ਪਾਸ਼ ਦੀਆਂ ਯਾਦਾਂ

ਰਵਿੰਦਰ ਸਹਿਰਾਅ
ਫੋਨ: 717-575-7529
ਪਾਸ਼ ਪੰਜਾਬੀ ਕਵਿਤਾ ਦੇ ਵਿਹੜੇ ਵਿਚ ਧਮਾਕੇ ਵਾਂਗ ਆਇਆ। ਇਸ ਧਮਾਕੇ ਦੀਆਂ ਧੁਨੀਆਂ ਇੰਨੀਆਂ ਜ਼ਬਰਦਸਤ ਸਨ ਕਿ ਕਈ ਦਹਾਕੇ ਦਿੱਲੀ-ਦੱਖਣ ਤੱਕ ਗੂੰਜਦੀਆਂ ਰਹੀਆਂ। ‘ਲੋਹ ਕਥਾ’ ਤੋਂ ਲੈ ਕੇ ‘ਸਾਡੇ ਸਮਿਆਂ ਵਿਚ’ ਤੱਕ ਲਿਜ਼ਲਿਜ਼ੀਆਂ ਤੇ ਕੱਚੀਆਂ-ਪਿੱਲੀਆਂ ਕਵਿਤਾਵਾਂ ਦੀਆਂ ਕੰਧਾਂ ਨਾਲ ਉਸਰੀਆਂ ਇਮਾਰਤਾਂ ਧੜੰਮ-ਧੜੰਮ ਕਰ ਕੇ ਡਿਗਦੀਆਂ ਦੇਖੀਆਂ ਜਾਂ ਸਕਦੀਆਂ ਹਨ ਪਰ ਮੇਰਾ ਮਤਲਬ ਇੱਥੇ ਉਸ ਦੀਆਂ ਕਾਵਿ ਟੁਕਾਂ ਨਾਲ ਵਰਕੇ ਭਰਨਾ ਨਹੀਂ, ਸਗੋਂ ਉਸ ਪਾਸ਼ ਬਾਰੇ ਗੱਲਾਂ ਕਰਨਾ ਹੈ ਜੋ ਸਾਧਾਰਨ ਪੰਜਾਬੀ ਮੁੰਡਾ ਸੀ, ਜੋ ਆਸਧਾਰਨ ਦ੍ਰਿਸ਼ਟੀ ਵਾਲਾ ਸੀ ਤੇ ਜਿਹੜਾ ਕਦੀ-ਕਦੀ ਨਟਖਟ, ਮਖੌਲੀਆ, ਯਾਰਾਂ ਨਾਲ ਮਿਲ ਕੇ ਬੱਕਰੇ ਬੁਲਾਉਣ ਵਾਲਾ ਸੀ। ਉਸ ਨਾਲ ਬਿਤਾਈਆਂ ਉਨ੍ਹਾਂ ਘੜੀਆਂ ਨੂੰ ਚੇਤੇ ਕਰਨਾ ਹੈ ਜੋ ਆਖਰੀ ਪਲਾਂ ਤੱਕ ਜ਼ਿਹਨ ‘ਚੋਂ ਵਿਸਾਰੀਆਂ ਨਹੀਂ ਜਾਣੀਆਂ।
ਉਹ ਕਵਿਤਾ ਨੂੰ ਮਾਸ਼ੂਕ ਵਾਂਗ ਸਮਝਦਾ ਸੀ। ਕਵਿਤਾ ਹੀ ਉਸ ਲਈ ਸਭ ਕੁਝ ਸੀ। ਚੰਗੀ ਕਵਿਤਾ ਖਾਸ ਕਰ ਕੇ ਲੋਕ ਰੰਗ ਦੀ ਕਵਿਤਾ ਲਿਖਣ ਵਾਲਿਆਂ ਦੀ ਉਹ ਰੱਜ ਕੇ ਤਾਰੀਫ ਵੀ ਕਰਦਾ ਤੇ ਕਵਿਤਾ ਦੇ ਨਾਂ ‘ਤੇ ਸਰਕਾਰੇ-ਦਰਬਾਰੇ ਧੌਂਸ ਬਣਾਈ ਬੈਠਿਆਂ ਨੂੰ ਟਿੱਚ ਸਮਝਦਾ। ਗੁਰਦਾਸ ਰਾਮ ਆਲਮ ਦਾ ਉਹ ਰੱਜ ਕੇ ਉਪਾਸ਼ਕ ਸੀ। ਤਾਰਾ ਸਿੰਘ ਦੀ ਸਰਾਹਨਾ ਕਰਦਾ, ਡਾæ ਹਰਿਭਜਨ ਸਿੰਘ ਨੂੰ ਸਿਆਣਾ ਕਵੀ ਮੰਨਦਾ ਪਰ ਜਗਤਾਰ ਤੇ ਮੀਸ਼ੇ ਨਾਲ ਘੱਟ ਬਣਦੀ। ਕਾਰਨ ਉਹਨੇ ਕਦੀ ਵੀ ਖੁੱਲ੍ਹ ਕੇ ਨਾ ਦੱਸਿਆ। ਪਾਤਰ ਤੇ ਉਦਾਸੀ ਦਾ ਉਹ ਪਹਿਲੀਆਂ ‘ਚ (ਜਦੋਂ ਲਹਿਰ ‘ਚ ਏਕਤਾ ਸੀ) ਹਮਸਫਰ ਤੇ ਪ੍ਰਸ਼ੰਸਕ ਸੀ ਪਰ ਬਾਅਦ ‘ਚ ਨਿੰਦਕ ਵੀ ਬਣਿਆ ਜਾਂ ਫਿਰ ਉਨ੍ਹਾਂ ਦਾ ਜ਼ਿਕਰ ਆਉਣ ‘ਤੇ ਉਸ ਚੁੱਪ ਕਰ ਜਾਣਾ, ਗੱਲ ਟਾਲ ਜਾਣਾ। ਇਵੇਂ ਹੀ ਉਹ ਅਮਰਜੀਤ ਚੰਦਨ, ਦਰਸ਼ਨ ਖਟਕੜ ਤੇ ਹਰਭਜਨ ਹਲਵਾਰਵੀ ਪ੍ਰਤੀ ਸੀ। ਉਸ ਨੇ ਇਨ੍ਹਾਂ ਤੋਂ ਵਿੱਥ ਬਣਾ ਲਈ ਸੀ। ਸ਼ਿਵ ਦੀ ਕਵਿਤਾ ਦੀ ਤਰੀਫ ਕਰਦਾ ਪਰ ਉਸ ਦੇ ਲਿਜ਼ਲਿਜ਼ੇ ਲਹਿਜ਼ੇ ਤੋਂ ਨਫ਼ਰਤ ਕਰਦਾ। ਇਕ ਵਾਰ ਜਲੰਧਰ ਜ਼ਿਲ੍ਹੇ ਦੇ ਜੰਡਿਆਲਾ ਕਾਲਜ ਵਿਚ ਪ੍ਰਿੰæ ਸੰਤ ਸਿੰਘ ਸੇਖੋਂ ਨੇ ਕਵੀ ਦਰਬਾਰ ਕਰਵਾਇਆ। ਜਗਤਾਰ ਤੇ ਪਾਸ਼ ਨੇ ਉਸ ਦੀ ਉਹ ਕੀਤੀ ਕਿ ਉਹ ਰੋਣ ਹਾਕਾ ਹੋ ਗਿਆ। ਬਾਅਦ ‘ਚ ਉਸ ਨੇ ਇਕਾ-ਦੁੱਕਾ ਖੁੱਲ੍ਹੀਆਂ ਇਨਕਲਾਬੀ ਰੰਗ ਦੀਆਂ ਨਜ਼ਮਾਂ ਵੀ ਲਿਖੀਆਂ।
ਪਾਸ਼ ਜੇਲ੍ਹ ‘ਚੋਂ ਬਾਹਰ ਆਇਆ ਤਾਂ ਉਸ ਦੀ ਮੰਗ ਇੰਨੀ ਵਧ ਗਈ ਕਿ ਪ੍ਰੇਸ਼ਾਨ ਹੋ ਜਾਂਦਾ। ਹਰ ਹਫ਼ਤੇ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਕਾਲਜ ਵਿਚ ਉਸ ਨੂੰ ਬੁਲਾਇਆ ਜਾਂਦਾ। ਅਸੀਂ ਵੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗੇ ਦੇ ਸ਼ਹੀਦਾਂ ਦੀ ਯਾਦ ਵਿਚ ਰਾਮਗੜ੍ਹੀਆ ਕਾਲਜ, ਫਗਵਾੜਾ ਵਿਚ ਪ੍ਰੋਗਰਾਮ ਰੱਖਿਆ। ਇਹ ਸ਼ਾਇਦ ਅਗਸਤ-ਸਤੰਬਰ 1973 ਦੀ ਗੱਲ ਹੈ। ਮੋਗਾ ਘੋਲ ਦੇ ਸ਼ਹੀਦ ਹਰਜੀਤ ਸਿੰਘ ਦੇ ਪਿਤਾ ਸੂਬੇਦਾਰ ਜਗੀਰ ਸਿੰਘ ਨੇ ਵੀ ਆਉਣਾ ਸੀ। ਇਨਕਲਾਬੀ ਕਵੀ/ਗਾਇਕ ਜੈਮਲ ਪੱਡਾ ਤੇ ਕੇਵਲ ਕੌਰ ਨੂੰ ਸੱਦਿਆ ਗਿਆ। ਉਦੋਂ ਸੈਲ ਫੋਨ ਜਾਂ ਈ-ਮੇਲ ਦਾ ਜ਼ਮਾਨਾ ਤਾਂ ਹੈ ਨਹੀਂ ਸੀ। ਅਸੀਂ ਜੰਡਿਆਲਾ-ਨਕੋਦਰ ਹੁੰਦੇ ਹੋਏ ਤਲਵੰਡੀ ਸਲੇਮ ਪਾਸ਼ ਦੇ ਪਿੰਡ ਪੁੱਜੇ ਪਰ ਉਹ ਜਲੰਧਰ ਗਿਆ ਹੋਇਆ ਸੀ। ਉਸ ਦੇ ਭਰਾ ਉਂਕਾਰ ਸਿੰਘ ਨੇ ਵਿਹੜੇ ਵਿਚ ਡੱਠੀ ਮੰਜੀ ‘ਤੇ ਬਿਠਾਇਆ। ਉਸ ਦੀ ਹੱਥਲਿਖਤ ਦੇ ਕੁਝ ਵਰਕੇ ਅਤੇ ਕਿਤਾਬਾਂ ਅਜੇ ਵੀ ਮੰਜੀ ਉਤੇ ਖਿਲਰੇ ਪਏ ਸਨ। ਚਾਹ ਪੀਣ ਤੋਂ ਬਾਅਦ ਅਸੀਂ ਆਪਣਾ ਸੁਨੇਹਾ ਦੇ ਕੇ ਪਰਤ ਆਏ। ਦਿਲ ਵਿਚ ਧੁੜਕੂ ਲੱਗਾ ਰਿਹਾ ਕਿ ਉਹ ਆਵੇਗਾ ਵੀ ਜਾਂ ਨਹੀਂ। ਅਸੀਂ ਇਸ਼ਤਿਹਾਰਾਂ ਵਿਚ ਉਸ ਦਾ ਨਾਂ ਵੀ ਦੇ ਦਿੱਤਾ ਸੀ।
ਪ੍ਰੋਗਰਾਮ ਵਾਲੇ ਦਿਨ ਸੂਬੇਦਾਰ ਜਗੀਰ ਸਿੰਘ ਸਭ ਤੋਂ ਪਹਿਲਾਂ ਪੁੱਜੇ; ਹਾਲਾਂਕਿ ਉਹ ਮੋਗੇ ਤੋਂ ਸਭ ਤੋਂ ਦੂਰੋਂ ਆਉਣ ਵਾਲਿਆਂ ‘ਚੋਂ ਸਨ। ਤਿੰਨਾਂ ਕਵੀਆਂ ‘ਚੋਂ ਅਜੇ ਤੱਕ ਕੋਈ ਨਹੀਂ ਸੀ ਆਇਆ। ਅੱਧਾ ਘੰਟਾ ਰਹਿ ਗਿਆ ਸੀ ਮਿੱਥੇ ਸਮੇਂ ਵਿਚ। ਮੈਂ ਕੁਝ ਵਿਦਿਆਰਥੀਆਂ ਨਾਲ ਮੁੱਖ ਗੇਟ ‘ਤੇ ਹਰ ਰੁਕਦੀ ਬੱਸ ਵੱਲ ਝਾਕ ਲਾਈ ਖੜ੍ਹਾ ਸੀ। ਵਿਰੋਧੀ ਗੁੱਟ ਦੇ ਕੁਝ ਸੰਜੀਦਾ ਆਗੂ ਵੀ ਬਾਹਰ ਗੇਟ ‘ਤੇ ਖੜ੍ਹੇ ਘੁਸਰ-ਮੁਸਰ ਕਰ ਰਹੇ ਸਨ। ਮੈਨੂੰ ਯਾਦ ਹੈ, ਮਰਹੂਮ ਗੁਰਦਰਸ਼ਨ ਬੀਕਾ ਹਲਕੇ ਜਿਹੇ ਬੋਲਾਂ ‘ਚ ਕਹਿ ਰਿਹਾ ਸੀ, “ਯਾਰ ਉਹ ਨਕਸਲੀਆਂ ਦਾ ਵੱਡਾ ਕਵੀ ਹੈ, ਹੁਣੇ-ਹੁਣੇ ਜੇਲ੍ਹੋਂ ਛੁੱਟਿਆ।” ਬੀਕਾ ਨਕਸਲੀ ਇਕਬਾਲ ਖਾਨ ਦਾ ਕਰੀਬੀ ਦੋਸਤ ਸੀ। ਦੋਹਾਂ ਦੇ ਘਰਦਿਆਂ ਦੀ ਪਰਿਵਾਰਕ ਸਾਂਝ ਬੜੀ ਲੰਮੀ ਸੀ। ਇਸ ਕਰ ਕੇ ਉਸ ਨੇ ਇਕਬਾਲ ਖਾਨ ਕੋਲੋਂ (ਜੋ ਪਾਸ਼ ਦੇ ਨਾਲ ਹੀ ਜਲੰਧਰ ਵਿਚ ਜੇਲ੍ਹ ਵਿਚ ਬੰਦ ਸੀ) ਪਾਸ਼ ਬਾਰੇ ਪਹਿਲਾਂ ਹੀ ਸਭ ਕੁਝ ਸੁਣਿਆ ਹੋਇਆ ਸੀ।
