‘ਪੰਜਾਬ ਟਾਈਮਜ਼’ ਨਾਲ ਗਹਿਰੇ ਜੁੜੇ ਮਝੈਲ ਸਿੰਘ ਸਰਾਂ ਨੇ ਇਕ ਵਾਰ ਫਿਰ ਇਕ ਹੋਰ ਅਹਿਮ ਮੁੱਦਾ ਸਿੱਖਾਂ ਅੱਗੇ ਲਿਆ ਧਰਿਆ ਹੈ। ਇਸ ਵਾਰ ਉਨ੍ਹਾਂ ‘ਗੁਰੂ ਲਾਧੋ ਰੇ’ ਨਾਲ ਜੁੜੀ ਸਾਖੀ ਨੂੰ ਆਧਾਰ ਬਣਾ ਕੇ ਸਿੱਖਾਂ ਨੂੰ ਝੰਜੋੜਨ ਦਾ ਯਤਨ ਕੀਤਾ ਹੈ ਜੋ ‘ਬਿਪਰ ਕੀ ਰੀਤ’ ਵਿਚ ਰੁੜ੍ਹ ਰਹੇ ਹਨ।
ਇਸ ਲੇਖ ਵਿਚ ਉਨ੍ਹਾਂ ਇਸ ਸਾਖੀ ਨੂੰ ਨਵੇਂ ਸਿਰਿਓਂ, ਨਵੇਂ ਜ਼ਾਵੀਏ ਤੋਂ ਪੜ੍ਹਨ-ਗੁੜਨ ਦਾ ਹੋਕਾ ਦਿੱਤਾ ਹੈ ਅਤੇ ‘ਬਿਪਰ ਕੀ ਰੀਤ’ ਨੂੰ ਪਛਾਣ ਕੇ ਤੇ ਭਾਈ ਮੱਖਣ ਸ਼ਾਹ ਦੇ ਫਿਕਰ ਨੂੰ ਸਮਝ ਕੇ ਸਿੱਖਾਂ ਨੂੰ ਸੇਧ ਲੈਣ ਲਈ ਪ੍ਰੇਰਨ ਦਾ ਯਤਨ ਕੀਤਾ ਹੈ। -ਸੰਪਾਦਕ
ਮਝੈਲ ਸਿੰਘ ਸਰਾਂ
ਫੋਨ: 408-254-7716
‘ਗੁਰੂ ਲਾਧੋ ਰੇ’ ਇਹ ਹਨ ਉਹ ਤਿੰਨ ਅਲਫ਼ਾਜ਼ ਜਿਨ੍ਹਾਂ ਨੇ ਤਕਰੀਬਨ ਇਕ ਸਾਲ ਤੱਕ ਸ੍ਰੀ ਗੁਰੂ ਹਰ ਕ੍ਰਿਸ਼ਨ ਦੇ ਬੇਵਕਤ ਪਰਲੋਕ ਗਮਨ ਉਪਰੰਤ ਸਿੱਖ ਜਗਤ ਵਿਚ ਛਾਈ ਮਾਯੂਸੀ ਨੂੰ ਇਕੋ ਝਟਕੇ ਨਾਲ ਵਗਾਹ ਕੇ ਅਹੁ ਮਾਰਿਆ ਅਤੇ ਹਰ ਸਿੱਖ ਖੇੜੇ ਵਿਚ ਆ ਗਿਆ। ਇਨ੍ਹਾਂ ਅਲਫ਼ਾਜ਼ ਵਿਚ ਕਿਹੜੀ ਜਾਦੂਈ ਸ਼ਕਤੀ ਸੀ ਕਿ ਸੁਣਦੇ ਸਾਰ ਸਿੱਖਾਂ ਵਿਚ ਅਥਾਹ ਖੁਸ਼ੀ ਦੀ ਲਹਿਰ ਦੌੜ ਗਈ? ਇਹ ਅਲਫ਼ਾਜ਼ ਕਿਸੇ ਦੇਵੀ ਦੇਵਤੇ, ਸੰਤ ਮਹਾਂਪੁਰਸ਼, ਗੁਰੂ ਪਰਿਵਾਰਾਂ ਦੇ ਮੈਂਬਰਾਂ ਦੇ ਮੂੰਹੋਂ ਨਹੀਂ ਸਨ ਨਿਕਲੇ, ਨਾ ਹੀ ਕਿਸੇ ਹਾਕਮ ਦੇ ਮੂੰਹੋਂ; ਬਲਕਿ ਇਕ ਅਨਜਾਣ ਸਿੱਖ ਦੇ ਮੂੰਹੋਂ ਨਿਕਲੇ ਆਮ ਜਿਹੇ ਸ਼ਬਦ ਸਨ। ਫਿਰ ਕਿਉਂ ਇਹ ਸ਼ਬਦ ਸੁਣਦੇ ਸਾਰ ਸਿੱਖ ਬਾਬਾ ਬਕਾਲਾ ਨੂੰ ਚੱਲ ਪਏ। ਇੰਨਾ ਵੱਡਾ ਯਕੀਨ ਸਾਰੇ ਸਿੱਖ ਜਗਤ ਨੇ ਕਿੱਦਾਂ ਕਰ ਲਿਆ ਕਿ ਸੱਚਾ ਗੁਰੂ ਬਾਬਾ ਬਕਾਲੇ ਵਿਚ ਗੁਰੂ ਤੇਗ ਬਹਾਦਰ ਦੇ ਰੂਪ ਵਿਚ ਲੱਭ ਗਿਆ ਹੈ, ਜਦੋਂ ਕਿ ਉਥੇ ਹੋਰ 22 ਜਣੇ ਗੁਰੂ ਪਰਿਵਾਰਾਂ ਵਾਲੇ ਵੀ ਤਾਂ ਸੱਚੇ ਗੁਰੂ ਦੀਆਂ ਗੱਦੀਆਂ ਲਈ ਬੈਠੇ ਸੀ। ਉਨ੍ਹਾਂ ਕੋਲ ਤਾਂ ਆਪਣੇ ਪ੍ਰਚਾਰ ਲਈ ਮਸੰਦ ਵੀ ਬੜੇ ਸਨ। ਕਰੀਬ ਇਕ ਸਾਲ ਉਹ ਸਫਲ ਵੀ ਰਹੇ, ਪਰ ਸਿੱਖ ਉਦਾਸ ਸਨ ਕਿਉਂਕਿ ਇਨ੍ਹਾਂ 22 ਜਣਿਆਂ ਵਿਚ ਗੁਰੂ ਨਾਨਕ ਦੀ ਇਲਾਹੀ ਜੋਤ ਮਨਫ਼ੀ ਸੀ, ਪੱਲੇ ਸੀ ਇਨ੍ਹਾਂ ਦੇ ਸਿਰਫ਼ ਭੇਖ ਤੇ ਪਖੰਡ। ਸਿੱਖ ਵਿਚਾਰੇ ਇਨ੍ਹਾਂ ਦੇ ਭੇਖ ਨੂੰ ਹੀ ਮੱਥੇ ਟੇਕਣ ਲਈ ਮਜਬੂਰ ਹੋ ਗਏ, ਪਰ ਗੁਰੂ ਤੇ ਸਿੱਖ ਦਾ ਰਿਸ਼ਤਾ ਹੀ ਇੰਨਾ ਗੂੜ੍ਹਾ, ਪਿਆਰਾ ਤੇ ਨੇੜਤਾ ਵਾਲਾ ਬਣ ਗਿਆ ਸੀ ਕਿ ਸਿੱਖ ਗੁਰੂ ਤੋਂ ਬਗੈਰ ਅਧੂਰਾ ਤੇ ਨਿਰਜਿੰਦ ਮਹਿਸੂਸ ਕਰਨ ਲੱਗ ਪਿਆ। ਗੁਰਬਾਣੀ ਦਾ ਇਹ ਸ਼ਬਦ ਸਿੱਖ ਦੇ ਧੁਰ ਅੰਦਰ ਵਸਿਆ ਹੋਇਆ ਸੀ, ‘ਗੁਰ ਬਿਨੁ ਘੋਰ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥’ ਤੇ ਇਹ 22 ਮੰਜੀਧਾਰੀ ਹਨੇਰਾ ਦੂਰ ਕਰਨ ਦੀ ਥਾਂ ਫੈਲਾਉਣ ਵਾਲੇ ਸਾਬਤ ਹੋ ਰਹੇ ਸਨ। ਫਿਰ ਸੱਚੇ ਗੁਰੂ ਦੀ ਭਾਲ, ਉਹ ਵੀ ਬਾਬਾ ਬਕਾਲੇ ਵਿਚੋਂ, ਕੋਈ ਬਿਬੇਕ ਬੁੱਧ ਜਗਿਆਸੂ ਸਿੱਖ ਹੀ ਕਰ ਸਕਦਾ ਸੀ।
ਉਹ ਗੁਰਸਿੱਖ ਹੈ ਭਾਈ ਮੱਖਣ ਸ਼ਾਹ ਜਿਸ ਦੇ ਮੂੰਹੋਂ ਨਿਕਲੇ ‘ਗੁਰੂ ਲਾਧੋ ਰੇ’ ਦੇ ਅਲਫ਼ਾਜ਼ ਨੂੰ ਸਾਰੇ ਸਿੱਖਾਂ ਨੇ ਮੰਨ ਕੇ ਗੁਰੂ ਤੇਗ ਬਹਾਦਰ ਨੂੰ ਨੌਵੇਂ ਪਾਤਸ਼ਾਹ ਦੀ ਗੁਰਿਆਈ ਦੇ ਕੇ ਆਉਣ ਵਾਲੇ ਸਿੱਖ ਇਤਿਹਾਸ ਦਾ ਸੁਨਹਿਰੀ ਯੁੱਗ ਸ਼ੁਰੂ ਕੀਤਾ। ਸਿੱਖ ਜਗਤ ਨੇ ਭਾਈ ਮੱਖਣ ਸ਼ਾਹ ਦੇ ਇਨ੍ਹਾਂ ਅਲਫ਼ਾਜ਼ ਨੂੰ ਅੱਜ ਵੀ ਸੀਨੇ ਨਾਲ ਲਾਇਆ ਹੋਇਆ ਹੈ। ਇਹ ਅਲਫ਼ਾਜ਼ ਅੱਜ ਵੀ ਉਨੇ ਹੀ ਅਹਿਮ ਹਨ ਜਿੰਨੇ ਭਾਈ ਮੱਖਣ ਸ਼ਾਹ ਦੇ ਮੂੰਹੋਂ ਕੋਈ ਸਾਢੇ ਤਿੰਨ ਸੌ ਸਾਲ ਪਹਿਲਾਂ ਨਿਕਲਣ ਵੇਲੇ ਸਨ।
‘ਗੁਰੂ ਲਾਧੋ ਰੇ’- ਇਹ ਤਿੰਨੇ ਲਫਜ਼ ਬੋਲਣ ਤੋਂ ਪਹਿਲਾਂ, ਭਾਈ ਮੱਖਣ ਸ਼ਾਹ ਦੀ ਕਿੰਨੀ ਕੁ ਵੱਡੀ ਘਾਲਣਾ ਤੇ ਜੀਵਨ ਵਿਚ ਕਿੰਨੀ ਕੁ ਸੁੱਚਮ ਰਹੀ, ਇਹ ਜਾਣਨਾ ਸਿੱਖਾਂ ਲਈ ਜ਼ਰੂਰੀ ਹੈ। ਸਿਰਫ਼ ਉਸੇ ਸਾਖੀ ਨੂੰ ਹੀ ਆਧਾਰ ਨਹੀਂ ਬਣਾਉਣਾ ਜਿਹੜੀ ਆਪਾਂ ਅੱਜ ਤੱਕ ਸੁਣੀ ਜਾਂਦੇ ਹਾਂ- ਭਾਈ ਮੱਖਣ ਸ਼ਾਹ ਦਾ ਜਹਾਜ਼ ਸਮੁੰਦਰ ਵਿਚ ਫਸ ਗਿਆ ਤੇ ਉਨ੍ਹਾਂ ਨੇ 500 ਮੋਹਰ ਸੁੱਖੀ ਗੁਰੂ ਘਰ ਲਈ, ਤੇ ਜਹਾਜ਼ ਬੰਨੇ ਲੱਗ ਗਿਆ। ਜਦੋਂ ਉਹ ਸੁੱਖਣਾ ਦੀਆਂ 500 ਮੋਹਰਾਂ ਬਕਾਲੇ, ਗੁਰੂ ਨੂੰ ਭੇਟ ਕਰਨ ਆਇਆ ਤਾਂ ਦੇਖਿਆ ਕਿ 22 ਜਣੇ ਗੱਦੀਆਂ ਮੱਲੀ ਬੈਠੇ ਸਨ। ਉਹਨੇ ਇਹ ਤਰਕੀਬ ਸੋਚੀ ਕਿ ਹਰ ਇਕ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕੀ ਜਾਊਂ, ਜੋ ਸੱਚਾ ਹੋਇਆ, ਆਪੇ 500 ਮੰਗ ਲਊ, ਪਰ ਜਦੋਂ ਕਿਸੇ ਨੇ ਵੀ ਨਾ ਮੰਗੀਆਂ ਤਾਂ ਉਹ ਕਿਸੇ ਦੇ ਦੱਸੇ ਗੁਰੂ ਤੇਗ ਬਹਾਦਰ ਦੇ ਘਰ ਪਹੁੰਚ ਗਿਆ ਤੇ ਉਨ੍ਹਾਂ ਅੱਗੇ ਵੀ ਉਸੇ ਤਰ੍ਹਾਂ ਦੋ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ। ਗੁਰੂ ਨੇ ਸੁੱਖਣਾ ਵਾਲੀਆਂ 500 ਮੋਹਰਾਂ ਦੀ ਮੰਗ ਕੀਤੀ ਤੇ ਨਾਲ ਹੀ ਆਪਣਾ ਮੋਢਾ ਨੰਗਾ ਕਰ ਕੇ ਦਿਖਾ ਦਿੱਤਾ, ਕਿ ਆਹ ਜਿਹੜਾ ਜ਼ਖ਼ਮ ਹੈ, ਇਹ ਉਸ ਵਕਤ ਦਾ ਹੈ ਜਦੋਂ ਤੇਰੇ ਡੁੱਬਦੇ ਜਹਾਜ਼ ਨੂੰ ਧੱਕ ਕੇ ਬੰਨੇ ਲਾਇਆ ਸੀ। ਇਹ ਸੁਣ/ਦੇਖ ਕੇ ਮੱਖਣ ਸ਼ਾਹ ਨੂੰ ਯਕੀਨ ਹੋ ਗਿਆ ਕਿ ਇਹੋ ਹੀ ਸੱਚਾ ਗੁਰੂ ਹੈ ਤੇ ਉਸੇ ਵਕਤ ਕੋਠੇ ਦੀ ਛੱਤ ਚੜ੍ਹ ਕੇ ਆਵਾਜ਼ਾਂ ਦਿੱਤੀਆਂ- ‘ਗੁਰੂ ਲਾਧੋ ਰੇ’ ਅਤੇ ਸਾਰੇ ਸਿੱਖਾਂ ਨੇ ਤੇਗ ਬਹਾਦਰ ਨੂੰ ਨੌਵਾਂ ਗੁਰੂ ਮੰਨ ਲਿਆ।
