ਮੁਆਫੀ ਦੀ ਧਾਰਨਾ ਨਾਲ ਜੁੜਿਆ ਪੰਥਕ ਸੰਕਟ

ਦਲਜੀਤ ਅਮੀ
ਫੋਨ: +1(253) 455-8932
ਡੇਰਾ ਸੱਚਾ ਸੌਦਾ ਨੂੰ ਮੁਆਫ਼ ਕਰਨ ਦੇ ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਦਾ ਵਿਵਾਦ ਵਿਚ ਪੈਣਾ ਤਕਰੀਬਨ ਤੈਅ ਜਾਪਦਾ ਸੀ। ਸਿੰਘ ਸਾਹਿਬਾਨ ਅਤੇ ਡੇਰਾ ਸੱਚਾ ਸੌਦਾ ਵਿਚਕਾਰ ਹੋਣ ਵਾਲੀ ਕਿਸੇ ਵੀ ਗੱਲਬਾਤ ਦਾ ਜਿਉਂ ਦਾ ਤਿਉਂ ਪ੍ਰਵਾਨ ਕੀਤੇ ਜਾਣ ਦੀ ਸੰਭਾਵਨਾ ਘੱਟ ਜਾਪਦੀ ਸੀ। ਜਦੋਂ ਡੇਰਾ ਸੱਚਾ ਸੌਦਾ ਦੇ ਅਸਰ ਵਾਲੇ ਇਲਾਕੇ ਵਿਚ ਕਿਸਾਨ ਜਥੇਬੰਦੀਆਂ ਧਰਨਾ ਦੇ ਰਹੀਆਂ ਹਨ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਦੂਜੀ ਫ਼ਿਲਮ Ḕਮੈਸੰਜਰ ਆਫ਼ ਗੌਡ-ਦੋ’ ਪਰਦਾਪੇਸ਼ ਹੋਈ ਹੈ ਤਾਂ ਪੰਜ ਸਿੰਘ ਸਾਹਿਬਾਨ ਦਾ ਫ਼ੈਸਲਾ ਆਇਆ ਹੈ।

ਇੱਕ ਪਾਸੇ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਦੇ Ḕਹਮਦਰਦੀ ਜਤਾਉਣ’ ਆਏ ਆਗੂਆਂ ਨੂੰ ਦੁਤਕਾਰ ਰਹੀਆਂ ਹਨ, ਦੂਜੇ ਪਾਸੇ Ḕਸਿੱਖ ਜਥੇਬੰਦੀਆਂ’ ਨੇ ਸਿੰਘ ਸਾਹਿਬਾਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ। ਦੋਵਾਂ ਵਿਚ ਇੱਕ ਤੰਦ ਸਾਂਝੀ ਜਾਪਦੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਸਿਆਸੀ ਆਗੂਆਂ ਦੀ ਹਮਦਰਦੀ ਨੂੰ ਕਾਰਗੁਜ਼ਾਰੀ ਨਾਲੋਂ ਨਿਖੜੀ Ḕਮੂੰਹ ਦਿਖਾਈ’ ਅਤੇ Ḕਸਿੱਖ ਜਥੇਬੰਦੀਆਂ’ ਨੇ ਸਿੰਘ ਸਾਹਿਬਾਨ ਦੇ ਫ਼ੈਸਲੇ ਨੂੰ Ḕਪੰਥ ਦੀਆਂ ਭਾਵਨਾਵਾਂ’ ਨਾਲ ਖਿਲਵਾੜ ਕਰਾਰ ਦਿੱਤਾ ਹੈ। ਇਹ ਦੋਵੇਂ ਮਸਲੇ ਇੱਕੋ ਵੇਲੇ ਪੇਸ਼ ਹੋਏ ਹਨ ਅਤੇ ਸਮਾਜ ਦੀਆਂ ਗੁੱਝੀਆਂ ਪਰਤਾਂ ਦੀ ਸ਼ਨਾਖ਼ਤ ਕਰਨ ਵਿਚ ਸਹਾਈ ਹੋ ਸਕਦੇ ਹਨ।