ਅਚਾਨਕ ਜੰਡਿਆਲੇ ਵਾਲੀ ਬੱਸ ਰੁਕੀ। ਕੁਝ ਜਨਾਨਾ ਸਵਾਰੀਆਂ ਤੋਂ ਬਾਅਦ ਦੋ-ਤਿੰਨ ਮੁੰਡੇ ਕਾਹਲੀ ਨਾਲ ਉਤਰ ਕੇ ਗੇਟ ਵੱਲ ਵਧੇ। ਇਕ ਫੁਰਤੀਲੇ ਮੁੰਡੇ ਨੇ ਸਾਡੇ ਵੱਲ ਦੇਖਿਆ। ਇਹ ਪਾਸ਼ ਸੀ। ਅਸੀਂ ਧਾਹ ਗਲਵਕੜੀ ਪਾਈ। ਸਾਡੇ ਸਾਹ ‘ਚ ਸਾਹ ਆਇਆ। ਹਜ਼ਾਰਾਂ ਲੋਕਾਂ ਦੀਆਂ ਧੜਕਣਾਂ ਬਣਿਆ ਪਾਸ਼ ਸਾਡੇ ਵਿਚਕਾਰ ਸੀ। ਮੈਂ ਕੇਵਲ ਕੌਰ ਤੇ ਪੱਡੇ ਦੇ ਨਾ ਪਹੁੰਚਣ ਬਾਰੇ ਦੱਸਿਆ। ਉਸ ਨੇ ਕਿਹਾ, “ਕੋਈ ਗੱਲ ਨਹੀਂ, ਆਪਾਂ ਪ੍ਰੋਗਰਾਮ ਸ਼ੁਰੂ ਕਰੀਏ। ਅਸੀਂ ਵੀ ਲੇਟ ਹੋ ਗਏ ਆਂ। ਉਹ ਵੀ ਆAੁਂਦੇ ਈ ਹੋਣਗੇ।”
ਪ੍ਰੋਗਰਾਮ ਵਾਲੇ ਹਾਲ ਵਿਚ ਤਿਲ ਧਰਨ ਲਈ ਥਾਂ ਨਹੀਂ ਸੀ। ਸਥਾਨਕ ਆਗੂਆਂ ਤੇ ਕਲਾਕਾਰਾਂ ਤੋਂ ਬਾਅਦ ਅਸੀਂ ਬਾਪੂ ਜਗੀਰ ਸਿੰਘ ਨੂੰ ਕੁਝ ਸ਼ਬਦ ਕਹਿਣ ਲਈ ਬੁਲਾਇਆ। ਉਨ੍ਹਾਂ 15-20 ਮਿੰਟ ਬੋਲ ਕੇ ਮਾਹੌਲ ਗਮਗੀਨ ਬਣਾ ਦਿੱਤਾ। ਸ਼ਹੀਦ ਹਰਜੀਤ ਦੀਆਂ ਗੱਲਾਂ ਉਸ ਦੇ ਬਾਪ ਤੋਂ ਸੁਣਦੇ-ਸੁਣਦੇ ਵਿਦਿਆਰਥੀ ਬੜੀ ਰੀਝ ਨਾਲ ਉਨ੍ਹਾਂ ਵੱਲ ਦੇਖ ਰਹੇ ਸਨ। ਦਰਅਸਲ ਉਦੋਂ ਸਾਰੇ ਪੰਜਾਬ ਦਾ ਵਿਦਿਆਰਥੀ ਹੀ ਉਨ੍ਹਾਂ ਨੂੰ ਬਾਪ ਵਾਂਗ ਪਿਆਰ ਕਰਦਾ ਸੀ। ਮੋਹਰਲੀਆਂ ਕਤਾਰਾਂ ਵਿਚ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਵੀ ਬੜੀ ਉਤਸੁਕਤਾ ਨਾਲ ਸੁਣ ਰਿਹਾ ਸੀ।
ਹੁਣ ਪਾਸ਼ ਸਟੇਜ ‘ਤੇ ਸੀ। ਆਪਣੇ ਅਨੋਖੇ ਅੰਦਾਜ਼ ਵਿਚ ਉਸ ਨੇ ਮਾਈਕ ਨੂੰ ਇਧਰ-ਉਧਰ ਹਿਲਾਇਆ। ਹਲਕੇ ਜਿਹੇ ਖੰਗੂਰੇ ਨਾਲ ਨੱਕੋ-ਨੱਕ ਭਰੇ ਹਾਲ ਵੱਲ ਨਜ਼ਰ ਮਾਰੀ। ਉਪਰ ਲਾਇਬ੍ਰੇਰੀ ਦੀ ਬਾਲਕੋਨੀ ਵੀ ਭਰੀ ਹੋਈ ਸੀ। ਉਸ ਦੇ ਹੱਥ ਵਿਚ ਕੋਈ ਕਾਗ਼ਜ਼ ਜਾਂ ਕਿਤਾਬ ਨਹੀਂ ਸੀ। ਹਾਲ ਵਿਚ ਸੰਨਾਟਾ ਸੀ। ਪਾਸ਼ ਕਵਿਤਾ ਸੁਣਾ ਰਿਹਾ ਸੀæææ ਇਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀæææ। ਕਵਿਤਾ ਮੁੱਕਦੀ, ਤਾੜੀਆਂ ਨਾਲ ਹਾਲ ਗੂੰਜ ਉਠਦਾ। ਤਾੜੀਆਂ ਮੁੱਕਦੀਆਂ, ਫਿਰ ਕਵਿਤਾ ਸ਼ੁਰੂ ਹੋ ਜਾਂਦੀ। ਕਵਿਤਾ ਮੁੱਕਦੀ ਤਾੜੀਆਂ ਸ਼ੁਰੂ ਹੋ ਜਾਂਦੀਆਂ। ਕਵਿਤਾ-ਤਾੜੀਆਂ। ਤਾੜੀਆਂ-ਕਵਿਤਾ। ਇਹ ਸਿਲਸਿਲਾ ਲਗਾਤਾਰ 45 ਮਿੰਟ ਜਾਰੀ ਰਿਹਾ। ਇਹ ਅਨੂਠਾ ਅਨੁਭਵ ਸੀ। ਬਾਅਦ ਵਿਚ ਪਾਸ਼ ਨੇ ਇਸ ਦਾ ਜ਼ਿਕਰ ਆਪਣੀ ਡਾਇਰੀ ਵਿਚ ਵੀ ਕੀਤਾ।
