ਸਿਰਸਾ ਡੇਰਾ ਬਨਾਮ ਖਾਲਸਾ ਪੰਥ

ਸੰਨ 2007 ਵਿਚ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਭੇਖ ਧਾਰ ਕੇ ਅੰਮ੍ਰਿਤ ਛਕਾਉਣ ਦੀ ਤਰਜ ‘ਤੇ ‘ਜਾਮ-ਏ-ਇਨਸਾਂ’ ਦਾ ਪਰਪੰਚ ਰਚੇ ਜਾਣ ਪਿਛੋਂ ਡੇਰੇ ਦੇ ਪੈਰੋਕਾਰਾਂ ਅਤੇ ਸਿੱਖਾਂ ਵਿਚਾਲੇ ਵੱਡਾ ਟਕਰਾਓ ਹੋਇਆ ਸੀ। ਉਦੋਂ ਇਹ ਗੱਲ ਉਠੀ ਸੀ ਕਿ ਇਸ ਸਭ ਪਿਛੇ ਸਿਆਸਤ ਕੰਮ ਕਰ ਰਹੀ ਹੈ।

ਹੁਣ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਅਚਾਨਕ ਡੇਰੇ ਵਲੋਂ ‘ਸਪਸ਼ਟੀਕਰਨ’ ਦਿੱਤੇ ਜਾਣ ਪਿਛੋਂ ਡੇਰਾ ਸਾਧ ਨੂੰ ਮੁਆਫ ਕਰ ਦੇਣ ਦਾ ਫੈਸਲਾ ਦਿੱਤਾ ਹੈ ਤਾਂ ਇਕ ਵਾਰ ਫੇਰ ਪ੍ਰਭਾਵ ਇਹੋ ਹੈ ਕਿ ਇਸ ਫੈਸਲੇ ਪਿਛੇ ਅਸਲ ਵਿਚ ਸਿਆਸੀ ਲੋੜਾਂ ਹਨ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਲੇਖ ਵਿਚ ਇਸ ਮਾਮਲੇ ਦੀਆਂ ਪਰਤਾਂ ਫਰੋਲੀਆਂ ਹਨ। ਪ੍ਰੋæ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਸਿੱਖ ਅਧਿਐਨ ਦਾ ਪ੍ਰੋਫੈਸਰ ਹੈ। -ਸੰਪਾਦਕ

ਡਾæ ਹਰਪਾਲ ਸਿੰਘ ਪੰਨੂ
ਫੋਨ: +91-94642-51454
ਸਮਾਂ ਆਪਣੀ ਮਸਤ ਚਾਲ ਚੱਲਦਾ ਸਫਰ ਤੈਅ ਕਰ ਰਿਹਾ ਹੈ ਜਿਸ ਵਿਚ ਕਦੀ-ਕਦਾਈਂ ਕੋਈ ਕੋਈ ਅਜੀਬ ਘਟਨਾ ਵਾਪਰਦੀ ਹੈ ਤਾਂ ਦਰਸ਼ਕਾਂ ਦਾ ਸਾਰਾ ਧਿਆਨ ਉਧਰ ਖਿੱਚਿਆ ਜਾਂਦਾ ਹੈ। ਬੱਚਿਆਂ ਵੱਲੋਂ ਪਟਾਕਾ ਚਲਾਉਣ ਪਿਛੋਂ ਪੰਛੀ ਚੀਕਾਂ ਮਾਰਦੇ ਅਸਮਾਨ ਵੱਲ ਉੱਡ ਜਾਂਦੇ ਹਨ। ਅੱਠ ਸਾਲ ਪਹਿਲਾਂ ਜਦੋਂ ਗੁਰਮੀਤ ਰਾਮ ਰਹੀਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਦਾ ਬਾਣਾ ਪਹਿਨ ਕੇ ਕਲਗੀ ਸਜਾ ਕੇ, ਕੜਾਹੇ ਵਿਚ ਦੁੱਧ+ਰੂਅਫਜ਼ਾ ਦਾ ਸ਼ਰਬਤ ਤਿਆਰ ਕਰ ਕੇ ਇਸ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਉਤਮ ਦੱਸਦਿਆਂ ਆਪਣੇ ਮੁਰੀਦਾਂ ਨੂੰ ਪਿਲਾਇਆ ਸੀ, ਉਸ ਵਕਤ ਉਸ ਵਿਰੁੱਧ ਰੋਸ ਪ੍ਰਗਟ ਹੋਇਆ ਸੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਸਮਝਦਿਆਂ ਅਕਾਲ ਤਖਤ ਨੇ ਉਸ ਅਤੇ ਉਸ ਦੇ ਅਨੁਆਈਆਂ ਨਾਲ ਮਿਲਵਰਤਨ ਕਰਨ ਤੋਂ ਸਿੱਖਾਂ ਨੂੰ ਰੋਕ ਦਿੱਤਾ ਸੀ। ਉਸ ਵਕਤ ਇਹ ਸਾਰਾ ਕੁਝ ਰੁਟੀਨ ਵਿਚ ਹੋ ਗਿਆ ਸੀ, ਪਰ ਸਿਰਸਾ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਦੀ ਖਬਰ ਸਨਸਨੀਖੇਜ਼ ਹੈ।
ਪਹਿਲਾਂ ਦੇਖਿਆ ਜਾਵੇ, ਸਮੱਸਿਆ ਕੀ ਹੈ? ਵਿਸਾਖੀ 1699 ਨੂੰ ਗੁਰੂ ਗੋਬਿੰਦ ਸਿੰਘ ਨੇ ਕਰੜੀ ਪ੍ਰੀਖਿਆ ਪਿਛੋਂ ਖਾਲਸਾ ਪੰਥ ਪ੍ਰਗਟ ਕੀਤਾ। ਚੁਣੇ ਗਏ ਪੰਜ ਪਿਆਰੇ ਇੰਨੇ ਸਨਮਾਨਯੋਗ ਕਿ ਦਸਮ ਪਾਤਸਾਹ ਨੇ ਉਨ੍ਹਾਂ ਅੱਗੇ ਬੇਨਤੀ ਕੀਤੀ- ਤੁਸੀਂ ਪੰਥ ਹੋਣ ਕਰ ਕੇ ਵੱਡੇ ਹੋ, ਸਾਨੂੰ ਵੀ ਆਪਣੇ ਵਿਚ ਸ਼ਾਮਲ ਕਰੋ। ਅੰਮ੍ਰਿਤ ਛਕਣ ਉਪਰੰਤ ਗੁਰੂ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ। ਗੁਰੂ ਗ੍ਰੰਥ ਸਾਹਿਬ ਨੂੰ ਨਾਂਦੇੜ ਵਿਖੇ 1708 ਵਿਚ ਗੁਰਿਆਈ ਮਿਲੀ, ਪਰ ਇਸ ਤੋਂ ਨੌ ਸਾਲ ਪਹਿਲਾਂ ਵਿਸਾਖੀ ਦੇ ਦਿਨ ਖਾਲਸਾ ਪੰਥ ਨੂੰ ਗੁਰਿਆਈ ਆਨੰਦਪੁਰ ਸਾਹਿਬ ਮਿਲ ਗਈ ਸੀ। ਪੰਥ, ਗੁਰੂ ਦਾ ਸਰੀਰ ਅਤੇ ਗ੍ਰੰਥ ਰੂਹ ਹੋ ਗਿਆ।