ਮੁਆਫ਼ੀ ਦਾ ਸੁਆਲ ਕਈ ਹਵਾਲਿਆਂ ਨਾਲ ਲਗਾਤਾਰ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇ ਕੌਮਾਂਤਰੀ ਪੱਧਰ ਉੱਤੇ ਕੈਨੇਡਾ ਅਤੇ ਆਸਟਰੇਲੀਆ ਵਿਚ ਮੂਲਵਾਸੀਆਂ ਦੇ ਇਤਿਹਾਸ ਲਈ ਮੁਆਫ਼ੀ ਮੰਗਣ ਦਾ ਅਮਲ ਸ਼ੁਰੂ ਹੋਇਆ ਹੈ, ਤਾਂ ਜਾਪਾਨ ਉਤੇ ਦੂਜੀ ਆਲਮੀ ਜੰਗ ਦੌਰਾਨ ਕੋਰੀਆ ਅਤੇ ਚੀਨ ਵਿਚ ਔਰਤਾਂ (ਕੰਫਰਟ ਵੂਮੈਨ) ਨਾਲ ਕੀਤੀਆਂ ਵਧੀਕੀਆਂ ਲਗਾਤਾਰ ਸਰਕਾਰੀ ਮੁਆਫ਼ੀ ਦੀ ਮੰਗ ਕਰਦੀਆਂ ਹਨ। ਇਹ ਸੁਆਲ ਦੱਖਣੀ ਏਸ਼ੀਆ ਵਿਚ ਫਿਰਕੂ ਫਸਾਦ ਦੇ ਹਵਾਲੇ ਨਾਲ ਆਉਂਦਾ ਰਹਿੰਦਾ ਹੈ। ਇਨ੍ਹਾਂ ਸੁਆਲਾਂ ਦਾ ਸਮਕਾਲੀ ਸਿਰਾ ਇਤਿਹਾਸ ਵਿਚ ਦਰਜ ਹੋਈਆਂ ਧਿਰਾਂ ਦੀ ਨੁਮਾਇੰਦਗੀ ਨਾਲ ਜੁੜਦਾ ਹੈ। ਆਖ਼ਰ ਕੌਣ ਮੁਆਫ਼ੀ ਮੰਗ ਸਕਦਾ ਹੈ ਅਤੇ ਕਿਸ ਤੋਂ ਮੁਆਫ਼ੀ ਮੰਗੀ ਜਾ ਸਕਦੀ ਹੈ? ਮੁਆਫ਼ੀ ਮੰਗਣ ਅਤੇ ਮੁਆਫ਼ ਕਰਨ ਦੀ ਯੋਗਤਾ ਕੀ ਹੈ? ਮੁਆਫ਼ੀ ਦੋ ਧਿਰਾਂ ਦੇ ਰਿਸ਼ਤਿਆਂ ਵਿਚ ਅਹਿਮ ਕੜੀ ਬਣਦੀ ਹੈ ਜੋ ਭੂਤਕਾਲ ਅਤੇ ਭਵਿੱਖ ਨੂੰ ਮੀਲ ਪੱਥਰ ਵਜੋਂ ਵੰਡਦੀ ਹੈ। ਇਹ ਕਲੇਸ਼ ਨੂੰ ਅੱਗੇ ਨਾ ਤੋਰਨ ਦਾ ਸਮਝੌਤਾ ਹੋ ਸਕਦੀ ਹੈ। ਇਹ ਬਿਹਤਰ ਰਿਸ਼ਤਿਆਂ ਦੀ ਬੁਨਿਆਦ ਹੋ ਸਕਦੀ ਹੈ। ਇਹ ਕਿਸੇ ਮਕਸਦ ਤੱਕ ਪਹੁੰਚਣ ਦੀ ਜੁਗਤ ਹੋ ਸਕਦੀ ਹੈ। ਇਹ ਮਸਲਿਆਂ ਦਾ ਚਿਰਕਾਲੀ ਹੱਲ ਹੋ ਸਕਦੀ ਹੈ, ਪਰ ਫੌਰੀ ਲਾਹੇ ਦਾ ਸਬੱਬ ਵੀ ਹੋ ਸਕਦੀ ਹੈ।
