ਇਕ ਝੂਠੇ ਪੁਲਿਸ ਮੁਕਾਬਲੇ ਦਾ ਸੱਚ…

16 ਸਤੰਬਰ ਨੂੰ ਮੀਡੀਆ ਦੀ ਖ਼ਬਰ ਸੀ: ਤਿਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਜੰਗਲਾਂ ਵਿਚ ਦੋ ਮਾਓਵਾਦੀ ਮੁਕਾਬਲੇ ‘ਚ ਹਲਾਕ। ਮਾਰੀ ਗਈ ਮਟਿਆਰ ਸ਼ਰੂਤੀ ਨੇ ਐਮæਟੈੱਕæ ਦੀ ਡਿਗਰੀ ਕੀਤੀ ਹੋਈ ਸੀ ਅਤੇ ਨੌਜਵਾਨ ਵਿਦਿਆ ਸਾਗਰ ਰੈੱਡੀ ਉਰਫ਼ ਸਾਗਰ ਵੀ ਖ਼ੂਬ ਪੜ੍ਹਿਆ-ਲਿਖਿਆ ਸੀ। ਇਸੇ ਸਾਲ ਅਪਰੈਲ ਦੇ ਪਹਿਲੇ ਹਫ਼ਤੇ ਹੀ ਤਿਲੰਗਾਨਾ ਪੁਲਿਸ ਨੇ ਪੰਜ ਮੁਸਲਿਮ ਕੈਦੀਆਂ ਅਤੇ ਆਂਧਰਾ ਪੁਲਿਸ ਨੇ ਚੰਦਨ ਮਾਫ਼ੀਆ ਲਈ ਕੰਮ ਕਰਦੇ 20 ਮਜ਼ਦੂਰਾਂ ਨੂੰ ਇਸੇ ਤਰ੍ਹਾਂ ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਸੀ।

ਹੁਣ 19 ਸਤੰਬਰ ਨੂੰ ਉੜੀਸਾ ਪੁਲਿਸ ਨੇ ਮਲਕਾਨਗਿਰੀ ਜ਼ਿਲ੍ਹੇ ਵਿਚ ਤਿੰਨ ਮਾਓਵਾਦੀਆਂ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਹੈ।
2013 ਤਕ ਦੇ ਚਾਰ ਸਾਲਾਂ ਵਿਚ 555 ਫਰਜ਼ੀ ਮੁਕਾਬਲਿਆਂ ਦੀਆਂ ਸ਼ਿਕਾਇਤਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਦਰਜ ਹੋਈਆਂ। ਜਿਸ ਰਾਜ ਪ੍ਰਬੰਧ ਵਿਚ ਬੇਮਿਸਾਲ ਬੇਰਹਿਮੀ ਦਿਖਾਉਣ ਵਾਲੇ ਜਲਾਦਾਂ ਨੂੰ ‘ਐਨਕਾਊਂਟਰ ਸਪੈਸ਼ਲਿਸਟ’ ਦਾ ਖ਼ਿਤਾਬ, ਸਰਕਾਰੇ-ਦਰਬਾਰੇ ਖ਼ਾਸ ਇਨਾਮ-ਸਨਮਾਨ ਅਤੇ ਅਦਾਲਤਾਂ ਵਿਚ ਕਾਨੂੰਨੀ ਕਾਰਵਾਈ ਤੋਂ ਮੁਕੰਮਲ ਸੁਰੱਖਿਆ ਹਾਸਲ ਹੋਵੇ ਅਤੇ ਜਿਥੇ ਅਵਾਮ ਪ੍ਰਤੀ ਜਵਾਬਦੇਹ ਹੋਣ ਦੀ ਥਾਂ ਸਮਾਜੀ ਬੇਚੈਨੀ ਨੂੰ ਇਸ ਤਰ੍ਹਾਂ ਦੇ ਕਤਲਾਂ ਰਾਹੀਂ ਦਬਾਉਣਾ ਹੁਕਮਰਾਨ ਜਮਾਤ ਦੀ ਬਾਕਾਇਦਾ ਨੀਤੀ ਹੋਵੇ ਅਤੇ ਇਸ ਨੀਤੀ ਤਹਿਤ ‘ਮੁਕਾਬਲੇ’ ਪੁਲਿਸ ਅਧਿਕਾਰੀਆਂ ਲਈ ਇਕ ਸਭ ਤੋਂ ਲਾਹੇਵੰਦਾ ਕਾਰੋਬਾਰ ਬਣ ਜਾਣ, ਉਥੇ ਫਰਜ਼ੀ ਮੁਕਾਬਲਿਆਂ ਦੇ ਸਿਲਸਿਲੇ ਦਾ ਆਮ ਵਰਤਾਰਾ ਬਣ ਜਾਣਾ ਸੁਭਾਵਿਕ ਹੈ। ਮਾਓਵਾਦੀ ਰਸੂਖ਼ ਵਾਲੇ 10 ਸੂਬੇ ਹੋਣ, ਜੰਮੂ ਕਸ਼ਮੀਰ ਹੋਵੇ ਜਾਂ ਉਤਰ-ਪੂਰਬੀ ਰਿਆਸਤਾਂ ਵਿਚ ‘ਮੁਕਾਬਲੇ’ ਹੋਣ, ਮੀਡੀਆ ਇਸ ਨੂੰ ਮਹਿਜ਼ ਖ਼ਬਰ ਦੇ ਤੌਰ ‘ਤੇ ਲੈਂਦਾ ਹੈ ਅਤੇ ਇਸ ‘ਸਟੋਰੀ’ ਦੇ ਮੀਡੀਆ ਮੰਡੀ ਦੇ ਲਿਹਾਜ਼ ਨਾਲ ਲਾਹੇਵੰਦ ਨਾ ਹੋਣ ਕਾਰਨ ਪੁਲਿਸ ਦੇ ਪ੍ਰੈੱਸ ਨੋਟ ਵਿਚ ਪੇਸ਼ ਕਹਾਣੀ ਹੀ ਖ਼ਬਰ ਹੁੰਦੀ ਹੈ ਅਤੇ ਖ਼ਬਰ ਭੇਜਣ ਤੇ ਛਾਪਣ ਵਾਲੇ ਛਾਣ-ਬੀਣ ਕਰਨ ਦੇ ਯੱਭ ਵਿਚ ਨਹੀਂ ਪੈਂਦੇ। ਸਬੰਧਤ ਲਹਿਰਾਂ, ਮਨੁੱਖੀ/ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਮਾਰੇ ਗਿਆਂ ਦੇ ਪਰਿਵਾਰਾਂ ਨੂੰ ਛੱਡ ਕੇ ਬਾਕੀ ਮੁਲਕ ਦੀ ‘ਸਮੂਹਿਕ ਆਤਮਾ’ ਲਈ ਹਕੂਮਤੀ ਦਹਿਸ਼ਤਗਰਦੀ ਕੋਈ ਮਸਲਾ ਹੀ ਨਹੀਂ ਹੈ।
ਇਸ ‘ਮੁਕਾਬਲੇ’ ਵਿਚ ਮਾਓਵਾਦੀਆਂ ਦਾ ਸਫ਼ਾਇਆ ਕਰਨ ਦੇ ਖ਼ਾਸ ਉਦੇਸ਼ ਨਾਲ ਬਣਾਏ ਖ਼ਾਸ ਦਸਤੇ ‘ਗਰੇਅ ਹਾਊਂਡਜ਼’ ਵਲੋਂ ਇਸ ਗ਼ੈਰ-ਅਦਾਲਤੀ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਜੋ ਵਹਿਸ਼ੀ ਢੰਗ ਅਖ਼ਤਿਆਰ ਕੀਤੇ ਗਏ, ਉਹ ਹੋਰ ਵੀ ਖ਼ਤਰਨਾਕ ਰੁਝਾਨ ਨੂੰ ਦਰਸਾਉਂਦੇ ਹਨ। ਦੋਵਾਂ ਨੂੰ ਮਾਰਨ ਤੋਂ ਪਹਿਲਾਂ ਘੋਰ ਤਸੀਹੇ ਦਿੱਤੇ ਗਏ, ਥਾਂ ਥਾਂ ਤੋਂ ਵੱਢੇ-ਟੁੱਕੇ ਜਿਸਮ ਇਸ ਦੇ ਗਵਾਹ ਸਨ। ਕੁੜੀ ਨੂੰ ਮਾਰਨ ਤੋਂ ਪਹਿਲਾਂ ਸਮੂਹਕ ਜਬਰ-ਜਨਾਹ ਕੀਤਾ ਗਿਆ ਅਤੇ ਫਿਰ ਉਸ ਦੇ ਜਨਣ ਅੰਗ ਤੇਜ਼ਾਬ ਪਾ ਕੇ ਲੂਹ ਦਿੱਤੇ ਗਏ। ਇਹ ਖ਼ਾਸ ‘ਮੁਕਾਬਲੇ’ ਇਕ ਖ਼ਾਸ ਉਦੇਸ਼ ਨਾਲ ਬਣਾਏ ਜਾ ਰਹੇ ਹਨ। ਵੱਖਰਾ ਤਿਲੰਗਾਨਾ ਸੂਬਾ ਬਣਾਏ ਜਾਣ ਤੋਂ ਬਾਅਦ ਅਵਾਮ ਦਾ ‘ਵਿਕਾਸ’ ਦਾ ਭਰਮ ਟੁੱਟ ਚੁੱਕਾ ਹੈ।
ਨੌਜਵਾਨਾਂ ਵਿਚ ਰਾਜ ਪ੍ਰਬੰਧ ਪ੍ਰਤੀ ਬੇਚੈਨੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਰਿਪੋਰਟਾਂ ਅਨੁਸਾਰ, ਪਿਛਲੇ ਦਿਨੀਂ ਤੇਲੰਗਾਨਾ ਅੰਦਰ ਦੋ ਮਹੀਨਿਆਂ ਵਿਚ 36 ਆਹਲਾ ਤਾਲੀਮਯਾਫ਼ਤਾ ਨੌਜਵਾਨ ਆਪਣਾ ਨਿੱਜ ਤਿਆਗ ਕੇ ਮਾਓਵਾਦੀ ਲਹਿਰ ਵਿਚ ਰੂਪੋਸ਼ ਹੋ ਗਏ। ਤਿਲੰਗਾਨਾ-ਆਂਧਰਾ ਵਿਚ ਭਾਵੇਂ ਮਾਓਵਾਦੀ ਲਹਿਰ ਦਹਾਕਾ ਪਹਿਲਾਂ ਕੁਚਲ ਦਿੱਤੀ ਗਈ ਸੀ, ਪਰ ਨੰਗੀ ਬੇਇਨਸਾਫ਼ੀ ਤੇ ਲੁੱਟਮਾਰ ‘ਤੇ ਉੱਸਰੇ ਇਸ ਪ੍ਰਬੰਧ ਕੋਲ ਅਵਾਮ ਦੇ ਮਸਲਿਆਂ ਦਾ ਕੋਈ ਹੱਲ ਨਾ ਹੋਣ ਕਾਰਨ ਅਵਾਮ ਅੰਦਰ ਇਸ ਲਹਿਰ ਪ੍ਰਤੀ ਡੂੰਘੀ ਹਮਦਰਦੀ ਪਈ ਹੈ। ਇਸ ਹਮਦਰਦੀ ਦੇ ਕਦੇ ਵੀ ਮੁੜ ਵੱਡਾ ਸਿਆਸੀ ਵਿਸਫੋਟ ਬਣ ਜਾਣ ਦਾ ਖ਼ੌਫ਼ ਹੁਕਮਰਾਨਾਂ ਦੀ ਨੀਂਦ ਉਡਾ ਰਿਹਾ ਹੈ ਅਤੇ ਹਕੂਮਤੀ ਦਹਿਸ਼ਤ ਨੂੰ ਬਰਕਰਾਰ ਰੱਖਣ ਦੀ ਲੋੜ ਵਿਚੋਂ ਹੀ ਬਾਕਾਇਦਾ ਰਾਜਕੀ ਨੀਤੀ ਤਹਿਤ ਇਹ ਕਤਲ ਕਰਵਾਏ ਜਾ ਰਹੇ ਹਨ। ਇਸ ਮੁਕਾਬਲੇ ਪਿਛੋਂ ਤਿਲੰਗਾਨਾ ਦੇ ਡੀæਜੀæਪੀæ ਵਲੋਂ ਦਿੱਤਾ ਬਿਆਨ ਇਸ ਦੀ ਤਸਦੀਕ ਕਰਦਾ ਹੈ ਜਿਸ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਮਾਓਵਾਦੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
-ਬੂਟਾ ਸਿੰਘ