ਨਿਰੰਕਾਰੀ ਸੰਪਰਦਾ ਦੇ ਮੁਖੀ ਗੁਰਬਚਨ ਸਿੰਘ ਨੇ ‘ਅਵਤਾਰ ਬਾਣੀ’ ਨਾਮ ਦਾ ਗ੍ਰੰਥ ਲਿਖਵਾਇਆ ਅਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰੇ ਸਨ, ਮੇਰੇ ਸੱਤ ਸਿਤਾਰੇ ਹੋਣਗੇ। ਚੁਣੇ ਗਏ ਸਿਤਾਰਿਆਂ ਵਿਚੋਂ ਨਿਰੰਜਣ ਸਿੰਘ ਆਈæਏæਐਸ਼ ਵੀ ਇੱਕ ਸਨ! ਇਹੋ ਜਿਹੀਆਂ ਹਰਕਤਾਂ ਸਦਕਾ ਸਿੱਖਾਂ ਵਿਚ ਬੇਚੈਨੀ ਪੈਦਾ ਹੋਣੀ ਸੁਭਾਵਿਕ ਸੀ। ਇਸ ਪਿਛੋਂ ਕਦੀ ਭਨਿਆਰੇ ਵਾਲਾ, ਨੂਰਮਹਿਲ ਵਾਲਾ ਤੇ ਸਿਰਸਾ ਵਾਲਾ ਡੇਰਾ, ਵੱਖੋ-ਵੱਖ ਕਾਰਨਾਂ ਸਦਕਾ ਟਕਰਾਉ ਵਿਚ ਆਏ।
ਸਿਰਸਾ ਡੇਰੇ ਵਾਲਾ ਮੁਕੱਦਮਾ ਬਠਿੰਡੇ ਦੀ ਅਦਾਲਤ ਵਿਚ ਚੱਲ ਰਿਹਾ ਸੀ। ਅਦਾਲਤ ਨੇ ਇਸ ਮਸਲੇ ਉਪਰ ਸਿੱਖ ਅਧਿਐਨ ਦੇ ਮਾਹਿਰ ਦੀ ਸਲਾਹ ਮੰਗੀ। ਇਹੋ ਜਿਹੇ ਵਿਵਾਦ ਵਿਚਕਾਰ ਕਿਸੇ ਪਾਸੇ ਦੀ ਧਿਰ ਬਣਨ ਦੀ ਮੇਰੀ ਉਕਾ ਸਲਾਹ ਨਹੀਂ ਸੀ, ਪਰ ਸਰਕਾਰ ਵੱਲੋਂ ਮੈਨੂੰ ਕਿਹਾ ਗਿਆ ਕਿ ਆਖਰ ਕਿਸੇ ਨੂੰ ਸਲਾਹ ਤਾਂ ਦੇਣੀ ਪਵੇਗੀ, ਇਸ ਦਿਸ਼ਾ ਵਿਚ ਤੁਹਾਡੀ ਵਿਦਿਆ ਪੰਥ ਦੇ ਕੰਮ ਕਿਉਂ ਨਾ ਆਏ? ਮੈਨੂੰ ਪੁਛਿਆ ਗਿਆ ਕਿ ਸਿਰਸਾ ਡੇਰਾ ਮੁਖੀ ਖਿਲਾਫ ਕਿਹੜਾ ਤੱਥ ਹੈ? ਮੈਂ ਦੱਸਿਆ- ਦਸਮ ਪਿਤਾ ਦੀ ਨਕਲ ਉਤਾਰਨ ਵਾਲਾ ਲਿਬਾਸ ਪਹਿਨ ਕੇ ਰੂਅਫਜ਼ਾ ਦੇ ਸ਼ਰਬਤ ਨੂੰ ਅੰਮ੍ਰਿਤ ਕਹਿ ਕੇ ਵਰਤਾਉਣਾ ਇਤਰਾਜ਼ਯੋਗ ਕਾਰਵਾਈ ਹੈ। ਤਿੰਨ ਸਦੀਆਂ ਤੱਕ ਕਿਸੇ ਨੇ ਅਜਿਹਾ ਸਵਾਂਗ ਨਹੀਂ ਰਚਿਆ। ਮੈਨੂੰ ਪੁਛਿਆ ਗਿਆ- ਸਾਰੇ ਨਿਹੰਗ ਗੁਰੂ ਗੋਬਿੰਦ ਸਿੰਘ ਵਾਲਾ ਲਿਬਾਸ ਪਹਿਨਦੇ ਹਨ, ਕੀ ਤੁਹਾਨੂੰ ਉਸ ਵਿਚ ਇਤਰਾਜ਼ ਨਹੀਂ ਦਿਸਿਆ? ਮੈਂ ਕਿਹਾ- ਨਿਹੰਗ ਸਿੰਘ ਗੁਰੂ ਗੋਬਿੰਦ ਸਿੰਘ ਦਾ ਲਿਬਾਸ ਪਹਿਨਦੇ ਹੋਏ ਆਖਦੇ ਹਨ- ਅਸੀਂ ਦਸਮੇਸ਼ ਪਿਤਾ ਦੇ ਬੇਟੇ ਹਾਂ। ਅਸੀਂ ਆਪਣੇ ਪਿਤਾ ਦਾ ਲਿਬਾਸ ਪਹਿਨਿਆ ਹੈ; ਜਦੋਂ ਕਿ ਡੇਰਾ ਮੁਖੀ ਦਾ ਕਥਨ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਵਾਂਗ ਡੇਰਾ ਪ੍ਰੇਮੀਆਂ ਦਾ ਗੁਰੂ ਹੈ। ਕੋਈ ਨਿਹੰਗ ਨੀਲਾ ਬਾਣਾ ਪਹਿਨ ਕੇ ਆਪਣੇ ਆਪ ਨੂੰ ਗੁਰੂ ਨਹੀਂ ਅਖਵਾਉਂਦਾ। ਨਿਹੰਗ ਸਿੰਘ ਕਲਗੀ ਨਹੀਂ ਸਜਾਉਂਦੇ, ਗੁਰਮੀਤ ਸਿੰਘ ਨੇ ਕਲਗੀ ਸਜਾਈ ਸੀ।
ਇਹ ਸਾਰਾ ਵੇਰਵਾ, ਪ੍ਰਸੰਗ ਸਮਝਣ ਲਈ ਦਿੱਤਾ ਹੈ। ਨਿਰੰਕਾਰੀ ਮੁਖੀ ਹਰਦੇਵ ਸਿੰਘ ਨੇ ਆਪਣੇ ਪਿਤਾ ਗੁਰਬਚਨ ਸਿੰਘ ਦੇ ਕਤਲ ਪਿਛੋਂ ਅਕਾਲ ਤਖਤ ਪਾਸ ਸੁਨੇਹੇ ਭੇਜੇ ਸਨ ਕਿ ਅਸੀਂ ‘ਅਵਤਾਰਬਾਣੀ’ ਵਿਚੋਂ ਇਤਰਾਜ਼ਯੋਗ ਹਿੱਸੇ ਕੱਟ ਦਿੰਦੇ ਹਾਂ, ਸਾਨੂੰ ਦੱਸ ਦਿਉ, ਕਿਹੜੇ ਹਿੱਸੇ ਕੱਟਣੇ ਹਨ। ਉਦੋਂ ਮੇਰੀ ਸਲਾਹ ਮੰਗੀ ਗਈ ਤਾਂ ਮੇਰਾ ਉਤਰ ਸੀ- ਸਿੰਘ ਸਾਹਿਬ, ਅਸੀਂ ਅਵਤਾਰ ਬਾਣੀ ਕਿਉਂ ਸੋਧੀਏ? ਜੇ ਅਸੀ ਸੋਧ ਕਰ ਦਿੰਦੇ ਹਾਂ, ਤਦ ਇਸ ਦਾ ਅਰਥ ਇਹ ਹੋਇਆ ਕਿ ਬਾਕੀ ਦੀ ਕਵਿਤਾ ਅਕਾਲ ਤਖਤ ਵੱਲੋਂ ਪ੍ਰਵਾਨ ਹੈ? ਉਨ੍ਹਾਂ ਨੂੰ ਕਹੋ, ਆਪਣਾ ਗ੍ਰੰਥ ਆਪ ਸੋਧਣ।