ਇਸ ਸਾਖੀ ਉਤੇ ਮੈਂ ਪੂਰੀ ਤਰ੍ਹਾਂ ਕਾਟਾ ਨਹੀਂ ਮਾਰਦਾ, ਕਿਉਂਕਿ ਇਸ ਵਿਚ ਕਈ ਤੱਥ ਸਹੀ ਹਨ। ਬੱਸ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਇਸ ਸਾਖੀ ਵਿਚ ਬਿਪਰ ਚਤੁਰਾਈ ਕਰ ਗਿਆ, ਜੋ ਭਾਈ ਮੱਖਣ ਸ਼ਾਹ ਵਰਗੇ ਗੁਰਸਿੱਖ ਦੀ ਬਿਬੇਕ ਬੁੱਧ, ਜਗਿਆਸੂ ਸੁਭਾਅ ਤੇ ਗੁਰਮਤਿ ਜੀਵਨ ਉਤੇ ਕਰਾਮਾਤ ਤੇ ਕਰਮਕਾਂਡ ਨੂੰ ਭਾਰੂ ਕਰ ਗਿਆ। ਹੁਣ ਅਸੀਂ ਭਾਈ ਮੱਖਣ ਸ਼ਾਹ ਦੇ ਇਸੇ ਪੱਖ ਉਤੇ ਝਾਤ ਪਾਉਣੀ ਹੈ, ਤਾਂ ਜੋ ਭੇਖੀਆਂ ਤੋਂ ਛੁਟਕਾਰਾ ਪਾ ਸਕੀਏ।
ਆਪਾਂ ਜਾਣਦੇ ਹਾਂ ਕਿ ਮੱਖਣ ਸ਼ਾਹ ਵੱਡਾ ਵਪਾਰੀ ਸੀ ਜਿਸ ਦਾ ਵਪਾਰ ਅਰਬ ਖਾੜੀ ਤੇ ਅਫ਼ਰੀਕਨ ਮੁਲਕਾਂ ਤੱਕ ਸੀ। ਉਹ ਸਿੱਖ ਧਰਮ ਨਾਲ ਜੁੜਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਭਾਈ ਦਾਸਾ ਲੁਬਾਣਾ ਨੂੰ ਗੁਰੂ ਰਾਮਦਾਸ ਨੇ ਅਫ਼ਰੀਕਨ ਮੁਲਕਾਂ ਦਾ ਮਸੰਦ ਥਾਪਿਆ ਹੋਇਆ ਸੀ। ਮਸੰਦ ਉਦੋਂ ਉਸੇ ਸਿੱਖ ਨੂੰ ਲਾਇਆ ਜਾਂਦਾ ਸੀ ਜਿਹਦੀ ਰਹਿਣੀ-ਬਹਿਣੀ ਪੂਰਨ ਗੁਰਮਤਿ ਵਾਲੀ ਹੁੰਦੀ ਸੀ ਤੇ ਜੋ ਗੁਰਮਤਿ ਦੇ ਪ੍ਰਚਾਰ ਦੇ ਨਾਲ ਨਾਲ ਦਸਵੰਧ ਵੀ ਉਗਰਾਹ ਕੇ ਗੁਰੂ ਪਾਸ ਪਹੁੰਚਾਉਂਦਾ ਸੀ। ਮਤਲਬ, ਜੋ ਪੂਰਾ ਇਮਾਨਦਾਰ ਹੁੰਦਾ ਸੀ। ਇਹ ਸਾਰੇ ਗੁਣ ਭਾਈ ਮੱਖਣ ਸ਼ਾਹ ਵਿਚ ਸਨ। ਮੱਖਣ ਸ਼ਾਹ ਬਾਕਾਇਦਾ ਦਸਵੰਧ ਕੱਢਦਾ ਤੇ ਖੁਦ ਗੁਰੂ ਕੋਲ ਪਹੁੰਚਾਉਂਦਾ। ਗੁਰੂ ਅੱਗੇ ਅਰਦਾਸ ‘ਤੇ ਉਹਨੂੰ ਸਦਾ ਭਰੋਸਾ ਸੀ ਤੇ ਅਰਦਾਸ ਦੀ ਕਿੰਨੀ ਮਹਾਨਤਾ ਹੈ, ਇਹ ਉਹਦਾ ਜਗਿਆਸੂ ਮਨ ਜਾਣਦਾ ਸੀ। ਇਹ ਸਾਖੀ ਕਿ ਸਮੁੰਦਰ ਵਿਚ ਆਏ ਤੂਫ਼ਾਨ ਵਿਚ ਉਹਦਾ ਜਹਾਜ਼ ਫਸ ਗਿਆ ਸੀ, ਸੱਚ ਹੀ ਹੋਣੀ ਹੈ ਕਿਉਂਕਿ ਅੱਜ ਵੀ ਅਰਬ ਖਾੜੀ ਦੇ ਸਮੁੰਦਰ ਵਿਚ ਅਚਾਨਕ ਤੂਫ਼ਾਨ ਉੱਠਦੇ ਰਹਿੰਦੇ ਹਨ। ਬੱਸ ਇਥੇ ਬਿਪਰ ਚਾਲ ਚੱਲ ਗਿਆ ਸਾਖੀ ਵਿਚ। ਸਿੱਖ ਦੀ ਅਰਦਾਸ ਨਾਲੋਂ, ਸੁੱਖਣਾ ਨੂੰ ਮਹੱਤਵ ਦੇ ਗਿਆ ਕਿ ਭਾਈ ਮੱਖਣ ਸ਼ਾਹ ਨੇ ਉਸੇ ਵਕਤ ਸੁੱਖਣਾ ਸੁੱਖੀ ਗੁਰੂ ਕੋਲ, ਕਿ ਜਹਾਜ਼ ਬੰਨੇ ਲਾ ਦੇ ਤਾਂ ਇਵਜ਼ ਵਿਚ 500 ਮੋਹਰਾਂ ਚੜ੍ਹਾਵਾਂਗਾ। ਸੁੱਖਣਾ ਮਨਜ਼ੂਰ ਹੋਈ ਤੇ ਜਹਾਜ਼ ਬੰਨੇ ਲੱਗ ਗਿਆ। ਇਹ ਸੁੱਖਣਾ ਭਾਈ ਮੱਖਣ ਸ਼ਾਹ ਨੂੰ ਬਾਬਾ ਬਕਾਲੇ ਲਿਆਉਂਦੀ ਹੈ। ਇਹ ਸੁੱਖਣਾ ਮੌਜੂਦਾ ਡੇਰੇਦਾਰ ਸੰਤਾਂ ਨੂੰ ਬਹੁਤ ਰਾਸ ਆਈ ਹੋਈ ਹੈ। ਇਕੱਲੇ ਡੇਰੇਦਾਰ ਹੀ ਕਾਹਨੂੰ, ਹੁਣ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਕਰੀਬ ਹਰ ਗੁਰਦੁਆਰਾ ਕਮੇਟੀ ਨੂੰ ਫਿੱਟ ਬੈਠਦੀ ਆ। ਹੁਣ ਸੁੱਖਣਾ ਨਕਦ ਦੀ ਥਾਂ ਗੁਰੂ ਦੇ ਨਾਮ ‘ਤੇ ਅਖੰਡ ਪਾਠ, ਸੰਪਟ ਪਾਠ, ਸਹਿਜ ਪਾਠ ਤੇ ਸੁਖਮਨੀ ਸਾਹਿਬ ਦੇ ਪਾਠ ਦੀ ਭੇਟਾ ਦੇ ਰੂਪ ਵਿਚ ਸ਼ੁਰੂ ਹੋ ਗਈ ਹੈ। ਤਾਂ ਹੀ ਤਾਂ ਇਹ ਸਾਖੀ ਅੱਜ ਵੀ ਇੱਦਾਂ ਹੀ ਗੁਰਦੁਆਰਿਆਂ ਵਿਚ ਸੁਣਾਈ ਜਾਂਦੀ ਹੈ ਤੇ ਸੁੱਖ ਦੇ ਅਖੰਡ ਪਾਠ ਦੀਆਂ ਲੜੀਆਂ ਮੁੱਕਣ ਦਾ ਨਾਂ ਨਹੀਂ ਲੈਂਦੀਆਂ। ਸਾਖੀ ਵਿਚ ਇਹ ਜ਼ਿਕਰ ਨਹੀਂ ਕਿ ਭਾਈ ਮੱਖਣ ਸ਼ਾਹ ਹਰ ਕੰਮ ਗੁਰੂ ਅੱਗੇ ਅਰਦਾਸ ਕਰਨ ਪਿਛੋਂ ਕਰਦਾ ਸੀ ਤੇ ਉਹਨੂੰ ਆਪਣੀ ਅਰਦਾਸ ‘ਤੇ ਇੰਨਾ ਭਰੋਸਾ ਸੀ ਕਿ ਗੁਰੂ ਉਹਦੀ ਹਰ ਜਗ੍ਹਾ ਬਹੁੜੀ ਕਰੂਗਾ ਤੇ ਉਸੇ ਅਰਦਾਸ ਦੇ ਭਰੋਸੇ ਉਹਦਾ ਤੂਫ਼ਾਨ ਵਿਚੋਂ ਘਿਰਿਆ ਜਹਾਜ਼ ਵੀ ਬੰਨੇ ਲੱਗਿਆ।
500 ਮੋਹਰਾਂ ਜੋ ਉਹ ਬਾਬਾ ਬਕਾਲੇ ਲੈ ਕੇ ਆਇਆ, ਸੁੱਖਣਾ ਦੀਆਂ ਨਹੀਂ ਸਨ, ਬਲਕਿ ਉਹਦੇ ਦਸਵੰਧ ਦੀਆਂ ਸਨ ਜੋ ਉਹ ਆਪਣੇ ਹੱਥੀਂ ਗੁਰੂ ਨੂੰ ਦੇਣ ਆਇਆ ਸੀ, ਪਰ ਉਥੇ ਦੇਖਿਆ ਕਿ 22 ਗੁਰੂ ਬਣੇ ਬੈਠੇ ਹਨ। ਉਥੇ ਉਸ ਦੀ ਬਿਬੇਕ ਬੁੱਧ ਤੇ ਗੁਰਮਤਿ ਦੀ ਸੋਝੀ ਨੇ ਭੇਖੀ ਗੁਰੂਆਂ ਦਾ ਪਰਦਾ ਫਾਸ਼ ਕਰਨ ਦਾ ਪੱਕਾ ਮਨ ਬਣਾਇਆ। ਕੰਮ ਇੰਨਾ ਸੌਖਾ ਨਹੀਂ ਸੀ, ਕਿਉਂਕਿ ਭੇਖੀਆਂ ਨੇ ਗੁੰਡੇ ਵੀ ਰੱਖੇ ਹੋਏ ਸਨ ਜੋ ਸੱਚ ਦੀ ਆਵਾਜ਼ ਨੂੰ ਦਬਾ ਸਕਦੇ ਸਨ। ਦੂਜੀ ਗੱਲ, ਅਜੇ ਸੱਚੇ ਗੁਰੂ ਦਾ ਪਤਾ ਨਹੀਂ ਸੀ ਕਿਹੜਾ, ਕੌਣ ਤੇ ਕਿਥੇ ਹੈ ਤੇ ਖੁਦ ਮੱਖਣ ਸ਼ਾਹ ਬਾਬਾ ਬਕਾਲੇ ਪਹਿਲੀ ਵਾਰ ਗਿਆ ਸੀ। ਇਕ ਤਰ੍ਹਾਂ ਅਜਨਬੀ ਸੀ। ਬੜੀ ਵੱਡੀ ਵੰਗਾਰ ਸੀ ਉਹਦੇ ਸਾਹਮਣੇ। ਭਾਈ ਮੱਖਣ ਸ਼ਾਹ ਜਿਥੇ ਗੁਰਮਤਿ ਦੀ ਸੋਝੀ ਰੱਖਦੇ ਸਨ; ਉਥੇ ਸੰਸਕ੍ਰਿਤ, ਅਰਬੀ ਤੇ ਫ਼ਾਰਸੀ ਦੇ ਮਾਹਿਰ ਗਿਆਤਾ ਸਨ।
ਸਾਖੀ ਵਿਚਲੀ ਇਹ ਗੱਲ ਦਰੁਸਤ ਹੈ ਕਿ ਉਹਨੇ ਹਰ ਇਕ ਅੱਗੇ ਦੋ ਮੋਹਰਾਂ ਰੱਖਣੀਆਂ ਸ਼ੁਰੂ ਕੀਤੀਆਂ, ਪਰ ਇਸ ਲਈ ਨਹੀਂ ਕਿ ਜਿਹੜਾ ਸੱਚਾ ਹੋਇਆ, ਬਾਕੀ ਮੋਹਰਾਂ ਵੀ ਆਪੇ ਮੰਗ ਲਊਗਾ। ਉਹ ਮੋਹਰਾਂ ਸੁੱਖਣਾ ਦੀਆਂ ਨਹੀਂ ਸਨ, ਉਹ ਤਾਂ ਦਸਵੰਧ ਸੀ ਜੋ ਉਹ ਸੱਚੇ ਗੁਰੂ ਦੇ ਹੱਥ ਹੀ ਦੇਣਾ ਚਾਹੁੰਦਾ ਸੀ।
ਭਾਈ ਮੱਖਣ ਸ਼ਾਹ ਇਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੁੰਦਾ ਸੀ, ਤਾਂ ਜੋ ਟੋਹ ਸਕੇ ਕਿ ਇਨ੍ਹਾਂ ਵਿਚੋਂ ਕਿਸ ਵਿਚ ਗੁਰੂ ਨਾਨਕ ਦੀ ਜੋਤ ਹੈ। ਉਹਨੂੰ ਦੋ ਮੋਹਰਾਂ ਚੜ੍ਹਾ ਕੇ ਇਹ ਸਾਬਤ ਕਰਨਾ ਪੈਣਾ ਸੀ ਕਿ ਮੈਂ ਵੀ ਤੁਹਾਡਾ ਸਿੱਖ ਹਾਂ, ਨਹੀਂ ਤਾਂ ਕਿਹਨੇ ਉਹਨੂੰ ਆਪਣੇ ਨੇੜੇ ਢੁੱਕਣ ਦੇਣਾ ਸੀ। ਇਹ ਉਹਦੇ ਜਗਿਆਸੂ ਮਨ ਦੀ ਜੁਗਤ ਸੀ, ਸੱਚਾਈ ਪਰਖਣ ਦੀ।
ਦੋ ਮੋਹਰਾਂ ਚੜ੍ਹਾਉਣ ਵਾਲੀ ਗੱਲ ਇਕ-ਦੋ ਦਿਨਾਂ ਵਿਚ ਹੀ ਨਹੀਂ ਸੀ ਹੋ ਗਈ। ਜਿੰਨਾ ਕੁ ਇਤਿਹਾਸ ਜਾਂ ਸਬੰਧਤ ਲਿਖਤਾਂ ਵਿਚ ਮਿਲਦਾ ਹੈ, ਭਾਈ ਮੱਖਣ ਸਾਹ ਅਗਸਤ 1664 ਵਿਚ ਬਕਾਲੇ ਗਏ ਤੇ ਗੁਰੂ ਤੇਗ ਬਹਾਦਰ ਨੂੰ ਗੁਰਿਆਈ ਮਾਰਚ 1665 ਵਿਚ ਮਿਲੀ। ਮਤਲਬ, ਭਾਈ ਮੱਖਣ ਸ਼ਾਹ ਨੂੰ ਘੱਟੋ-ਘੱਟ ਇਕ ਜਾਂ ਦੋ ਮਹੀਨੇ ਜ਼ਰੂਰ ਲੱਗੇ ਇਨ੍ਹਾਂ 22 ਆਪੇ ਬਣੇ ਗੁਰੂਆਂ ਨਾਲ ਵਿਚਾਰ-ਵਟਾਂਦਰਾ ਕਰਨ ਨੂੰ। ਅੰਤ ਉਨ੍ਹਾਂ (ਗੁਰੂ) ਤੇਗ ਬਹਾਦਰ ਵਿਚੋਂ ਗੁਰੂ ਨਾਨਕ ਦੀ ਜੋਤ ਲੱਭ ਲਈ।
ਇਥੇ ਵੀ ਬਿਪਰ ਆਪਣੀ ਚਾਲ ਚੱਲ ਗਿਆ ਕਿ ਗੁਰੂ ਤੇਗ ਬਹਾਦਰ ਨੇ ਮੱਖਣ ਸ਼ਾਹ ਨੂੰ ਆਪਣਾ ਮੋਢਾ ਨੰਗਾ ਕਰ ਕੇ ਦਿਖਾਇਆ ਕਿ ਇਹ ਜ਼ਖਮ ਉਦੋਂ ਦਾ ਹੈ ਜਦੋਂ ਤੇਰੇ ਡੁੱਬਦੇ ਜਹਾਜ਼ ਨੂੰ ਇਸੇ ਮੋਢੇ ਨਾਲ ਧੱਕ ਕੇ ਬੰਨੇ ਲਾਇਆ। ਭਲਾ ਜਿਸ ਗੁਰੂ ਨੇ ਆਪਣਾ ਸੀਸ ਚਾਂਦਨੀ ਚੌਕ ਵਿਚ ਕਟਵਾ ਲਿਆ ਸੀ, ਜਿਸ ਗੁਰੂ ਨੇ ਕਰਾਮਾਤ ਨੂੰ ਕਹਿਰ ਕਿਹਾ ਸੀ, ਉਹ ਕਿਉਂ ਆਪਣਾ ਆਪ ਪ੍ਰਗਟ ਕਰਨ ਲਈ ਭਾਈ ਮੱਖਣ ਸ਼ਾਹ ਨੂੰ ਕਰਾਮਾਤੀ ਬਣ ਕੇ ਦੱਸਦਾ? ਜਿਉਂ ਹੀ ਭਾਈ ਮੱਖਣ ਸ਼ਾਹ ਨੂੰ ਗੁਰੂ ਤੇਗ ਬਹਾਦਰ ਵਿਚ ਇਲਾਹੀ ਜੋਤ ਦੇ ਦਰਸ਼ਨ ਹੋਏ, ਤਾਂ ਜਿਥੇ ਉਹਦਾ ਤਨ ਮਨ ਖੇੜੇ ਵਿਚ ਆ ਗਿਆ ਹੋਣੈ, ਉਥੇ ਵੱਡਾ ਮਸਲਾ ਵੀ ਖੜ੍ਹਾ ਹੋ ਗਿਆ ਹੋਣੈ ਕਿ ਕਿਵੇਂ ਸਿੱਖ ਜਗਤ ਨੂੰ ਦੱਸਿਆ ਜਾਵੇ ਕਿ ਗੁਰੂ ਲਾਧੋ ਰੇ! ਇਸ ਲਈ ਭਾਈ ਮੱਖਣ ਸ਼ਾਹ ਨੂੰ ਅਗਲੇ ਕੁਝ ਮਹੀਨੇ ਇਸ ਸਬੰਧੀ ਪ੍ਰਚਾਰ ਕਰ ਕੇ ਸਿੱਖਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਉਣਾ ਪਿਆ।
ਇਸ ਪਿਛੋਂ ਮੰਜੀਧਾਰੀਆਂ ਦਾ ਭਾਈ ਮੱਖਣ ਸ਼ਾਹ ਦਾ ਜਾਨੀ ਦੁਸ਼ਮਣ ਬਣਨਾ ਤੈਅ ਸੀ ਕਿਉਂਕਿ ਝੂਠ ਦੀਆਂ ਦੁਕਾਨਾਂ ਉਸੇ ਵਕਤ ਬੰਦ ਹੋ ਜਾਣੀਆਂ ਸਨ। ਧੀਰਮੱਲ ਵਰਗਿਆਂ ਕੋਲ ਜਿਥੇ ਗੁੰਡਾ ਅਨਸਰ ਸਨ, ਪੱਕੀਆਂ ਰਫ਼ਲਾਂ ਵੀ ਸਨ। ਇਸੇ ਧੀਰਮੱਲ ਨੇ ਗੁਰੂ ਤੇਗ ਬਹਾਦਰ ਉਤੇ ਗੋਲੀ ਚਲਾ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਭਾਈ ਮੱਖਣ ਸ਼ਾਹ ਵੱਲੋਂ ਭੇਟ ਕੀਤੇ ਦਸਵੰਧ ਦੀਆਂ 500 ਮੋਹਰਾਂ ਵੀ ਲੁੱਟ ਲੈ ਗਿਆ ਸੀ।