ਪੰਜਾਬ ਦੇ ਮੌਜੂਦਾ ਸੁਆਲ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੁਆਫ਼ੀ ਮੰਨਿਆ ਕਿਸ ਨੂੰ ਜਾ ਸਕਦਾ ਹੈ। ਕੀ ਕੋਈ ਮੁਲਾਕਾਤ, ਚਿੱਠੀ ਜਾਂ ਘਟਨਾ ਮੁਆਫ਼ੀ ਹੋ ਸਕਦੀ ਹੈ? ਜੇ ਇਹ ਕਿਸੇ ਪੜਚੋਲ ਦਾ ਨਤੀਜਾ ਹੈ ਤਾਂ ਹੋ ਸਕਦੀ ਹੈ। ਮੁਆਫ਼ੀ ਦਾ ਅਹਿਸਾਸ ਦੋ ਧਿਰਾਂ ਨੂੰ ਅਜਿਹੀ ਸਾਂਝੀ ਸੋਚ ਨਾਲ ਜੋੜਦਾ ਹੈ ਕਿ ਬੀਤੇ ਸਮੇਂ ਦੀ ਹੋਣੀ ਵੱਡੀ ਗ਼ਲਤੀ ਸੀ। ਹਮਲਾਵਰ ਧਿਰ ਇਸ ਸੋਚ ਤੱਕ ਪਹੁੰਚਣ ਲਈ ਆਪਣੀ ਹਉਮੈ ਤੋਂ ਛੁਟਕਾਰਾ ਪਾਉਂਦੀ ਹੈ ਅਤੇ ਆਪਣੀ ਗ਼ਲਤੀ ਨੂੰ ਦਰੁਸਤ ਕਰਨ ਦੀ ਕੀਮਤ ਦੇਣ ਨੂੰ ਤਿਆਰ ਹੁੰਦੀ ਹੋਈ ਗ਼ਲਤੀ ਦੇ ਦੁਹਰਾਅ ਖ਼ਿਲਾਫ਼ ਪੇਸ਼ਬੰਦੀਆਂ ਕਰਦੀ ਹੈ। ਇਸ ਨਾਲ ਪਛਤਾਵੇ, ਮੁਆਵਜ਼ੇ, ਸਜ਼ਾ ਅਤੇ ਪੇਸ਼ਬੰਦੀਆਂ ਦਾ ਰੁਝਾਨ ਲਗਾਤਾਰ ਚੱਲਦਾ ਹੈ। ਮੁਆਫ਼ੀ ਇਸ ਰੁਝਾਨ ਦੇ ਕਿਸੇ ਫ਼ੈਸਲਾਕੁਨ ਪੜਾਅ ਉਤੇ ਸਹਿਜ ਰੂਪ ਵਿਚ ਦਰਜ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਮੁਆਫ਼ੀ ਅਮਲ ਦਾ ਰਸਮੀ ਐਲਾਨ ਹੁੰਦੀ ਹੈ। ਇਸ ਅਹਿਸਾਸ ਅਤੇ ਅਮਲ ਤੋਂ ਬਿਨਾਂ ਮੁਆਫ਼ੀ ਸਿਰਫ਼ ਬਚਾਅ ਦਾ ਤਰੀਕਾ ਹੁੰਦੀ ਹੈ ਜਾਂ ਅਧੀਨਗੀ ਪ੍ਰਵਾਨ ਕਰਨ ਦੀ ਰਸਮ ਬਣ ਜਾਂਦੀ ਹੈ। ਇਹ ਵਕਤੀ ਪੈਂਤੜਾ ਵੀ ਹੋ ਸਕਦੀ ਹੈ ਅਤੇ ਬਦਲੇ ਹਾਲਾਤ ਵਿਚ ਖੁਦਗਰਜ਼ੀ ਦਾ ਨਮੂਨਾ ਵੀ ਹੋ ਸਕਦੀ ਹੈ।
ਮੌਜੂਦਾ ਮਸਲੇ ਉਤੇ ਲਿਖੀਆਂ ਗਈਆਂ ਦੋਵੇਂ ਚਿੱਠੀਆਂ ਵਿਚੋਂ ਕੁਝ ਨੁਕਤੇ ਇਨ੍ਹਾਂ ਪਿਛਲੀ ਭਾਵਨਾ ਨੂੰ ਉਜਾਗਰ ਕਰਦੇ ਹਨ। ਸਾਦਾ ਕਾਗ਼ਜ਼ ਉਤੇ ਲਿਖੀ ਡੇਰਾ ਮੁਖੀ ਦੀ ਚਿੱਠੀ ਦਾ ਵਿਸ਼ਾ Ḕਗ਼ਲਤਫਹਿਮੀਆਂ’ ਕਾਰਨ ਪੈਦਾ ਹੋਏ ਵਿਵਾਦ ਦਾ Ḕਸਪਸ਼ਟੀਕਰਨ’ ਹੈ। ਦੂਜੇ ਪਾਸੇ ਸਿੰਘ ਸਾਹਿਬਾਨ ਨੇ ਆਪਣੇ ਗੁਰਮਤੇ ਵਿਚ ਇਸ ਚਿੱਠੀ ਨੂੰ Ḕਖਿਮਾਂ ਯਾਚਨਾ ਪੱਤਰ’ ਕਰਾਰ ਦਿੱਤਾ ਹੈ। ਡੇਰਾ ਮੁਖੀ ਦੀ ਚਿੱਠੀ ਉਤੇ ਦਸਤਖ਼ਤ ਕਰਨ ਤੋਂ ਪਹਿਲਾਂ Ḕਖਿਮਾਂ ਦਾ ਜਾਚਕ’ ਲਿਖਿਆ ਹੈ। ਇਨ੍ਹਾਂ ਚਿੱਠੀਆਂ ਤੋਂ ਸਾਫ਼ ਹੈ ਕਿ ਕਿਹੜੀ ਧਿਰ ਕਿਸ ਸ਼ਬਦ ਦੀ ਵਰਤੋਂ ਕਰਨਾ ਚਾਹੁੰਦੀ ਹੈ। ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਹਨ ਕਿ ਡੇਰਾ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮੁੰਬਈ ਵਿਚ ਹੋਈ ਬੈਠਕ ਨੇ ਇਨ੍ਹਾਂ ਚਿੱਠੀਆਂ ਲਈ ਰਾਹ ਪੱਧਰਾ ਕੀਤਾ। ਮੁੰਬਈ ਵਿਚ ਤਿਆਰ ਹੋ ਕੇ Ḕਮੈਸੰਜਰ ਆਫ਼ ਗੌਡ-ਦੋ’ ਬਾਕੀ ਮੁਲਕ ਵਾਂਗ ਪੰਜਾਬ ਦੇ ਸਿਨਮਿਆਂ ਵਿਚ ਪਰਦਾਪੇਸ਼ ਹੋਈ ਹੈ। ਇਸ ਫਿਲਮ ਦੀ ਮੌਜੂਦਾ ਕੇਂਦਰ ਸਰਕਾਰ ਨਾਲ ਵਿਚਾਰਧਾਰਕ ਸਾਂਝ ਅਤੇ ਅਧਿਆਤਮਕਤਾ ਰਾਹੀਂ ਲੋਕ ਮਸਲਿਆਂ ਨੂੰ ਰੱਦ ਕਰਨ ਦੀ ਜੁਗਤ ਬਾਰੇ ਵੱਖਰਾ ਲੇਖ ਦਰਕਾਰ ਹੈ।
ਇਸ ਤਰ੍ਹਾਂ ਲਿਖੀਆਂ ਗਈਆਂ ਚਿੱਠੀਆਂ ਪਿਛੇ ਲੰਮਾ ਅਮਲ ਹੈ। ਇਸ ਵਿਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਉਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ ਗਈਆਂ ਸਨ। ਉਸ ਵੇਲੇ ਇੱਕ ਪਾਸੇ ਗੁਰਦੁਆਰਿਆਂ ਵਿਚ ਡੇਰਾ ਪ੍ਰੇਮੀਆਂ ਨੂੰ Ḕਮੁੜ ਕੇ ਪੰਥ ਵਿਚ ਸ਼ਾਮਿਲ ਕਰਨ’ ਦਾ ਰੁਝਾਨ ਚੱਲਿਆ ਸੀ ਅਤੇ ਦੂਜੇ ਪਾਸੇ ਉਨ੍ਹਾਂ ਦੇ ਮਰਨਿਆਂ-ਪਰਨਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਸ਼ਮੂਲੀਅਤ ਨੂੰ ਜਬਰੀ ਰੋਕਿਆ ਗਿਆ ਸੀ। ਕੁਝ ਸਮੇਂ ਲਈ ਡੇਰੇ ਦੇ ਪੈਰੋਕਾਰਾਂ ਨੂੰ ਮਰਨਿਆਂ-ਪਰਨਿਆਂ ਦੀ ਰਸਮਾਂ ਪੂਰੀਆਂ ਕਰਨ ਲਈ ਸੰਘਰਸ਼ ਕਰਨਾ ਪਿਆ ਸੀ। ਉਸ ਵੇਲੇ ਇਹ ਦਲੀਲ ਦਿੱਤੀ ਜਾਂਦੀ ਸੀ ਕਿ ਹੁਕਮਰਾਨ ਸਿਆਸੀ ਧਿਰ ਡੇਰੇ ਵਾਲਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦਾ ਸਬਕ ਸਿਖਾ ਰਹੀ ਹੈ।
ਪਿੰਡਾਂ ਵਿਚ ਲੋਕਾਂ ਨੇ ਹੌਲੀ ਹੌਲੀ ਅਹਿਸਾਸ ਕਰ ਲਿਆ ਹੈ ਕਿ ਡੇਰਾ ਪ੍ਰੇਮੀਆਂ ਅਤੇ ਸਿੱਖ ਪਛਾਣ ਵਿਚ ਜ਼ਿਆਦਾ ਟਕਰਾਅ ਨਹੀਂ ਹੈ। ਜ਼ਿਆਦਾਤਰ ਲੋਕ ਸਹਿਜ ਸੁਭਾਅ ਹੀ ਡੇਰੇ ਉਤੇ ਜਾਂਦੇ ਹਨ ਅਤੇ ਆਥਣ-ਸਵੇਰ ਗੁਰਦੁਆਰੇ ਹਾਜ਼ਰੀ ਭਰਦੇ ਹਨ। ਕੁਝ ਸਮੇਂ ਦੀ ਭੜਕਾਹਟ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ਵਿਚ ਸਮਾਜਕ ਪੱਧਰ ਉਤੇ ਇਹ ਮਸਲਾ ਸੁਲਝ ਗਿਆ, ਪਰ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਦੇ ਮਾਮਲੇ ਵਿਚ ਕਾਇਮ ਰਿਹਾ। ਸਿਆਸੀ ਪੱਖੋਂ ਡੇਰੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਟਕਰਾਅ ਦਾ ਰਾਹ ਅਖ਼ਤਿਆਰ ਨਹੀਂ ਕੀਤਾ। ਡੇਰੇ ਨੇ ਲੰਘੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹਮਾਇਤ ਦਾ ਐਲਾਨ ਕੀਤਾ ਅਤੇ ਬਾਅਦ ਵਿਚ ਮੋਦੀ ਸਰਕਾਰ ਦੀਆਂ ਸਫ਼ਾਈ ਯੋਜਨਾਵਾਂ ਦਾ ਅਲੰਬਰਦਾਰ ਵੀ ਬਣਿਆ। ਅਮਲ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸੱਚਾ ਸੌਦਾ ਵਿਚ ਹੁਣ ਕੋਈ ਟਕਰਾਅ ਨਹੀਂ ਹੈ। ਡੇਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਇਕੱਠੇ ਵਿਚਰਦੇ ਹਨ। ਸ਼੍ਰੋਮਣੀ ਅਕਾਲੀ ਦਲ ਪੱਖੋਂ ਇਹ ਮਸਲਾ ਨਿਬੜ ਚੁੱਕਿਆ ਹੈ ਅਤੇ ਇਨ੍ਹਾਂ ਚਿੱਠੀਆਂ ਰਾਹੀਂ ਇਸ ਰੁਝਾਨ ਦਾ ਰਸਮੀ ਐਲਾਨ ਹੋਇਆ ਹੈ।
ਦਰਅਸਲ ਇਹ ਮਸਲਾ ਇਸ ਤੋਂ ਜ਼ਿਆਦਾ ਪੇਚੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਮਸਲਿਆਂ ਨੂੰ ਧਾਰਮਿਕ ਬਾਣੇ ਵਿਚ ਪਾਉਣ ਦਾ ਪੁਰਾਣਾ ਇਤਿਹਾਸ ਹੈ। ਇਹ ਆਪਣਾ ਸਿਆਸੀ ਲਾਹਾ ਖੱਟਣ ਤੋਂ ਬਾਅਦ ਆਪਣੇ ਰਾਹ ਪੈ ਜਾਂਦਾ ਹੈ, ਪਰ ਇਸ ਦੀਆਂ ਫਾਂਟਾਂ ਮਸਲੇ ਨੂੰ ਨਿਰਾ ਧਾਰਮਿਕ ਬਣਾਈ ਰੱਖਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਸਿਆਸੀ ਦਾਅਪੇਚ ਲਈ ਨਵਾਂ ਮਸਲਾ ਚੁੱਕ ਲੈਂਦਾ ਹੈ, ਪਰ ਸਮਾਜ ਵਿਚ ਫਿਰਕੂ ਵੰਡੀ ਦੇ ਬੀਜ ਕੇਰ ਦਿੰਦਾ ਹੈ। ਇਹ ਮਾਮਲਾ ਇਸ ਪੱਖੋਂ ਸ਼੍ਰੋਮਣੀ ਅਕਾਲੀ ਦਲ ਦੇ ਦਾਅਪੇਚ ਦੀ ਨੁਮਾਇੰਦਗੀ ਵਜੋਂ ਵੇਖਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਡੇਰਾ ਸੱਚਾ ਸੌਦਾ ਨੇ ਅਮਲੀ ਰੂਪ ਵਿਚ ਭੁੱਲਾਂ ਬਖ਼ਸ਼ਾ ਲਈਆਂ ਹਨ, ਪਰ ਮੁੱਦਾ ਸੁਲਗਦਾ ਹੈ ਜੋ ਕਦੇ ਵੀ ਭਖ ਸਕਦਾ ਹੈ। ਇਸੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੀ ਮੌਕਾਪ੍ਰਸਤੀ ਪੜ੍ਹੀ ਜਾ ਸਕਦੀ ਹੈ।
ਡੇਰਾ ਪ੍ਰੇਮੀਆਂ ਨਾਲ ਕਲੇਸ਼ ਦੀਆਂ ਸਮਾਜਕ ਅਤੇ ਧਾਰਮਿਕ ਤੰਦਾਂ ਸੁਲਗਦੀਆਂ ਹਨ। ਇਹ ਕਿਸੇ ਵੀ ਘਟਨਾ ਜਾਂ ਬਿਆਨ ਨਾਲ ਭੜਕ ਸਕਦੀਆਂ ਹਨ। ਆਪਣੇ ਆਪ ਨੂੰ ਹੁਕਮਰਾਨ ਧਿਰ ਨਾਲੋਂ ਨਿਖੇੜ ਕੇ, ਪੰਥਕ ਹੋਣ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਆਪਣੀ ਸਿਆਸਤ ਨੂੰ ਨਿਰੋਖ ਧਾਰਮਿਕ ਚੌਖਟੇ ਵਿਚੋਂ ਵੇਖਦੀਆਂ ਹਨ। ਇਨ੍ਹਾਂ ਧਿਰਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਛੱਡੇ ਹੋਏ Ḕਧਾਰਮਿਕ ਮਸਲੇ’ ਅਹਿਮ ਹਨ। ਇਨ੍ਹਾਂ ਮਸਲਿਆਂ ਨਾਲ ਭਾਵੇਂ ਸਿਆਸੀ ਪੂੰਜੀ ਇਕੱਠੀ ਕਰਨੀ ਔਖੀ ਹੈ, ਪਰ ਸਰਗਰਮੀ ਕਾਇਮ ਰੱਖੀ ਜਾ ਸਕਦੀ ਹੈ। ਇਸ ਸਰਗਰਮੀ ਦੀ ਸਰਪ੍ਰਸਤੀ ਅਤੇ ਹਮਾਇਤ ਵੱਡੀਆਂ ਸਿਆਸੀ ਪਾਰਟੀਆਂ ਮੌਕੇ ਮੁਤਾਬਕ ਕਰ ਲੈਂਦੀਆਂ ਹਨ। ਉਤਰੀ ਅਮਰੀਕਾ ਅਤੇ ਯੂਰਪੀ ਮੁਲਕਾਂ ਵਿਚੋਂ ਇਸ ਸਰਗਰਮੀ ਨੂੰ ਵਿਦੇਸ਼ੀ ਪੂੰਜੀ ਚੜ੍ਹਦੀ ਹੈ ਅਤੇ ਵਿਦੇਸ਼ੀ ਮੀਡੀਆ ਦਿਲ-ਖੋਲ੍ਹਵੀਂ ਥਾਂ ਮਿਲਦੀ ਹੈ। ਇਹ ਸਮੁੱਚੀ ਧਾਰਾ, ਲੰਘੇ ਸਮੇਂ ਵਿਚ ਦਰਜ ਦੁਖਾਂਤ ਉਤੇ Ḕਮੁਆਫ਼ ਨਾ ਕਰਨ’ ਦੀ ਸਿਆਸਤ ਕਰਦੀ ਹੈ। ਇਹ ਧਾਰਾ ਸਮਕਾਲੀ ਅਤੇ ਚਿਰਕਾਲੀ ਸੁਆਲਾਂ ਨੂੰ ਮੁਖ਼ਾਤਬ ਹੋਣ ਵਿਚ ਨਾਕਾਮਯਾਬ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਧਾਰਾ ਦੀ ਸਰਗਰਮੀ ਨਾਲ ਸਿੰਘ ਸਾਹਿਬਾਨ ਦੀ ਕਾਰਗੁਜ਼ਾਰੀ ਅਤੇ ਧਾਰਮਿਕ ਮਸਲਿਆਂ ਉਤੇ ਸਿਆਸੀ ਗ਼ਲਬੇ ਦੇ ਸੁਆਲ ਸਾਹਮਣੇ ਆਉਣ ਵਾਲੇ ਹਨ। ਇਹ ਸੁਆਲ ਆਪਣੀ ਥਾਂ ਉਤੇ ਜਾਇਜ਼ ਹਨ, ਪਰ Ḕਪੰਥਕ ਧਾਰਾ’ ਇਨ੍ਹਾਂ ਦਾ ਕੋਈ ਹੱਲ ਪੇਸ਼ ਕਰਨ ਦੀ ਹਾਲਤ ਵਿਚ ਨਹੀਂ ਜਾਪਦੀ।
Ḕਪੰਥਕ ਧਾਰਾ’ ਦਾ ਸਿਆਸੀ-ਅਰਥਚਾਰਾ ਇਸ ਦੀ ਉਲਾਰ ਬਿਆਨੀ ਅਤੇ ਹਮਲਾਵਰ ਰੁਖ਼ ਨਾਲ ਜੁੜਿਆ ਹੋਇਆ ਹੈ। ਇਸ ਨੂੰ ਹਮੇਸ਼ਾ ਦੁਸ਼ਮਣ ਦੀ ਭਾਲ ਰਹਿੰਦੀ ਹੈ ਜੋ ਪਰਾਇਆ ਹੋ ਸਕਦਾ ਹੈ, ਸਰਕਾਰੀ ਦਲਾਲ ਹੋ ਸਕਦਾ ਹੈ ਜਾਂ ਗੱਦਾਰ ਹੋ ਸਕਦਾ ਹੈ ਜਾਂ ਸੋਧਵਾਦ ਦੇ ਰਾਹ ਪਿਆ ਪੁਰਾਣਾ ਸਾਥੀ ਹੋ ਸਕਦਾ ਹੈ। ਇਸ ਧਿਰ ਦੀ ਆਪਣੀ ਵੰਨ-ਸੁਵੰਨਤਾ ਹੈ, ਪਰ ਇਸ ਦੇ ਖ਼ਾਸੇ ਵਿਚ ਮੁਆਫ਼ੀ ਵਰਗੀ ਧਾਰਨਾ ਨਹੀਂ ਹੈ। ਇਹ ਆਪਣੀ ਪੜਚੋਲ ਵਿਚ ਆਪ ਕੀਤੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਗੱਲ ਕਰਦੀ ਹੈ, ਪਰ ਕਦੇ ਗ਼ਲਤੀਆਂ ਦੀ ਤਫ਼ਸੀਲ ਵਿਚ ਨਹੀਂ ਪੈਂਦੀ। ਜਿਨ੍ਹਾਂ ਨੂੰ ਗ਼ਲਤੀਆਂ ਲਈ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ, ਉਹ ਦੂਜੇ ਦੀਆਂ ਗ਼ਲਤੀਆਂ ਨੂੰ ਮੁਆਫ਼ ਕਰਨ ਦੀ ਕਿਵੇਂ ਸੋਚ ਸਕਦੇ ਹਨ? ਇਹ ਸੁਆਲ ਸਿਰਫ਼ ਡੇਰਾ ਸੱਚਾ ਸੌਦਾ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਸ ਨੂੰ ਨਾ ਹੀ Ḕਪੰਥਕ ਧਾਰਾ’ ਤੱਕ ਮਹਿਦੂਦ ਕੀਤਾ ਜਾ ਸਕਦਾ ਹੈ। ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਲੋਕ ਦੋਖੀ ਸਿਆਸਤ ਦੀ ਸ਼ਨਾਖ਼ਤ ਕਰ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ, ਦੂਜੇ ਪਾਸੇ ਕਿਸੇ ਨਾ ਕਿਸੇ ਹੀਲੇ Ḕਪੰਥਕ ਧਾਰਾ’ ਨੇ ਆਪਣੀ ਹੋਂਦ ਕਾਇਮ ਰੱਖਣੀ ਹੈ। ਇਸ ਪੂਰੇ ਸਿਆਸੀ ਪਨੇ ਤੋਂ ਮੌਜੂਦਾ ਹੁਕਮਰਾਨ ਅਤੇ ਵਿਰੋਧੀ ਪਾਰਟੀਆਂ ਕੰਨੀ ਖਿਸਕਾ ਗਈਆਂ ਹਨ, ਪਰ ਵੋਟਾਂ ਮੌਕੇ ਗੁਣਾ ਉਨ੍ਹਾਂ ਵਿਚੋਂ ਹੀ ਪੈਣਾ ਹੈ। ਕੀ ਇਹ ਵੋਟ ਸਿਆਸਤ, Ḕਪੰਥਕ ਧਾਰਾ’ ਅਤੇ ਸੰਘਰਸ਼ ਦੇ ਪਿੜ ਮੱਲੀ ਬੈਠੀਆਂ ਧਿਰਾਂ ਦੀ ਸਿਆਸਤ ਦੀ ਪੜਚੋਲ ਕਰਨ ਦਾ ਮੌਕਾ ਨਹੀਂ ਹੈ?