ਇਸ਼ਕ, ਵਹੁਟੀ ਅਤੇ ਅਧੇੜ ਉਮਰ

ਰਾਜਿੰਦਰ ਸਿੰਘ ਬੇਦੀ-5
ਗੁਰਬਚਨ ਸਿੰਘ ਭੁੱਲਰ
ਬੇਦੀ ਜੀ ਗਰਮੀਆਂ ਦੇ ਇਕ ਸਿਖਰ ਦੁਪਹਿਰੇ ਮੁੜ੍ਹਕੋ-ਮੁੜ੍ਹਕੀ ਹੋਏ ਘਰ ਪਰਤੇ ਤਾਂ ਸਿਰ ਤੋਂ ਪੱਗ ਲਾਹ ਕੇ ਸੋਫੇ ਉਤੇ ਸੁਟਦਿਆਂ ਅਤੇ ਵਾਲਾਂ ਵਿਚ ਉਂਗਲਾਂ ਫੇਰ ਕੇ ਹਵਾ ਲੁਆਉਂਦਿਆਂ ਉਡੀਕ ਵਿਚ ਬੈਠੇ ਹੋਏ ਮਿੱਤਰ ਨੂੰ ਬੋਲੇ, “ਵੈਸੇ ਤਾਂ ਬੰਦੇ ਨੂੰ ਦੂਜੇ ਦੀ ਪੱਗ ਲਾਹ ਕੇ ਸੁਆਦ ਆਉਂਦਾ ਹੈ, ਪਰ ਕਦੇ-ਕਦੇ ਆਪਣੀ ਪੱਗ ਆਪ ਲਾਹ ਕੇ ਵੀ ਬੜਾ ਸੁਆਦ ਆਉਂਦਾ ਹੈ।” ਤੇ ਉਹ ਆਪਣੀ ਪੱਗ ਕਦੀ-ਕਦੀ ਹੀ ਨਹੀਂ, ਸਗੋਂ ਅਕਸਰ ਲਾਹੁੰਦੇ ਰਹਿੰਦੇ ਸਨ। ਜੇ ਉਨ੍ਹਾਂ ਨੂੰ ਪਾਤਰ ਬਣਾ ਕੇ ਉਹ ਅਨੇਕ ਲੋਕਾਂ ਦੀਆਂ ਢਕੀਆਂ ਜੱਗ-ਜ਼ਾਹਿਰ ਕਰਦੇ ਸਨ ਤਾਂ ਉਹ ਆਪਣੀਆਂ ਕਿਉਂ ਨਾ ਕਰਨ!

ਆਪਣੀ ਸਾਰੀ ਜ਼ਿੰਦਗੀ ਦੀ ਕਰਨੀ-ਕਮਾਈ ਦਾ ਨਿਚੋੜ ਉਹ ਬੜੀ ਬੇਕਿਰਕੀ ਨਾਲ ਇਨ੍ਹਾਂ ਕੁਝ ਸ਼ਬਦਾਂ ਵਿਚ ਪੇਸ਼ ਕਰ ਦਿੰਦੇ ਹਨ, “ਅੱਜ ਤਾਈਂ ਮੈਂ ਇਕ ਵਹੁਟੀ ਦੀ ਜ਼ਿੰਦਗੀ ਬਰਬਾਦ ਕਰਨ ਤੇ ਕੁਝ ਬੱਚਿਆਂ ਦਾ ਭਵਿੱਖ ਨਸ਼ਟ ਕਰਨ ਤੋਂ ਇਲਾਵਾ ਜੇ ਹੋਰ ਕੋਈ ਕੰਮ ਸਿਰੇ ਚਾੜ੍ਹਿਆ ਹੈ ਤਾਂ ਬੱਸ ਇਹ ਸਫ਼ੇ ਕਾਲੇ ਕਰਨ ਦਾ।” ਜਾਂ “ਫੇਰ ਥੋੜ੍ਹਾ ਜਿਹਾ ਇਸ਼ਕæææਵਹੁਟੀ ਵਿਚ ਦਿਲਚਸਪੀ ਦੀ ਸਮਾਪਤੀ, ਵਹੁਟੀ ਵਲੋਂ ਮੁਹੱਬਤ ਦਾ ਅੰਤæææਕਾਰਨ? ਅਧੇੜ ਉਮਰ ਦਾ ਸ਼ੁਦਾਅæææਜੇਠੇ ਮੁੰਡੇ ਵਲੋਂ ਮੈਨੂੰ ਕਾਰੋਬਾਰੀ ਤੌਰ ਉਤੇ ਅਨਾੜੀ ਸਮਝਿਆ ਜਾਣਾ ਤੇ ਮੇਰੇ ਵਲੋਂ ਉਹਨੂੰ ਪੈਸੇ ਦਾ ਪੀਰ ਤੇ ਗ਼ੈਰ-ਜ਼ਿੰਮੇਵਾਰ ਸਮਝਿਆ ਜਾਣਾ।æææਕੀ ਗੱਲ ਬਣੀ?”