ਬੜਾ ਸੋਚ ਸਮਝ ਕੇ ਮੱਖਣ ਸ਼ਾਹ ਕਦਮ ਪੁੱਟ ਰਿਹਾ ਸੀ। ‘ਗੁਰੂ ਲਾਧੋ ਰੇ’ ਕਹਿਣਾ ਇੰਨਾ ਸੌਖਾ ਨਹੀਂ ਸੀ, ਜਾਨ ਤਲੀ ‘ਤੇ ਰੱਖਣੀ ਪੈਣੀ ਸੀ। ਬਿਪਰ ਨਾਲ ਆਢਾ ਲਾਉਣਾ ਪੈਣਾ ਸੀ। ਬੜੀ ਸੂਰਮਗਤੀ ਦਾ ਕੰਮ ਸੀ ਨਿਡਰ ਹੋ ਕੇ ਹੋਕਾ ਦੇਣਾ- ‘ਗੁਰੂ ਲਾਧੋ ਰੇ’। ਇਹ ਹਿੰਮਤ ਕੀਤੀ ਭਾਈ ਮੱਖਣ ਸ਼ਾਹ ਨੇ ਅਤੇ ਸਦਾ ਲਈ ਵਸ ਗਏ ਸਿੱਖ ਮਨਾਂ ਵਿਚ।
ਅੱਜ ਬਿਪਰ ਨੇ ਬੜੀ ਵੱਡੀ ਤੇ ਖਤਰਨਾਕ ਮੁਹਿੰਮ ਵਿੱਢੀ ਹੋਈ ਹੈ ਗੁਰਮਤਿ ਨੂੰ ਆਪਣੀ ਜਕੜ ਵਿਚ ਲਿਆਉਣ ਦੀ। ਹਰ ਸਿੱਖ ਨੂੰ ਭਾਈ ਮੱਖਣ ਸ਼ਾਹ ਵਰਗਾ ਜਗਿਆਸੂ ਬਣਨਾ ਪੈਣਾ। ਸਾਲ ਵਿਚ ਇਕ ਦਿਨ ‘ਗੁਰੂ ਲਾਧੋ ਰੇ’ ਮਨਾ ਲੈਣਾ ਤਾਂ ਰਸਮ ਜਿਹੀ ਬਣੀ ਹੋਈ ਹੈ। ਖੈਰ! ਨਾ ਹੋਣ ਨਾਲੋਂ ਤਾਂ ਚੰਗਾ ਹੀ ਹੈ। ਹਰ ਰੋਜ਼ ਸਵੇਰੇ ਜਦੋਂ ਸਿੱਖ ਉਠੇ, ਤਾਂ ਹਿਰਦੇ ਵਿਚ ‘ਗੁਰੂ ਲਾਧੋ ਰੇ’ ਗੂੰਜਣਾ ਚਾਹੀਦਾ ਹੈ ਕਿ ਕਿਤੇ ਉਹਦੇ ਪੈਰ, ਹੱਥ ਵਿਚ ਦੁੱਧ ਦਾ ਡੋਲੂ ਭਰ ਕੇ ਕਿਸੇ ਡੇਰੇ ਵੱਲ ਤਾਂ ਨਹੀਂ ਚੱਲੇ? ਸਾਰੇ ਟੱਬਰ ਨੂੰ ਕਾਰ ਵਿਚ ਬਿਠਾ ਕੇ ਕਿਤੇ ਜੇਠੇ ਐਤਵਾਰ, ਪੁੰਨਿਆ, ਮੱਸਿਆ, ਸੰਗਰਾਂਦ ਦੀ ਚੌਂਕੀ ਭਰਨ ਤਾਂ ਨਹੀਂ ਤੁਰਿਆ? ਭਾਈ ਮੱਖਣ ਸ਼ਾਹ ਦਾ ਹੋਕਾ ਵਰਜੇਗਾ ਇਹ ਚੌਂਕੀਆਂ ਭਰਨ ਤੋਂ। ਸੁਆਲ ਪੁੱਛੇਗਾ, ਸਾਡੀ ਜ਼ਮੀਰ ਨੂੰ, ਕਿੱਧਰ ਚੱਲਿਆ? ਕੀ ਲੈਣਾ ਉਥੇ ਜਾ ਕੇ? ਸ਼ਬਦ ਗੁਰੂ ਤਾਂ ਤੇਰੇ ਹਿਰਦੇ ਵਿਚ ਬਾਬਾ ਨਾਨਕ ਖੁਦ ਵਸਾ ਗਿਆ, ਫਿਰ ਕਿਹਦੇ ਮੂਹਰੇ ਨੱਕ ਰਗੜਨ ਚੱਲਿਆਂ? ਕਿਹੜੇ ਪਖੰਡੀ ਦੀਆਂ ਲੱਤਾਂ ਘੁਟਾਉਣ ਚੱਲਿਆਂ ਸਾਰੇ ਟੱਬਰ ਤੋਂ? ਜੇ ਭਾਈ ਮੱਖਣ ਸ਼ਾਹ ਦਾ ਅਦਬ ਹੋਇਆ ਤਾਂ ਕਿਤੇ ਨਹੀਂ ਜਾਣ ਦੀ ਜ਼ਰੂਰਤ ਰਹਿਣੀ।
ਉਸ ਵਕਤ ਦੇ ਸਿੱਖਾਂ ਨੇ ਤਾਂ ਭਾਈ ਮੱਖਣ ਸ਼ਾਹ ਦੇ ਇਕੋ ਹੋਕੇ ਉਤੇ ਭਰੋਸਾ ਕਰ ਕੇ ਸੱਚੇ ਗੁਰੂ ਦਾ ਪੱਲਾ ਫੜ ਲਿਆ ਸੀ। ਬਾਅਦ ਵਿਚ ਤਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੂੰ ਇਕੋ ਇਕ ਸੱਚੇ ਗੁਰੂ- ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ ਸੀ। ਭਲਾ ਹੁਣ ਕਿਹੜੀ ਮਜਬੂਰੀ ਹੋ ਗਈ ਕਿ ਇਹਦੇ ਬਰਾਬਰ ਕਿਸੇ ਹੋਰ ਗ੍ਰੰਥ ਨੂੰ ਵੀ ਗੁਰੂ ਦਾ ਰੁਤਬਾ ਦੇਣਾ ਪੈ ਰਿਹਾ ਹੈ?