ਪੱਤਰਕਾਰਾਂ ਨੇ ਜਦੋਂ ਸਿੰਘ ਸਾਹਿਬ ਗੁਰਬਚਨ ਸਿੰਘ ਨੂੰ ਪੁੱਛਿਆ ਕਿ ਗੁਰਮੀਤ ਰਾਮ ਰਹੀਮ ਨੂੰ ਤਖਤ ਸਾਹਿਬ ਤੇ ਕਿਉਂ ਤਲਬ ਨਹੀਂ ਕੀਤਾ, ਉਨ੍ਹਾਂ ਉੱਤਰ ਦਿੱਤਾ- ਉਹ ਆਪਣੇ ਆਪ ਨੂੰ ਜਦੋਂ ਸਿੱਖ ਨਹੀਂ ਮੰਨਦਾ, ਤਦ ਉਸ ਨੂੰ ਤਲਬ ਕਿਉਂ ਕਰੀਏ? ਅਸੀਂ ਇਹ ਪੁੱਛਣਾ ਹੈ, ਜਿਹੜਾ ਸਿੱਖ ਹੀ ਨਹੀਂ ਸੀ, ਉਸ ਨੂੰ ਪੰਥ ਵਿਚੋਂ ਛੇਕਿਆ ਕਿਵੇਂ ਗਿਆ? ਇਸ ਹਿਸਾਬ ਨੂਰਮਹਿਲੀਏ ਆਸ਼ੂਤੋਸ਼ ਅਤੇ ਭਨਿਆਰੇ ਵਾਲੇ ਬਾਬੇ ਨੂੰ ਵੀ ਛੇਕਣਾ ਤਰਕ ਸੰਗਤ ਨਹੀਂ।
ਹੁਣ ਆਈਏ ਵਰਤਮਾਨ ਹਾਲਾਤ ਵੱਲ। ਜ਼ਮੀਨੀ ਹਕੀਕਤ ਇਹ ਹੈ ਕਿ ਚੋਣਾਂ ਨਜ਼ਦੀਕ ਆ ਰਹੀਆਂ ਹਨ। ਮਾਲਵਾ ਪੱਟੀ ਅਤੇ ਹਰਿਆਣੇ ਵਿਚ ਸਿਰਸਾ ਪ੍ਰੇਮੀਆਂ ਦੀ ਵੋਟ ਬੈਂਕ ਹੈ ਜੋ ਚੋਣ ਨਤੀਜਿਆਂ ਉਪਰ ਅਸਰ-ਅੰਦਾਜ਼ ਹੁੰਦੀ ਹੈ। ਪਿਛਲੀਆਂ ਚੋਣਾਂ ਨੇ ਦਿਖਾ ਦਿੱਤਾ ਸੀ ਕਿ ਬਠਿੰਡਾ ਵਿਚ ਅਕਾਲੀ ਦਲ ਦੀ ਹਾਲਤ ਸਰਕਾਰ ਦੀ ਤਾਕਤ ਦੇ ਬਾਵਜੂਦ ਪਤਲੀ ਰਹੀ। ਦਿੱਲੀ ਤੋਂ ਬਾਅਦ ਸਾਰੇ ਭਾਰਤ ਵਿਚ ਪੰਜਾਬ ਇੱਕੋ-ਇੱਕ ਸੂਬਾ ਹੈ ਜਿਥੇ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਤਾਕਤ ਦਿਖਾਈ ਅਤੇ ਸਿੱਧ ਕੀਤਾ ਹੈ ਕਿ ਪੰਜਾਬ ਅਕਾਲੀ ਦਲ ਅਤੇ ਕਾਂਗਰਸ, ਦੋਹਾਂ ਤੋਂ ਮਾਯੂਸ ਹੋ ਕੇ ਤੀਜੇ ਬਦਲ ਦੀ ਤਲਾਸ਼ ਵਿਚ ਹੈ। ਸੋ, ਸਿਰਸਾ ਮੁਖੀ ਖਿਲਾਫ ਭਾਵੇਂ ਸੰਗੀਨ ਅਪਰਾਧਕ ਮੁਕੱਦਮੇ ਅਦਾਲਤਾਂ ਵਿਚ ਜੇਰੇ-ਸੁਣਵਾਈ ਹਨ, ਤਾਂ ਵੀ ਅਕਾਲੀ ਦਲ ਡੇਰਾ ਪ੍ਰੇਮੀਆਂ ਨਾਲ ਸੁਲ੍ਹਾ ਕਰੇਗਾ।
ਇਸ ਤਰ੍ਹਾਂ ਦੇ ਵਕਤੀ ਸਿਆਸੀ ਫਾਇਦੇ ਲੈਣ ਵਾਸਤੇ ਸ੍ਰੀ ਅਕਾਲ ਤਖਤ ਦੀ ਸੰਸਥਾ ਨੂੰ ਸੱਟ ਮਾਰਨੀ ਧਾਰਮਿਕ ਤੌਰ ‘ਤੇ ਨੁਕਸਾਨਦਾਇਕ ਹੈ। ਖਾਲਸਾ ਪੰਥ ਵਰਗੀ ਖੁੱਲ੍ਹਦਿਲੀ ਧਰਮ ਨਿਰਪੱਖ ਸੰਸਥਾ ਘੱਟ ਮਿਲੇਗੀ ਜਿਥੇ ਇਸਲਾਮਿਕ ਅਤੇ ਵੈਦਿਕ ਪ੍ਰੰਪਰਾਵਾਂ ਨੂੰ ਬਰਾਬਰ ਸਨਮਾਨ ਮਿਲਦਾ ਹੈ; ਜਿਥੇ ਹਰ ਵਰਣ ਤੇ ਆਸ਼ਰਮ ਸਤਿਕਾਰਯੋਗ ਹੈ। ਹਰ ਪੰਥ ਵਿਚ ਗਰਮ ਤੇ ਨਰਮ ਦੋਵੇਂ ਤਰ੍ਹਾਂ ਦੇ ਤੱਤ ਹੁੰਦੇ ਹਨ। ਕਾਹਲੀ ਕਾਹਲੀ, ਚੋਰੀ ਚੋਰੀ ਕੀਤੇ ਗਏ ਇਸ ਫੈਸਲੇ ਤੋਂ ਬੇਚੈਨ ਤਾਂ ਸਾਰਾ ਪੰਥ ਹੈ, ਤਾਂ ਵੀ ਨਰਮ ਤੱਤ ਗਰਮੀ ਖਾਏਗਾ; ਗਰਮ ਧਿਰ ਵਧੀਕ ਤੈਸ਼ ਵਿਚ ਆਏਗੀ। ਇਹੋ ਜਿਹੇ ਫੈਸਲਿਆਂ ਅਤੇ ਫੈਸਲਾ ਕਰਨ ਦੇ ਤਰੀਕਿਆਂ ਤੋਂ ਫੰਡਾਮੈਂਟਲਿਸਟ ਧੜਾ ਸਰਗਰਮ ਹੋ ਜਾਇਆ ਕਰਦਾ ਹੈ। ਅਨੇਕ ਮੁਲਕਾਂ ਵਿਚ ਬੇਸ਼ਕ ਮੁਸਲਮਾਨਾਂ ਦੀ ਬਹੁ-ਗਿਣਤੀ ਹੈ, ਤਾਂ ਵੀ ਇਸਲਾਮਿਕ ਫੰਡਾਮੈਂਟਲਿਜ਼ਮ ਮੁਸਲਮਾਨਾਂ ਲਈ ਨੁਕਸਾਨਦਾਇਕ ਹੈ। ਸਿੱਖ ਜਿਹੜੇ ਕੌਮਾਂਤਰੀ ਘੱਟ-ਗਿਣਤੀ ਕੌਮ ਹਨ, ਉਨ੍ਹਾਂ ਨੂੰ ਤਾਂ ਮਿਲੀਟੈਂਸੀ ਕਿਸੇ ਤਰ੍ਹਾਂ ਵੀ ਵਾਰਾ ਨਹੀਂ ਖਾਂਦੀ। ਸਿੱਖ ਭਾਰਤੀ ਸੰਵਿਧਾਨ ਦੀਆਂ ਕਈ ਮੱਦਾਂ ਦੀ ਅਲੋਚਨਾ ਕਰਦੇ ਹਨ, ਪਰ ਯੂæਐਨæਓæ ਦਾ ਮਨੁੱਖੀ ਅਧਿਕਾਰ ਚਾਰਟਰ ਵੀ ਮਿਲੀਟੈਂਸੀ ਨੂੰ ਮਨਜ਼ੂਰ ਨਹੀਂ ਕਰਦਾ। ਆਤੰਕਵਾਦ ਸਟੇਟ ਦਾ ਹੋਵੇ ਜਾਂ ਬੰਦੇ ਦਾ, ਨਿੰਦਣਯੋਗ ਹੈ। ਡੇਰਾ ਸਿਰਸਾ ਮੁਖੀ ਨੂੰ ਅਚਾਨਕ ਬਰੀ ਕਰਨ ਨਾਲ ਸਿਹਤਮੰਦ ਰੁਝਾਨ ਨੂੰ ਸੱਟ ਵੱਜੀ ਹੈ। ਲਗਦਾ ਹੈ, ਅਕਾਲੀ ਦਲ ਦਾ ਪ੍ਰਧਾਨ ਜਾਣ ਗਿਆ ਹੋਵੇ ਕਿ ਸਿੱਖ ਵੋਟ ਤਾਂ ਹੁਣ ਖੁੱਸ ਚੁਕੀ ਹੈ, ਗੈਰ-ਸਿੱਖ ਵੋਟਰ ਖਿੱਚੀਏ।