ਭਾਸ਼ਾਈ ਸੰਜਮ ਅਤੇ ਸੰਖੇਪਤਾ ਦਾ ਕਮਾਲ ਦਿਖਾਉਂਦਿਆਂ ਬੇਦੀ ਜੀ ਨੇ ਇਨ੍ਹਾਂ ਤਿੰਨ-ਚਾਰ ਸਤਰਾਂ ਵਿਚ ਜੋ ਕੁਝ ਕਿਹਾ ਹੈ, ਉਹ ਅਸਲ ਵਿਚ ਉਨ੍ਹਾਂ ਦੇ ਪੂਰੇ ਜੀਵਨ ਉਤੇ ਫੈਲੇ ਹੋਏ ਸੱਚ ਦਾ ਨਿਚੋੜ ਹੈ, ਜਿਸ ਨੇ ਅਮੁੱਕ ਲੰਮੇ ਕੰਡਿਆਲੇ ਦੁਖਾਂਤ ਦਾ ਰੂਪ ਧਾਰ ਲਿਆ। ਇਸ ਕਥਨ ਦੇ ਇਕ-ਇਕ ਵਾਕੰਸ਼ ਪਿੱਛੇ ਇਕ ਪੂਰੀ ਦੀ ਪੂਰੀ ਕਸ਼ਟਦਾਇਕ ਕਹਾਣੀ ਹੈ। ਅਸਲ ਵਿਚ ‘ਇਸ਼ਕ, ਵਹੁਟੀ ਅਤੇ ਅਧੇੜ ਉੁਮਰ’ ਬਾਰੇ ਕਥਨ ਨੂੰ ਉਨ੍ਹਾਂ ਨੇ, ਪਤਾ ਨਹੀਂ ਕੀ ਸੋਚ ਕੇ ਅਤੇ ਕਿਉਂ, ਉਲਟੀ ਤਰਤੀਬ ਵਿਚ ਲਿਖਿਆ ਹੈ। ਸੱਚ ਇਹ ਹੈ ਕਿ ਪਹਿਲਾਂ ਪਤਨੀ ਵਲੋਂ ‘ਮੁਹੱਬਤ’ ਦਾ ਐਲਾਨੀਆ ਅੰਤ ਕਰ ਦਿੱਤਾ ਗਿਆ। ਇਸ ਦਾ ਇਕੋ-ਇਕ ਕਾਰਨ ਅਧੇੜ ਉਮਰ ਦਾ ਸ਼ੁਦਾਅ ਨਹੀਂ ਸੀ। ਕਾਰਨ ਹੋਰ ਵੀ ਸਨ ਅਤੇ ਉਹ ਸਨ ਵੀ ਕਈ ਤੇ ਸਨ ਵੀ ਵਧੀਕ ਮਹੱਤਵਪੂਰਨ। ਸ਼ਾਇਦ ਉਨ੍ਹਾਂ ਦਾ ਜ਼ਿਕਰ ਕਰਨਾ ਬੇਦੀ ਲਈ ਕੁਝ ਵਧੇਰੇ ਹੀ ਕਸ਼ਟਦਾਇਕ ਹੋਣ ਕਰਕੇ ਅਸੰਭਵ ਹੋ ਗਿਆ ਹੋਵੇ।
ਪਹਿਣ-ਪੱਚਰ ਕੇ ਬਣਦੇ-ਫ਼ਬਦੇ ਤਾਂ ਬੇਦੀ ਜੀ ਵੀ ਬਹੁਤ ਸਨ ਪਰ ਉਨ੍ਹਾਂ ਦੀ ਪਤਨੀ ਕੁਝ ਬਹੁਤੀ ਹੀ ਖ਼ੂਬਸੂਰਤ ਸੀ। ਇਹਦੇ ਨਾਲ ਹੀ ਉਹ ਸੁੰਦਰਤਾ ਅਤੇ ਸੂਝ ਦੇ ਬੇਮੇਲ ਹੋਣ ਬਾਰੇ ਪ੍ਰੰਪਰਾਗਤ ਕਹਾਵਤ ਦਾ ਸਾਕਾਰ ਰੂਪ ਸੀ। ਉਹ ਵਿਦਿਆ ਤੋਂ ਤਾਂ ਕੋਰੀ ਹੈ ਹੀ ਸੀ, ਆਮ ਸਮਝ ਤੋਂ ਵੀ ਸੱਖਣੀ ਸੀ। ਉਹਦੀ ਸਾਧਾਰਨਤਾ ਉਸ ਮਾਹੌਲ ਨੂੰ ਸਮਝਣ ਤੋਂ ਬਿਲਕੁਲ ਅਸਮਰਥ ਸੀ ਜਿਸ ਵਿਚ ਬੇਦੀ ਇਕ ਫ਼ਿਲਮ ਨਿਰਮਾਤਾ, ਨਿਰਦੇਸ਼ਕ, ਪਟਕਥਾ-ਲੇਖਕ ਅਤੇ ਸੰਵਾਦ-ਲੇਖਕ ਵਜੋਂ ਵਿਚਰ ਰਹੇ ਸਨ। ਸ਼ੱਕ ਦੀ ਸਿਉਂਕ ਉਹਦੇ ਚੈਨ ਨੂੰ ਚਟਦੀ ਰਹਿੰਦੀ ਅਤੇ ਉਹ ਬੇਚੈਨ ਹੋ ਕੇ ਬੇਦੀ ਦਾ ਚੈਨ ਹਰਾਮ ਕਰਦੀ ਰਹਿੰਦੀ। ਬੇਦੀ ਦੀ ਸ਼ਖ਼ਸੀਅਤ ਉਨ੍ਹਾਂ ਦੀ ਬੌਧਿਕਤਾ ਕਾਰਨ ਸਾਧਾਰਨ ਪੱਧਰ ਤੋਂ ਜਿੰਨੀ ਉਚੀ ਸੀ, ਉਹਦੀ ਓਨੀ ਹੀ ਨੀਵੀਂ ਸੀ। ਇਉਂ ਉਹ ਦੋਵੇਂ ਸਾਰੀ ਉਮਰ ਦੋ ਵੱਖਰੇ-ਵੱਖਰੇ ਟਿਕਾਣਿਆਂ ਉਤੇ ਖਲੋਤੇ ਰਹੇ, ਉਹ ਇਕ ਉਚੇ ਚੋਂਤਰੇ ਉਤੇ ਅਤੇ ਉਹ ਇਕ ਨੀਵੇਂ ਟੋਏ ਵਿਚ। ਆਖ਼ਰ ਇਹ ਸਥਿਤੀ ਬਣ ਗਈ ਜਿਸ ਨੂੰ ਬੇਦੀ ਨੇ ‘ਵਹੁਟੀ ਵਲੋਂ ਮੁਹੱਬਤ ਦਾ ਅੰਤ’ ਕਿਹਾ ਹੈ। ਮਾਨਸਿਕ ਦੂਰੀ ਪਹਿਲਾਂ ਤੋਂ ਹੀ ਸੀ, ਹੁਣ ਪਤਨੀ ਨੇ ਉਸੇ ਘਰ ਵਿਚ ਰਹਿੰਦਿਆਂ ਸਥਾਈ ਸਰੀਰਕ ਦੂਰੀ ਸਿਰਜ ਲਈ। ਪ੍ਰਤੀਕਰਮ ਉਹ ਹੋਇਆ ਜਿਸ ਨੂੰ ਉਨ੍ਹਾਂ ਨੇ ‘ਵਹੁਟੀ ਵਿਚ ਦਿਲਚਸਪੀ ਦੀ ਸਮਾਪਤੀ’ ਆਖਿਆ ਹੈ। ਇਸ ਸਾਰੇ ਰੋਲ-ਘਚੋਲੇ ਵਿਚ ਅਧੇੜ ਉਮਰ ਦੇ ਸ਼ੁਦਾਅ ਨੂੰ ਸਹਾਰਾ ਮਿਲਿਆ ਤਾਂ ਬੇਦੀ ਵਰਗੇ ਤਿਹੁ ਦੇ ਤਿਹਾਏ ਅਤੇ ਭਾਵੁਕ ਵਿਅਕਤੀ ਦਾ ਵੇਲ ਵਾਂਗ ਉਸ ਸਹਾਰੇ ਵੱਲ ਉਲਰ ਪੈਣਾ ਸੁਭਾਵਿਕ ਸੀ ਜਿਸ ਨੂੰ ਉਹ ‘ਥੋੜ੍ਹਾ ਜਿਹਾ ਇਸ਼ਕ’ ਆਖਦੇ ਹਨ।
ਉਹ ਬੇਹੱਦ ਰੁਝੇਵਿਆਂ-ਭਰੇ ਫਿਲਮੀ ਜੀਵਨ ਵਿਚ ਘਰੋਂ ਬਾਹਰ ਰਹਿੰਦੇ ਅਤੇ ਘਰੇ ਬੈਠਿਆਂ ਪਤਨੀ ਦਾ ਇਕ ਮੁੱਖ ਰੁਝੇਵਾਂ ਬੱਚਿਆਂ ਨੂੰ ਪਿਉ ਦੇ ਵਿਰੁੱਧ ਚੁਕਦੇ ਰਹਿਣਾ ਹੁੰਦਾ। ਇਹਤੋਂ ਵੀ ਅੱਗੇ, ਜਦੋਂ ਕਦੀ ਕੋਈ ਰਿਸ਼ਤੇਦਾਰ ਆਉਂਦਾ ਜਾਂ ਉਹ ਕਿਸੇ ਰਿਸ਼ਤੇਦਾਰ ਦੇ ਜਾਂਦੀ, ਇਸ ਨਿੰਦਿਆ-ਪੁਰਾਣ ਦਾ ਪਾਠ ਕਰਨਾ ਉਹ ਕਦੀ ਨਾ ਭੁਲਦੀ। ਕੁਝ-ਕੁਝ ਸਮਝਦਾਰ ਛੋਟਾ ਪੁੱਤਰ, ਜੋ ਪੜ੍ਹਾਈ-ਸਿੱਖਲਾਈ ਲਈ ਜਰਮਨੀ ਗਿਆ ਸੀ ਅਤੇ ਉਥੋਂ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ, ਰਹਿਣ ਲਈ ਬੰਬਈ ਆਇਆ, ਪਰ ਘਰ ਦਾ ਮਾਹੌਲ ਦੇਖ ਕੇ ਜਰਮਨੀ ਪਰਤ ਗਿਆ। ਇਕ ਵੱਡੇ ਪੁੱਤਰ ਨਰਿੰਦਰ ਬੇਦੀ ਦੀ ਪਤਨੀ ਤੋਂ ਇਲਾਵਾ ਟੱਬਰ ਦੇ ਸਾਰੇ ਜੀਅ ਬੇਦੀ ਦੀ ਮਾਲੀ ਕਮਾਈ ਅਤੇ ਨਾਂ ਤੇ ਪ੍ਰਸਿੱਧੀ ਦੀ ਕਮਾਈ ਰੱਜ-ਰੱਜ ਖਾਂਦੇ ਅਤੇ ਉਨ੍ਹਾਂ ਦੀ ਰੱਜ-ਰੱਜ ਨਿੰਦਿਆ ਕਰਦੇ। ਨੂੰਹ ਉਨ੍ਹਾਂ ਦੀ ਵਡਿੱਤਣ ਨੂੰ ਸਮਝਦੀ, ਉਨ੍ਹਾਂ ਦੀ ਇੱਜ਼ਤ ਕਰਦੀ ਅਤੇ ਉਨ੍ਹਾਂ ਦਾ ਖਿਆਲ ਰਖਦੀ। ਇਸੇ ਨੂੰਹ ਨੇ ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿਚ ਸਾਂਭਿਆ। ਪਰ ਇਸ ਆਦਰ ਅਤੇ ਹਮਦਰਦੀ ਦਾ ਉਹਨੂੰ ਭਾਰੀ ਮੁੱਲ ਚੁਕਾਉਣਾ ਪਿਆ। ਸੱਸ ਤੁਹਮਤਾਂ ਲਾਉਂਦੀ। ਦੂਜੇ ਉਹਦੇ ਨਾਲ ਸੁਰ ਮਿਲਾਉਂਦੇ। ਨੂੰਹ ਰੋਂਦੀ ਕਿ ਮੇਰੇ ਪਿਤਾ-ਸਮਾਨ ਹਨ। ਬੇਦੀ ਰੋਂਦੇ ਕਿ ਇਕ ਬੱਸ ਇਹ ਧੀ-ਸਮਾਨ ਨੂੰਹ ਉਨ੍ਹਾਂ ਦੀ ਕਦਰ ਕਰਦੀ ਹੈ ਅਤੇ ਉਹਨੂੰ ਕੇਹੀਆਂ ਊਜਾਂ ਦਾ ਸਾਹਮਣਾ ਕਰਨਾ ਪੈਂਦਾ ਹੈ!
