ਗਾਂਧੀ ਤੇ ਖਾਲਸਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਨੋਟਿਸ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਅਨੁਸ਼ਾਸਨੀ ਕਮੇਟੀ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾæ ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਰਸਮੀ ਨੋਟਿਸ ਭੇਜ ਦਿੱਤਾ ਹੈ। ਦੋਵਾਂ ਆਗੂਆਂ ਨੇ ਪੰਕਜ ਗੁਪਤਾ ਵੱਲੋਂ ਈਮੇਲ ਰਾਹੀਂ ਆਏ ਇਸ ਨੋਟਿਸ ਦੀ ਪੁਸ਼ਟੀ ਕੀਤੀ ਹੈ।

ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੇਲੇ ਉੱਤੇ ਪਾਰਟੀ ਦੀ ਅਧਿਕਾਰਤ ਕਾਨਫਰੰਸ ਦੇ ਮੁਕਾਬਲੇ ਕੀਤੀ ਗਈ ਦੂਸਰੀ ਕਾਨਫਰੰਸ ਵਿਚ ਸ਼ਾਮਲ ਹੋਣ ਕਾਰਨ ਦੋਵਾਂ ਨੂੰ ਉਸੇ ਦਿਨ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਸੀ। ਦੋਵਾਂ ਨੇ ਬਾ-ਦਲੀਲ ਜਵਾਬ ਦੇਣ ਦਾ ਫੈਸਲਾ ਕੀਤਾ ਹੈ ਤੇ ਅੱਗੋਂ ਪਾਰਟੀ ਨੇ ਵੀ ਇਨ੍ਹਾਂ ਨੂੰ ਬਾਹਰ ਦਾ ਰਾਹ ਦਿਖਾਉਣ ਦਾ ਫੈਸਲਾ ਕਰ ਲਿਆ ਲੱਗਦਾ ਹੈ।
ਨੋਟਿਸ ਰਾਹੀਂ ਤਿੰਨ ਸਵਾਲਾਂ ਦਾ ਜਵਾਬ ਮੰਗਿਆ ਗਿਆ ਹੈ। ਡਾæ ਗਾਂਧੀ ਨੇ ਕਿਹਾ ਕਿ ਉਹ ਪਹਿਲਾਂ ਹੀ ਅਨੁਸ਼ਾਸਨੀ ਕਮੇਟੀ ਵਿਚ ਪੱਖਪਾਤੀ ਆਗੂ ਬਿਠਾਉਣ ਦਾ ਵਿਰੋਧ ਕਰ ਚੁੱਕੇ ਹਨ। ਪਾਰਟੀ ਨੂੰ ਆਪਣੇ ਮੂਲ ਸਿਧਾਂਤ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਹਮੇਸ਼ਾ ਹੀ ਪਾਰਟੀ ਦੇ ਬੁਨਿਆਦੀ ਸਿਧਾਂਤਾਂ ਨੂੰ ਕਾਇਮ ਰੱਖਿਆ ਹੈ। ਪਾਰਟੀ ਦੇ ਨੋਟਿਸ ਦਾ ਉਹ ਬਾ-ਦਲੀਲ ਜਵਾਬ ਦੇਣਗੇ ਤੇ ਕੇਂਦਰੀ ਲੀਡਰਸ਼ਿਪ ਤੋਂ ਜਵਾਬ ਵੀ ਮੰਗਣਗੇ।
ਨੋਟਿਸ ਬਾਰੇ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ‘ਆਪ’ ਸਿਰਫ ਸ੍ਰੀ ਕੇਜਰੀਵਾਲ ਤੇ ਉਸ ਦੀ ਜੁੰਡਲੀ ਦੀ ਨਹੀਂ ਹੈ। ਬਾਬਾ ਬਕਾਲਾ ਦੀ ਕਾਨਫਰੰਸ ਬੁਲਾਉਣ ਦਾ ਦੋਸ਼ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਕਾਰਡ ਸਾਡੇ ਵੱਲੋਂ ਉਠਾਏ ਜਾਣ ਵਾਲੇ ਬੁਨਿਆਦੀ ਮੁੱਦਿਆਂ ਤੋਂ ਬਾਅਦ ਸਾਡੀ ਆਵਾਜ਼ ਬੰਦ ਕਰਨ ਲਈ ਮੰਗਿਆ ਗਿਆ ਸੀ। ਇਸ ਪਿੱਛੇ ਭਾਵਨਾ ਠੀਕ ਨਾ ਹੋਣ ਕਰਕੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਗਿਆ। ਸਾਡੇ ਉੱਤੇ ਪ੍ਰੈਸ ਵਿਚ ਬੋਲਣ ਦਾ ਇਲਜ਼ਾਮ ਲਾਉਣ ਵਾਲਿਆਂ ਨੂੰ ਸੁੱਚਾ ਸਿੰਘ ਛੋਟੇਪੁਰ ਤੇ ਹਿੰਮਤ ਸਿੰਘ ਸ਼ੇਰਗਿੱਲ ਵੱਲੋਂ ਕੀਤੀ ਬਿਆਨਬਾਜ਼ੀ ਅਨੁਸ਼ਾਸਨ ਦੀ ਉਲੰਘਣ ਨਜ਼ਰ ਨਹੀਂ ਆਉਂਦੀ।
___________________________________
ਨੋਟਿਸ ਵਿਚ ਤਿੰਨ ਸਵਾਲ
ਪਹਿਲਾ: ਰੱਖੜ ਪੁੰਨਿਆ ਮੇਲੇ ਉੱਤੇ ਬਾਗੀ ‘ਆਪ’ ਵਲੰਟੀਅਰਾਂ ਦੀ ਰੈਲੀ ਵਿਚ ਸ਼ਾਮਲ ਹੋ ਕੇ ਬੈਨਰਾਂ ਉੱਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਫੋਟੋ ਤੇ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਵਰਤੋਂ ਕਿਉਂ ਕੀਤੀ?
ਦੂਸਰਾ: ਲੋਕ ਸਭਾ ਅੰਦਰ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪਾਰਟੀ ਨੂੰ ਕਿਉਂ ਨਹੀਂ ਸੌਂਪਿਆ?
ਤੀਸਰਾ: ਵੱਖ ਵੱਖ ਮੌਕਿਆਂ ਉੱਤੇ ਪਾਰਟੀ ਖਿਲਾਫ਼ ਪ੍ਰੈਸ ਵਿਚ ਵਿਚਾਰ ਪ੍ਰਗਟ ਕਰਕੇ ਅਨੁਸ਼ਾਸਨ ਕਿਉਂ ਭੰਗ ਕੀਤਾ?