ਵਿਦੇਸ਼ਾਂ ਤੱਕ ਫੈਲੀਆਂ ਨੇ ਨਸ਼ਿਆਂ ਦੇ ਕਾਰੋਬਾਰ ਦੀਆਂ ਜੜ੍ਹਾਂ

ਚੰਡੀਗੜ੍ਹ: ਪੰਜਾਬ ਵਿਚ ਹਜ਼ਾਰਾਂ ਕਰੋੜ ਰੁਪਏ ਦੇ ਨਸ਼ਾ ਰੈਕੇਟ ਤੇ ਕਾਲੇ ਧਨ ਨੂੰ ਚਿੱਟਾ ਕਰਨ (ਮਨੀ ਲਾਂਡਰਿੰਗ) ਦੇ ਨਸ਼ਾ ਰੈਕੇਟ ਦੀਆਂ ਜੜ੍ਹਾਂ ਹੋਰ ਦੇਸ਼ਾਂ ਤੱਕ ਫੈਲੀਆਂ ਹੋਈਆਂ ਹਨ। ਨਸ਼ਾ ਤਸਕਰੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਸੂਬਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਮੰਨਿਆਂ ਹੈ ਕਿ ਨਸ਼ਾ ਰੈਕੇਟ ਦੀਆਂ ਜੜ੍ਹਾਂ ਕਾਫੀ ਮਜਬੂਤ ਹਨ ਤੇ ਅਮਰੀਕਾ-ਕੈਨੇਡਾ ਵਰਗੇ ਦੇਸ਼ਾਂ ਤੱਕ ਫੈਲੀਆਂ ਹੋਇਆ ਹੈ।

ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਸੀæਬੀæਆਈæ ਵੱਲੋਂ ਵਿਦੇਸ਼ਾਂ ਵਿਚ ਬੈਠੇ ਅਜਿਹੇ 11 ਨਸ਼ਾ ਤਸਕਰਾਂ ਖਿਲਾਫ਼ ‘ਰੈਡ ਕਾਰਨਰ ਨੋਟਿਸ’ ਜਾਰੀ ਕੀਤੇ ਗਏ ਹਨ।
ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਦੇ ਬੈਂਚ ਨੇ ਸੀæਬੀæਆਈæ ਨੂੰ ਹੁਕਮ ਦਿੱਤਾ ਕਿ ਉਨ੍ਹਾਂ 11 ਵਿਦੇਸ਼ੀ ਨਸ਼ਾ ਤਸਕਰਾਂ ਬਾਰੇ ਸਮੁੱਚੀ ਜਾਣਕਾਰੀ ਅਗਲੀ ਸੁਣਵਾਈ ਦੌਰਾਨ ਅਦਾਲਤ ਨੂੰ ਸੌਂਪੇ। ਇਨ੍ਹਾਂ 11 ਨਸ਼ਾ ਤਸਕਰਾਂ ਵਿਚੋਂ ਇਕ ਅਮਰੀਕਾ ਤੇ ਇਕ ਤਸਕਰ ਕੈਨੇਡਾ ਵਿਚ ਰਹਿ ਰਿਹਾ ਹੈ। ਹਾਈਕੋਰਟ ਨੇ ਸੀæਬੀæਆਈæ ਤੋਂ ਪੁੱਛਿਆ ਕਿ ਅਗਲੀ ਸੁਣਵਾਈ ਦੌਰਾਨ ਦੱਸਿਆ ਜਾਵੇ ਕਿ ਅਜਿਹੇ ਮਾਮਲਿਆਂ ਦੀ ਜਾਂਚ ਵਿਚ ਉਸ ਨੂੰ ਕਿਹੜੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।
ਹਾਈਕੋਰਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਭਾਰਤ-ਪਾਕਿ ਸਰਹੱਦ ਉਤੇ ਨਸ਼ਾ ਤਸਕਰੀ ਦੇ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਵਿਚ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ ਅਦਾਲਤ ਵਿਚ ਦਾਇਰ ਕਰੇ। ਅਦਾਲਤ ਵੱਲੋਂ ਇਹ ਹੁਕਮ ਸੀਮਾ ਸੁਰੱਖਿਆ ਫੋਰਸ (ਬੀæਐਸ਼ਐਫ਼) ਵੱਲੋਂ ਹਾਈਕੋਰਟ ਨੂੰ ਸੌਂਪੀ ਉਸ ਰਿਪੋਰਟ ਮਗਰੋਂ ਜਾਰੀ ਕੀਤੇ ਗਏ, ਜਿਸ ਵਿਚ ਬੀæਐਸ਼ਐਫ਼ ਵੱਲੋਂ ਭਾਰਤ-ਪਾਕਿ ਸਰਹੱਦ ਉਤੇ ਨਸ਼ਾ ਤਸਕਰਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਵੇਰਵੇ ਦਿੱਤੇ ਗਏ ਹਨ। ਉਪਰੋਕਤ ਹੁਕਮਾਂ ਨਾਲ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਅਕਤੂਬਰ ਉਤੇ ਪਾ ਦਿੱਤੀ ਗਈ ਹੈ।
