ਬਿਹਾਰ ਚੋਣਾਂ ਤੈਅ ਕਰਨਗੀਆਂ ਅਕਾਲੀ-ਭਾਜਪਾ ਗੱਠਜੋੜ ਦਾ ਭਵਿੱਖ

ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਪੌਣੇ ਦੋ ਦਹਾਕਿਆਂ ਤੋਂ ਚੱਲੇ ਆ ਰਹੇ ਅਕਾਲੀ-ਭਾਜਪਾ ਗੱਠਜੋੜ ਉਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਪਰਛਾਵਾਂ ਪੈਣ ਦੇ ਆਸਾਰ ਹਨ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਬਿਹਾਰ ਦੀਆਂ ਚੋਣਾਂ ਵਿਚ ਜੇਕਰ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਬਿਹਤਰ ਰਹੀ ਤਾਂ ਅਕਾਲੀ ਦਲ ਨੂੰ 2017 ਦੀਆਂ ਚੋਣਾਂ ਤੱਕ ਗੱਠਜੋੜ ਬਚਾਉਣ ਲਈ ਭਾਜਪਾ ਦੀਆਂ ਸ਼ਰਤਾਂ ਮੰਨਣੀਆਂ ਪੈ ਸਕਦੀਆਂ ਹਨ ਤੇ ਭਾਜਪਾ ਦੇ ਅਕਾਲੀਆਂ ਨਾਲੋਂ ਅਲੱਗ ਹੋਣ ਦੀ ਨੌਬਤ ਵੀ ਆ ਸਕਦੀ ਹੈ।

ਸੂਤਰਾਂ ਮੁਤਾਬਕ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਦੋ ਮੀਟਿੰਗ ਹੋ ਚੁੱਕੀਆਂ ਹਨ। ਅਮਰਿੰਦਰ ਵਿਰੋਧੀ ਆਗੂਆਂ ਵੱਲੋਂ ਇਨ੍ਹਾਂ ਮੀਟਿੰਗਾਂ ਨੂੰ ਭਾਵੇਂ ਵਿਦੇਸ਼ੀ ਖਾਤਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਅਕਾਲੀ ਤੇ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਕੈਪਟਨ ਪਾਰਟੀ ਬਣਾਉਂਦੇ ਹਨ ਤਾਂ ਭਾਜਪਾ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਨਵੀਂ ਪਾਰਟੀ ਨਾਲ ਵੀ ਸਾਂਝ ਪਾ ਸਕਦੀ ਹੈ। ਸੂਤਰਾਂ ਅਨੁਸਾਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੇਂਦਰੀ ਵਿੱਤ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦਰਮਿਆਨ ਹੋਈਆਂ ਮੀਟਿੰਗਾਂ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਦੇ ਦਿੱਤੀ ਹੈ। ਅਕਾਲੀ ਆਗੂਆਂ ਮੁਤਾਬਕ ਬਿਹਾਰ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ ‘ਤੇ ਵੀ ਅਸਰ ਪਾਉਣਗੇ। ਇਸ ਪੂਰਬੀ ਰਾਜ ਦੀ ਸੱਤਾ ਉਤੇ ਕਾਬਜ਼ ਹੋਣ ਲਈ ਭਾਜਪਾ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਬਿਹਾਰ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀਆਂ ਚੋਣਾਂ ਦਾ ਐਲਾਨ ਹੋਣ ਵਿਚ ਮਹਿਜ਼ 13 ਕੁ ਮਹੀਨੇ ਰਹਿ ਜਾਣਗੇ। ਇਸ ਤਰ੍ਹਾਂ ਨਾਲ ਭਾਜਪਾ ਵੱਲੋਂ ਇਹ ਫੈਸਲਾ ਬਿਹਾਰ ਚੋਣਾਂ ਤੋਂ ਤੁਰੰਤ ਬਾਅਦ ਕੀਤਾ ਜਾਵੇਗਾ ਕਿ ਭਵਿੱਖ ਦੀਆਂ ਚੋਣਾਂ ਅਕਾਲੀ ਦਲ ਨਾਲ ਰਲ ਕੇ ਲੜਨੀਆਂ ਹਨ ਜਾਂ ਕਿਸੇ ਹੋਰ ਪਾਰਟੀ ਨਾਲ।
