ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਖਿਲਾਫ ਰੋਹ ਭੜਕਿਆ

ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਫੈਸਲਾ ਵਾਪਸ ਲੈਣ ਜਾਂ ਸਿੰਘ ਸਾਹਿਬਾਨਾਂ ਨੂੰ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਰੱਖੀ ਹੈ। ਦੀਵਾਲੀ ਮੌਕੇ ਸਰਬੱਤ ਖ਼ਾਲਸਾ ਸੱਦਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਆਪਣੇ ਪੱਧਰ ‘ਤੇ ਰਣਨੀਤੀ ਘੜੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਜੇਕਰ ਜਥੇਦਾਰਾਂ ਵੱਲੋਂ ਡੇਰਾ ਮੁਖੀ ਨੂੰ ਮੁਆਫ਼ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਗਿਆ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਸ਼ ਮਾਨ ਨੇ ਦਾਅਵਾ ਕੀਤਾ ਕਿ ਇਹ ਫ਼ੈਸਲਾ ਦਿੱਲੀ ਸਰਕਾਰ ਦੇ ਦਬਾਅ ਹੇਠ ਕੀਤਾ ਗਿਆ ਹੈ। ਸੰਤ ਸਮਾਜ ਦੇ ਮੁੱਖ ਧੜੇ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹੁਕਮਰਾਨ ਅਕਾਲੀ ਦਲ ਦਾ ਸਾਥ ਛੱਡ ਕੇ ਸਿਧਾਂਤਾਂ ਤੇ ਮਰਿਆਦਾ ਦੀ ਉਲੰਘਣਾ ਨਾਲ ਕੀਤੇ ਗਏ ਫ਼ੈਸਲਿਆਂ ਖ਼ਿਲਾਫ਼ ਖੜ੍ਹੇ ਹੋਣ। ਸਿੱਖ ਬੰਦੀਆਂ ਦੀ ਰਿਹਾਈ ਸਬੰਧੀ ਬਣਾਈ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਠਿੰਡਾ ਨੇ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦਾ ਸੁਝਾਅ ਦਿੱਤਾ ਹੈ।
ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਜਗਜੀਤ ਸਿੰਘ ਗਾਬਾ ਨੇ ਆਖਿਆ ਕਿ ਇਸ ਮਾਮਲੇ ਵਿਚ ਜਥੇਦਾਰਾਂ ਦਾ ਘਿਰਾਓ ਕੀਤਾ ਜਾਵੇ ਤੇ ਉਨ੍ਹਾਂ ਨੂੰ ਕਿਸੇ ਵੀ ਸਟੇਜ ਤੋਂ ਬੋਲਣ ਨਾ ਦਿੱਤਾ ਜਾਵੇ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਨੁਮਾਇੰਦੇ ਮਨਿੰਦਰ ਸਿੰਘ ਧੁੰਨਾ, ਸਾਬਕਾ ਖਾੜਕੂ ਵੱਸਣ ਸਿੰਘ ਜੱਫਰਵਾਲ, ਫੈਡਰੇਸ਼ਨ ਪੀਰ ਮੁਹੰਮਦ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਨੇ ਜਥੇਦਾਰਾਂ ਦੇ ਫ਼ੈਸਲੇ ਨੂੰ ਸਿਆਸੀ ਹਿੱਤਾਂ ਨਾਲ ਪ੍ਰੇਰਿਤ ਦੱਸਿਆ ਤੇ ਸਰਬੱਤ ਖ਼ਾਲਸਾ ਦੀ ਪ੍ਰੋੜ੍ਹਤਾ ਕੀਤੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨ ਪ੍ਰੋæ ਗੁਰਦਰਸ਼ਨ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਇਸ ਫ਼ੈਸਲੇ ਪਿੱਛੇ ਆਰæਐਸ਼ਐਸ਼ ਦਾ ਹੱਥ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਮਾਮਲੇ ਵਿਚ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਜਾਵੇ, ਜਿਸ ਤਹਿਤ ਇਕ ਕਰੋੜ ਤੋਂ ਵੱਧ ਸਿੱਖਾਂ ਦੇ ਦਸਤਖ਼ਤ ਇਕੱਠੇ ਕੀਤੇ ਜਾਣ ਤੇ ਮਗਰੋਂ ਸਮੂਹਿਕ ਫ਼ੈਸਲੇ ਦੇ ਰੂਪ ਵਿਚ ਜਥੇਦਾਰਾਂ ਨੂੰ ਹਟਾਉਣ ਆਦਿ ਬਾਰੇ ਨਿਰਣੇ ਲਏ ਜਾਣ। ਇਹ ਸੁਝਾਅ ਵੀ ਪੇਸ਼ ਕੀਤਾ ਗਿਆ ਕਿ ਜਥੇਦਾਰਾਂ ਨੂੰ ਭਵਿੱਖ ਵਿਚ ਸਿੰਘ ਸਾਹਿਬਾਨ ਨਾ ਆਖਿਆ ਜਾਵੇ ਤੇ ਉਨ੍ਹਾਂ ਨੂੰ ਸਾਧਾਰਣ ਗ੍ਰੰਥੀ ਹੀ ਸਮਝਿਆ ਜਾਵੇ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਜਥੇਦਾਰਾਂ ਖ਼ਿਲਾਫ਼ ਦੇਸ-ਵਿਦੇਸ ਵਿਚ ਵੱਡੇ ਪੱਧਰ ਤੇ ਰੋਹ ਪੈਦਾ ਹੋ ਰਿਹਾ ਹੈ। ਹੋਰ ਕਈ ਸਿੱਖ ਜਥੇਬੰਦੀਆਂ ਵੱਲੋਂ ਵੀ ਬੈਠਕਾਂ ਕੀਤੀਆਂ ਜਾ ਰਹੀਆਂ ਹਨ।
___________________________
ਸਾਦੇ ਕਾਗਜ਼ ਉਤੇ ਹੀ ਦਿੱਤਾ ਸਪਸ਼ਟੀਕਰਨ
ਅੰਮ੍ਰਿਤਸਰ: ਡੇਰਾ ਮੁਖੀ ਵੱਲੋਂ ਭੇਜਿਆ ਗਿਆ ਸਪੱਸ਼ਟੀਕਰਨ ਸਾਦੇ ਕਾਗਜ਼ ਉਪਰ ਪੰਜਾਬੀ ਵਿਚ ਲਿਖਿਆ ਹੋਇਆ ਹੈ ਤੇ ਦਸਤਖ਼ਤ ਕੀਤੇ ਹੋਏ ਹਨ। ਇਸ ਉਪਰ ਨਾ ਤਾਂ ਡੇਰੇ ਮੁਖੀ ਦੀ ਜਾਂ ਕਿਸੇ ਅਧਿਕਾਰੀ ਦੀ ਕੋਈ ਮੋਹਰ ਹੈ ਤੇ ਨਾ ਹੀ ਇਹ ਸਪਸ਼ਟੀਕਰਨ ਡੇਰੇ ਦੇ ਲੈਟਰ ਹੈੱਡ ਉਤੇ ਹੈ। ਇਸ ਵਿਚ ਵਰਤੀ ਗਈ ਸ਼ਬਦਾਵਲੀ ਵਿਚ ਡੇਰਾ ਮੁਖੀ ਨੇ 2007 ਦੀ ਘਟਨਾ ਬਾਰੇ ਕਿਸੇ ਵੀ ਤਰ੍ਹਾਂ ਦੇ ਅਫਸੋਸ ਦਾ ਪ੍ਰਗਟਾਵਾ ਨਹੀਂ ਕੀਤਾ ਹੈ ਤੇ ਨਾ ਹੀ ਮੁਆਫੀ ਮੰਗਣ ਦਾ ਕੋਈ ਜ਼ਿਕਰ ਸ਼ਾਮਲ ਹੈ। ਉਸ ਨੇ ਸਿਰਫ ਸਵਾਂਗ ਰਚਣ ਦੇ ਲਾਏ ਜਾ ਰਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਆਖਿਆ ਕਿ ਉਹ ਗੁਰੂਆਂ ਤੇ ਪੀਰ-ਪੈਗੰਬਰਾਂ ਦਾ ਸਤਿਕਾਰ ਕਰਦਾ ਹੈ ਤੇ ਕਿਸੇ ਦੀ ਨਕਲ ਕਰਨ ਬਾਰੇ ਸੋਚ ਵੀ ਨਹੀਂ ਸਕਦਾ।
ਕਿਰਨ ਬੇਦੀ ਰਾਹੀਂ ਪੁੱਜਾ ਸਪਸ਼ਟੀਕਰਨ ਪੱਤਰ?
