ਕੁਦਰਤ ਤੇ ਸਰਕਾਰ ਦੇ ਕਹਿਰ ਦਾ ਸ਼ਿਕਾਰ ਹੋਏ ਪੰਜਾਬ ਦੇ ਕਿਸਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨ ਇਸ ਮੌਕੇ ਕੁਦਰਤੀ ਤੇ ਮਨੁੱਖੀ ਦੋਵੇਂ ਤਰ੍ਹਾਂ ਦੇ ਕਹਿਰ ਦਾ ਸ਼ਿਕਾਰ ਹੋ ਰਹੇ ਹਨ। ਬੇਮੌਸਮੀ ਬਰਸਾਤ ਕਾਰਨ ਹਾੜੀ ਦੀ ਫ਼ਸਲ ਦੇ ਨੁਕਸਾਨ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਸੀ। ਗੰਨੇ ਦੀ ਪਿਛਲੇ ਸਾਲ ਵੇਚੀ ਫ਼ਸਲ ਦੀ ਅਦਾਇਗੀ ਹਾਲੇ ਤੱਕ ਨਹੀਂ ਹੋਈ। ਆਲੂ ਉਤਪਾਦਨ ਲਾਗਤ ਤੋਂ ਵੀ ਘੱਟ ਕੀਮਤ ‘ਤੇ ਵਿਕ ਰਿਹਾ ਹੈ।

ਆਰਥਿਕ ਤੰਗੀ ਦੇ ਝੰਬੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਨਰਮੇ ਦੀ ਫ਼ਸਲ ਉੱਤੇ ਚਿੱਟੇ ਮੱਛਰ ਦੇ ਹਮਲੇ ਤੇ ਬਾਸਮਤੀ 1509 ਦਾ ਭਾਅ ਸਾਧਾਰਨ ਝੋਨੇ ਤੋਂ ਵੀ ਹੇਠਾਂ ਆ ਜਾਣ ਦੇ ਦਰਦ ਨਾਲ ਕਰਾਹ ਰਹੇ ਕਿਸਾਨਾਂ ਉੱਤੇ ਹੁਣ ਮੀਂਹ ਹੋਰ ਵੀ ਆਫ਼ਤ ਬਣ ਕੇ ਡਿੱਗਿਆ ਹੈ। ਚਿੱਟੇ ਮੱਛਰ ਕਾਰਨ ਕਿਸਾਨਾਂ ਨੂੰ ਹਜ਼ਾਰਾਂ ਏਕੜ ਨਰਮਾ ਵਾਹੁਣਾ ਪਿਆ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਨਰਮੇ ‘ਤੇ ਚਿੱਟੀ ਮੱਖੀ ਦੇ ਮਾਮਲੇ ਵਿਚ ਖੇਤੀਬਾੜੀ ਵਿਭਾਗ ਤੇ ਸਬੰਧਤ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਪਰ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਸਾਹਮਣੇ ਆਏ ਤੱਥ ਇਸ ਗੱਲ ਦਾ ਸਬੂਤ ਹਨ ਕਿ ਦਰਜਨਾਂ ਅਜਿਹੀਆਂ ਕੰਪਨੀਆਂ ਕਿਸਾਨਾਂ ਨੂੰ ਕੀਟਨਾਸ਼ਕ ਵੇਚਦੀਆਂ ਰਹੀਆਂ ਹਨ ਜਿਨ੍ਹਾਂ ਦਾ ਕਿਸੇ ਕਾਗ਼ਜ਼ ਪੱਤਰ ਵਿਚ ਨਾਮ ਤੱਕ ਦਰਜ ਨਹੀਂ ਹੈ। ਸਵਾਲ ਇਹ ਕੀਤਾ ਜਾਣ ਲੱਗਾ ਹੈ ਕੀ ਖੇਤੀ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਅਜਿਹਾ ਸੰਭਵ ਹੈ? ਬੀਜ ਤੇ ਕੀਟਨਾਸ਼ਕ ਦਵਾਈਆਂ ਵੇਚਣ ਦੇ ਲਾਈਸੈਂਸ ਦੇਣ ਤੋਂ ਲੈ ਕੇ ਇਨ੍ਹਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਖੇਤੀ ਵਿਭਾਗ ਦੀ ਹੈ।
ਨਰਮੇ ਦਾ ਬੀਜ ਵੇਚਣ ਸਮੇਂ ਹੀ ਗੜਬੜ ਸ਼ੁਰੂ ਹੋ ਗਈ ਸੀ ਤੇ ਮੋਗਾ ਦੇ ਨਜ਼ਦੀਕ ਇਕ ਕੰਪਨੀ ਦੇ ਮੁਲਾਜ਼ਮਾਂ ਤੋਂ 50 ਲੱਖ ਰੁਪਏ ਦੀ ਅਜਿਹੀ ਰਾਸ਼ੀ ਬਰਾਮਦ ਕੀਤੀ ਗਈ ਸੀ, ਜੋ ਇਕ ਵਿਅਕਤੀ ਵਿਸ਼ੇਸ਼ ਕੋਲ ਪਹੁੰਚਾਈ ਜਾਣੀ ਸੀ।
ਵਿਭਾਗ ਵੱਲੋਂ ਚਿੱਟਾ ਮੱਛਰ ਮਾਰਨ ਲਈ ਜਿਹੜੀ ਕੀਟਨਾਸ਼ਕ 3556 ਰੁਪਏ ਪ੍ਰਤੀ ਲੀਟਰ ਖ਼ਰੀਦੀ ਗਈ ਉਸ ਦੀ ਬਾਜ਼ਾਰ ਵਿਚ ਕੀਮਤ 3150 ਰੁਪਏ ਪ੍ਰਤੀ ਲੀਟਰ ਸੀ। ਇਸੇ ਤਰ੍ਹਾਂ ਜਿਹੜੀ ਦਵਾਈ 1150 ਰੁਪਏ ਪ੍ਰਤੀ ਲੀਟਰ ਖ਼ਰੀਦੀ ਉਹ 600 ਰੁਪਏ ਪ੍ਰਤੀ ਲੀਟਰ ਵਿਕ ਰਹੀ ਸੀ। ਬਾਜ਼ਾਰ ਨਾਲੋਂ ਮਹਿੰਗੇ ਭਾਅ ‘ਤੇ ਦਵਾਈਆਂ ਖ਼ਰੀਦਣ ਤੋਂ ਸਪੱਸ਼ਟ ਹੈ ਕਿ ਕਿਸਾਨਾਂ ਨਾਲ ਵੱਡਾ ਧੋਖਾ ਹੋਇਆ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਦੋਸ਼ ਹੈ ਕਿ ਪੀæਏæਯੂæ ਦੇ ਉਪ ਕੁਲਪਤੀ ਡਾæ ਬਲਦੇਵ ਸਿੰਘ ਢਿੱਲੋਂ ਕਿਸਾਨਾਂ ਨੂੰ ਨਸੀਹਤਾਂ ਤਾਂ ਦੇ ਰਹੇ ਹਨ ਪਰ ਅੱਜ ਤੱਕ ਕਿਹੜੀ ਖੋਜ ਕੀਤੀ ਇਸ ਦਾ ਜੁਆਬ ਦੇਣ। ਨਰਮੇ ‘ਤੇ ਚਿੱਟੇ ਮੱਛਰ ਦਾ ਹਮਲਾ ਕੁਦਰਤੀ ਆਫ਼ਤ ਨਹੀਂ ਬਲਕਿ ਖੇਤੀਬਾੜੀ ਵਿਭਾਗ ਵੱਲੋਂ ਪੈਦਾ ਕੀਤਾ ਗਿਆ ਖੇਤੀ ਸੰਕਟ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 37æ50 ਕਰੋੜ ਰੁਪਏ ਨਰਮੇ ਦੀਆਂ ਫਸਲਾਂ ਲਈ ਦਿੱਤੇ ਪਰ ਵਿਭਾਗ ਨੇ ਇਸ ਵਿਚ ਘਪਲਾ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਖੇਤੀਬਾੜੀ ਵਿਭਾਗ ਹੀ ਨਹੀਂ ਸਰਕਾਰ ਵਿਰੁੱਧ ਕੇਸ ਚਲਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਸਮਤੀ ਉਤਪਾਦਕਾਂ ਦੇ ਸੁਪਨੇ ਰੁਲ਼ ਗਏ ਤੇ ਬਾਸਮਤੀ 1100 ਤੋਂ 1350 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਜਦੋਂ ਕਿ ਕੁਝ ਸਾਲ ਪਹਿਲਾਂ 3800 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਭਾਅ ਰਿਹਾ ਹੈ।
__________________________________________________
ਸ਼ਾਹੂਕਾਰਾਂ ਵੱਲੋਂ ਕਿਸਾਨਾਂ ਲਈ ਦਰਵਾਜ਼ੇ ਬੰਦ
ਬਠਿੰਡਾ: ਕਪਾਹ ਪੱਟੀ ਦੇ ਕਿਸਾਨਾਂ ਲਈ ਸ਼ਾਹੂਕਾਰਾਂ ਨੇ ਦਰਵਾਜ਼ੇ ਬੰਦ ਕਰ ਲਏ ਹਨ। ਫ਼ਸਲਾਂ ਖ਼ਰਾਬ ਹੋਣ ਕਾਰਨ ਹੁਣ ਕਿਧਰੋਂ ਵੀ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਹੈ। ਪ੍ਰਾਈਵੇਟ ਬੈਂਕਾਂ ਤੋਂ ਕਿਸਾਨ ਨਵੀਆਂ ਖੇਤੀ ਲਿਮਟਾਂ ਬਣਾਉਣ ਲੱਗੇ ਹਨ। ਇਥੋਂ ਤੱਕ ਕਿ ਕਈ ਕਿਸਾਨਾਂ ਨੂੰ ਵਿਆਹ ਸਾਹੇ ਵੀ ਮੁਲਤਵੀ ਕਰਨੇ ਪੈ ਰਹੇ ਹਨ। ਮੁੜ ਕਪਾਹ ਪੱਟੀ ਵਿਚ ਤਕਰੀਬਨ ਡੇਢ ਦਹਾਕਾ ਪੁਰਾਣੇ ਦਿਨ ਪਰਤੇ ਹਨ। ਦੱਸਣਯੋਗ ਹੈ ਕਿ ਐਤਕੀਂ 4æ40 ਲੱਖ ਹੈਕਟੇਅਰ ਰਕਬੇ ਵਿਚ ਨਰਮੇ-ਕਪਾਹ ਦੀ ਬਿਜਾਈ ਹੋਈ ਸੀ, ਜਿਸ ਵਿਚੋਂ ਡੇਢ ਲੱਖ ਹੈਕਟੇਅਰ ਰਕਬਾ ਚਿੱਟੇ ਮੱਛਰ ਕਾਰਨ ਤਬਾਹ ਹੋ ਗਿਆ ਹੈ। ਸਰਕਾਰੀ ਖਜ਼ਾਨੇ ਨੂੰ ਵੀ ਜਿਣਸਾਂ ਤੋਂ ਹੋਣ ਵਾਲੀ ਆਮਦਨ ਨੂੰ ਸੱਟ ਵੱਜਣੀ ਹੈ। ਕਪਾਹ ਪੱਟੀ ਦੇ ਤਕਰੀਬਨ 23 ਹਜ਼ਾਰ ਕਿਸਾਨ ਤਾਂ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਹਨ, ਜਿਨ੍ਹਾਂ ਸਿਰ ਪਹਿਲਾਂ ਹੀ ਤਕਰੀਬਨ 180 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ।
__________________________________________________
ਖੇਤੀਬਾੜੀ ਮਹਿਕਮੇ ਨੂੰ ਕਲੀਨ ਚਿੱਟ ਤੋਂ ਘਿਰੇ ਬਾਦਲ
ਚੰਡੀਗੜ੍ਹ: ਨਰਮੇ ਦੀ ਫ਼ਸਲ ਉਤੇ ਚਿੱਟੇ ਮੱਛਰ ਦੇ ਹਮਲੇ ਨੂੰ ਕੁਦਰਤੀ ਆਫ਼ਤ ਕਰਾਰ ਦੇਣ ਤੇ ਖੇਤੀਬਾੜੀ ਮਹਿਕਮੇ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਮਾਮਲੇ ਉਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੁਰੀ ਤਰ੍ਹਾਂ ਘਿਰ ਗਏ ਹਨ। ਵਿਰੋਧੀ ਧਿਰ ਨੇ ਵਿਧਾਨ ਸਭਾ ਵਿਚ ਇਸ ਮੁੱਦੇ ‘ਤੇ ਸੂਬਾ ਸਰਕਾਰ ਨੂੰ ਲਾਜਵਾਬ ਕਰ ਦਿੱਤਾ। ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੇ ਕਿਸਾਨੀ ਮੁੱਦੇ ਉਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਸ੍ਰੀ ਜਾਖੜ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਨਰਮੇ ਦੀ ਫਸਲ ਦੀ ਤਬਾਹੀ ਨੂੰ ਕੁਦਰਤੀ ਆਫ਼ਤ ਦੱਸ ਕੇ ਖੇਤੀਬਾੜੀ ਮੰਤਰੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਬਚਾਉਣ ਦਾ ਯਤਨ ਕੀਤਾ ਹੈ।
_________________________________________________________
ਕਿਸਾਨ ਮੇਲਿਆਂ ‘ਚ ਜਾਣ ਤੋਂ ਤ੍ਰਹਿਣ ਲੱਗੇ ਸਿਆਸੀ ਆਗੂ
ਮਾਨਸਾ: ਮਾਨਸਾ ਵਿਚ ਕੇਂਦਰੀ ਖੇਤੀਬਾੜੀ ਟੀਮ ਤੇ ਬਠਿੰਡਾ ਵਿਚ ਸਾਬਕਾ ਖੇਤੀ ਮੰਤਰੀ ਬਲਵਿੰਦਰ ਸਿੰਘ ਭੂੰਦੜ ਦੇ ਘਿਰਾਓ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਸਿਆਸੀ ਆਗੂ ਕਿਸਾਨ ਮੇਲਿਆਂ ਤੋਂ ਕਿਨਾਰਾ ਹੀ ਕਰ ਰਹੇ ਹਨ। ਸੂਬੇ ਦੇ ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਪੱਧਰ ਦੇ ਕਿਸਾਨ ਮੇਲੇ ਕਿਸਾਨਾਂ ਦਾ ਗੁੱਸਾ ਠੰਢਾ ਹੋਣ ਪਿੱਛੋਂ ਲਾਉਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਵੱਲੋਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਸਮੇਤ ਸੱਤਾਧਾਰੀ ਧਿਰ ਦੇ ਸਿਆਸੀ ਨੇਤਾਵਾਂ ਨੂੰ ਫਿਲਹਾਲ ਕਿਸਾਨ ਮੇਲਿਆਂ ਤੋਂ ਦੂਰ ਰੱਖਣ ਦਾ ਅੰਦਰਖ਼ਾਤੇ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਲੁਧਿਆਣੇ ਵਿਚ ਲਾਏ ਤਿੰਨ ਦਿਨਾਂ ਕਿਸਾਨ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਕਰਨਾ ਸੀ। ਸਮਾਗਮ ਦੀ ਪ੍ਰਧਾਨਗੀ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਤੇ ਸੁਰੇਸ਼ ਕੁਮਾਰ ਵਧੀਕ ਮੁੱਖ ਸਕੱਤਰ (ਵਿਕਾਸ) ਨੇ ਮੇਲੇ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਉਤੇ ਪਹੁੰਚਣਾ ਸੀ ਪਰ ਇਨ੍ਹਾਂ ਵਿਚੋਂ ਕੋਈ ਵੀ ਮੇਲੇ ਵਿਚ ਨਹੀਂ ਪਹੁੰਚਿਆ।