ਪ੍ਰੋਗਰਾਮ ਸਮਾਪਤ ਹੋਇਆ। ਜੈਮਲ ਪੱਡਾ ਤੇ ਕੇਵਲ ਕੌਰ ਅਜੇ ਵੀ ਗੈਰ-ਹਾਜ਼ਰ ਸਨ। ਮੁੰਡੇ-ਕੁੜੀਆਂ ਨੇ ਪਾਸ਼ ਨੂੰ ਘੇਰ ਲਿਆ। ਹਰ ਕੋਈ ਉਸ ਦੇ ਮੂੰਹੋਂ ਸ਼ਬਦ ਸੁਣਨ ਲਈ ਉਤਾਵਲਾ ਸੀ। ਮਸਾਂ-ਮਸਾਂ ਉਸ ਨੂੰ ਭੀੜ ‘ਚੋਂ ਕੱਢ ਕੇ ਅਸੀਂ ਕੁਝ ਖਾਣ-ਪੀਣ ਲਈ ਕੰਟੀਨ ਵੱਲ ਵਧ ਰਹੇ ਸਾਂ ਜਿਥੇ ਬਲਬੀਰ ਸਿੰਘ (ਚਹੇੜੂ) ਨੇ ਸਾਰਾ ਪ੍ਰਬੰਧ ਆਪਣੇ ਖਰਚ ‘ਤੇ ਕੀਤਾ ਹੋਇਆ ਸੀ। ਬਲਬੀਰ ਸਾਡਾ ਤਕੜਾ ਸਮਰਥਕ ਸੀ। ਕੀ ਦੇਖਦੇ ਹਾਂ, ਕੇਵਲ ਕੌਰ ਤੇ ਜੈਮਲ ਪੱਡਾ ਵੀ ਆ ਰਹੇ ਸਨ। ਕੇਵਲ ਕੌਰ ਨੇ ਪਾਸ਼ ਨੂੰ ਕਲਾਵੇ ਵਿਚ ਲੈ ਕੇ ਉਸ ਦਾ ਮੱਥਾ ਚੁੰਮਿਆ। ਉਨ੍ਹਾਂ ਇਕੱਠਿਆਂ ਜੇਲ੍ਹ ਕੱਟੀ ਸੀ। ਅੰਤਾਂ ਦਾ ਮੋਹ ਸੀ, ਉਸ ਨੂੰ ਪਾਸ਼ ਨਾਲ। ਜੈਮਲ ਕਹਿੰਦਾ, “ਰਵਿੰਦਰ ਅਸੀਂ ਥੋੜ੍ਹਾ ਲੇਟ ਹੋ ਗਏ ਆਂ।” ਮੈਂ ਉਸ ਵੱਲ ਦੇਖ ਕੇ ਹੱਸ ਛੱਡਿਆ।
“ਚਲੋ ਪਹਿਲਾਂ ਚਾਹ-ਪਾਣੀ ਪੀਈਏ, ਫਿਰ ਬੈਠ ਕੇ ਗੱਲ ਕਰਦੇ ਆਂ।” ਮੈਂ ਕਿਹਾ।
ਦਰਅਸਲ ਪਾਸ਼ ਨੇ ਸਾਰਾ ਪ੍ਰੋਗਰਾਮ ਇਸ ਤਰ੍ਹਾਂ ਕੀਲ੍ਹ ਕੇ ਰੱਖਿਆ ਸੀ ਕਿ ਸਾਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਦੀ ਭਿਣਕ ਵੀ ਨਾ ਪਈ। ਚਾਹ ਪੀਂਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਤਾਂ ਸੋਚਦੇ ਸੀ, ਕਾਲਜਾਂ ਦੇ ਪ੍ਰੋਗਰਾਮ ਮਿੱਥੇ ਸਮੇਂ ਤੋਂ ਲੇਟ ਹੀ ਸ਼ੁਰੂ ਹੁੰਦੇ ਨੇ। ਖ਼ੈਰæææ ਸ਼ਾਮ ਢਲ ਚੁੱਕੀ ਸੀ। ਸਾਡਾ 20-25 ਜਣਿਆਂ ਦਾ ਗਰੁਪ ਉਨ੍ਹਾਂ ਨੂੰ ਪੈਦਲ ਚੱਲ ਕੇ ਹੀ ਬੱਸ ਅੱਡੇ ਜਾ ਕੇ ਵਿਦਾ ਕਰ ਆਇਆ।
1974 ਤੋਂ 1978 ਤੱਕ ਦੇ ਸਾਲ ਸਾਡੇ ਸਾਰਿਆਂ ਲਈ ਪੁਲਿਸ ਨਾਲ ਲੁਕਣ-ਮੀਟੀ ਖੇਡਣ ਅਤੇ ਜੇਲ੍ਹਾਂ ਵਿਚ ਗੁਜ਼ਾਰਨ ਵਾਲੇ ਸਨ। ਬਹੁਤੇ ਆਗੂ ਐਮਰਜੈਂਸੀ ਕਾਰਨ ਰੂਪੋਸ਼ ਹੋ ਗਏ ਸਨ ਜਾਂ ਫੜੇ ਗਏ ਸਨ। 1981 ਦੀਆਂ ਭਰ ਗਰਮੀਆਂ। ਜੁਲਾਈ-ਅਗਸਤ ਦੇ ਹੁੰਮਸ ਭਰੇ ਦਿਨ। ਮੈਂ ਖਾਲਸਾ ਕਾਲਜ ਜਲੰਧਰੋਂ ਪਿੰਡ ਆ ਕੇ ਘਰ ਆਰਾਮ ਕਰ ਰਿਹਾ ਸੀ। ਮਾਤਾ ਉਨ੍ਹੀਂ ਦਿਨੀਂ ਭੈਣ ਕੋਲ ਅਮਰੀਕਾ ਆਈ ਹੋਈ ਸੀ। ਘਰਵਾਲੀ ਕਾਲਜੋਂ ਸਿੱਧੀ ਫਗਵਾੜੇ ਆਪਣੇ  ਮਾਪਿਆਂ ਕੋਲ ਚਲੀ ਗਈ। ਘਰੇ ਮੈਂ ਇਕੱਲਾ ਹੀ ਸੀ। ਅਚਾਨਕ ਦਰਵਾਜ਼ੇ ਦੀ ਘੰਟੀ ਖੜਕੀ। ਅੱਗੇ ਜਸਵੰਤ ਖਟਕੜ ਤੇ ਪਰਮਜੀਤ ਦੇਹਲ ਖੜ੍ਹੇ ਸਨ। ਥੋੜ੍ਹੇ-ਥੋੜ੍ਹੇ ਸਰੂਰ ਵਿਚ ਲੱਗਦੇ ਸਨ। ਕਹਿੰਦੇ, “ਫਟਾ ਫਟ ਕਰ ਆਪਾਂ ਜ਼ਰੂਰੀ ਕੰਮ ਜਾਣਾ।” ਫਗਵਾੜੇ ਤੋਂ ਉਨ੍ਹਾਂ ਕਾਰ ਕਿਰਾਏ ‘ਤੇ ਲੈ ਆਂਦੀ ਸੀ। ਪਿੰਡ ਦੀ ਡਿਉੜੀ ਕੋਲ ਆ ਕੇ ਕਹਿੰਦੇ, “ਆਪਾਂ ਪਾਸ਼ ਕੋਲ ਚੱਲਣਾ।” ਅਸੀਂ ਪਿੰਡਾਂ ਵਿਚਲੇ ਨੇੜਲੇ ਰਾਹਾਂ ਥਾਣੀਂ ਉਗੀ ਪਹੁੰਚ ਗਏ। ਅੱਗਿਓਂ ਪਾਸ਼ ਨਾਲ ਵੀ ਉਵੇਂ ਹੀ ਕੀਤਾ ਜਿਵੇਂ ਮੇਰੇ ਨਾਲ।
ਪਾਸ਼ ਨੇ ਕਿਹਾ, “ਚਲੋ ਲਖਵਿੰਦਰ ਉਗੀ ਨੂੰ ਵੀ ਨਾਲ ਲੈ ਲਈਏ। ਨਾਲੇ ਦੱਸੋ ਤਾਂ ਸਹੀ ਚੱਲੇ ਕਿੱਥੇ ਆਂ ਤੇ ਕੰਮ ਕੀ ਆ?” ਦੇਹਲ ਕਹਿੰਦਾ, “ਆਪਾਂ ਚਾਚਾ ਜੀ ਕੋਲ ਭੁਲੱਥ ਚੱਲਣਾ, ਉਸ ਤੋਂ ਫੰਡ ਲੈਣਾ ਆ।” ਉਸ ਦਾ ਚਾਚਾ ਉਥੇ ਤਹਿਸੀਲਦਾਰ ਲੱਗਾ ਹੋਇਆ ਸੀ। ਰਸਤੇ ਵਿਚ ਇਕ-ਦੋ ਜਗ੍ਹਾ ਰੁਕ ਕੇ ਦਾਰੂ-ਪਾਣੀ ਦਾ ਹੋਰ ਪ੍ਰਬੰਧ ਕੀਤਾ। ਭੁਲੱਥ ਪਹੁੰਚੇ ਤਾਂ ਸ਼ਾਮ ਢਲ ਚੁੱਕੀ ਸੀ। ਉਪਰੋਂ ਜ਼ਬਰਦਸਤ ਬਰਸਾਤ ਸ਼ੁਰੂ ਹੋ ਗਈ। ਪਾਸ਼ ਨੂੰ ਯਾਦ ਆਇਆ, ਇੱਥੇ ਨੇੜੇ ਈ ਅਮਿਤੋਜ ਦਾ ਡੇਰਾ ਹੈ। ਉਹ ਘਰੇਲੂ ਮੁਸ਼ਕਿਲਾਂ ਕਾਰਨ ਡਿਪਰੈਸ਼ਨ ਵਿਚ ਸੀ ਅਤੇ ਚੰਡੀਗੜ੍ਹੋਂ ਯੂਨੀਵਰਸਿਟੀ ਛੱਡ ਕੇ ਪਿੰਡ ਹੀ ਡੇਰੇ ‘ਚ ਡੇਰਾ ਲਾਈ ਬੈਠਾ ਸੀ ਪਰ ਕੱਚੇ ਰਾਹ ਕਾਰ ਤਾਂ ਜਾਣੀ ਮੁਸ਼ਕਿਲ ਸੀ। ਕਾਰ ‘ਚ ਹੀ ਰੱਖੇ ਗਲਾਸਾਂ ‘ਚ ਕਾਹਲੀ-ਕਾਹਲੀ ਸੋਮ ਰਸ ਪਾ ਕੇ ਪੈਦਲ ਹੀ ਉਸ ਦੇ ਡੇਰੇ ਵੱਲ ਚੱਲ ਪਏ। ਤਹਿਸੀਲਦਾਰ ਤੋਂ ਫੰਡ ਲੈਣ ਵਾਲੀ ਗੱਲ ਹੁਣ ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਸੀ। ਨ੍ਹੇਰਾ ਉਤਰ ਆਇਆ ਸੀ। ਦਾਰੂ ਸਿਰ ਚੜ੍ਹ ਕੇ ਬੋਲਣ ਲੱਗ ਪਈ। ਝੋਨਿਆਂ ਦੀ ਵੱਟੋ-ਵੱਟ ਡਿਗਦੇ-ਢਹਿੰਦੇ ਵਰਦੇ ਮੀਂਹ ‘ਚ ਮਸਤੀ ਕਰਦੇ ਅਸੀਂ ਸਾਰੇ ਜਹਾਨ ਨੂੰ ਭੁੱਲ ਚੁੱਕੇ ਸਾਂ। ਪਾਸ਼ ਨੇ ਬੋਲੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਚ-ਵਿਚ ਉਹ ਆਪਣੀ ਮਸ਼ੂਕ ਦਾ ਨਾਂ ਲੈ-ਲੈ ਕੇ ਉਚੀ-ਉਚੀ ਆਵਾਜ਼ਾਂ ਮਾਰਦਾ। ਹਰ ਕੋਈ ਜੱਭਲੀਆਂ ਮਾਰ ਰਿਹਾ ਸੀ। ਸਾਹਮਣੇ ਅਮਿਤੋਜ ਦਾ ਡੇਰਾ ਸੀ। ਉਨ੍ਹਾਂ ਸੋਚਿਆ ਕਿ ਸ਼ਾਇਦ ਕੋਈ ਹਮਲਾ ਕਰਨ ਆ ਰਿਹਾ ਹੈ। ਅਮਿਤੋਜ ਦੀ ਘਰੇਲੂ ਝਗੜੇ ਕਾਰਨ ਦੁਸ਼ਮਣੀ ਵੀ ਚੱਲ ਰਹੀ ਸੀ। ਉਹ ਬੰਦੂਕਾਂ ਫੜੀ ਤਿਆਰ-ਬਰ-ਤਿਆਰ ਖੜ੍ਹੇ ਸਨ। ਪਾਸ਼ ਨੇ ਜ਼ੋਰ ਨਾਲ ਉਚੀ ਦੇਣੀ ਫਿਰ ਕਿਹਾ, “ਉਏ ਅਮਿਤੋਜ ਮੇਰੇ ਯਾਰæææਮੈਂ ਪਾਸ਼। ਨਾਲ ਜਸਵੰਤ ਵੀæææਅਸੀਂ ਆਏ ਆਂ ਆਪਣੇ ਯਾਰæææਨੂੰ ਮਿਲਣ।”