ਗੁਰਮਤਿ ਵਿਚ ਦਸਵੰਧ ਦੀ ਬੜੀ ਮਹਾਨਤਾ ਹੈ, ਕਿਉਂਕਿ ਇਸ ਨਾਲ ਲੋਕ ਭਲਾਈ ਦੇ ਬੜੇ ਕੰਮ ਹੋਣੇ ਹੁੰਦੇ ਹਨ। ਜਿਸ ਕਿਸੇ ਦੀ ਲੋੜ ਕਿਤੇ ਹੋਰ ਥਾਂ ਪੂਰੀ ਨਾ ਹੋਵੇ, ਗੁਰੂ ਦੀ ਗੋਲਕ ਪੂਰੀ ਕਰਦੀ ਹੈ ਜੋ ਦਸਵੰਧ ਨਾਲ ਚੱਲਦੀ ਹੈ। ਜਿੰਨਾ ਦਸਵੰਧ ਲਾਜ਼ਮੀ ਹੈ, ਉਨੀ ਵੱਡੀ ਜ਼ਿੰਮੇਵਾਰੀ ਹੈ ਸਿੱਖ ਦੀ, ਇਹਨੂੰ ਸਹੀ ਹੱਥਾਂ ਵਿਚ ਪੁੱਜਦਾ ਕਰਨਾ, ਕਿਉਂਕਿ ਜੇ ਇਹ ਕਿਸੇ ਵਿਹਲੜ ਭੇਖਧਾਰੀ ਕੋਲ ਚਲਾ ਗਿਆ ਤਾਂ ਇਸੇ ਦਸਵੰਧ ਨੇ ਜਿਥੇ ਸਮਾਜ ਵਿਚ ਵਿਕਾਰ ਪੈਦਾ ਕਰਨੇ ਹਨ, ਉਥੇ ਮਨਮਤਿ ਦਾ ਪ੍ਰਚਾਰ ਵੀ ਕਰਨਾ ਜੋ ਵੱਧ ਨੁਕਸਾਨਦਾਇਕ ਹੈ। ਭਾਈ ਮੱਖਣ ਸ਼ਾਹ ਵੀ ਤਾਂ 22 ਮੰਜੀਧਾਰੀਆਂ ਵਿਚੋਂ ਕਿਸੇ ਇਕ ਨੂੰ 500 ਮੋਹਰਾਂ ਦੇ ਕੇ ਸੁਰਖਰੂ ਹੋ ਈ ਸਕਦਾ ਸੀ, ਕਿਉਂਕਿ ਇਹ ਸਾਰੇ ਵੀ ਗੁਰੂਆਂ ਦੀਆਂ ਹੀ ਅਣਸਾਂ-ਬਣਸਾਂ ਵਿਚੋਂ ਸਨ, ਪਰ ਭਾਈ ਮੱਖਣ ਸ਼ਾਹ ਗੁਰਸਿੱਖ ਦੀ ਬਿਬੇਕ ਬੁੱਧ ਇਹ ਕਿਵੇਂ ਮੰਨ ਲੈਂਦੀ ਕਿ ਇਹ ਕਿਸੇ ਭੇਖਧਾਰੀ ਦੇ ਹੱਥ ਵਿਚ ਦੇ ਕੇ ਖੁਦ ਗੁਰਮਤਿ ਵਿਰੋਧੀ ਕਰਵਾਈ ਦਾ ਭਾਗੀਦਾਰ ਬਣੇ? ਇਸੇ ਲਈ ਉਹ ਜਾਨ ਹੂਲ ਕੇ ਜੁਟ ਗਿਆ ਸੱਚਾ ਗੁਰੂ ਲੱਭਣ। ਉਹਨੂੰ ਇਸ ਮਕਸਦ ਲਈ ਆਪਣਾ ਕਾਰੋਬਾਰ ਵੀ ਇਕ ਅਰਸੇ ਲਈ ਰੋਕਣਾ ਪਿਆ ਹੋਣਾ। ਉਹ ਜਾਣਦਾ ਹੋਣਾ ਹੈ ਕਿ ਕਾਰੋਬਾਰ ਨਾਲੋਂ ਇਹ ਵੱਡਾ ਨੁਕਸਾਨ ਹੋਵੇਗਾ ਜੇ ਸੱਚੇ ਗੁਰੂ ਦੀ ਥਾਂ ਇਹ ਰਕਮ ਭੇਖੀਆਂ ਹੱਥ ਆ ਗਈ। ਉਹਦੀ ਬਿਬੇਕ ਬੁੱਧੀ ਜਾਣਦੀ ਸੀ ਕਿ ਇਸ ਰਕਮ ਨੂੰ ਨਾਨਕ ਜੋਤ ਦਾ ਵਾਰਸ ਹੀ ਸਰਬੱਤ ਦੇ ਭਲੇ ਲਈ ਵਰਤ ਸਕਦਾ ਹੈ।
ਸਵਾਲ ਹੈ ਹੁਣ ਸਿੱਖ ਨੂੰ- ਕੀ ਅਸੀਂ ਭਾਈ ਮੱਖਣ ਸ਼ਾਹ ਦੇ ਪੈਗਾਮ ਨੂੰ ਸੱਚੇ ਦਿਲੋਂ ਹਿਰਦੇ ਵਿਚ ਵਸਾਇਆ ਵੀ ਹੈ ਕਿ ਨਹੀਂ? ਅਸੀਂ ਭੁੱਲ-ਭੁਲਾ ਗਏ ਹਾਂ ਇਸ ਪੈਗਾਮ ਨੂੰ। ਜੇ ਸੱਚੀਂ ਹਿਰਦੇ ਵਿਚ ਵੱਸਿਆ ਹੁੰਦਾ ਤਾਂ ਭਲਾ ਕਿੱਦਾਂ ਜਹਾਜ਼ੇ ਚੜ੍ਹ ਕੋਈ ਢਿੱਡਲ ਜਿਹਾ ਸਾਧੂ ਲਿਸ਼ਕਦਾ ਚੋਲ਼ਾ ਪਾ ਕੇ ਗੁਰਦੁਆਰਿਆਂ ਵਿਚ ਵਾਜੇ ਦੀ ਪੂੰ-ਪੂੰ ਵਜਾ ਕੇ, ਕਿਸੇ ਗੁਜ਼ਰ ਚੁੱਕੇ ਡੇਰੇਦਾਰ ਦੀਆਂ ਮਨ-ਘੜਤ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੁਣਾ ਕੇ, ਪੰਡ ਡਾਲਰਾਂ ਦੀ ਬੰਨ੍ਹ ਕੇ ਤੁਰਦਾ ਬਣਦਾ?