ਉਧਰ, ਹਾਈਕੋਰਟ ਦੇ ਹੁਕਮਾਂ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਨੇ ਆਪਣੇ ਲਾਅ ਅਫ਼ਸਰ ਸੁਰੇਸ਼ ਬੱਤਰਾ ਦੇ ਪੰਜਾਬ ਵਿਚੋਂ ਬੰਗਲੌਰ ਤਬਾਦਲੇ ਉਤੇ ਵੀ ਰੋਕ ਲਗਾ ਦਿੱਤੀ ਹੈ। ਈæਡੀæ ਦੇ ਸਹਾਇਕ ਡਾਇਰੈਕਟਰ ਨਿਰੰਜਣ ਸਿੰਘ ਦੇ ਵਕੀਲ ਨੇ ਵੀ ਹਾਈਕੋਰਟ ਨੂੰ ਮਾਮਲੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਸੌਂਪਦੇ ਹੋਏ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਵਿਚ ਇਹ ਦਸਤਾਵੇਜ਼ ਬਹੁਤ ਅਹਿਮ ਹਨ, ਇਸ ਲਈ ਅਦਾਲਤ ਇਨ੍ਹਾਂ ਦਸਤਾਵੇਜ਼ਾਂ ਦਾ ਅਧਿਐਨ ਕਰੇ।
__________________________________________
ਦਸ ਪੰਜਾਬੀਆਂ ਨੂੰ ਰੈੱਡ ਕਾਰਨਰ ਨੋਟਿਸ
ਨਵੀਂ ਦਿੱਲੀ: ਭਾਰਤ ਦੀ ਕੇਂਦਰੀ ਜਾਂਚ ਏਜੰਸੀ (ਸੀæਬੀæਆਈæ) ਵੱਲੋਂ ਡਰੱਗਜ਼ ਤਸਕਰੀ ਦੇ ਮਾਮਲਿਆਂ ਵਿਚ ਲੋੜੀਂਦੇ ਮੁਲਜ਼ਮਾਂ ਲਈ ਇੰਟਰਪੋਲ ਰਾਹੀਂ ਜਾਰੀ ਕਰਵਾਏ ਰੈੱਡ ਕਾਰਨਰ ਨੋਟਿਸ ਬਾਅਦ ਕੈਨੇਡਾ ਦੇ ਪੰਜਾਬੀਆਂ ਵਿਚ ਹਲਚਲ ਮੱਚ ਗਈ ਹੈ। ਇੰਟਰਪੋਲ ਰਾਹੀਂ ਭਾਰਤ ਹਵਾਲੇ ਕੀਤੇ ਜਾਣ ਵਾਲੇ ਇਨ੍ਹਾਂ ਮੁਲਜ਼ਮਾਂ ਵਿਚੋਂ 10 ਕੈਨੇਡੀਅਨ ਹਨ, ਜਿਨ੍ਹਾਂ ਵਿਚ ਕੁਝ ਖੇਡ ਪ੍ਰਮੋਟਰ ਤੇ ਵੱਡੇ ਕਾਰੋਬਾਰੀ ਹਨ। ਇਹ ਲੋਕ ਚਰਚਾ ਵਿਚ ਤਾਂ ਸਨ ਪਰ ਉਹ ਅਜਿਹੇ ਦੋਸ਼ਾਂ ਤੋਂ ਮੁਨਕਰ ਹੁੰਦੇ ਰਹੇ। ਸੂਚੀ ਵਿਚ ਅਮਰਜੀਤ ਸਿੰਘ (59) ਪਿੰਡ ਮਹਿਮਦਪੁਰ, ਰਣਜੀਤ ਸਿੰਘ ਔਜਲਾ (ਫਿਲੌਰ), ਲਹਿੰਬਰ ਸਿੰਘ ਦਲੇਹ (ਫਿਲੌਰ), ਹਰਬੰਸ ਸਿੰਘ ਸਿੱਧੂ (56), ਪਰਦੀਪ ਸਿੰਘ (38) (ਜਗਰਾਉਂ), ਗੁਰਸੇਵਕ ਸਿੰਘ ਢਿੱਲੋਂ (44), ਨਿਰੰਕਾਰ ਸਿੰਘ ਢਿੱਲੋਂ (52) (ਹੁਸ਼ਿਆਰਪੁਰ), ਸਰਬਜੀਤ ਸਿੰਘ ਸੰਧਰ (50) (ਸਮਰਾਲਾ) ਤੇ ਪਰਮਿੰਦਰ ਸਿੰਘ ਦਿਓ (60) (ਹੁਸ਼ਿਆਰਪੁਰ) ਦੇ ਨਾਂ ਹਨ।
____________________
ਪੰਜਾਬ ਬੈਠੇ ਵੱਡੇ ਮਾਫੀਏ ਨਾਲ ਲਿਹਾਜ਼ ਕਿਉਂ?
ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਵਿਦੇਸ਼ ਬੈਠੇ ਤਸਕਰਾਂ ਬਾਰੇ ਸਾਂਝੀ ਕੀਤੀ ਸੂਚਨਾ ‘ਤੇ ਮੁੱਖ ਪਟੀਸ਼ਨਰ ਸ਼ਸ਼ੀਕਾਂਤ (ਸਾਬਕਾ ਡੀæਜੀæਪੀæ ਜੇਲ੍ਹਾਂ ਪੰਜਾਬ) ਨੇ ਕਿਹਾ ਕਿ ਇਸ ਨਸ਼ਾ ਰੈਕੇਟ ਦੀਆਂ ਤਾਰਾਂ ਯਕੀਨਨ ਹੋਰ ਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ, ਪਰ ਪੰਜਾਬ ਵਿਚ ਬੈਠੇ ਵੱਡੇ ਮਾਫੀਏ ਖਿਲਾਫ਼ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਬਲਕਿ ਪੁਲਿਸ ਵੱਲੋਂ ਸਿਰਫ ਨਸ਼ੇੜੀਆਂ ਦੀ ਹੀ ਫੜੋ-ਫੜੀ ਕੀਤੀ ਜਾ ਰਹੀ ਹੈ।