ਘੰਟਾ ਡੂਢ ਘੰਟਾ ਬੈਠਣ ਤੋਂ ਬਾਅਦ ਪਾਸ਼ ਨੇ ਜ਼ੋਰ ਪਾਇਆ, “ਚਲੋ ਉਠੋ ਬਈ ਆਪਾਂ ਵਾਪਸ ਜਾਣਾ।” ਅਮਿਤੋਜ ਨੇ ਬਥੇਰਾ ਕਿਹਾ ਕਿ ਨ੍ਹੇਰੀ ਰਾਤ, ਉਤੋਂ ਜ਼ੋਰਦਾਰ ਬਰਸਾਤ, ਰਾਤ ਰੁਕ ਜਾਉ। ਸਾਜਰੇ ਉਠ ਕੇ ਚਲੇ ਜਾਇਉ।” ਪਰ ਨਹੀਂ। ਉਥੋਂ ਚੱਲੇ, ਅੱਧੀ ਰਾਤ ਜਲੰਧਰ ਲਾਗੇ ਪਹੁੰਚੇ ਤਾਂ ਪਾਸ਼ ਕਹਿੰਦਾ, “ਚਲੋ ਕੇਵਲ ਕੌਰ ਹੋਰਾਂ ਨੂੰ ਮਿਲ ਚੱਲੀਏ।” ਜਾ ਉਹਦਾ ਦਰਵਾਜ਼ਾ ਖੜਕਾਇਆ। ਉਹ ਵਿਚਾਰੀ ਹੈਰਾਨ-ਪ੍ਰੇਸ਼ਾਨ ਕਿ ਇਨ੍ਹਾਂ ਨੂੰ ਅੱਧੀ ਰਾਤੇ ਕਿਹੜੀ ਆਫ਼ਤ ਆ ਗਈ। ਫਿਰ ਦੇਖੋ, ਬਿਨਾਂ ਅੰਦਰ ਗਿਆਂ ਹੀ ਉਹਨੂੰ ਕਹਿਣ ਲੱਗੇ, “ਚਲੋ ਫਿਰ ਸਵੇਰੇ ਮਿਲਾਂਗੇ, ਹੁਣ ਤੁਹਾਨੂੰ ਕੀ ਪ੍ਰੇਸ਼ਾਨ ਕਰਨਾ।” ਉਹ ਹੱਕੀ-ਬੱਕੀ ਖੜ੍ਹੀ ਦੇਖੀ ਜਾਵੇ। ਡਰਾਈਵਰ ਨੂੰ ਕਹਿੰਦੀ, “ਇਨ੍ਹਾਂ ਨੂੰ ਘਰੋ-ਘਰੀ ਪਹੁੰਚਾ ਦੇ ਮੇਰਾ ਵੀਰ।” ਤੜਕੇ ਚਾਰ-ਪੰਜ ਵਜੇ ਅਸੀਂ ਆਪੋ-ਆਪਣੇ ਘਰ ਪਹੁੰਚੇ।
ਇਨ੍ਹੀਂ ਦਿਨੀਂ ਪਾਸ਼ ਆਰਥਿਕ ਤੰਗੀ ਨਾਲ ਦੋ-ਚਾਰ ਹੋ ਰਿਹਾ ਸੀ। ਅਸੀਂ ਕੁਝ ਦੋਸਤਾਂ ਨਾਲ ਮਿਲ ਕੇ ਸਲਾਹ ਕੀਤੀ ਕਿ ਕੋਈ ਛੋਟਾ-ਮੋਟਾ ਪ੍ਰੋਗਰਾਮ ਕਰ ਕੇ ਇਸ ਦੀ ਮਦਦ ਕੀਤੀ ਜਾਵੇ। ਸਕੂਲ ਹੀ ਉਸ ਦੀ ਆਮਦਨ ਦਾ ਜ਼ਰੀਆ ਸੀ। ਪ੍ਰੋਗਰਾਮ ਤੋਂ ਮਿਲੇ ਪੈਸੇ (ਬਹੁਤੇ ਤਾਂ ਕੁਝ ਵੀ ਨਹੀਂ ਸੀ ਦਿੰਦੇ) ਤਾਂ ਬੱਸਾਂ ਦੇ ਭਾੜਿਆਂ ਵਿਚ ਹੀ ਨਿਕਲ ਜਾਂਦੇ ਸਨ। ਸ਼ਾਇਦ ਫਰਵਰੀ 1981 ਦੀ ਗੱਲ ਹੈ। ਅਸੀਂ ਜਲੰਧਰ ਛਾਉਣੀ ਪ੍ਰੋਗਰਾਮ ਰੱਖ ਲਿਆ। ਹੁਣ ਵਾਲਾ ਅਕਾਲੀ ਆਗੂ ਪਰਮਜੀਤ ਸਿੰਘ ਰਾਏਪੁਰ ਉਨ੍ਹੀਂ ਦਿਨੀਂ ਸਾਡਾ ਸਮਰਥਕ ਹੁੰਦਾ ਸੀ। ਮੇਰੇ ਨਾਲ ਹੀ ਉਹ ਵੀ ਇਕ ਦਿਨ ਅੱਗੜ-ਪਿੱਛੜ ਪਿੰਡ ਦਾ ਸਰਪੰਚ ਚੁਣਿਆ ਗਿਆ ਸੀ। 1978 ਵਾਲੀਆਂ ਚੋਣਾਂ ਵਿਚ ਉਧਰ ਪਿੰਡ ਮਹੇੜੂ (ਟਿੱਬੀ) ਤੋਂ ਸਾਡੇ ਪਰਿਵਾਰ ਦੇ ਜਾਣੂ ਇਕ ਦਾਨੇ ਪੁਰਸ਼ ਗੁਰਬਚਨ ਸਿੰਘ ਵੀ ਕੈਨੇਡਾ ਤੋਂ ਪਿੰਡ ਆਏ ਹੋਏ ਸਨ। ਉਨ੍ਹਾਂ ਮੈਨੂੰ 500 ਰੁਪਏ ਦੇ ਦਿੱਤੇ। ਹੁਣ ਮਾਮਲਾ ਪਾਸ਼ ਨੂੰ ਮਨਾਉਣ ਦਾ ਸੀ। ਮੈਂ ਉਗੀ ਗਿਆ। ਅਸੀਂ ਅੱਡੇ ਵਿਚ ਬੈਠੇ ਚਾਹ ਪੀਂਦਿਆਂ ਗੱਲ ਛੇੜੀ। ਮਾਸਟਰ ਧਰਮਪਾਲ ਕਿਤੇ ਗਏ ਹੋਏ ਸਨ। ਲਖਵਿੰਦਰ ਉਥੇ ਹੀ ਸੀ। ਇਨ੍ਹਾਂ ਦੀ ਗੱਲ ਉਹ ਘੱਟ ਹੀ ਟਾਲਦਾ ਸੀ। ਖ਼ੈਰæææਉਹ ਮੰਨ ਗਿਆ। ਕਹਿਣ ਲੱਗਾ ਸ਼ਮਸ਼ੇਰ ਸੰਧੂ ਨੂੰ ਜ਼ਰੂਰ ਸੱਦਣਾ, ਤੁਸੀਂ ਛੇਤੀ ਉਹਨੂੰ ਸੁਨੇਹਾ ਭੇਜੋ। ਮੈਂ ਪੋਸਟ ਕਾਰਡ ਪਾ ਦਿੱਤਾ ਪਰ ਸ਼ਮਸ਼ੇਰ ਸੰਧੂ ਦਾ ਜਵਾਬ ਆ ਗਿਆ ਕਿ ‘ਪੰਜਾਬੀ ਟ੍ਰਿਬਿਊਨ’ ਦੇ ਰੁਝੇਵਿਆਂ ਕਾਰਨ ਐਤਵਾਰ ਉਹਦਾ ਆਉਣਾ ਮੁਸ਼ਕਿਲ ਹੈ। ਫਿਰ ਕਹਿੰਦਾ ਕਿ ਚਲੋ ਕੰਬੋਜ ਨੂੰ ਬੁਲਾ ਲਿਉ। ਖ਼ੈਰæææਪ੍ਰੋਗਰਾਮ ਛੋਟਾ ਪਰ ਬੜਾ ਵਧੀਆ ਹੋਇਆ। ਸਬੱਬੀਂ ਇਸੇ ਸਕੂਲ ਵਿਚ ਪਾਸ਼ ਕਦੇ ਪੜ੍ਹਦਾ ਰਿਹਾ ਸੀ। ਜਲੰਧਰ ਦੂਰਦਰਸ਼ਨ ਤੋਂ ਲਖਵਿੰਦਰ ਜੌਹਲ, ਸਵੀਤੋਜ ਰੇਡੀਓ ਤੋਂ ਦਵਿੰਦਰ ਜੌਹਲ ਸਮੇਤ ਲੇਖਕ ਸਭਾ ਦੇ ਕਾਫ਼ੀ ਬੰਦੇ ਪਹੁੰਚੇ।
