦੀ ਨਾ ਹੀ ਫੁਰਸਤ ਹੈ ਤੇ ਨਾ ਹੀ ਮੌਸਮ ਇਜਾਜ਼ਤ ਦਿੰਦਾ ਹੈ। ਉਹ ਪਤਨੀ ਦੀ ਲਾਸ਼ ਨੂੰ ਕੰਧ ਨਾਲ ਖੜ੍ਹੀ ਕਰ ਦਿੰਦਾ ਹੈ। ਰਾਤ ਨੂੰ ਕੰਮ ਕਰਨ ਲਈ ਆਕੜੀ ਲੋਥ ਦਾ ਨੱਕ ਲਾਲਟੈਣ ਟੰਗਣ ਦਾ ਕੰਮ ਵੀ ਸਾਰਦਾ ਹੈ। ਤਰਖਾਣ ਨਾਲੇ ਕੰਮ ਕਰਦਾ ਹੈ ਨਾਲੇ ਆਪਣੀ ਮਰੀ ਪਤਨੀ ਨਾਲ ਗੱਲਾਂ ਕਰਦਾ ਹੈ। ਕੱਤਕ ਪਤਝੜ ਦਾ ਮਹੀਨਾ ਵੀ ਹੈ। ਸਮਰੱਥ ਹਾਇਕੂ-ਲੇਖਕ ਗੁਰਮੀਤ ਸੰਧੂ ਨੇ ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ,
ਕੱਤਕ ਮਹੀਨੇ ਸੂਰਜ
ਰੁੱਖਾਂ ਦਾ ਪਰਛਾਵਾਂ
ਪੱਤਾ ਟਾਵਾਂ ਟਾਵਾਂ।
ਇਸ ਮਹੀਨੇ ਆਉਣ ਵਾਲੇ ਅਨੇਕਾਂ ਉਤਸਵਾਂ ਵਿਚ ਰੱਜ ਕੇ ਖਾਧਾ ਜਾਂਦਾ ਹੈ। ਇਸ ਲਈ ਇਸ ਨੂੰ ਖਾਣ ਪੀਣ ਵਾਲਾ ਮਹੀਨਾ ਵੀ ਮੰਨਿਆ ਜਾਂਦਾ ਹੈ। ਕੱਤਕ ਦੀ ਮੱਸਿਆ ਨੂੰ ਦੇਸ਼ ਦਾ ਸਭ ਤੋਂ ਹਰਮਨ ਪਿਆਰਾ, ਰੰਗਾਰੰਗ ਤੇ ਰੋਸ਼ਨੀਆਂ ਭਰਿਆ ਤਿਉਹਾਰ ਦੀਵਾਲੀ ਆਉਂਦੀ ਹੈ। ਘਰ ਘਰ ਵਿਚ ਮਠਿਆਈਆਂ ਬਣਨ ਲਗਦੀਆਂ ਹਨ। ਖਾਂਦੇ ਪੀਂਦੇ ਘਰ ਲੱਡੂ ਜਾਂ ਪਿੰਨੀਆਂ ਬਣਾ ਕੇ ਰਖਦੇ ਹਨ। ਲਛਮੀ ਦੇ ਸਵਾਗਤ ਵਿਚ ਘਰ ਲਿੰਬੇ ਪੋਚੇ ਤੇ ਸ਼ਿੰਗਾਰੇ ਜਾਂਦੇ ਹਨ। ਇਸ ਤੋਂ ਪਹਿਲਾਂ ਸ਼ਰਾਧ ਆਉਂਦੇ ਹਨ ਜਦੋਂ ਬਾਹਮਣ ਬਿਠਾਏ ਜਾਂਦੇ ਹਨ। ਗੰਨੇ ਭੰਨ ਕਾਰਸੀ (ਇਕਾਦਸ਼ੀ) ਵੀ ਇਸੇ ਮਹੀਨੇ ਆਉਂਦੀ ਹੈ। ਮੱਕੀ ਦੀਆਂ ਛੱਲੀਆਂ ਤੇ ਬਾਜਰੇ ਦੇ ਸਿੱਟੇ ਇਸੇ ਮਹੀਨੇ ਭੁੰਨ ਕੇ ਖਾਧੇ ਜਾਂਦੇ ਹਨ। ਪਤੀਵਰਤਾ ਭਾਰਤੀ ਇਸਤਰੀ ਦਾ ਪ੍ਰਸਿਧ ਵਰਤ ਕਰਵਾ ਚੌਥ ਵੀ ਇਸੇ ਮਹੀਨੇ ਆਉਂਦਾ ਹੈ। ਪਤੀ ਦੀ ਸੁਖ ਮੰਗਣ ਲਈ ਔਰਤਾਂ ਸਾਰਾ ਦਿਨ ਕੁਝ ਨਹੀਂ ਖਾਂਦੀਆਂ, ਭੁਖਣ-ਭਾਣੀਆਂ ਦੁਪਹਿਰ ਨੂੰ ਪੁਰਾਣ ਦੀ ਕਥਾ ‘ਤੇ ਗੁਜ਼ਾਰਾ ਕਰਦੀਆਂ ਹਨ ਤੇ ਫਿਰ ਚੰਦਰਮਾ ਦੇਖ ਕੇ ਉਸ ਨੂੰ ਅਰਘ ਚੜ੍ਹਾਉਂਦੀਆਂ ਤੇ ਖੂਬ ਖਾ ਪੀ ਕੇ ਵਰਤ ਤੋੜਦੀਆਂ ਹਨ। ਕੱਤਕ ਦੀ ਪੂਰਨਮਾਸ਼ੀ ਨੂੰ ਗ੍ਰਹਿ ਬਹੁਤ ਸ਼ੁਭ ਮੰਨੇ ਜਾਂਦੇ ਹਨ। ਭਾਈ ਗੁਰਦਾਸ ਅਨੁਸਾਰ,
ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ॥
ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ॥
ਇਕ ਵਿਚਾਰ ਅਨੁਸਾਰ ਇਸੇ ਮਹੀਨੇ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਕਿਉਂਕਿ ਸ਼ੁਭ ਅਤੇ ਉਤਮ ਗ੍ਿਰਹ ਕਾਰਨ ਜੋਤਸ਼ੀਆਂ ਵਲੋਂ ਇਹ ਮਹੀਨਾ ਅਵਤਾਰੀ ਮਹਾਪੁਰਸ਼ਾਂ ਦੇ ਜਨਮ ਲਈ ਢੁਕਵਾਂ ਮੰਨਿਆ ਗਿਆ ਹੈ! ਗੁਰੂ ਨਾਨਕ ਨੇ ਆਪਣੇ ਬਾਰਾਮਾਹ ਵਿਚ ਇਸ ਸ਼ਬਦ ਦੀ ਇਸ ਤਰ੍ਹਾਂ ਵਰਤੋਂ ਕੀਤੀ ਹੈ, “ਕਤਿਕ ਕਿਰਤ ਪਇਆ ਜੋ ਪ੍ਰਭ ਭਾਇਆ॥” ਇਸ ਦਾ ਅਰਥ ਭਾਈ ਸਾਹਿਬ ਸਿੰਘ ਨੇ ਇਸ ਤਰ੍ਹਾਂ ਕੀਤਾ ਹੈ, “ਕੱਤਕ ਮਹੀਨੇ ਵਿਚ (ਕਿਸਾਨ ਨੂੰ ਮੁੰਜੀ ਮੱਕਈ ਆਦਿਕ ਦੀ ਸਾਵਣ ਦੀ ਕੀਤੀ ਕਮਾਈ ਮਿਲ ਜਾਂਦੀ ਹੈ ਤਿਵੇਂ ਹਰੇਕ ਜੀਵ ਨੂੰ ਆਪਣੇ) ਕੀਤੇ ਕਰਮਾਂ ਦਾ ਫਲ ਮਿਲ ਜਾਂਦਾ ਹੈ।” ਮੇਰੇ ਗਿਆਨ ਅਨੁਸਾਰ ਗੁਰੂ ਨਾਨਕ ਦੇ ਸਮੇਂ ਭਾਰਤ ਵਿਚ ਅਜੇ ਮੱਕਈ ਨਹੀਂ ਸੀ ਆਈ। ਇਸ ਬਾਰੇ ਪਹਿਲਾਂ ਖੋਲ੍ਹ ਕੇ ਲਿਖਿਆ ਜਾ ਚੁਕਾ ਹੈ। ਜ਼ਰਾ ਦੇਖ ਲਈਏ ਵਾਰਿਸ ਸ਼ਾਹ ਇਸ ਮਹੀਨੇ ਵਿਚ ਰਾਂਝੇ ਦਾ ਵਿਛੋੜਾ ਭੋਗਦੀ ਹੀਰ ਦੇ ਹਾਲ ਨੂੰ ਕਿਵੇਂ ਚਿਤਰਦਾ ਹੈ,
ਕਿਤੇ ਰਾਂਝਣਾ ਨਜ਼ਰ ਨਾ ਆਉਂਦਾ ਏ,
ਦਿਲ ਚਾਹੁੰਦਾ ਨਾ ਕਿਤੇ ਜਾਵਣੇ ਨੂੰ।
ਵਾਰਿਸ ਸ਼ਾਹ ਰੰਝੇਟੇ ਨੂੰ ਨਾਲ ਲੈ ਕੇ,
ਨਿਤ ਜਾਂਦੀ ਝਨਾਂ ਤੇ ਨ੍ਹਾਉਣੇ ਨੂੰ।
ਅਜੀਬ ਗੱਲ ਹੈ, ਕੱਤਕ ਦੀ ਸਰਦੀ ਵਿਚ ਹੀਰ ਰਾਂਝੇ ਨਾਲ ਝਨਾਂ ਵਿਚ ਨਹਾਉਣਾ ਲੋਚਦੀ ਹੈ। ਉਂਜ ਹਿੰਦੂ ਧਰਮ ਵਿਚ ਕਤਕ-ਇਸ਼ਨਾਨ ਦਾ ਮਹਾਤਮ ਹੈ।
ਕੱਤਕ ਦੇ ਮਹੀਨੇ ਹੀ ਆਕਾਸ਼ਾਂ ‘ਤੇ ਕੂੰਜਾਂ ਦੀਆਂ ਡਾਰਾਂ ਦਿਸਦੀਆਂ ਹਨ, “ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜਲੀਆ॥” -ਸ਼ੇਖ ਫਰੀਦ। ਸਾਇਬੇਰੀਆ ਦੇ ਬਰਫਾਨੀ ਮੌਸਮ ਤੋਂ ਬਚ ਕੇ ਇਹ ਪੰਛੀ ਡਾਰਾਂ ਬੰਨ੍ਹ ਕੇ ਭਾਰਤ ਵੱਲ ਨੂੰ ਪਰਵਾਸ ਕਰਦੇ ਹਨ। ਪਰ ਅੱਜ ਕਲ੍ਹ ਪੰਜਾਬ ਵਿਚ ਪ੍ਰਦੂਸ਼ਿਤ ਵਾਤਾਵਰਣ ਤੇ ਧਰਤ-ਚਿਤਰ ਵਿਚ ਢੇਰ ਤਬਦੀਲੀ ਕਾਰਨ ਅਨੇਕਾਂ ਪੰਛੀ ਅਲੋਪ ਹੋ ਗਏ ਹਨ। ਅਫਸੋਸ, ਕੂੰਜਾਂ ਦਾ ਪਰਵਾਸ ਵੀ ਬਹੁਤ ਘਟ ਗਿਆ ਹੈ। ਹੁਣ ਕੱਤਕ ਵੀ ਪੁਰਾਣਾ ਕੱਤਕ ਨਹੀਂ ਰਿਹਾ।