ਯੂਨਾਈਟਿਡ ਅਕਾਲੀ ਦਲ ਦੇ ਮੁੱਖੀ ਭਾਈ ਮੋਹਕਮ ਸਿੰਘ ਨੇ ਦਾਅਵਾ ਕੀਤਾ ਕਿ ਡੇਰਾ ਸਿਰਸਾ ਮੁਖੀ ਵੱਲੋਂ ਸਪਸ਼ਟੀਕਰਨ ਪੱਤਰ ਭਾਜਪਾ ਦੀ ਇਕ ਸੀਨੀਅਰ ਆਗੂ ਰਾਹੀਂ ਭੇਜਿਆ ਗਿਆ ਸੀ, ਜੋ ਕਿ ਮੀਟਿੰਗ ਤੋਂ ਇਕ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਫਤਰ ਵਿਚ ਮਿਲੀ ਸੀ। ਇਹ ਪੱਤਰ ਭਾਜਪਾ ਆਗੂ ਕਿਰਨ ਬੇਦੀ ਰਾਹੀਂ ਭੇਜਿਆ ਗਿਆ ਹੈ।
____________________________
ਸੁਖਬੀਰ ਤੇ ਡੇਰਾ ਮੁਖੀ ਵਿਚਕਾਰ ਹੋਈ ਸੀ ਮੀਟਿੰਗ
ਪਟਿਆਲਾ: ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਜ ਸਿੰਘ ਸਿੰਘ ਸਾਹਿਬਾਨ ਵੱਲੋਂ ਦਿੱਤੀ ਮੁਆਫ਼ੀ ਤੋਂ ਤਕਰੀਬਨ ਦੋ ਢਾਈ ਹਫ਼ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮੁੰਬਈ ਵਿਚ ਡੇਰਾ ਮੁਖੀ ਨਾਲ ਗੁਪਤ ਮੀਟਿੰਗ ਹੋਣ ਦਾ ਖ਼ੁਲਾਸਾ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਤਕਰੀਬਨ ਵੀਹ ਮਿੰਟ ਬੰਦ ਕਮਰਾ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਵਿਚ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਸਮੇਤ ਇਸ ਫਿਲਮ ਦੇ ਪੰਜਾਬ ਵਿਚ ਰਿਲੀਜ਼ ਹੋਣ ਤੇ ਕਈ ਹੋਰ ਮਾਮਲਿਆਂ ਬਾਰੇ ਰਣਨੀਤੀ ਤਿਆਰ ਹੋਈ ਸੀ। ਡੇਰਾ ਸਿਰਸਾ ਵੱਲੋਂ ਪੰਜਾਬ ਦੇ ਸਿਆਸੀ ਮਾਮਲਿਆਂ ਉੱਤੇ ਗਠਿਤ 45 ਮੈਂਬਰੀ ਕਮੇਟੀ ਦੇ ਇਕ ਸੀਨੀਅਰ ਮੈਂਬਰ ਨੇ ਇਹ ਖ਼ੁਲਾਸਾ ਕੀਤਾ ਹੈ।
______________________________
ਕੀ ਸੀ ਸਵਾਂਗ ਵਾਲਾ ਮਾਮਲਾ
ਅੰਮ੍ਰਿਤਸਰ: 2007 ਵਿਚ ਡੇਰਾ ਮੁਖੀ ਉਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ, ਗੁਰੂ ਸਾਹਿਬ ਵਰਗੀ ਪੁਸ਼ਾਕ ਪਾਈ ਤੇ ਅੰਮ੍ਰਿਤ ਸੰਚਾਰ ਕੀਤਾ। ਅੰਮ੍ਰਿਤ ਸੰਚਾਰ ਦੌਰਾਨ ਖੰਡੇ ਬਾਟੇ ਦਾ ਪਾਹੁਲ ਤਿਆਰ ਕਰਨ ਦੀ ਥਾਂ ਰੂਹ-ਅਫ਼ਜ਼ਾ ਦਾ ਅੰਮ੍ਰਿਤ ਬਣਾਇਆ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਮੁੱਚੇ ਸਿੱਖ ਜਗਤ ਵਿਚ ਰੋਹ ਦੀ ਇਕ ਵੱਡੀ ਲਹਿਰ ਖੜੀ ਹੋ ਗਈ ਸੀ। ਇਸ ਰੋਹ ਨੂੰ ਦੇਖਦਿਆਂ ਉਸ ਵੇਲੇ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਤੋਂ ਡੇਰਾ ਮੁਖੀ ਖਿਲਾਫ਼ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਿੱਖ ਸੰਗਤਾਂ ਨੂੰ ਉਸ ਨਾਲ ਕੋਈ ਸਬੰਧ ਨਾ ਰੱਖਣ ਤੇ ਡੇਰੇ ਦਾ ਬਾਈਕਾਟ ਕਰਨ ਦੇ ਆਦੇਸ਼ ਦਿੱਤੇ ਗਏ ਸਨ।