ਅਕਾਲੀ ਆਗੂਆਂ ਅਨੁਸਾਰ ਭਾਜਪਾ ਦੀ ਪੰਜਾਬ ਲੀਡਰਸ਼ਿਪ ਦੇ ਬਹੁਤੇ ਆਗੂ ਤੇ ਵਰਕਰ ਅਕਾਲੀਆਂ ਨਾਲੋਂ ਅਲੱਗ ਹੋਣਾ ਚਾਹੁੰਦੇ ਹਨ। ਕੇਂਦਰੀ ਮੰਤਰੀ ਅਰੁਣ ਜੇਤਲੀ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ ਨਾਲ ਅਕਾਲੀਆਂ ਦੇ ਚੰਗੇ ਸਬੰਧਾਂ ਕਾਰਨ ਗੱਠਜੋੜ ਬਣਿਆ ਹੋਇਆ ਹੈ। ਅਕਾਲੀ ਦਲ ਤੇ ਭਾਜਪਾ ਅੰਦਰ ਜੇਤਲੀ-ਅਮਰਿੰਦਰ ਮੀਟਿੰਗਾਂ ਨੇ ਨਵੀਂ ਚਰਚਾ ਛੇੜੀ ਹੋਈ ਹੈ। ਸਾਬਕਾ ਮੁੱਖ ਮੰਤਰੀ ਦੀ ਕੋਰ ਟੀਮ ਦੇ ਇਕ ਮੈਂਬਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਜੇਤਲੀ ਤੇ ਕੈਪਟਨ ਵਿਚਾਲੇ ਮੀਟਿੰਗਾਂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਾਹਿਰ ਹੈ ਕਿ ਇਨ੍ਹਾਂ ਮੀਟਿੰਗਾਂ ਵਿਚ ਪੰਜਾਬ ਦੇ ਰਾਜਸੀ ਹਾਲਾਤਾਂ ਬਾਰੇ ਹੀ ਚਰਚਾ ਹੋਈ ਹੈ। ਕਾਂਗਰਸ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ‘ਤੇ ਸਿੱਧੇ ਨਿਸ਼ਾਨੇ ਸੇਧੇ ਸਨ। ਸਾਬਕਾ ਮੁੱਖ ਮੰਤਰੀ ਦੀਆਂ ਟਿੱਪਣੀਆਂ ਨੇ ਭਵਿੱਖ ਦੀ ਰਾਜਨੀਤੀ ਵੀ ਇਕ ਤਰ੍ਹਾਂ ਨਾਲ ਤੈਅ ਕਰ ਹੀ ਦਿੱਤੀ ਹੈ। ਅਮਰਿੰਦਰ ਸਿੰਘ ਦੀ ਵਿਦੇਸ਼ ਤੋਂ ਵਾਪਸੀ ਨੂੰ ਪੰਜਾਬ ਦੇ ਲੋਕਾਂ ਤੇ ਸਿਆਸੀ ਆਗੂਆਂ ਵੱਲੋਂ ਉਤਸੁਕਤਾ ਨਾਲ ਦੇਖਿਆ ਜਾ ਰਿਹਾ ਹੈ।
________________________
ਭਾਜਪਾ ਨੂੰ ਕੈਪਟਨ ਦੀ ਰਣਨੀਤੀ ਦਾ ਇੰਤਜ਼ਾਰ
ਚੰਡੀਗੜ੍ਹ: ਭਾਜਪਾ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਖ਼ਤਿਆਰ ਕੀਤੀ ਜਾਣ ਵਾਲੀ ਰਣਨੀਤੀ ਦਾ ਇੰਤਜ਼ਾਰ ਕਰ ਰਹੀ ਹੈ। ਕੈਪਟਨ ਵੱਲੋਂ ਲੰਘੀਆਂ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜੇਤਲੀ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਹੁਣ ਭਾਜਪਾ ਲੀਡਰਸ਼ਿਪ ਨੂੰ ਸਾਬਕਾ ਮੁੱਖ ਮੰਤਰੀ ਦੀ ਲੋਕਪ੍ਰੀਅਤਾ ਦਾ ਵੀ ਅੰਦਾਜ਼ਾ ਲੱਗ ਚੁੱਕਾ ਹੈ। ਇਹੀ ਕਾਰਨ ਹੈ ਕਿ ਅਕਾਲੀਆਂ ਤੋਂ ਬਾਅਦ ਭਾਜਪਾ ਜੇਕਰ ਕੋਈ ਬਦਲ ਲੱਭ ਰਹੀ ਹੈ ਤਾਂ ਉਹ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਨਵੀਂ ਪਾਰਟੀ ਹੀ ਹੋ ਸਕਦੀ ਹੈ।