ਇਨ੍ਹੀਂ ਦਿਨੀਂ ਮੈਂ ਖਾਲਸਾ ਕਾਲਜ ਜਲੰਧਰ ਐਮæਏæ ਕਰ ਰਿਹਾ ਸੀ ਤਾਂ ਅਸੀਂ ਸਲਾਹ ਕੀਤੀ ਕਿ ਕੋਈ ਵਧੀਆ ਜਿਹਾ ਕਵੀ ਦਰਬਾਰ ਕਰਵਾਇਆ ਜਾਵੇ। ਪ੍ਰੋæ ਨਰਿੰਜਣ ਢੇਸੀ ਤੇ ਨਰਜੀਤ ਖਹਿਰਾ ਨੇ ਬਾਕੀ ਸਾਰੇ ਕਵੀਆਂ ਦੀ ਜ਼ਿੰਮੇਵਾਰੀ ਤਾਂ ਲੈ ਲਈ ਪਰ ਪਾਸ਼ ਬਾਰੇ ਕਹਿੰਦੇ ਕਿ ਜੇ ਤੂੰ ਉਹਨੂੰ ਲਿਆ ਸਕਦਾ ਏ ਤਾਂ ਸੱਦ ਲੈ। ਪਾਸ਼ ਅਜਿਹੇ ਪ੍ਰੋਗਰਾਮਾਂ ਤੋਂ ਅੱਕ ਚੁੱਕਾ ਸੀ ਪਰ ਉਹਨੇ ਸਾਡਾ ਮਾਣ ਰੱਖ ਲਿਆ। ਯਾਦਗਾਰੀ ਕਵੀ ਦਰਬਾਰ ਸੀ ਇਹ। ਪਹਿਲੀ ਵਾਰ ਇਕੋ ਸਟੇਜ ‘ਤੇ ਪੰਜਾਬੀ ਦੇ ਚੋਟੀ ਦੇ ਇਨਕਲਾਬੀ ਕਵੀਆਂ ਨੇ ਆਪਣਾ ਕਲਾਮ ਸੁਣਾਇਆ। ਦਰਸ਼ਨ ਖਟਕੜ, ਸੰਤ ਰਾਮ ਉਦਾਸੀ, ਸੁਰਿੰਦਰ ਗਿੱਲ, ਵਰਿਆਮ ਸੰਧੂ, ਹਰਭਜਨ ਗਿੱਲ ਆਦਿ ਸਭ ਹਾਜ਼ਰ ਸਨ। ਪਾਸ਼ ਦੀ ਆਮਦ ਨਾਲ ਬੱਲੇ-ਬੱਲੇ ਹੋ ਗਈ। ਉਸ ਵਕਤ ਦੀ ਯਾਦਗਾਰੀ ਤਸਵੀਰ ਹੁਣ ਵੀ ਸਾਂਭ ਕੇ ਰੱਖੀ ਹੋਈ ਹੈ।
ਦਰਸ਼ਨ ਖਟਕੜ ਦਾ ਗਰਾਈਂ (ਪਿੰਡ ਮੰਗੂਵਾਲ) ਸਰੂਪ ਸਿੰਘ ਨਾਮੀ-ਗਰਾਮੀ ਚਿੱਤਰਕਾਰ ਹੈ। ਇਕ ਬ੍ਰਿਟਿਸ਼ ਯੂਨੀਵਰਸਿਟੀ ਨੇ ਉਹਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਵੀ ਦਿੱਤੀ ਹੈ। 1980 ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਪੰਜਾਬ ਦੇ ਕਈ ਵੱਡੇ ਲੇਖਕ ਉਹਨੇ ਇੰਗਲੈਂਡ ਵਿਚ ਸਾਂਭੇ ਤੇ ਸੇਵਾ ਕੀਤੀ। ਸੋਹਨ ਸਿੰਘ ਮੀਸ਼ਾ ਵੀ ਉਨ੍ਹਾਂ ‘ਚੋਂ ਇਕ ਸੀ। ਉਹ ਪੰਜਾਬ ਆਇਆ ਤਾਂ ਜਸਵੰਤ ਹੋਰਾਂ ਪਿੰਡ ਮੰਗੂਵਾਲ ਉਹਦੇ ਚਿੱਤਰਾਂ ਦੀ ਨੁਮਾਇਸ਼ ਲੁਆਈ ਅਤੇ ਉਹਦਾ ਬਣਦਾ ਮਾਣ-ਸਤਿਕਾਰ ਕਰਨਾ ਸੀ। ਉਹ ਕਿਤੇ ਜਸਵੰਤ ਕੋਲ ਦੱਸ ਬੈਠਾ ਕਿ ਯਾਰ, ਮੀਸ਼ਾ ਤਾਂ ਚੱਜ ਨਾਲ ਬੋਲਿਆ ਈ ਨਹੀਂ। ਮੈਂ ਜਲੰਧਰ ਉਹਨੂੰ ਮਿਲਣ ਗਿਆ ਤਾਂ ਇੰਜ ਦੇਖੇ ਜਿਵੇਂ ਮੈਨੂੰ ਜਾਣਦਾ ਈ ਨਹੀਂ। ਸਾਡੇ ਸਮੇਤ ਪਾਸ਼ ਵੀ ਉਸ ਪ੍ਰੋਗਰਾਮ ‘ਚ ਪੁੱਜਾ ਹੋਇਆ ਸੀ ਆਪਣੇ ਦੋ-ਤਿੰਨ ਸਾਥੀਆਂ ਸਮੇਤ। ਜਸਵੰਤ ਨੇ ਮੀਸ਼ੇ ਵਾਲੀ ਗੱਲ ਪਾਸ਼ ਨੂੰ ਦੱਸੀ। ਅਜਿਹੇ ਪ੍ਰੋਗਰਾਮ ਵਿਚ ਕਵਿਤਾ ਪਾਠ ਤਾਂ ਹੁੰਦਾ ਹੀ ਏ। ਪਾਸ਼ ਨੂੰ ਸ਼ਰਾਰਤ ਸੁੱਝੀ। ਉਹਨੇ ਕਾਗਜ਼ ‘ਤੇ ਗਜ਼ਲਨੁਮਾ ਕਵਿਤਾ ਲਿਖ ਕੇ ਲਖਵਿੰਦਰ ਨੂੰ ਬੋਲਣ ਲਈ ਫੜਾਈ ਜਿਸ ਦੀਆਂ ਪਹਿਲੀਆਂ ਸਤਰਾਂ ਸਨ,