ਜਦੋਂ ਬੇਦੀ ਸਾਹਿਬ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ-ਜੋਖਾ ਕਰਦੇ ਹਨ, ਉਨ੍ਹਾਂ ਨੂੰ ਨਾਂਹ-ਪੱਖੀ ਪਲੜਾ ਝੁਕਦਾ ਦਿਸਦਾ ਹੈ। ਸ਼ਾਇਦ ਆਪਣੀ ਹੋਂਦ ਦੀ ਇਸੇ ਨਿਰਾਰਥਕਤਾ ਦੀ ਚੁਭਨ ਮਹਿਸੂਸ ਕਰ ਕੇ ਉਹ ਆਖਦੇ ਹਨ ਕਿ ‘ਕੌਣ’ ਅਤੇ ‘ਕੀ’ ਵਰਗੇ ਸਵਾਲ ਮੇਰੇ ਉਤੇ ਨਹੀਂ ਢੁਕਦੇ ਸਗੋਂ ਮੈਨੂੰ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਮੈਂ ‘ਕਿਉਂ’ ਹਾਂ।
ਜਿਥੋਂ ਤੱਕ ਇਸ਼ਕ ਦਾ ਸਬੰਧ ਹੈ, ਉਹ ਕਹਿੰਦੇ ਹਨ, “ਮੇਰੇ ਸਾਹਮਣੇ ਕੋਈ ਮਾਸ਼ੂਕ ਨਹੀਂ ਸੀ। ਤੇ ਜੇ ਸੀ ਤਾਂ ਮੈਨੂੰ ਬੱਚਾ ਸਮਝ ਕੇ ਟਾਲ ਜਾਂਦੀ ਸੀ। ਜੇ ਕਦੀ ਭੁੱਲ-ਭੁਲੇਖੇ ਉਹ ਮੇਰੇ ਕੋਲ ਅਟਕ ਜਾਂਦੀ ਤਾਂ ਮੇਰੀ ਘਰਵਾਲੀ ਜੁੱਤੀ ਫੜ ਲੈਂਦੀ।” ਉਹ ਇਹ ਵੀ ਕਹਿੰਦੇ ਹਨ ਕਿ “ਮੈਂ ਸਿਆਣਾ ਹੋਣ ਕਰਕੇ ਕਿਸੇ ਔਰਤ ਨੂੰ ਪਿਆਰ ਨਹੀਂ ਕਰਦਾ ਅਤੇ ਔਰਤ ਬੇਵਕੂਫ ਹੋਣ ਕਰਕੇ ਮੈਨੂੰ ਪਿਆਰ ਨਹੀਂ ਕਰਦੀ।” ਪਰ ਸੰਸਾਰ ਵਿਚ ਬੀ-ਨਾਸ ਤਾਂ ਕਿਸੇ ਚੀਜ਼ ਦਾ ਵੀ ਨਹੀਂ ਹੁੰਦਾ। ਆਖ਼ਰ ਇਕ ਮੁਟਿਆਰ ਆਈ ਜੋ ਬੇਵਕੂਫ਼ ਨਹੀਂ ਸੀ। ਉਹ ਸਾਹਿਤ ਦੀ ਪਾਰਖੂ ਪਾਠਕ ਸੀ, ਕਲਾ ਦੀ ਉਦਾਰ ਕਦਰਦਾਨ ਸੀ ਅਤੇ ਉਹਨੇ ਪੀ-ਐਚæ ਡੀæ ਕੀਤੀ ਹੋਈ ਸੀ। ਤੇ ਉਸ ਨੂੰ ਮਿਲਦਿਆਂ ਹੀ ਇਨ੍ਹਾਂ ਦੀ ਸਿਆਣਪ ਧਰੀ-ਧਰਾਈ ਰਹਿ ਗਈ ਕਿਉਂਕਿ ਇਨ੍ਹਾਂ ਨੂੰ ਯਾਦ ਆ ਗਿਆ ਕਿ ਸਾਡੇ ਧਰਮ-ਗਰੰਥਾਂ ਵਿਚ ਜਦੋਂ ਮੇਨਿਕਾ ਦੇ ਡੁਲਾਇਆਂ ਮਹਾਂਰਿਸ਼ੀ ਵਿਸ਼ਵਾਮਿੱਤਰ ਦਾ ਡੋਲਣਾ ਬੁਰਾ ਨਹੀਂ ਸਮਝਿਆ ਗਿਆ ਸਗੋਂ ਇਕ ਕੁਦਰਤੀ ਵਰਤਾਰੇ ਵਜੋਂ ਲਿਆ ਗਿਆ ਹੈ, ਤਾਂ ਇਸ ਨਾਜ਼ਕ ਘੜੀ ਉਨ੍ਹਾਂ ਦਾ ਡੋਲਣਾ ਕਿਵੇਂ ਵੀ ਅਨੁਚਿਤ ਨਹੀਂ ਸਮਝਿਆ ਜਾ ਸਕਦਾ।
ਕੁੜੀ ਨੇ ਇਕ ਲੇਖਕ ਅਤੇ ਫਿਲਮਕਾਰ ਵਜੋਂ ਇਨ੍ਹਾਂ ਦੀ ਤਾਰੀਫ਼ ਕੀਤੀ, ਇਹ ਕੋਈ ਸਬੂਤ ਮੰਗੇ ਬਿਨਾਂ ਸਹਿਮਤ ਹੋ ਗਏ। ਕੁੜੀ ਨੇ ਆਪਣੀ ਅਭਿਨੈ-ਨਿਪੁੰਨਤਾ ਦੱਸੀ, ਇਹ ਹੁਣ ਵੀ ਕੋਈ ਸਬੂਤ ਮੰਗੇ ਬਿਨਾਂ ਸਹਿਮਤ ਹੋ ਗਏ। ਫੇਰ ਜਦੋਂ ਕੁੜੀ ਨੇ ਆਪਣੀਆਂ ਬਹੁਪੱਖੀ ਯੋਗਤਾਵਾਂ ਸਦਕਾ ਇਨ੍ਹਾਂ ਵਰਗੇ ਯੋਗ ਵਿਅਕਤੀ ਨੂੰ ਪਿਆਰ ਕਰਨ ਦਾ ਆਪਣਾ ਅਧਿਕਾਰ ਜਤਾਇਆ ਤਾਂ ਸ਼ਬਦਾਂ ਨੇ ਭਾਸ਼ਾ ਦੇ ਉਸਤਾਦ ਦਾ ਸਾਥ ਛੱਡ ਦਿੱਤਾ ਅਤੇ ਫੇਰ, ਜਿਵੇਂ ਆਪਣੀ ਅਸਹਿਮਤੀ ਪ੍ਰਗਟਾਉਣ ਲਈ, ਇਹ ਬੜੀ ਮੁਸ਼ਕਲ ਨਾਲ ਏਨਾ ਕਹਿ ਸਕੇ, “ਪਰæææਪਰæææਤੂੰ ਤਾਂ ਅਜੇ ਬੱਚੀ ਹੈਂ!”
