ਸੜਕ ਹਾਦਸਿਆਂ ਵਿਚ ਮੌਤਾਂ ਬਾਰੇ ਪੰਜਾਬ ਹੋਇਆ ਬਦਨਾਮ

ਚੰਡੀਗੜ੍ਹ: ਸੜਕ ਹਾਦਸਿਆਂ ਤੇ ਇਨ੍ਹਾਂ ਵਿਚ ਹੋਣ ਵਾਲੀਆਂ ਮੌਤਾਂ ਦੀ ਦਰ ਪੱਖੋਂ ਪੰਜਾਬ ਤੇ ਹਰਿਆਣਾ ਮੁਲਕ ਦੇ ਪਹਿਲੇ 13 ਸੂਬਿਆਂ ਵਿਚ ਆਉਂਦੇ ਹਨ ਜਦੋਂਕਿ ਮੌਤਾਂ ਪੱਖੋਂ ਪੰਜਾਬ ਦਾ ਦੂਜਾ ਨੰਬਰ ਹੈ। ਸੜਕੀ ਆਵਾਜਾਈ ਬਾਰੇ ਮੰਤਰਾਲੇ ਵੱਲੋਂ ਹਾਲ ਹੀ ਵਿਚ ਸੜਕ ਹਾਦਸਿਆਂ ਸਬੰਧੀ ਜਾਰੀ ਕੀਤੀ ਰਿਪੋਰਟ ਦੇ ਅੰਕੜੇ ਸਮੁੱਚੇ ਮੁਲਕ, ਵਿਸ਼ੇਸ਼ ਕਰਕੇ ਪੰਜਾਬ ਲਈ ਅੱਖਾਂ ਖੋਲ੍ਹਣ ਵਾਲੇ ਹਨ। ਰਿਪੋਰਟ ਅਨੁਸਾਰ ਮੁਲਕ ਦੀਆਂ ਸੜਕਾਂ ਉੱਤੇ ਹਰ ਇਕ ਘੰਟੇ ਵਿਚ 50 ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿਚ 16 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ।

ਇਸ ਰਿਪੋਰਟ ਅਨੁਸਾਰ ਪਿਛਲੇ ਇਕ ਸਾਲ ਦੌਰਾਨ ਮੁਲਕ ਦੇ 1æ39 ਲੱਖ ਵਿਅਕਤੀ ਸੜਕ ਹਾਦਸਿਆਂ ਵਿਚ ਆਪਣੀਆਂ ਜਾਨਾਂ ਗੁਆ ਬੈਠੇ ਹਨ ਜਿਨ੍ਹਾਂ ਵਿਚ ਇਕੱਲੇ ਪੰਜਾਬ ਵਿਚ ਹੀ 4621 ਵਿਅਕਤੀ ਮਾਰੇ ਗਏ। ਮੌਤਾਂ ਤੋਂ ਇਲਾਵਾ ਪਿਛਲੇ ਢਾਈ ਸਾਲਾਂ ਦੌਰਾਨ ਪੰਜਾਬ ਦੇ 10,653 ਲੋਕ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ।
ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਦੀ ਇਹ ਰਿਪੋਰਟ ਜਿਥੇ ਪੰਜਾਬ ਸਰਕਾਰ ਦੇ ਸੁਰੱਖਿਅਤ ਸਫ਼ਰ ਸਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ, ਉਥੇ ਸੂਬੇ ਦੀਆਂ ਸੜਕਾਂ ਦੀ ਮਾੜੀ ਹਾਲਤ ਵੀ ਬਿਆਨਦੀ ਹੈ ਜਿਹੜੀਆਂ ਸੜਕ ਹਾਦਸਿਆਂ ਦਾ ਮੁੱਖ ਕਾਰਨ ਬਣ ਕੇ ਸਾਹਮਣੇ ਆ ਰਹੀਆਂ ਹਨ। ਕੌਮੀ ਤੇ ਸੂਬਾਈ ਰਾਜ ਮਾਰਗਾਂ ਸਮੇਤ ਸੂਬੇ ਦੀ ਕੋਈ ਵੀ ਸੜਕ ਅਜਿਹੀ ਨਹੀਂ ਜਿਹੜੀ ਡੂੰਘੇ ਟੋਇਆਂ, ਨਾਕਸ ਪੁਲਾਂ ਤੇ ਹਾਦਸਿਆਂ ਤੇ ਮੌਤਾਂ ਦਾ ਕਾਰਨ ਬਣਨ ਵਾਲੀਆਂ ਅਸੁਰੱਖਿਅਤ ਥਾਵਾਂ ਨਾਲ ‘ਲੈਸ’ ਨਾ ਹੋਵੇ। ਕਈ ਵੱਡੇ ਹਾਦਸੇ ਵਾਪਰਨ ਦੇ ਬਾਵਜੂਦ ਸ਼ਨਾਖ਼ਤ ਕੀਤੀਆਂ ਗਈਆਂ ਅਸੁਰੱਖਿਅਤ ਥਾਵਾਂ ਨੂੰ ਸੁਰੱਖਿਅਤ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਕੋਈ ਠੋਸ ਨੀਤੀ ਤੇ ਕਾਰਜ ਯੋਜਨਾ ਨਹੀਂ ਉਲੀਕੀ ਗਈ। ਸੜਕਾਂ ਉੱਤੇ ਪਏ ਖੱਡਿਆਂ ਨੂੰ ਨਾਲ ਦੀ ਨਾਲ ਭਰਨ, ਤੰਗ ਪੁਲਾਂ ਨੂੰ ਚੌੜਾ ਕਰਨ ਤੇ ਬਰਮਾਂ ਨੂੰ ਮਜ਼ਬੂਤ ਕਰਨ ਜਿਹੇ ਲੋੜੀਂਦੇ ਕਦਮ ਵੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਸਮੇਂ ਸਿਰ ਨਹੀਂ ਚੁੱਕੇ ਜਾਂਦੇ।
ਅਧਿਓਂ ਬਹੁਤੇ ਪੰਜਾਬ ਦੀਆਂ ਸੜਕਾਂ ਟੌਲ ਵਾਲੀਆਂ ਬਣਾਉਣ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਵਿਚ ਕੋਈ ਗੁਣਾਤਮਕ ਸੁਧਾਰ ਨਹੀਂ ਦਿਸ ਰਿਹਾ ਪਰ ਟੌਲ ਪਲਾਜ਼ਿਆਂ ਦੇ ਠੇਕੇਦਾਰਾਂ ਵੱਲੋਂ ਲੋਕਾਂ ਦੀਆਂ ਜੇਬਾਂ ਜ਼ਰੂਰ ਹੌਲੀਆਂ ਕੀਤੀਆਂ ਜਾ ਰਹੀਆਂ ਹਨ। ਟਰੈਫ਼ਿਕ ਪੁਲਿਸ ਭ੍ਰਿਸ਼ਟਾਚਾਰ ਦੇ ਤਾਣੇ-ਬਾਣੇ ਦੀ ਸ਼ਿਕਾਰ ਹੋ ਚੁੱਕੀ ਹੈ ਜਿਸ ਕਰਕੇ ਉਹ ਟਰੈਫ਼ਿਕ ਨਿਯਮ ਸਖ਼ਤੀ ਨਾਲ ਲਾਗੂ ਕਰਨ ਵਿਚ ਅਸਫ਼ਲ ਸਿੱਧ ਹੋ ਰਹੀ ਹੈ। ਸੜਕ ਹਾਦਸਿਆਂ ਨਾਲ ਹਰ ਸਾਲ ਮੁਲਕ ਨੂੰ 6500 ਕਰੋੜ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ ਜੋ ਕਿ ਕੁੱਲ ਕੌਮੀ ਆਮਦਨ ਦਾ ਤਿੰਨ ਫ਼ੀਸਦੀ ਬਣਦਾ ਹੈ।
______________________________________
78 ਫ਼ੀਸਦੀ ਹਾਦਸਿਆਂ ਲਈ ਡਰਾਈਵਰਾਂ ਜ਼ਿੰਮੇਵਾਰ
ਸੜਕ ਹਾਦਸਿਆਂ ਦੇ ਭਾਵੇਂ ਦਰਜਨਾਂ ਕਾਰਨ ਸਾਹਮਣੇ ਆਉਂਦੇ ਹਨ ਪਰ ਇਸ ਰਿਪੋਰਟ ਅਨੁਸਾਰ 78 ਫ਼ੀਸਦੀ ਹਾਦਸੇ ਡਰਾਈਵਰਾਂ ਦੀ ਗ਼ਲਤੀ ਕਾਰਨ ਵਾਪਰਦੇ ਹਨ। ਡਰਾਈਵਰਾਂ ਵੱਲੋਂ ਨਸ਼ੇ ਦੀ ਵਰਤੋਂ ਕਰਨ, ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਨੂੰ ਸੜਕ ਹਾਦਸਿਆਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
___________________________________
ਲੁਧਿਆਣਾ ਤੇ ਅੰਮ੍ਰਿਤਸਰ ਵੱਧ ਪ੍ਰਭਾਵਿਤ
ਸੜਕ ਹਾਦਸਿਆਂ ਦੀ ਭਿਆਨਕਤਾ ਵਧੇਰੇ ਚਿੰਤਾ ਵਾਲੀ ਇਸ ਕਰਕੇ ਵੀ ਹੈ ਕਿਉਂਕਿ ਇਨ੍ਹਾਂ ਵਿਚ ਮਰਨ ਤੇ ਜ਼ਖ਼ਮੀ ਹੋਣ ਵਾਲਿਆਂ ਵਿਚੋਂ ਅਧਿਓਂ ਬਹੁਤੇ 15-35 ਸਾਲ ਉਮਰ ਗਰੁੱਪ ਦੇ ਸਨ। ਸੜਕ ਹਾਦਸਿਆਂ ਤੋਂ ਪ੍ਰਭਾਵਿਤ ਮੁਲਕ ਦੇ ਵੱਡੇ ਸ਼ਹਿਰਾਂ ਵਿਚ ਪੰਜਾਬ ਦੇ ਲੁਧਿਆਣਾ ਤੇ ਅੰਮ੍ਰਿਤਸਰ ਸ਼ਾਮਲ ਹਨ।