ਜਿਸ ਨੂੰ ਮੱਛੀ-ਮੁਰਗਾ
ਮਹਿੰਗੀ ਵਿਸਕੀ ਨਾਲ ਖੁਆਇਆ।
ਦੇਖ ਲੈ ਉਸੇ ਮੀਸ਼ੇ ਤੈਨੂੰ,
ਚਾਹ ਦਾ ਕੱਪ ਨਾ ਪਿਆਇਆ।
ਚਿੱਤਰਕਾਰ ਸਰੂਪ ਸਿੰਘ ਹੈਰਾਨ ਹੋਇਆ ਦੇਖੇ ਕਿ ਇਨ੍ਹਾਂ ਮੁੰਡਿਆਂ ਨੂੰ ਕਿਵੇਂ ਪਤਾ ਲੱਗ ਗਿਆ! ਵਿਚੋਂ ਉਹ ਖ਼ੁਸ਼ ਹੋਇਆ। ਉਂਜ ਪਾਸ਼ ਬਾਰੇ ਮਸ਼ਹੂਰ ਸੀ ਕਿ ਕਿਤੇ ਵੀ ਹੋਵੇ, ਰਾਤੀਂ ਘਰ ਜ਼ਰੂਰ ਪਰਤਦਾ ਪਰ ਲੁਧਿਆਣੇ ਵਾਲੇ ਦੋਸਤਾਂ ਤੋਂ ਇਲਾਵਾ ਜੇ ਉਹ ਹੋਰ ਕਿਤੇ ਰਾਤ ਠਹਿਰਦਾ ਸੀ ਤਾਂ ਉਹ ਜਸਵੰਤ ਖਟਕੜ ਕੋਲ ਮੰਗੂਵਾਲ ਹੀ ਸੀ ਜਿਥੇ ਅਸੀਂ ਕਿੰਨੀਆਂ ਰਾਤਾਂ ਇਕੱਠਿਆਂ ਗੁਜ਼ਾਰੀਆਂ ਤੇ ਉਸ ਦਾ ਭਰਵਾਂ ਸੰਗ ਸਾਥ ਮਾਣਿਆ।
ਯਾਦਾਂ ਦਾ ਸਿਲਸਿਆ ਬੜਾ ਲੰਮਾ ਹੈ। ਮਾਸਟਰ ਧਰਮਪਾਲ, ਜਸਵੰਤ ਖਟਕੜ, ਸ਼ਮਸ਼ੇਰ ਸੰਧੂ ਜਿਹੇ ਉਹਦੇ ਬੇਲੀ ਕਿੰਨੀਆਂ ਹੀ ਯਾਦਾਂ ਸਾਂਭੀ ਬੈਠੇ ਹਨ।
ਜੇਲ੍ਹ ਤੋਂ ਆਉਣ ਬਾਅਦ ਉਹ ਪਾਰਟੀ ਜਾਂ ਕਿਸੇ ਖਾਸ ਨਕਸਲੀ ਗਰੁਪ ਦੀਆਂ ਬੰਦਸ਼ਾਂ ਮੰਨਣ ਤੋਂ ਇਨਕਾਰੀ ਸੀ। ਉਸ ਨੇ ਟਰਾਟਸਕੀ ਵੀ ਨਿੱਠ ਕੇ ਪੜ੍ਹਿਆ ਪਰ ਨਾਗੀਰੈਡੀ ਗਰੁਪ ਦੇ ਇਕ-ਦੋ ਬੰਦਿਆਂ ਦਾ ਪ੍ਰਭਾਵ ਉਸ ਉਪਰ ਹਮੇਸ਼ਾ ਰਿਹਾ। ਗਾਹੇ-ਬਗਾਹੇ ਉਹ ਉਨ੍ਹਾਂ ਦਾ ਜ਼ਿਕਰ ਵੀ ਕਰਦਾ। ਅੱਜ ਭਾਵੇਂ ਉਹ ਬੰਦੇ ਜਾਂ ਉਨ੍ਹਾਂ ਵਰਗੇ ਨਵੇਂ ਪੈਦਾ ਹੋਏ ਕੁਝ ਵਿਅਕਤੀ ਵਿਸ਼ੇਸ਼, ਪਾਸ਼ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਫਿਰਨ, ਭਾਵੇਂ ਕੋਈ ਨਵਾਂ ਖਾਲਿਸਤਾਨੀ ਬਣਿਆ ਉਹਦੇ ਨੁਕਸ ਲੱਭਦਾ ਫਿਰੇ ਜਾਂ ਕੋਈ ਪਰਿਵਾਰਵਾਦੀ ਉਸ ਉਪਰ ਆਪਣਾ ਹੱਕ ਜਤਾਉਂਦਾ ਫਿਰੇ ਜਾਂ ਉਸ ਨੂੰ ਪੌੜੀ ਬਣਾ ਕੇ ਕੋਈ ਆਪਣੇ-ਆਪ ਨੂੰ ਸ਼ੁੱਧ ਇਨਕਲਾਬੀ ਕਵੀ ਮੰਨਦਾ ਫਿਰੇ, ਪਰ ਪਾਸ਼ ਦੀਆਂ ਨਜ਼ਮਾਂ ਅਤੇ ਜਿਸ ਧਮਾਕੇ ਨਾਲ ਉਸ ਦੀ ਆਮਦ ਹੋਈ ਸੀ, ਉਸ ਦੀਆਂ ਧੁਨੀਆਂ ਇਨ੍ਹਾਂ ਸਭਨਾਂ ਦੀ ਕਾਵਾਂਰੌਲੀ ਤੇ ਕੁੱਕੜਖੋਹੀ ਤੋਂ ਕਿਤੇ ਅਗਾਂਹ ਫਿਜ਼ਾਵਾਂ ਵਿਚ ਗੂੰਜ ਰਹੀਆਂ ਹਨ ਅਤੇ ਗੂੰਜਦੀਆਂ ਰਹਿਣਗੀਆਂ। ਅਗਲੀਆਂ ਪੀੜ੍ਹੀਆਂ ਨੇ ਰਿਸ਼ਤਿਆਂ, ਟਰੱਸਟਾਂ ਤੇ ਗਰੁਪਾਂ ਦੀ ਸੌੜੀ ਸਿਆਸਤ ਨਾਲੋਂ ਉਸ ਦੀਆਂ ਨਜ਼ਮਾਂ ਨੂੰ ਪਿਆਰ ਕਰਨਾ ਹੈ। ਇਹ ਮੇਰਾ ਯਕੀਨ ਹੈ।

Be the first to comment

Leave a Reply

Your email address will not be published.