ਕੱਤਕ ਨੂੰ ਹਿੰਦੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਕਾਰਤਿਕ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਦਾ ਨਾਂ ਕ੍ਰਿਤਿੱਕਾ ਨਛਤਰ ਦੇ ਨਾਂ ‘ਤੇ ਪਿਆ ਹੈ। ਇਸ ਮਹੀਨੇ ਦੀ ਪੂਰਨਮਾਸ਼ੀ ਸਮੇਂ ਚੰਦਰਮਾ ਇਸ ਨਛੱਤਰ ਦੇ ਕੋਲ ਹੁੰਦਾ ਹੈ। ਇਸ ਦਾ ਸਵਾਮੀ ਸੂਰਜ ਅਤੇ ਰਾਸ਼ੀ ਸ਼ੁਕਰ ਹੈ। ਇਸ ਨੂੰ ਅੰਗਰੇਜ਼ੀ ਵਿਚ ਪਲੀਅਡੀਜ਼, ਫਾਰਸੀ ਵਿਚ ਪਰਵੀਨ ਤੇ ਅਰਬੀ ਵਿਚ ਸੋਰਾਯਾ ਕਿਹਾ ਜਾਂਦਾ ਹੈ। ਸੰਸਕ੍ਰਿਤ ਵਲੋਂ ਕਾਰਤਿਕ ਤੇ ਫਾਰਸੀ ਤੇ ਅਰਬੀ ਵਾਲੇ ਦੋਵੇਂ ਸ਼ਬਦ ਇਸਤਰੀਆਂ ਦੇ ਨਾਂ ਵਜੋਂ ਵੀ ਪ੍ਰਚਲਿਤ ਹਨ। ਯਾਦ ਕਰੋ, ਐਕਟਰੈਸ ਪਰਵੀਨ ਬੌਬੀ ਤੇ ਸੁਰੱਈਆ। ਹਰ ਸਭਿਅਤਾ ਵਿਚ ਇਸ ਨਛੱਤਰ ਦਾ ਮਹੱਤਵ ਦੇਖਿਆ ਗਿਆ ਹੈ। ਕ੍ਰਿਤਿੱਕਾ ਨਛੱਤਰ ਵਿਚ ਛੇ ਤਾਰੇ ਹੁੰਦੇ ਹਨ। ਇਹ ਧਰਤੀ ਦੇ ਸਭ ਤੋਂ ਨੇੜੇ ਵਾਲੇ ਤਾਰਾ-ਪੁੰਜਾਂ ਵਿਚੋਂ ਹੈ ਜੋ ਕਿ ਏਨਾ ਉਘੜਵਾਂ ਹੈ ਕਿ ਬਿਨਾ ਦੂਰਬੀਨ ਵੀ ਦੇਖਿਆ ਜਾ ਸਕਦਾ ਹੈ। ਇਸ ਨਛੱਤਰ ਨੂੰ ਅੱਗ ਦੀ ਲਾਟ ਦੇ ਰੂਪ ਵਿਚ ਵੀ ਕਲਪਿਆ ਜਾਂਦਾ ਹੈ ਅਤੇ ਚਾਕੂ ਦੀ ਧਾਰ ਦੀ ਤਰ੍ਹਾਂ ਵੀ। ਪੌਰਾਣਿਕ ਤੌਰ ‘ਤੇ ਇਸ ਦੇ ਤਾਰਿਆਂ ਨੂੰ ਕ੍ਰਿਤਿਕਾਵਾਂ ਕਿਹਾ ਜਾਂਦਾ ਹੈ ਜੋ ਭੈਣਾਂ ਸਨ। ਇਨ੍ਹਾਂ ਕ੍ਰਿਤਿਕਾਵਾਂ ਨੇ ਸ਼ਿਵ ਤੇ ਪਾਰਵਤੀ ਦੇ ਪੁੱਤਰ ਅਤੇ ਯੁਧ ਦੇਵਤਾ ਸਕੰਦ ਨੂੰ ਪਾਲਿਆ। ਇਸ ਕਰਕੇ ਇਨ੍ਹਾਂ ਪਾਲਣਹਾਰ ਦਾਈਆਂ ਨੂੰ ‘ਕ੍ਰਿਤਿਕਾਂ’ ਅਤੇ ਉਸਤਤ ਵਜੋਂ ਸਕੰਦ ਨੂੰ ‘ਕਾਰਤਿਕੇਯ’ (ਭਾਵ ਜਿਸ ਨੂੰ ‘ਕ੍ਰਿਤਿਕਾਂ’ ਨੇ ਪਾਲਿਆ) ਕਿਹਾ ਜਾਂਦਾ ਹੈ। ਕਾਰਤਿਕੇਯ ਜਾਂ ਸਕੰਦ ਛੇ-ਸਿਰਾ ਸੀ। ਇਸ ਤਰ੍ਹਾਂ ਹਰ ਪਾਲਣਹਾਰ ਮਾਂ ਦਾ ਦੁਧ ਚੁੰਘਣ ਲਈ ਇਸ ਦਾ ਵੱਖਰਾ ਮੂੰਹ ਸੀ। ਸਕੰਦ ਨੂੰ ਤਾਮਿਲ ਵਿਚ ਮੁਰੂਗਨ, ਸਭਰਾਮਨੀਆ ਜਾਂ ਸੇਂਤਿਲ ਕਿਹਾ ਜਾਂਦਾ ਹੈ ਤੇ ਇਸ ਦੀ ਪੂਜਾ ਕੀਤੀ ਜਾਂਦੀ ਹੈ। ਕੁਝ ਹੋਰ ਪੌਰਾਣਿਕ ਮਿਥਾਂ ਅਨੁਸਾਰ ਛੇ ਕ੍ਰਿਤਿਕਾਵਾਂ ਸਪਤਰਿਸ਼ੀ ਦੀਆਂ ਪਤਨੀਆਂ ਸਨ ਪਰ ਉਹ ਅਗਨੀ ਦੇਵਤੇ ‘ਤੇ ਮੋਹਿਤ ਹੋ ਗਈਆਂ, ਇਸ ਲਈ ਉਨ੍ਹਾਂ ਆਪਣੇ ਪਤੀ ਛੱਡ ਕੇ ਅਗਨੀ ਨਾਲ ਵਿਆਹ ਕਰ ਲਿਆ। ਸੱਤਵੀਂ ਪੂਰੀ ਸਤਿਆਵਤੀ ਸੀ, ਇਸ ਲਈ ਉਸ ਨੇ ਆਪਣੇ ਪਤੀ ਨੂੰ ਨਹੀਂ ਛੱਡਿਆ। ਗਰੀਕ ਮਿਥਹਾਸ ਵਿਚ ਵੀ ਇਸ ਨਾਲ ਮਿਲਦੇ ਜੁਲਦੇ ਆਖਿਆਨ ਹਨ।
