ਹਦੀਕਾ ਦੀ ਹੇਕ

ਆਮਨਾ ਅਮੀਨ, ਲਾਹੌਰ
ਹਦੀਕਾ ਕਿਆਨੀ ਪਿਛਲੇ ਦੋ ਦਹਾਕਿਆਂ ਤੋਂ ਸੰਜੀਦਾ ਸਰੋਤਿਆਂ ਦੀ ਪਸੰਦ ਬਣੀ ਹੋਈ ਹੈ। ਜਿੰਨੀ ਸਫਲਤਾ ਉਸ ਨੇ ਸੰਗੀਤ ਦੇ ਖੇਤਰ ਵਿਚ ਹਾਸਲ ਕੀਤੀ ਹੈ, ਉਨੀ ਕਿਸੇ ਹੋਰ ਗਾਇਕ/ਗਾਇਕਾ ਦੇ ਹਿੱਸੇ ਨਹੀਂ ਆ ਸਕੀ। ਇਸੇ ਦੀ ਬਦੌਲਤ ਉਸ ਨੂੰ ਪਾਕਿਸਤਾਨ ਦੇ ਚੌਥੇ ਵੱਡੇ ਸਿਵਲੀਅਨ ਖਿਤਾਬ Ḕਤਮਗਾ-ਏ-ਇਮਤਿਆਜ਼Ḕ ਨਾਲ ਨਵਾਜਿਆ ਗਿਆ। ਇਹ ਖਿਤਾਬ ਉਸ ਨੂੰ 2006 ਵਿਚ ਦਿੱਤਾ ਗਿਆ ਸੀ। ਆਪਣੇ ਗੀਤ ‘ਬੂਹੇ ਬਾਰੀਆਂ’ ਵਾਂਗ ਉਹ ਸੰਗੀਤ ਦੇ ਆਸਮਾਨ ਉਤੇ ਛਾ ਗਈ।

ਹਦੀਕਾ ਦਾ ਸ਼ਾਬਦਿਕ ਅਰਥ ਬਾਗ਼ ਹੁੰਦਾ ਹੈ। ਸੱਚਮੁੱਚ, ਹਦੀਕਾ ਨੇ ਆਪਣੇ ਨਾਂ ਦੀ ਲੱਜ ਪਾਲੀ ਹੈ। ਉਹ ਸੁਰਾਂ ਨਾਲ ਬਾਗ਼ ਦੀ ਮਹਿਕ ਚੁਫੇਰੇ ਵੰਡ ਰਹੀ ਹੈ। ਉਹਨੇ 2005 ਵਿਚ Ḕਈਦੀ ਫਾਊਂਡੇਸ਼ਨḔ ਤੋਂ ਇਕ ਪੁੱਤਰ ਗੋਦ ਲਿਆ ਸੀ ਜਿਸ ਦਾ ਨਾਂ ਉਸ ਨੇ ਨਾਦ-ਏ-ਅਲੀ ਰੱਖਿਆ। ਅਸਲ ਵਿਚ ਉਹ ਉਦੋਂ ਸਿਰਫ ਤਿੰਨ ਵਰ੍ਹਿਆਂ ਦੀ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਫਿਰ ਜਦੋਂ 2005 ਵਿਚ ਪਾਕਿਸਤਾਨ ਵਿਚ ਭਿਅੰਕਰ ਭੂਚਾਲ ਆਇਆ ਤਾਂ ਉਸ ਅੰਦਰ ਬਚਪਨ ਤੋਂ ਪਲ ਰਹੀ ਮਮਤਾ ਨੇ ਉਛਾਲਾ ਮਾਰਿਆ ਅਤੇ ਉਸ ਨੇ ਨਾਦ-ਏ-ਅਲੀ ਨੂੰ ਗੋਦ ਲੈ ਲਿਆ। ਮਗਰੋਂ ਉਸ ਨੇ ਇੰਗਲੈਂਡ ਵੱਸਦੇ ਅਫਗਾਨ ਕਾਰੋਬਾਰੀ ਸਈਦ ਫਰੀਦ ਸਰਵਰੀ ਨਾਲ ਵਿਆਹ ਵੀ ਕਰਵਾਇਆ, ਪਰ ਇਹ ਵਿਆਹ ਬਹੁਤੀ ਦੇਰ ਚੱਲ ਨਾ ਸਕਿਆ।
ਆਪਣੇ ਬਚਪਨ ਬਾਰੇ ਹਦੀਕਾ ਦੱਸਦੀ ਹੈ ਕਿ ਉਸ ਦੀ ਅੰਮੜੀ ਖਾਵਰ, ਰਾਵਲਪਿੰਡੀ ਦੇ ਕੁੜੀਆਂ ਵਾਲੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੀ। ਅੰਮਾਂ ਨੇ ਉਸ ਅਤੇ ਉਸ ਦੇ ਵੱਡੇ ਭੈਣ-ਭਰਾ ਇਰਫਾਨ ਕਿਆਨੀ ਤੇ ਸਾਸ਼ਾ ਨੂੰ ਸੰਗੀਤ ਦੀ ਤਾਲੀਮ ਲਈ ਪ੍ਰੇਰਿਆ। ਮਗਰੋਂ ਉਸ ਨੂੰ ਪਾਕਿਸਤਾਨ ਕੌਮੀ ਆਰਟਸ ਕੌਂਸਲ ਵਿਚ ਦਾਖਲਾ ਮਿਲ ਗਿਆ ਅਤੇ ਫਿਰ ਉਸ ਨੇ ਕਦੀ ਪਿਛਾਂਹ ਮੁੜ ਕੇ ਨਹੀਂ ਦੇਖਿਆ। ਝਾਕਾ ਉਸ ਦਾ ਬਚਪਨ ਵਿਚ ਹੀ ਖੁੱਲ੍ਹ ਗਿਆ ਸੀ। ਬਚਪਨ ਵਿਚ ਹੀ ਉਹ ਕਈ ਬਾਲ ਮੇਲਿਆਂ ਵਿਚ ਗਾ ਚੁੱਕੀ ਸੀ। ਉਸ ਦੀ ਸੰਗੀਤ ਦੀ ਅਧਿਆਪਕਾ ਨਰਗਿਸ ਨਾਹੀਦ ਨੇ ਉਸ ਦੀ ਬੜੀ ਮਦਦ ਕੀਤੀ ਅਤੇ ਉਹ ਉਸ ਲਈ ਰਾਹ ਦਸੇਰਾ ਹੋ ਨਿਬੜੀ। ਫਿਰ ਉਸ ਨੇ ਲਾਹੌਰ, ਉਸਤਾਦ ਫੈਜ਼ ਅਹਿਮਦ ਖਾਨ ਅਤੇ ਵਾਜਿਦ ਅਲੀ ਖਾਨ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਫਿਰ ਆਇਆ ਸਾਲ 1990 ਅਤੇ ਹਦੀਕਾ ਨੇ ਪੀ ਟੀ ਵੀ ਲਈ ਬੱਚਿਆਂ ਦਾ ਸੰਗੀਤ ਪ੍ਰੋਗਰਾਮ Ḕਆਂਗਨ ਆਂਗਨ ਤਾਰੇḔ ਹੋਸਟ ਕੀਤਾ। ਇਹ ਪ੍ਰੋਗਰਾਮ ਕੋਈ ਸਾਢੇ ਤਿੰਨ ਸਾਲ ਚੱਲਿਆ ਅਤੇ ਉਸ ਨੇ ਇਸ ਦੌਰਾਨ ਬੱਚਿਆਂ ਲਈ ਸੈਂਕੜੇ ਗੀਤ ਗਾਏ। ਇਸ ਤੋਂ ਬਾਅਦ ਉਸ ਨੂੰ ਫਿਲਮਾਂ ਵਿਚ ਗਾਉਣ ਦੀ ਪੇਸ਼ਕਸ਼ ਹੋਈ ਜੋ ਉਸ ਨੇ ਸਵੀਕਾਰ ਕਰ ਲਈ। ਇਸ ਤੋਂ ਬਆਦ ਤਾਂ ਉਸ ਲਈ ਇਨਾਮਾਂ ਦੀ ਝੜੀ ਲੱਗ ਗਈ। ਇਹ 1995 ਦੀਆਂ ਗੱਲਾਂ ਹਨ ਅਤੇ ਇਸੇ ਸਾਲ ਹੀ ਉਸ ਦੀ ਪਹਿਲੀ ਸੰਗੀਤ ਐਲਬਮ Ḕਰਾਜ਼Ḕ ਰਿਲੀਜ਼ ਹੋਈ। ਇਸ ਤੋਂ ਬਾਅਦ Ḕਰੋਸ਼ਨੀḔ (1998), ḔਰੰਗḔ (2002), Ḕਰਫ ਕੱਟḔ (2007), ḔਆਸਮਾਨḔ (2009) ਐਲਬਮਾਂ ਰਿਲੀਜ਼ ਹੋਈਆਂ।
___________________________
ਕੱਵਾਲੀ ਵਾਲਾ ‘ਵਜਦ’
ਹਦੀਕਾ ਕਿਆਨੀ ਹੁਣ ਸੂਫੀ ਐਲਬਮ ‘ਵਜਦ’ ਵੱਲ ਉਚੇਚਾ ਧਿਆਨ ਦੇ ਰਹੀ ਹੈ। ਕੁਝ ਸਲਾਹਕਾਰਾਂ ਨੇ ਉਸ ਨੂੰ ਆਖਿਆ ਸੀ ਕਿ ਅੱਜ ਕੱਲ੍ਹ ਇੰਟਰਨੈੱਟ ਅਤੇ ਯੂਟਿਊਬ ਦੇ ਜ਼ਮਾਨੇ ਵਿਚ ਐਲਬਮਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ, ਲੋਕ ਤਾਂ ਸਾਈਟਾਂ ਤੋਂ ਗੀਤ ਡਾਊਨਲੋਡ ਕਰ ਕਰ ਕੇ ਸੁਣੀ ਜਾਂਦੇ ਹਨ, ਪਰ ਉਸ ਦਾ ਆਖਣਾ ਹੈ ਕਿ ਐਲਬਮਾਂ ਦੀ ਮਾਰਕੀਟ ਕਦੀ ਖਤਮ ਨਹੀਂ ਹੋਣੀ। ਉਂਜ ਵੀ ਉਹ ਆਪਣੀਆਂ ਐਲਬਮਾਂ ਨੂੰ ਬੱਚਿਆਂ ਜਿੰਨਾ ਹੀ ਦੁਲਾਰਦੀ ਅਤੇ ਪਿਆਰ ਕਰਦੀ ਹੈ। ਇਨ੍ਹਾਂ ਦੀ ਤਿਆਰੀ ਤੱਕ ਉਹ ਕਿਸੇ ਮਾਂ ਵਾਂਗ ਹੀ ਸਦਾ ਫਿਕਰ ਵਿਚ ਰਹਿੰਦੀ ਹੈ।