__________________________________
ਡੇਰਾ ਮੁਖੀ ਬਾਰੇ ਫੈਸਲੇ ਤੋਂ ਸ਼੍ਰੋਮਣੀ ਕਮੇਟੀ ਦੁਫਾੜ
ਅੰਮ੍ਰਿਤਸਰ: ਡੇਰਾ ਸਿਰਸਾ ਦੇ ਮੁਖੀ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਮੁਆਫੀ ਦਿੱਤੇ ਜਾਣ ਦੇ ਫ਼ੈਸਲੇ ਨਾਲ ਸ਼੍ਰੋਮਣੀ ਕਮੇਟੀ ਵੀ ਵੰਡੀ ਗਈ ਹੈ। ਕੁਝ ਮੈਂਬਰ ਤੇ ਅਹੁਦੇਦਾਰ ਇਸ ਫ਼ੈਸਲੇ ਦੇ ਖ਼ਿਲਾਫ਼ ਹਨ ਜਦੋਂਕਿ ਕੁਝ ਇਸ ਫੈਸਲੇ ਦਾ ਸਮਰਥਨ ਕਰ ਰਹੇ ਹਨ। ਸਿੱਖ ਜਥੇਬੰਦੀਆਂ ਵੀ ਵੱਡੇ ਪੱਧਰ ਉਤੇ ਇਸ ਫ਼ੈਸਲੇ ਦਾ ਵਿਰੋਧ ਕਰ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਆਖਿਆ ਕਿ ਇਸ ਫੈਸਲੇ ਨਾਲ ਅਕਾਲ ਤਖ਼ਤ ਦੀ ਭਰੋਸੇਯੋਗਤਾ ‘ਤੇ ਅਸਰ ਪਿਆ ਹੈ, ਜੋ ਕਿ ਦੁਖਦਾਈ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਤੇ ਜਥੇਦਾਰਾਂ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਵੀ ਇਸ ਫੈਸਲੇ ਨਾਲ ਅਸਹਿਮਤੀ ਜ਼ਾਹਰ ਕਰਦਿਆਂ ਹੈਰਾਨੀ ਪ੍ਰਗਟਾਈ ਹੈ।
ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਉਣ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਮੇਤ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਦਿਆਲ ਸਿੰਘ ਕੌੜਿਆਂਵਾਲੀ, ਨਿਰਮਲ ਸਿੰਘ ਜੌਹਲਾਂ, ਮੋਹਨ ਸਿੰਘ ਬੰਗੀ ਤੇ ਮੈਂਬਰ ਅਮਰੀਕ ਸਿੰਘ ਕੋਟ ਸ਼ਮੀਰ, ਬੀਬੀ ਜੋਗਿੰਦਰ ਕੌਰ, ਗੁਰਤੇਜ ਸਿੰਘ ਢੱਡੇ, ਸੁਖਦੇਵ ਸਿੰਘ ਮਾਹੀਆ, ਸੁਰਜੀਤ ਸਿੰਘ ਰਾਏਪੁਰ ਤੇ ਮਿੱਠੂ ਸਿੰਘ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਇਨ੍ਹਾਂ ਆਗੂਆਂ ਨੇ ਆਖਿਆ ਕਿ ਅਕਾਲ ਤਖ਼ਤ ਤੋਂ ਜਾਰੀ ਹਰ ਗੁਰਮਤਾ ਸਿੱਖ ਪੰਥ ਲਈ ਪ੍ਰਵਾਨ ਹੁੰਦਾ ਹੈ, ਜਿਸ ਨੂੰ ਮੰਨਣਾ ਹਰ ਸਿੱਖ ਦਾ ਫਰਜ਼ ਹੈ।