ਕੱਤਕ ਸ਼ਬਦ ਦੀ ਵਿਉਤਪਤੀ ਦੋ ਤਰ੍ਹਾਂ ਕੀਤੀ ਜਾਂਦੀ ਹੈ। ਦੋਨਾਂ ਅਨੁਸਾਰ ‘ਕ੍ਰਿਤ’ ਅੰਸ਼ ਹੀ ਕ੍ਰਿਆਸ਼ੀਲ ਹੈ ਪਰ ਇਹ ਦੋ ਵੱਖੋ ਵੱਖਰੇ ਅਰਥਾਂ ਵਾਲੇ ਅੰਸ਼ ਹਨ। ਇਕ ਅਨੁਸਾਰ ਇਹ ‘ਕੱਟਣਾ’ ਦੇ ਅਰਥਾਂ ਵਾਲੇ ‘ਕ੍ਰਿਤ’ ਤੋਂ ਬਣਿਆ ਹੈ। ਇਸ ਧਾਤੂ ਤੋਂ ਕਾਤੀ (ਕੈਂਚੀ), ਕਤਰਾ, ਕਤਰਨੀ, ਕਤਾਰੀ ਆਦਿ ਸ਼ਬਦ ਬਣੇ ਹਨ। ਦਰਅਸਲ ਕੈਂਚੀ ਲਈ ਅੰਗਰੇਜ਼ੀ ਸ਼ਬਦ ਸਿਜ਼ਰ ਕਤਰਨੀ ਦਾ ਸੁਜਾਤੀ ਹੈ। ਇਕ ਭਾਰੋਪੀ ਮੂਲ ਹੈ ਕeਰ ਜਿਸ ਤੋਂ ਪ੍ਰਾਚੀਨ ਲਾਤੀਨੀ ਸ਼ਬਦ ਬਣਿਆ ਚਅeਦeਰe। ਇਸ ਮੂਲ ਦਾ ਅਰਥ ਕੱਟਣਾ, ਤਰਾਸ਼ਣਾ ਹੁੰਦਾ ਹੈ। ਇਹ ਮੂਲ ਪੁਰਾਣੀ ਫਰਾਂਸੀਸੀ ਵਿਚੀਂ ਲੰਘਦਾ ਹੋਇਆ ਦੋ ਅੰਗਰੇਜ਼ੀ ਸ਼ਬਦਾਂ ਦਾ ਨਿਰਮਾਤਾ ਬਣਿਆ: ਸਹeਅਰਸ ਅਤੇ ਸਚਸਿਸੋਰਸ। ਸਭ ਤੋਂ ਦਿਲਚਸਪ ਗੱਲ ਹੈ ਕਿ ਪ੍ਰਾਚੀਨ ਰੋਮ ਦੇ ਜੂਲੀਅਸ ਸੀਜ਼ਰ, ਜਰਮਨੀ ਦੇ ਸਮਰਾਟ ਕੈਸਰ, ਰੂਸ ਦੇ ਜ਼ਾਰ, ਪੋਲੈਂਡ ਦੇ ਕਰੋਲ ਅਤੇ ਹੰਗਰੀ ਦੇ ਕਰੋਲ ਦੀ ਇਸ ਸ਼ਬਦ ਨਾਲ ਸਾਂਝ ਦਰਸਾਈ ਜਾਂਦੀ ਹੈ। ਪਰ ਇਹ ਇਕ ਵਿਵਾਦੀ ਮੁੱਦਾ ਹੈ ਜਿਸ ਬਾਰੇ ਕਿਸੇ ਹੋਰ ਲੇਖ ਵਿਚ ਵੱਖਰੇ ਤੌਰ ‘ਤੇ ਚਰਚਾ ਕੀਤੀ ਜਾਵੇਗੀ। ਜਿਵੇਂ ਉਪਰ ਦੱਸਿਆ ਹੈ, ਕਾਰਤਿਕ ਨਛੱਤਰ ਦੀ ਸ਼ਕਲ ਚਾਕੂ ਦੀ ਧਾਰ ਜਿਹੀ ਵੀ ਕਲਪੀ ਗਈ ਹੈ। ਇਸ ਲਈ ਇਥੇ ਕੱਟਣ ਦੇ ਭਾਵ ਸਾਰਥਕ ਸਹੀ ਹੁੰਦੇ ਹਨ। ਕਾਰਤਿਕ ਨਛੱਤਰ ਯੁਧ ਦੇਵਤਾ ਨਾਲ ਸਬੰਧਤ ਹੋਣ ਕਾਰਨ ਇਸ ਨੂੰ ਬਰਛਾ, ਗਦਾ, ਤਲਵਾਰ ਅਤੇ ਹੋਰ ਹਥਿਆਰਾਂ ਨਾਲ ਲੈਸ ਕਲਪਿਆ ਗਿਆ ਹੈ। ਹਥਿਆਰਾਂ ਵਿਚ ਕੱਟਣ-ਵਢਣ ਦਾ ਭਾਵ ਉਭਰਦਾ ਹੈ।