ਸਥਿਤੀ ਦਾ ਵਿਅੰਗ ਦੇਖੋ ਕਿ ਕਿਥੇ ਤਾਂ ਮਾਸ਼ੂਕਾਂ ਬੇਦੀ ਸਾਹਿਬ ਨੂੰ ਬੱਚਾ ਸਮਝ ਕੇ ਟਾਲ ਜਾਂਦੀਆਂ ਸਨ, ਕਿਥੇ ਹੁਣ ਮਾਸ਼ੂਕ ਬਣੇ ਬੇਦੀ ਸਾਹਿਬ ਆਪਣੀ ਆਸ਼ਕ ਨੂੰ ਬੱਚੀ ਆਖ ਕੇ ਟਾਲ ਰਹੇ ਸਨ। ਪਰ ਕੁੜੀ, ਜੋ ਬੇਵਕੂਫ਼ ਨਹੀਂ ਸੀ, ਝੱਟ ਤਾੜ ਗਈ ਕਿ ਜਨਾਬ, ਜਿਨ੍ਹਾਂ ਨੇ ਉਸ ਦੇ ਪਹਿਲੇ ਕਥਨਾਂ ਦਾ ਕੋਈ ਸਬੂਤ ਨਹੀਂ ਸੀ ਮੰਗਿਆ, ਹੁਣ ਉਹਦੀ ਜਵਾਨੀ ਦਾ ਸਰਟੀਫ਼ੀਕੇਟ ਮੰਗ ਰਹੇ ਹਨ। ਉਹਨੇ ਆਪਣਾ ‘ਸਬੂਤ’ ਦਿਖਾਉਂਦਿਆਂ ਕਿਹਾ, “ਨਹੀਂ ਮੈਂ ਬੱਚੀ ਨਹੀਂ ਹਾਂ।” ਤੇ ਸੱਚਮੁੱਚ ਉਹ ਬੱਚੀ ਹੈ ਵੀ ਨਹੀਂ ਸੀ। ਸਰੀਰ ਦਾ ਉਹ ਭਾਗ, ਜਿਸ ਨੂੰ ਬੇਦੀ “ਮਮਤਾ ਅਤੇ ਨਾਰੀਪੁਣੇ ਦਾ ਸੰਗਮ” ਆਖਦੇ ਹਨ, ਇਸ ਸੱਚ ਦਾ ਸਬੂਤ ਸੀ। ਹਾਲਤ ਮੀਰ ਵਾਲੀ ਹੋ ਗਈ,
ਵੁਹ ਆਏ ਮਹਿਫ਼ਲ ਮੈਂ, ਇਤਨਾ ਤੋ ਮੀਰ ਨੇ ਦੇਖਾ,
ਉਸ ਕੇ ਬਾਅਦ ਚਿਰਾਗ਼ੋਂ ਮੇਂ ਰੌਸ਼ਨੀ ਨਾ ਰਹੀ!
ਹੋਸ਼ ਦੇ ਚਿਰਾਗ਼ ਦੁਬਾਰਾ ਜਗੇ ਤਾਂ ਪਿਆਰ-ਭਰਿਆ ਦਿਲ ਕਦੀ ਨਾ ਤੋੜਨ ਵਾਲੀ ਪੰਜਾਬੀ ਪਰੰਪਰਾ ਚੇਤੇ ਆ ਗਈ।æææਤੇ ਭਗਵਾਨ ਜਾਣੇ, ਇਸ ਮਾਮਲੇ ਬਾਰੇ ਕੌਣ ਬੇਈਮਾਨ ਸ੍ਰੀਮਤੀ ਬੇਦੀ ਕੋਲ ਕੂੜ-ਕੁਫ਼ਰ ਤੋਲ ਕੇ, ਝੂਠੀਆਂ-ਸੱਚੀਆਂ ਲਾ-ਬੁਝਾ ਕੇ ਇਨ੍ਹਾਂ ਦੇ ਦਫ਼ਤਰ ਛਾਪਾ ਤੱਕ ਮਰਵਾ ਦਿੰਦਾ ਸੀ ਅਤੇ ਘਰਵਾਲੀ ਦੇ ਹੱਥ ਵਿਚ ਜੁੱਤੀ ਹੋਣ ਬਾਰੇ ਬੇਦੀ ਸਾਹਿਬ ਦੀ ਸ਼ਿਕਾਇਤ ਸੱਚੀ ਹੋ ਜਾਂਦੀ ਸੀ।