ਮੋਦੀ ਅਤੇ ਓਬਾਮਾ ਵੱਲੋਂ ਰਣਨੀਤਕ ਸਾਂਝ ਵਧਾਉਣ ਦਾ ਅਹਿਦ

ਨਿਊ ਯਾਰਕ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਤਾਵਰਨ ਬਦਲਾਅ, ਸੁਰੱਖਿਆ, ਅਤਿਵਾਦ ਵਿਰੁੱਧ ਮੁਹਿੰਮ, ਰੱਖਿਆ ਤੇ ਆਰਥਿਕਤਾ ਦੇ ਖੇਤਰ ਵਿਚ ਰਣਨੀਤਕ ਸਾਂਝ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਤਕਰੀਬਨ ਇਕ ਸਾਲ ਦੌਰਾਨ ਦੋਹਾਂ ਆਗੂਆਂ ਦੀ ਇਹ ਤੀਜੀ ਮਿਲਣੀ ਸੀ। ਸ੍ਰੀ ਮੋਦੀ ਨੇ ਪੈਰਿਸ ਵਿਚ ਵਾਤਾਵਰਣ ਉਤੇ ਹੋ ਰਹੀ ਵਿਸ਼ਵ ਕਾਨਫਰੰਸ ਵਿਚ ਠੋਸ ਨਤੀਜਿਆਂ ਦੀ ਲੋੜ ‘ਤੇ ਜ਼ੋਰ ਦਿੱਤਾ ਜਦਕਿ ਬਰਾਕ ਓਬਾਮਾ ਨੇ ਕਿਹਾ ਕਿ ਭਾਰਤ ਦੀ ਲੀਡਰਸ਼ਿਪ ਆਉਣ ਵਾਲੇ ਦਹਾਕਿਆਂ ਦੀ ਝਲਕ ਪੇਸ਼ ਕਰੇਗੀ।

ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਇਸ ਗੱਲ ‘ਤੇ ਚਰਚਾ ਕੀਤੀ ਹੈ ਕਿ ਸੁਰੱਖਿਆ, ਆਰਥਿਕਤਾ, ਵਪਾਰ, ਨਿਵੇਸ਼ ਤੇ ਰੱਖਿਆ ਖਰੀਦ ਵਿਚ ਸਹਿਯੋਗ ਸਮੇਤ ਵੱਖ-ਵੱਖ ਖੇਤਰਾਂ ਵਿਚ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ।
ਗੱਲਬਾਤ ਦੌਰਾਨ ਭਾਰਤ ਤੇ ਅਮਰੀਕਾ ਅਤਿਵਾਦ ਖ਼ਿਲਾਫ਼ ਸਹਿਯੋਗ ਕਰਨ ਉਤੇ ਸਹਿਮਤ ਹੋਏ ਤੇ ਪਾਕਿਸਤਾਨ ਨੂੰ ਕਿਹਾ ਕਿ ਉਹ ਮੁੰਬਈ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਸਜ਼ਾਵਾਂ ਦੇਵੇ। ਸ੍ਰੀ ਮੋਦੀ ਨੇ ਭਾਰਤ ਦੀ ਸੰਯੁਕਤ ਰਾਸ਼ਟਰ ਵਿਚ ਪੱਕੀ ਮੈਂਬਰਸ਼ਿਪ ਦੀ ਦਾਅਵੇਦਾਰੀ ਲਈ ਅਮਰੀਕਾ ਵੱਲੋਂ ਕੀਤੀ ਗਈ ਹਮਾਇਤ ਦਾ ਧੰਨਵਾਦ ਕੀਤਾ। ਇਸ ਦੌਰਾਨ ਸ੍ਰੀ ਮੋਦੀ ਬ੍ਰਿਟੇਨ ਦੇ ਹਮਰੁਤਬਾ ਡੇਵਿਡ ਕੈਮਰੌਨ ਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਨੂੰ ਵੀ ਮਿਲੇ। ਸ੍ਰੀ ਔਲਾਂਦ ਨਾਲ ਮਾਈਕਰੋਸਾਫ਼ਟ ਦੇ ਸਹਿ ਸੰਸਥਾਪਕ ਬਿਲ ਗੇਟਸ ਵੀ ਹਾਜ਼ਰ ਸਨ।