ਪਤਾ ਨਹੀਂ ਸਾਨੂੰ ਕੀ ਹੋ ਗਿਆ ਕਿ ਮਾੜਾ ਜਿਹਾ ਪਤਾ ਲੱਗੇ ਸਹੀ ਕਿ ਕਿਸੇ ਸੰਤ ਨੇ ਆਉਣਾ ਹੈ, ਡਾਰਾਂ ਬੰਨ੍ਹ ਕੇ ਆਉਂਦੇ ਆਂ ਉਸ ਦਿਨ ਗੁਰਦੁਆਰੇ। ਕਤਾਰ ਟੁੱਟਣ ਨਹੀਂ ਦਿੰਦੇ ਬਾਬੇ ਮੂਹਰੇ ਡਾਲਰ ਰੱਖਣ ਦੀ। ਕਿਉਂ ਕਰਦੇ ਹਾਂ ਭਲਾ ਆਪਾਂ ਭਾਈ ਮੱਖਣ ਸ਼ਾਹ ਦੀ ਆਤਮਾ ਨੂੰ ਦੁਖੀ? ਪਿਛਲੇ ਇਕ ਸਾਲ ਦੌਰਾਨ ਅਮਰੀਕਾ-ਕੈਨੇਡਾ ਵਿਚੋਂ ਇਕ ਸੰਤ ਕਰੋੜਾਂ ਡਾਲਰ ਇਕੱਠੇ ਕਰਕੇ ਲੈ ਗਿਆ, ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਾਸਤਾ ਪਾ ਕੇ ਕਿ ਨਿਵੇਕਲੀ ਖਾਲਸਾ ਯੂਨੀਵਰਸਿਟੀ ਬਣਾਉਣੀ ਹੈ।
ਭਾਈ ਮੱਖਣ ਸ਼ਾਹ ਦਾ ‘ਗੁਰੂ ਲਾਧੋ ਰੇ’ ਦਾ ਪੈਗਾਮ ਸਾਥੋਂ ਇਹ ਤਵੱਕੋ ਨਹੀਂ ਰੱਖਦਾ ਕਿ ਅੱਖਾਂ ਮੀਟ ਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮਸੰਦਾਂ ਨੂੰ ਆਪਣੀ ਹੱਡ-ਭੰਨਵੀਂ ਕਿਰਤ ਕਮਾਈ ਵਿਚੋਂ ਡਾਲਰ ਭੇਜੀ ਜਾਈਏ, ਕਿਉਂਕਿ ਹੁਣ ਜਦੋਂ ਸਾਫ਼ ਹੀ ਦਿਸਣ ਲੱਗ ਪਿਐ ਕਿ ਕਮੇਟੀ ਦੀ ਗੁਰੂ ਦੇ ਨਾਂ ਉਤੇ ਰੱਖੀ ਗੋਲਕ ਦਾ ਮੂੰਹ ਗਰੀਬ ਵੱਲੋਂ ਘੱਟ ਕਰ ਕੇ ਇਕ ਸਰਕਾਰੀ ਘੁਸਪੈਠੀਏ ਨੂੰ ਹਾਕਮਾਂ ਦੀ ਸ਼ਹਿ ਉਤੇ ਤਿੰਨ ਲੱਖ ਰੁਪਏ ਮਹੀਨੇ ਦੀ ਤਨਖਾਹ ਦੇ ਨਾਲ ਨਾਲ ਦੋ ਲੱਖ ਰੁਪਏ ਦੀਆਂ ਹੋਰ ਵਾਧੂ ਸਹੂਲਤਾਂ ਦੇਣ ਵੱਲ ਕਰ ਦਿੱਤਾ ਗਿਆ ਹੈ। ਭਾਈ ਮੱਖਣ ਸ਼ਾਹ ਨੇ ਧੀਰਮੱਲ ਨੂੰ ਸਜ਼ਾ ਖੁਦ ਦਿੱਤੀ ਸੀ। ਇਨ੍ਹਾਂ ਧੀਰਮੱਲੀਆਂ ਦੇ ਗੱਦੀਨਸ਼ੀਨਾਂ ਦੀਆਂ ਮਨਮਤੀਆਂ, ਵਿਸ਼ਵਾਸਘਾਤੀ ਪ੍ਰਵਿਰਤੀਆਂ ਤੇ ਪੰਥ ਨੂੰ ਢਾਹ ਲਾਉਣ ਦੀਆਂ ਗੁਸਤਾਖ਼ੀਆਂ ਨੂੰ ਵੇਖਦਿਆਂ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਨ੍ਹਾਂ ਨਾਲੋਂ ਸਿੱਖ ਪੰਥ ਦਾ ਰਿਸ਼ਤਾ ਹੀ ਖਤਮ ਕਰ ਦਿੱਤਾ ਸੀ। ਅੱਜ ਕਿਹੜੀ ਖੁਸ਼ੀ ਹੋਈ ਦਿੱਲੀ ਗੁਰਦੁਆਰਾ ਕਮੇਟੀ ਦੇ ਨਾਲ ਨਾਲ ਡੇਰੇਦਾਰਾਂ ਤੇ ਜਥੇਦਾਰਾਂ ਨੂੰ ਕਿ ਧੀਰਮੱਲ ਦੇ ਗੱਦੀਨਸ਼ੀਨ ਵਡਭਾਗ ਸਿੰਘ ਦਾ 300 ਸਾਲਾ ਜਨਮ ਦਿਨ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਵਿਚ ਮਨਾਉਣ ਦੀਆਂ ਗੱਲਾਂ ਕਰਨ? ਕੀ ਇਹ ਇੱਦਾਂ ਕਰ ਕੇ ਜਾਇਜ਼ ਠਹਿਰਾਉਣਾ ਚਾਹੁੰਦੇ ਆ ਕਿ ਧੀਰਮੱਲ ਨੇ ਗੁਰੂ ਤੇਗ ਬਹਾਦਰ ‘ਤੇ ਗੋਲੀ ਠੀਕ ਹੀ ਚਲਾਈ ਸੀ। ਅੱਜ ਭਾਈ ਮੱਖਣ ਸ਼ਾਹ ਦਾ ਬਿਬੇਕ ਸਾਥੋਂ ਇਹ ਪੁੱਛਦਾ ਹੈ ਕਿ ਪੰਥ ਨੂੰ ਸਮਰਪਿਤ ਕਰਾਉਣ ਵਾਲਿਓ! ਬਾਹਰਲੇ ਮੁਲਕਾਂ ਦੀਆਂ ਕਮੇਟੀਆਂ ਚਲਾਉਣ ਵਾਲਿਓ! ਅੱਜ ਖੋਲ੍ਹੋ ਮੂੰਹ ਇਸ ਅਣਹੋਣੀ ਦੇ ਖਿਲਾਫ਼, ਤੇ ਪੁੱਛੋ ਜਥੇਦਾਰ ਨੂੰ ਜਿਹਨੂੰ ਬਾਹਰ ਆਏ ਨੂੰ ਡਾਲਰਾਂ ਦੇ ਲਫ਼ਾਫ਼ੇ ਦਿੰਦੇ ਹੋ। ‘ਗੁਰੂ ਲਾਧੋ ਰੇ’ ਹਰ ਸਿੱਖ ਦਾ ਸੰਕਲਪ ਹੋਣਾ ਚਾਹੀਦਾ ਹੈ ਜਿਹੜਾ ਗੁਰਮਤਿ ਵਿਰੁਧ ਉੱਠਦੀ ਹਰ ਕਾਰਵਾਈ ਦੇ ਅੱਗੇ ਡਟ ਜਾਵੇ।