ਚੰਡੀਗੜ੍ਹ: ਪੰਜਾਬ ਵਿਚ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਖਾਸ ਕਰਕੇ ਬਲਾਤਕਾਰ ਤੇ ਜਿਸਮਾਨੀ ਛੇੜ-ਛਾੜ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੂਬੇ ਵਿਚ ਰੋਜ਼ਾਨਾ ਦੋ ਤੋਂ ਵੱਧ ਔਰਤਾਂ ਨਾਲ ਬਲਾਤਕਾਰ ਹੁੰਦੇ ਹਨ ਤੇ ਤਕਰੀਬਨ ਸੱਤ ਔਰਤਾਂ ਛੇੜਛਾੜ, ਦਹੇਜ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਇਹ ਤੱਥ ਸੂਬਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਵਿਚ ਖ਼ਤਮ ਹੋਏ ਮੌਨਸੂਨ ਸੈਸ਼ਨ ਦੌਰਾਨ ਰੱਖੇ ਗਏ ਸਨ।
ਇਨ੍ਹਾਂ ਅੰਕੜਿਆਂ ਅਨੁਸਾਰ ਸੂਬੇ ਵਿਚ ਸਾਲ 2012 ਤੋਂ 31 ਅਗਸਤ 2015 ਤੱਕ (ਤਕਰੀਬਨ 1338 ਦਿਨਾਂ) ਦੌਰਾਨ ਬਲਾਤਕਾਰ ਦੇ 3,146 ਮਾਮਲੇ ਸਾਹਮਣੇ ਆਏ ਜਦਕਿ ਇਸੇ ਸਮੇਂ ਦੌਰਾਨ ਦਹੇਜ ਕਾਰਨ ਤਸ਼ੱਦਦ, ਘਰੇਲੂ ਹਿੰਸਾ ਤੇ ਜਿਸਮਾਨੀ ਛੇੜਛਾੜ ਦੀਆਂ 9102 ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਤੱਥਾਂ ਮੁਤਾਬਕ ਤਾਂ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਵਿਰੁੱਧ ਹੁੰਦੇ ਅਪਰਾਧਾਂ ਦੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਕਰਨ ਦੇ ਦਾਅਵਿਆਂ ਦੇ ਉਲਟ ਬਲਾਤਕਾਰ, ਛੇੜਛਾੜ, ਦਹੇਜ ਕਾਰਨ ਤਸ਼ੱਦਦ ਤੇ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਵਿਚ 2012 ਦੌਰਾਨ ਬਲਾਤਕਾਰ ਦੀਆਂ 680, 2013 ਦੌਰਾਨ 888, ਸਾਲ 2014 ਦੌਰਾਨ 981 ਤੇ 2015 ਦੌਰਾਨ 31 ਅਗਸਤ ਤੱਕ 697 ਘਟਨਾਵਾਂ ਵਾਪਰ ਚੁੱਕੀਆਂ ਹਨ। ਅੰਕੜਿਆਂ ਮੁਤਾਬਕ ਘਰੇਲੂ ਹਿੰਸਾ ਦੀਆਂ ਘੱਟ ਪਰ ਬਲਾਤਕਾਰ, ਛੇੜ ਛਾੜ ਤੇ ਦਹੇਜ ਦੇ ਮਾਮਲਿਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ।
ਤੱਥਾਂ ਮੁਤਾਬਕ 2012 ਦੌਰਾਨ ਘਰੇਲੂ ਹਿੰਸਾ ਦੇ ਤਿੰਨ, ਸਾਲ 2013 ਦੌਰਾਨ ਤਿੰਨ, ਸਾਲ 2014 ਦੌਰਾਨ ਦੋ ਤੇ ਸਾਲ 2015 ਦੌਰਾਨ 31 ਅਗਸਤ ਤੱਕ ਸਿਰਫ਼ ਇਕ ਕੇਸ ਦਰਜ ਕੀਤਾ ਗਿਆ ਹੈ। ਜਿਸਮਾਨੀ ਛੇੜਛਾੜ ਦੇ ਸਾਲ 2012 ਦੌਰਾਨ 340, ਸਾਲ 2013 ਦੌਰਾਨ 1045, ਸਾਲ 2014 ਦੌਰਾਨ 1113 ਅਤੇ 2015 ਦੌਰਾਨ 31 ਅਗਸਤ ਤੱਕ 826 ਘਟਨਾਵਾਂ ਵਾਪਰੀਆਂ। ਦਹੇਜ ਕਾਰਨ ਤਸ਼ੱਦਦ ਦੀਆਂ 2012 ਦੌਰਾਨ 1293, ਸਾਲ 2013 ਦੌਰਾਨ 1741, ਸਾਲ 2014 ਦੌਰਾਨ 1681 ਤੇ ਸਾਲ 2015 ਦੌਰਾਨ 1054 ਘਟਨਾਵਾਂ ਵਾਪਰੀਆਂ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਦੇ ਮਾਮਲੇ ਆਮ ਤੌਰ ਉਤੇ ਪੁਲਿਸ ਰਿਕਾਰਡ ਵਿਚ ਨਹੀਂ ਆਉਂਦੇ। ਕੌਮੀ ਪੱਧਰ ‘ਤੇ ਹੋਈਆਂ ਕਾਨਫਰੰਸਾਂ ਦੌਰਾਨ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਘਰੇਲੂ ਹਿੰਸਾ ਕਾਨੂੰਨ ਨੂੰ ਲਾਗੂ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਗਏ। ਕੰਮਕਾਜੀ ਔਰਤਾਂ ਨੂੰ ਛੇੜ ਛਾੜ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਢਿੱਲਾ ਰਵੱਈਆ ਅਪਣਾਏ ਜਾਣ ਕਾਰਨ ਅਕਸਰ ਦੋਸ਼ੀ ਸਜ਼ਾ ਤੋਂ ਬਚ ਵੀ ਜਾਂਦੇ ਹਨ।
_________________________________
ਮਾਲਵਾ ਖਿੱਤੇ ਵਿਚ ਜਬਰ ਜਨਾਹ ਦੇ ਕੇਸ ਵੱਧ
ਪੰਜਾਬ ਦੇ ਮਾਲਵੇ ਖਿੱਤੇ ਵਿਚ ਬਲਾਤਕਾਰ ਜਿਹੇ ਸੰਗੀਨ ਅਪਰਾਧਾਂ ਦੀਆਂ ਘਟਨਾਵਾਂ ਮਾਝੇ ਤੇ ਦੁਆਬੇ ਦੇ ਮੁਕਾਬਲੇ ਵਧੇਰੇ ਵਾਪਰ ਰਹੀਆਂ ਹਨ। ਬਲਾਤਕਾਰ ਦੀਆਂ ਘਟਨਾਵਾਂ ਮਾਲਵਾ ਦੇ ਜ਼ਿਲ੍ਹਿਆਂ ਲੁਧਿਆਣਾ ਸ਼ਹਿਰੀ, ਪਟਿਆਲਾ, ਸੰਗਰੂਰ ਤੇ ਬਠਿੰਡਾ ਵਿਚ ਸਭ ਤੋਂ ਜ਼ਿਆਦਾ ਵਾਪਰੀਆਂ ਹਨ। ਲੁਧਿਆਣਾ (ਦਿਹਾਤੀ) ਤੇ ਪਠਾਨਕੋਟ ਦੋ ਅਜਿਹੇ ਜ਼ਿਲ੍ਹੇ ਹਨ ਜਿਥੇ ਜਬਰ ਜਨਾਹ ਦੀਆਂ ਘਟਨਾਵਾਂ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਬਹੁਤ ਘੱਟ ਵਾਪਰੀਆਂ ਹਨ। ਦਹੇਜ ਤੇ ਜਿਸਮਾਨੀ ਛੇੜ ਛਾੜ ਦੀਆਂ ਘਟਨਾਵਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਤੇ ਬਠਿੰਡਾ ਵਿਚ ਜ਼ਿਆਦਾ ਵਾਪਰੀਆਂ ਹਨ।
_____________________________________
ਬਲਾਤਕਾਰ ਦੇ 595 ਮਾਮਲਿਆਂ ਵਿਚ ਸਜ਼ਾ
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤੱਥਾਂ ਮੁਤਾਬਕ ਅਦਾਲਤਾਂ ਵੱਲੋਂ ਉਕਤ ਪੌਣੇ ਚਾਰ ਸਾਲਾਂ ਦੌਰਾਨ ਬਲਾਤਕਾਰ ਦੇ ਕੁੱਲ ਕੇਸਾਂ ਵਿਚੋਂ 595 ਮਾਮਲਿਆਂ ਵਿਚ ਸਜ਼ਾ ਸੁਣਾਈ ਗਈ। ਛੇੜਛਾੜ ਤੇ ਦਹੇਜ ਦੇ 188 ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਹੋਈ ਹੈ। ਘਰੇਲੂ ਹਿੰਸਾ ਦੇ ਕਿਸੇ ਵੀ ਕੇਸ ਵਿਚ ਸਜ਼ਾ ਨਹੀਂ ਸੁਣਾਈ ਗਈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਕੌਮਾਂਤਰੀ ਪੱਧਰ ‘ਤੇ ਹੋਏ ਇਕ ਸਰਵੇਖਣ ਮੁਤਾਬਕ ਭਾਰਤ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਦੇ ਮਾਮਲਿਆਂ ਵਿਚ ਦੁਨੀਆਂ ਵਿਚੋਂ ਪਹਿਲਾ ਸਥਾਨ ਹਾਸਲ ਕਰ ਚੁੱਕਿਆ ਹੈ।