ਦੂਜੇ ਪਾਸੇ ‘ਕ੍ਰਿਤ’ ਅੰਸ਼ ਦਾ ਅਰਥ ‘ਕੀਤਾ’ ਹੈ। ਕ੍ਰਿਤ ਦਾ ਅਰਥ ਕੰਮ ਵੀ ਹੈ। ਅਸਲ ਵਿਚ ਇਸ ਦਾ ਧਾਤੂ ‘ਕ੍ਰ’ ਹੈ ਜਿਸ ਦਾ ਅਰਥ ਕਰਨਾ ਹੁੰਦਾ ਹੈ। ਕਿਰਤੀ, ਕਰਮ, ਕਰਨਾ, ਕਿਰਿਆ, ਕਰੈ, ਵਿਕਰੀ, ਕਾਰਾ, ਕਰਤੂਤ, ਕਾਰਨਾਮਾ ਆਦਿ ਬੇਸ਼ੁਮਾਰ ਸ਼ਬਦ ਇਸ ਧਾਤੂ ਤੋਂ ਬਣੇ ਹਨ। ਵਰਤਮਾਨ ਪ੍ਰਸੰਗ ਵਿਚ ਇਸ ਦਾ ਸ਼ਾਬਦਿਕ ਅਰਥ ‘ਜੋ ਕੀਤਾ’ ਹੈ ਪਰ ਵਿਸਤ੍ਰਿਤ ਅਰਥ (ਜਿਸ ਨੇ ਰਾਖਸ਼ ਕੁਲ ਦਾ) ਨਾਸ ਕੀਤਾ ਦੱਸਿਆ ਜਾਂਦਾ ਹੈ। ਇਸ਼ਾਰਾ ਯੁਧ ਦੇਵਤਾ ‘ਕਾਰਤਿਕੇਯ’ ਵੱਲ ਹੈ। ਇਕ ਹੋਰ ਵਿਆਖਿਆ ਅਨੁਸਾਰ ਛੇ ਕ੍ਰਿਤਕਾਵਾਂ ‘ਕਾਰਤਿਕੇਯ’ ਦੀ ਵਿਭਿੰਨ ਪੱਧਰਾਂ ‘ਤੇ ਆਤਮਿਕ ਸ਼ੁਧੀ ਕਰਦੀਆਂ ਹਨ। ਨਿਰਣਾ ਕਰਨਾ ਮੁਸ਼ਕਿਲ ਹੈ ਕਿ ਇਸ ਸ਼ਬਦ ਵਿਚ ਕਿਹੜਾ ਧਾਤੂ ਕੰਮ ਕਰ ਰਿਹਾ ਹੈ। ਇਹ ਜ਼ਰੂਰ ਸੰਜੋਗ ਦੀ ਗੱਲ ਹੈ ਕਿ ਗੁਰੂ ਨਾਨਕ ਅਤੇ ਗੁਰੂ ਅਰਜਨ ਦੇ ਬਾਰਾਮਾਹਾਂ ਵਿਚ ਕੱਤਕ ਸ਼ਬਦ ਦੇ ਨਾਲ ਕੰਮ ਦੇ ਅਰਥਾਂ ਵਾਲੇ ਸ਼ਬਦ ਲੱਗੇ ਹੋਏ ਹਨ। ਗੁਰੂ ਨਾਨਕ ਦੇਵ ਦੀ ਤੁਕ ਵਿਚ ‘ਕਿਰਤ’ਅਤੇ ਗੁਰੂ ਅਰਜਨ ਦੇਵ ਦੀ ਤੁਕ ਵਿਚ ‘ਕਰਮ’,
ਕਤਿਕ ਕਰਮ ਕਮਾਵਣੇ
ਦੋਸੁ ਨ ਕਾਹੂ ਜੋਗੁ॥
ਪਰਮੇਸਰ ਤੇ ਭੁਲਿਆ
ਵਿਆਪਨਿ ਸਭੇ ਰੋਗ॥
Leave a Reply