ਇਹੋ ਜਿਹੇ ਮੌਕੇ ‘ਤੇ ਵੱਖ ਵੱਖ ਸਿੱਖ ਧੜੇ ਆਵਾਜ਼ਾਂ ਉਠਾਇਆ ਕਰਦੇ ਹਨ ਕਿ ਸਰਬੱਤ ਖਾਲਸਾ ਬੁਲਾਉ। ਮੈਂ ਅਜਿਹੀਆਂ ਆਵਾਜ਼ਾਂ ਦੇ ਹੱਕ ਵਿਚ ਨਹੀਂ। ਸਰਬੱਤ ਖਾਲਸਾ ਹੋਵੇਗਾ ਤਾਂ ਜਥੇਦਾਰ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਹੋਵੇਗਾ; ਉਥੇ ਭਿੰਨ ਭਿੰਨ ਧੜੇ ਜੋ ਮਰਜ਼ੀ ਕਹਿਣ, ਫੈਸਲਾ ਉਹੀ ਹੋਵੇਗਾ ਜੋ ਅਕਾਲੀ ਦਲ ਦਾ ਪ੍ਰਧਾਨ ਚਾਹੇਗਾ। ਫਿਰ ਇਸ ਸਰਬੱਤ ਖਾਲਸੇ ਦੀ ਕੀ ਪ੍ਰਾਪਤੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸਿੱਖ ਵੋਟਰਾਂ ਨੇ ਚੋਣ ਰਾਹੀਂ ਜਿਤਾਏ ਹਨ ਤੇ ਇਹੀ ਸਰਬੱਤ ਖਾਲਸਾ ਹਨ। ਅਫਸੋਸ ਇਹ ਹੈ ਕਿ ਚੁਣੇ ਗਏ ਨੁਮਾਇੰਦਿਆਂ ਨੂੰ ਆਪਣੀ ਮਰਜ਼ੀ ਨਾਲ ਧਾਰਮਿਕ ਫੈਸਲੇ ਕਰਨ ਦਾ ਅਧਿਕਾਰ ਨਹੀਂ।
ਪਾਠਕਾਂ ਨੂੰ ਚੇਤੇ ਹੋਵੇਗਾ, ਜੱਥੇਦਾਰ ਅਵਤਾਰ ਸਿੰਘ ਮੱਕੜ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਪੱਤਰਕਾਰ ਨੇ ਪੁੱਛਿਆ- ਜੱਥੇਦਾਰ ਜੀ! ਤੁਹਾਡੀ ਕਿਹੜਾ ਚੋਣ ਹੋਈ ਹੈ, ਇਹ ਤਾਂ ਬਾਦਲ ਸਾਹਿਬ ਦੀ ਜੇਬ ਵਿਚੋਂ ਨਿਕਲੀ ਪਰਚੀ ਹੈ। ਜੱਥੇਦਾਰ ਮੱਕੜ ਨੇ ਫਖਰ ਨਾਲ ਮੁਸਕਰਾਉਂਦਿਆਂ ਉਤਰ ਦਿੱਤਾ ਸੀ- ਇਸ ਤੋਂ ਸਾਬਤ ਹੁੰਦਾ ਹੈ ਬਾਦਲ ਸਾਹਿਬ ਦੀ ਜੇਬ ਕਿੰਨੀ ਵੱਡੀ ਹੈ।
ਮੰਨਦੇ ਹਾਂ, ਬਾਦਲ ਸਾਹਿਬ ਦੀ ਜੇਬ ਵੱਡੀ ਹੈ ਪਰ ਖਾਲਸਾ ਪੰਥ ਉਨ੍ਹਾਂ ਦੀ ਜੇਬ ਵਿਚ ਹੋਣ ਦੀ ਥਾਂ, ਜੇ ਕਿਤੇ ਬਾਦਲ ਸਾਹਿਬ ਖਾਲਸਾ ਪੰਥ ਦੀ ਜੇਬ ਵਿਚ ਹੁੰਦੇ ਤਾਂ ਵਧੀਕ ਚੰਗਾ ਹੁੰਦਾ। ਗਿਆਨੀ ਜ਼ੈਲ ਸਿੰਘ, ਸ਼ ਸੁਰਜੀਤ ਸਿੰਘ ਬਰਨਾਲਾ, ਸ਼ ਬੂਟਾ ਸਿੰਘ ਅਤੇ ਬਾਬਾ ਸੰਤਾ ਸਿੰਘ ਤਲਬ ਕੀਤੇ ਜਾਂਦੇ ਹਨ, ਉਹ ਹੱਥ ਬੰਨ੍ਹ ਕੇ ਹਾਜ਼ਰ ਹੁੰਦੇ ਹਨ, ਭੁੱਲ ਦੀ ਖਿਮਾਂ ਮੰਗਦੇ ਹਨ, ਪੰਥ ਵਿਚ ਸ਼ਾਮਲ ਹੋ ਕੇ ਸ਼ੁਕਰਾਨੇ ਦੀ ਅਰਦਾਸ ਕਰਦੇ ਹਨ। ਕੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਮੈਂਬਰ ਜਾਂ ਨੇਤਾ ਕਦੀ ਗਲਤੀ ਨਹੀਂ ਕਰਦੇ? ਕੀ ਸਿੰਘ ਸਹਿਬਾਨ ਕੇਵਲ ਗੈਰ-ਅਕਾਲੀਆਂ ਨੂੰ ਤਨਖਾਹੀਏ ਕਰਾਰ ਦਿੰਦੇ ਰਹਿਣਗੇ? ਜੱਥੇਦਾਰ ਜਗਦੀਸ਼ ਸਿੰਘ ਝੀਂਡਾ ਅਤੇ ਜੱਥੇਦਾਰ ਦੀਦਾਰ ਸਿੰਘ ਨਲਵੀ ਵਿਰੁੱਧ ਹੁਕਮਨਾਮਾ ਜਾਰੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਕਾਇਮ ਕੀਤੀ। ਗੁਰਮੀਤ ਰਾਮ ਰਹੀਮ ਸਿੰਘ ਬਗੈਰ ਪੇਸ਼ ਹੋਇਆਂ ਬਰੀ ਹੋ ਗਿਆ ਹੈ, ਕੀ ਅਸੀਂ ਸਮਝੀਏ, ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ? ਇਹੋ ਜਿਹੇ ਲਾਭ ਕੇਵਲ ਅਕਾਲੀ ਉਠਾ ਸਕਦੇ ਹਨ।
ਪਤਾ ਲੱਗਾ ਹੈ, ਬੀਬੀ ਕਿਰਨ ਬੇਦੀ ਡੇਰਾ ਮੁਖੀ ਦੀ ਚਿਠੀ ਲੈ ਕੇ ਆਏ ਸਨ; ਪਰ ਉਹ ਦੱਸਦੇ ਹਨ ਕਿ ਉਹ ਤਾਂ ਆਪਣੇ ਬਿਮਾਰ ਪਤੀ ਲਈ ਦਵਾਈ ਲੈਣ ਅੰਮ੍ਰਿਤਸਰ ਗਏ ਸਨ। ਸਿੰਘ ਸਾਹਿਬ ਗੁਰਬਚਨ ਸਿੰਘ ਹਿਕਮਤ ਵੀ ਕਰਦੇ ਹਨ, ਹੁਣ ਪਤਾ ਲੱਗਾ ਹੈ। ਲਿਓ ਤਾਲਸਤਾਏ ਦੀ ਕਹਾਣੀ ‘ਮਹਿੰਗਾ ਸੌਦਾ’ (ਪੰਜਾਬ ਟਾਈਮਜ਼, ਅੰਕ 37, 12 ਸਤੰਬਰ 2015) ਪੜ੍ਹ ਕੇ ਮੈਨੂੰ ਕਈਆਂ ਨੇ ਫੋਨ ਉਪਰ ਕਿਹਾ- ਸਾਡਾ ਵੀ ਜੀ ਕਰਦਾ ਹੈ, ਮੁਨਾਕੋ ਵਰਗੇ ਮੁਲਕ ਵਿਚ ਵੱਸੀਏ। ਸਾਨੂੰ ਅਕਾਲੀ ਦਲ ਦੇ ਵਰਕਰਾਂ ਨਾਲ ਈਰਖਾ ਹੋਣ ਲੱਗੀ ਹੈ, ਕਿੰਨੀ ਮੌਜ ਵਿਚ ਹਨ।