ਸੰਯੁਕਤ ਰਾਸ਼ਟਰ ਵੱਲੋਂ 70 ਸਾਲਾਂ ਵਿਚ ਅਤਿਵਾਦ ਨੂੰ ਪਰਿਭਾਸ਼ਤ ਨਾ ਕਰਨ ‘ਤੇ ਅਫ਼ਸੋਸ ਜਤਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਵਿਚ ਇੰਨੇ ਵਰ੍ਹੇ ਲੰਘ ਗਏ ਹਨ ਤਾਂ ਅਤਿਵਾਦ ਨਾਲ ਨਜਿੱਠਣ ਵਿਚ ਕਿੰਨੇ ਸਾਲ ਲੱਗਣਗੇ। ਸ੍ਰੀ ਮੋਦੀ ਨੇ ਸੈਪ ਸੈਂਟਰ ਵਿਚ ਭਾਸ਼ਨ ਦਿੰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਪਸ਼ਟ ਰੂਪ ਵਿਚ ਦੱਸੇ ਕਿ ਉਹ ਕਿਸ ਨੂੰ ਅਤਿਵਾਦੀ ਮੰਨਦਾ ਹੈ ਤਾਂ ਜੋ ਕੌਮਾਂਤਰੀ ਭਾਈਚਾਰਾ ਸ਼ਾਂਤੀ ਲਈ ਆਪਣੇ ਰਾਹ ਦਾ ਖਾਕਾ ਤਿਆਰ ਕਰ ਸਕੇ। ਚੰਗੇ ਅਤਿਵਾਦ ਤੇ ਬੁਰੇ ਅਤਿਵਾਦ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਇਸ ਨਾਲ ਅਸੀਂ ਮਨੁੱਖਤਾ ਦੀ ਰੱਖਿਆ ਨਹੀਂ ਕਰ ਸਕਦੇ। ਭਾਰਤ ਪਿਛਲੇ 40 ਸਾਲਾਂ ਤੋਂ ਅਤਿਵਾਦ ਤੋਂ ਪੀੜਤ ਹੈ ਪਰ ਪੱਛਮ ਤੇ ਹੋਰ ਮੁਲਕ ਤਾਂ ਜਾਗੇ ਜਦੋਂ ਉਨ੍ਹਾਂ ਨੂੰ ਬੰਬ ਧਮਾਕਿਆਂ ਜਾਂ ਦਹਿਸ਼ਤੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਅਸੀਂ 21ਵੀਂ ਸਦੀ ਨੂੰ ਅਤਿਵਾਦ ਵਾਲੀ ਨਹੀਂ ਬਣਨ ਦੇ ਸਕਦੇ। ਹੁਣ ਤਾਂ ਦੁਨੀਆਂ ਨੂੰ ਅਤਿਵਾਦ ਦੇ ਟਾਕਰੇ ਲਈ ਇਕਜੁੱਟ ਹੋ ਜਾਣਾ ਚਾਹੀਦਾ ਹੈ।
ਮੋਦੀ ਵੱਲੋਂ ਸਲਾਮਤੀ ਕੌਂਸਲ ਦੀ ਮੈਂਬਰੀ ਲਈ ਪੈਰਵੀ
ਨਿਊਯਾਰਕ: ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਭਾਰਤ ਨੂੰ ਪੱਕਾ ਮੈਂਬਰ ਬਣਾਉਣ ਦੀ ਪੈਰਵੀ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਤੈਅ ਸਮੇਂ ਅੰਦਰ ਸੁਧਾਰ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਾਂ, ਆਲਮੀ ਅਰਥਚਾਰੇ ਦੇ ਵੱਡੇ ਇੰਜਣਾਂ ਤੇ ਸਾਰੇ ਵੱਡੇ ਮਹਾਦੀਪਾਂ ਦੀਆਂ ਆਵਾਜ਼ਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਗਰੁੱਪ-4 ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਿਸ਼ਾ ਵਿਚ ਦਸਤਾਵੇਜ਼ ਆਧਾਰਿਤ ਗੱਲਬਾਤ ਦੀ ਸ਼ੁਰੂਆਤ ਅਹਿਮ ਪਹਿਲਾ ਕਦਮ ਹੈ, ਪਰ ਸੰਯੁਕਤ ਰਾਸ਼ਟਰ ਦੀ 70ਵੀਂ ਆਮ ਸਭਾ ਵਿਚ ਇਸ ਨੂੰ ਅੰਜਾਮ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ।
__________________________
ਨਿਵੇਸ਼ਕਾਂ ਅੱਗੇ ਹੱਥ ਅੱਡਣਾ ਮਸਲੇ ਦਾ ਹੱਲ ਨਹੀਂ: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਵਿਦੇਸ਼ ਫੇਰੀਆਂ ਉਪਰ ਵਿਅੰਗ ਕਸਦਿਆਂ ਕਿਹਾ ਕਿ ਦੂਜੇ ਮੁਲਕਾਂ ਅੰਦਰ ਜਾ ਕੇ ਗਿੜਗੜਾਉਣ ਨਾਲੋਂ ਚੰਗਾ ਹੈ ਕਿ ਅਸੀਂ ‘ਮੇਕ ਇੰਡੀਆ’ ਨੂੰ ਅਪਣਾਈਏ ਜਿਸ ਨੂੰ ਦੇਖ ਕੇ ਨਿਵੇਸ਼ਕ ਖ਼ੁਦ ਆ ਕੇ ਸਾਡੇ ਸਾਹਮਣੇ ਗਿੜਗੜਾਉਣਗੇ। ਉਨ੍ਹਾਂ ਪ੍ਰਧਾਨ ਮੰਤਰੀ ਦੇ ਵਿਦੇਸ਼ ਅੰਦਰ ਦੌਰੇ ਕਰਕੇ ਉਥੋਂ ਦੇ ਨਿਵੇਸ਼ਕਾਂ ਨੂੰ ਬੁਲਾਉਣ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੁਨੀਆਂ ਭਰ ਵਿਚ ਘੁੰਮ-ਫਿਰ ਕੇ ਬੇਨਤੀਆਂ ਕਰਨ ਨਾਲ ਕੋਈ ਨਿਵੇਸ਼ ਕਰੇਗਾ।
________________________
ਸਿੱਖਾਂ ਤੇ ਪਟੇਲਾਂ ਵੱਲੋਂ ਮੋਦੀ ਖਿਲਾਫ਼ ਪ੍ਰਦਰਸ਼ਨ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਦੇ ਬਾਹਰ ਸਿੱਖਾਂ ਤੇ ਪਟੇਲ ਭਾਈਚਾਰੇ ਦੇ ਲੋਕਾਂ ਨੇ ਉਸ ਵੇਲੇ ਪ੍ਰਦਰਸ਼ਨ ਕੀਤਾ ਜਦੋਂ ਨਰੇਂਦਰ ਮੋਦੀ ਸਿਖ਼ਰ ਸੰਮੇਲਨ ਮੌਕੇ ਸੰਬੋਧਨ ਕਰ ਰਹੇ ਸਨ। ਸਿੱਖਸ ਫਾਰ ਜਸਟਿਸ ਦੇ ਬੈਨਰ ਹੇਠ ਸਿੱਖਾਂ ਨੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਤੇ ਖਾਲਿਸਤਾਨ ਲਈ 2020 ਵਿਚ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕੌਮਾਂਤਰੀ ਭਾਈਚਾਰੇ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਤੁਰੰਤ ਕਦਮ ਉਠਾਏ ਜਾਣ।