ਡੇਰਾ ਸਿਰਸਾ ਬਾਰੇ ਫੈਸਲਾ ਸਿਆਸਤ ਤੋਂ ਪ੍ਰੇਰਿਤ

ਜਤਿੰਦਰ ਪਨੂੰ
ਪਿਛਲੇ ਦਿਨਾਂ ਵਿਚ ਕਿਉਂਕਿ ਦੋ ਪਾਰਟੀਆਂ: ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਭਾਰੀਆਂ ਹੋਣ ਲੱਗ ਪਈਆਂ ਹਨ ਤੇ ਅਕਾਲੀਆਂ ਦਾ ਪਿੰਡਾਂ ਵਿਚ ਵੜਨਾ ਔਖਾ ਹੋਈ ਜਾ ਰਿਹਾ ਸੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੋਲੀ ਵੀ ਬਦਲਣ ਲੱਗ ਪਈ ਹੈ। ਇਹ ਛੋਟੀ ਗੱਲ ਨਹੀਂ ਕਿ ਜਿਸ ਬਠਿੰਡੇ ਵਿਚ ਸਾਰਾ ਬਾਦਲ ਪਰਿਵਾਰ ਹਰ ਹਫਤੇ ਫਲ੍ਹੇ ਵਾਹੁਣ ਵਾਂਗ ਗੇੜੇ ਦਿੰਦਾ ਹੁੰਦਾ ਸੀ, ਉਥੇ ਹੁਣ ਉਹ ਆਪ ਵੀ ਜਾਣ ਤੋਂ ਪਾਸਾ ਵੱਟ ਰਹੇ ਹਨ ਤੇ ਉਨ੍ਹਾਂ ਆਪਣੇ ਵਜ਼ੀਰਾਂ ਨੂੰ ਵੀ ਥੋੜ੍ਹਾ ਪਾਸੇ ਰਹਿਣ ਨੂੰ ਕਹਿ ਦਿੱਤਾ ਹੈ।

ਅਕਾਲੀ ਦਲ ਨਾਲ ਤੀਹ ਸਾਲ ਤੋਂ ਪੱਕੀ ਨੇੜਤਾ ਵਾਲੇ ਇਕ ਪੰਜਾਬੀ ਅਖਬਾਰ ਨੇ ਵੀ ਇਹ ਦਰਜ ਕੀਤਾ ਹੈ ਕਿ ‘ਬਠਿੰਡੇ ਦੇ ਡਰੇ ਮੰਤਰੀਆਂ ਨੇ ਲੁਧਿਆਣੇ ਦੇ ਕਿਸਾਨ ਮੇਲੇ ਤੋਂ ਵੀ ਪਾਸਾ ਵੱਟਿਆ’ ਹੈ। ਇਨ੍ਹਾਂ ਹਾਲਤਾਂ ਵਿਚ ਹੁਣ ਬਾਦਲ ਸਾਹਿਬ ਨੇ ਬਦਲੀ ਹੋਈ ਬੋਲੀ ਵਿਚ ਲੋਕਾਂ ਨੂੰ ਸਮਝਾਊ ਢੰਗ ਸ਼ਾਮਲ ਕਰ ਲਿਆ ਹੈ ਕਿ ਸਾਨੂੰ ਪੰਜਾਬ ਦੀ ਤਰੱਕੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜਿਹੜੇ ਬਾਦਲ ਦੇ ਹਰ ਭਾਸ਼ਣ ਦਾ ਅੱਧਾ ਹਿੱਸਾ ਚੁਟਕਲਿਆਂ ਨਾਲ ਭਰਪੂਰ ਹੁੰਦਾ ਸੀ, ਉਹ ਹੁਣ ਇਹ ਕਹਿ ਰਿਹਾ ਹੈ ਕਿ ਚੁਟਕੁਲੇ ਸੁਣਾਉਣ ਵਾਲੇ ਆਮ ਲੋਕਾਂ ਲਈ ਮਨੋਰੰਜਨ ਦਾ ਮੌਕਾ ਤਾਂ ਪੇਸ਼ ਕਰ ਸਕਦੇ ਹਨ, ਪੰਜਾਬ ਦੀਆਂ ਸਮੱਸਿਆਵਾਂ ਲਈ ਕੁਝ ਨਹੀਂ ਕਰ ਸਕਦੇ। ਆਪ ਉਹ ਅਜੇ ਤੱਕ ਵਿਧਾਨ ਸਭਾ ਵਿਚ ਟੋਟਕੇ ਸੁਣਾ ਕੇ ਸਮਾਂ ਲੰਘਾ ਦੇਂਦੇ ਹਨ। ਵਿਧਾਨ ਸਭਾ ਵਿਚ ਇੰਜ ਕਰਨਾ ਸ਼ਾਇਦ ਇਸ ਲਈ ਵੀ ਜ਼ਰੂਰੀ ਹੋਵੇਗਾ ਕਿ ਕੋਈ ਗੰਭੀਰ ਬਹਿਸ ਨਾ ਚੱਲ ਪਵੇ।
ਗੰਭੀਰ ਮੁੱਦੇ ਬਾਦਲ ਸਾਹਿਬ ਪਰਦੇ ਪਿੱਛੇ ਨਿਪਟਾਉਣ ਦੇ ਆਦੀ ਹਨ। ਅੱਠ ਸਾਲ ਪਹਿਲਾਂ ਸਭ ਤੋਂ ਓਹਲਾ ਰੱਖਦਿਆਂ ਦੋਵੇਂ ਬਾਪ-ਬੇਟਾ ਇੱਕ ਦਿਨ ਸਿਰਸੇ ਵਾਲੇ ਡੇਰਾ ਸੱਚਾ ਸੌਦਾ ਵਿਚ ਅਰਜ਼ ਕਰਨ ਗਏ ਸਨ ਤੇ ਡੇਰੇ ਦਾ ਮੁਖੀ ਉਚੇ ਤਖਤ ਉਤੇ ਬੈਠਾ ਮੁਸਕੁਰਾਉਂਦਾ ਰਿਹਾ ਸੀ। ਵੋਟਾਂ ਉਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅੱਖ ਮਿਲਣ ਪਿੱਛੋਂ ਕਾਂਗਰਸ ਨੂੰ ਪਵਾ ਦਿੱਤੀਆਂ ਸਨ। ਇਸ ਤੋਂ ਬਾਦਲ ਬਾਪ-ਬੇਟਾ ਆਪਣੇ ਮਨ ਵਿਚ ਕੌੜ ਪਾਲ ਬੈਠੇ। ਜਦੋਂ ਉਸ ਨੇ ਜਾਮ-ਇ-ਇਨਸਾਂ ਦੀ ਨਵੀਂ ਰੀਤ ਸ਼ੁਰੂ ਕੀਤੀ, ਇਨ੍ਹਾਂ ਨੂੰ ਮੌਕਾ ਮਿਲ ਗਿਆ ਅਤੇ ਬਾਦਲ ਅਕਾਲੀ ਦਲ ਦੇ ਆਗੂਆਂ ਨੇ ਆਪ ਭੀੜਾਂ ਦੀ ਅਗਵਾਈ ਕਰਕੇ ਸਾਰੇ ਪੰਜਾਬ ਦਾ ਮਾਹੌਲ ਓਦਾਂ ਦਾ ਤਣਾਅ ਭਰਪੂਰ ਬਣਾ ਛੱਡਿਆ, ਜਿੱਦਾਂ ਉਸ ਤੋਂ ਤੀਹ ਸਾਲ ਪਹਿਲਾਂ ਨਿਰੰਕਾਰੀਆਂ ਵਿਰੁੱਧ ਹੱਲਾਸ਼ੇਰੀ ਦੇ ਕੇ ਕਰਵਾਇਆ ਸੀ। ਨਿਰੰਕਾਰੀ ਸੰਪਰਦਾ ਦੇ ਉਸ ਵਕਤ ਦੇ ਮੁਖੀ ਗੁਰਬਚਨ ਸਿੰਘ ਨੂੰ ਅਕਾਲੀ ਲੀਡਰਾਂ ਵੱਲੋਂ ‘ਸ੍ਰੀ ਸਤਿਗੁਰੂ ਜੀ’ ਕਹਿ ਕੇ ਲਿਖੀਆਂ ਚਿੱਠੀਆਂ ਦਾ ਰਿਕਾਰਡ ਅੱਜ ਵੀ ਮੌਜੂਦ ਹੈ, ਪਰ ਜਦੋਂ ਨਿਰੰਕਾਰੀਆਂ ਨਾਲ ਨਾਰਾਜ਼ ਹੋ ਗਏ ਤਾਂ ਸ੍ਰੀ ਅਕਾਲ ਤਖਤ ਤੋਂ ਉਸ ਸਮੁੱਚੀ ਸੰਪਰਦਾ ਬਾਰੇ ‘ਰੋਟੀ-ਬੇਟੀ’ ਤੱਕ ਦੀ ਸਾਂਝ ਤੋੜਨ ਦਾ ਹੁਕਮਨਾਮਾ ਜਾਰੀ ਕਰਵਾ ਦਿੱਤਾ। ਸਮਾਂ ਪਾ ਕੇ ਉਨ੍ਹਾਂ ਹੀ ਨਿਰੰਕਾਰੀਆਂ ਨਾਲ ਅਕਾਲੀ ਆਗੂ ਵੋਟਾਂ ਖਾਤਰ ਮਿਲਣ ਤੇ ਸਾਰੀਆਂ ਸਾਂਝਾਂ ਪਾਲਣ ਲੱਗ ਪਏ, ਪਰ ਸਾਂਝਾਂ ਹੁੰਦੇ ਹੋਏ ਵੀ ਉਸ ਬਾਬੇ ਦੇ ਕਤਲ ਦੇ ਦੋਸ਼ ਵਿਚ ਸਜ਼ਾਯਾਫਤਾ ਰਣਜੀਤ ਸਿੰਘ ਨੂੰ ਉਦੋਂ ਸ੍ਰੀ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਸੀ, ਜਦੋਂ ਸਜ਼ਾ ਹਾਲੇ ਪੂਰੀ ਵੀ ਨਹੀਂ ਸੀ ਹੋਈ। ਪਿਛਲੇ ਬਾਰਾਂ ਸਾਲਾਂ ਵਿਚ ਪਈ ਮਾਰ ਕਾਰਨ ਨਿਰੰਕਾਰੀ ਇਨੇ ਤ੍ਰਹਿਕੇ ਹੋਏ ਸਨ ਕਿ ਉਹ ਵਿਰੋਧ ਦਾ ਬਿਆਨ ਵੀ ਜਾਰੀ ਨਹੀਂ ਸਨ ਕਰ ਸਕੇ।
ਜਦੋਂ 2007 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਚੌਥੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨਾ ਸੀ ਅਤੇ ਸੱਚੇ ਸੌਦੇ ਡੇਰੇ ਵਿਚ ਆਪ ਹਾਜ਼ਰੀ ਭਰਨ ਦੇ ਬਾਵਜੂਦ ਡੇਰਾ ਦੂਸਰੇ ਪਾਸੇ ਭੁਗਤ ਗਿਆ ਸੀ, ਇਸ ਦੀ ਖਹੁਰ ਕੱਢਣ ਲਈ ਡੇਰੇ ਵਿਰੁੱਧ ਹਾਲਾਤ ਭੜਕਾਉਣ ਵਾਸਤੇ ਆਪਣੀ ਯੂਥ ਬ੍ਰਿਗੇਡ ਸੜਕਾਂ ਉਤੇ ਕ੍ਰਿਪਾਨਾਂ ਲਿਸ਼ਕਾਉਣ ਤੋਰ ਦਿੱਤੀ। ਥੋੜ੍ਹੀ ਜਿਹੀ ਗੱਲ ਆਪ ਛੇੜ ਕੇ ਬਾਦਲ ਅਕਾਲੀ ਦਲ ਵਾਲੇ ਪਿੱਛੇ ਹਟ ਗਏ ਤੇ ਇਸ ਦੇ ਬਾਅਦ ਗਰਮ ਧਿਰਾਂ ਨੂੰ ਕਦੇ ਥੋੜ੍ਹੀ ਖੁੱਲ੍ਹ ਅਤੇ ਕਦੀ ਲਗਾਮ ਖਿੱਚਣ ਦੀ ਖੇਡ ਓਨਾ ਚਿਰ ਹੁੰਦੀ ਰਹੀ, ਜਿੰਨਾ ਚਿਰ ਪੰਜ ਸਾਲ ਬਾਅਦ ਵਿਧਾਨ ਸਭਾ ਚੋਣਾਂ ਦੋਬਾਰਾ ਨਾ ਆ ਗਈਆਂ ਅਤੇ ਸੱਚੇ ਸੌਦੇ ਵਾਲਾ ਬਾਬਾ ਸੱਚਮੁੱਚ ਦੀ ਗੁਪਤ ਸੌਦੇਬਾਜ਼ੀ ਨਾਲ ਵੋਟਾਂ ਪਾਉਣਾ ਨਾ ਮੰਨ ਗਿਆ। ਡੇਰੇ ਵਿਚੋਂ ਐਲਾਨ ਇਹ ਕੀਤਾ ਗਿਆ ਕਿ ਵੋਟਾਂ ਕਾਂਗਰਸ ਨੂੰ ਦੇਵਾਂਗੇ, ਪਰ ਚੁੱਪ-ਚੁਪੀਤੇ ਸਾਰੀ ਵੋਟ ਅਕਾਲੀਆਂ ਨੂੰ ਇਸ ਲਈ ਭੁਗਤਾ ਦਿੱਤੀ ਕਿ ਵੋਟਾਂ ਤੋਂ ਦੋ ਦਿਨ ਪਹਿਲਾਂ ਅਕਾਲੀ ਮੁੱਖ ਮੰਤਰੀ ਨੇ ਇੱਕ ਥਾਣੇਦਾਰ ਤੋਂ ਕੇਸ ਵਾਪਸ ਲੈਣ ਦਾ ਹਲਫੀਆ ਬਿਆਨ ਅਦਾਲਤ ਨੂੰ ਭਿਜਵਾ ਦਿੱਤਾ ਸੀ। ਰੌਲਾ ਪਿਆ ਤਾਂ ਕੇਸ ਦਾ ਮੁਦੱਈ ਅੜ ਗਿਆ ਕਿ ਉਹ ਕੇਸ ਵਾਪਸ ਨਹੀਂ ਲਵੇਗਾ। ਮੁਦੱਈ ਦੇ ਅੜ ਜਾਣ ਤੋਂ ਡੇਰਾ ਫੇਰ ਨਾਰਾਜ਼ ਹੋ ਗਿਆ। ਪਾਰਲੀਮੈਂਟ ਚੋਣ ਆਈ ਤਾਂ ਡੇਰੇ ਨੂੰ ਮੌਕਾ ਨਸੀਬ ਹੋ ਗਿਆ।
ਸੱਚੇ ਸੌਦੇ ਨਾਲ ਸੌਦਾ ਵੱਜੇ ਬਿਨਾਂ ਬੀਬੀ ਹਰਸਿਮਰਤ ਕੌਰ ਨਹੀਂ ਸੀ ਜਿੱਤ ਸਕਦੀ ਅਤੇ ਡੇਰੇ ਵਾਲਿਆਂ ਨੂੰ ਵਿਧਾਨ ਸਭਾ ਚੋਣਾਂ ਵੇਲੇ ਹੋਈ ਚਲਾਕੀ ਦਾ ਪਤਾ ਸੀ, ਇਸ ਲਈ ਉਨ੍ਹਾਂ ਇਹ ਸ਼ਰਤ ਰੱਖੀ ਕਿ ਕੇਸ ਮੁਕਾਉਗੇ ਤਾਂ ਵੋਟਾਂ ਮਿਲਣਗੀਆਂ। ਪੰਜਾਬ ਸਰਕਾਰ ਨੇ ਏਦਾਂ ਦੇ ਹਾਲਾਤ ਪੈਦਾ ਕੀਤੇ ਕਿ ਕੇਸ ਰੱਦ ਹੋ ਗਿਆ ਤੇ ਵੋਟਾਂ ਮਿਲ ਗਈਆਂ, ਪਰ ਆਪਣੇ ਬੰਦਿਆਂ ਨੂੰ ਧੂਣੀ ਧੁਖਦੀ ਰੱਖਣ ਨੂੰ ਫਿਰ ਕਹਿ ਦਿੱਤਾ ਗਿਆ, ਤਾਂ ਕਿ ਬਾਬਾ ਕੁਝ ਦਾਬੇ ਹੇਠ ਰਹੇ ਤੇ ਅਗਲੀ ਚੋਣ ਵਿਚ ਫਿਰ ਲਾਹਾ ਲਿਆ ਜਾ ਸਕੇ। ਉਹ ਨੌਬਤ ਇਸ ਕਰ ਕੇ ਨਹੀਂ ਆਈ ਕਿ ਹੁਣ ਬਾਬੇ ਦੀ ਹਰਿਆਣੇ ਵਿਚ ਰਾਜਸੀ ਪੱਖ ਤੋਂ ਬੰਪਰ ਪ੍ਰਾਈਜ਼ ਵਰਗੀ ਰਾਜਸੀ ਲਾਟਰੀ ਨਿਕਲ ਆਈ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਹੜਾ ਦਾਅ ਖੇਡ ਕੇ ਤੀਸਰੀ ਵਾਰੀ ਚੰਡੀਗੜ੍ਹ ਦਾ ਰੂਟ ਪਰਮਿਟ ਲੈਣਾ ਸੀ, ਅਕਾਲੀ ਦਲ ਨੇ ਉਹ ਦਾਅ ਹਰਿਆਣੇ ਵਿਚ ਭਾਜਪਾ ਵਿਰੁੱਧ ਆਪਣੇ ਮਿੱਤਰ ਚੌਟਾਲੇ ਲਈ ਖੇਡ ਕੇ ਖਰਾਬ ਕਰ ਲਿਆ। ਏਥੇ ਆ ਕੇ ਉਨ੍ਹਾਂ ਦਾ ਪਾਸਵਰਡ ਗਲਤ ਹੋ ਗਿਆ। ਡੇਰਾ ਭਾਜਪਾ ਨਾਲ ਖੜਾ ਸੀ ਤੇ ਚੌਟਾਲਾ ਹਾਰਨ ਦੇ ਨਾਲ ਭਾਜਪਾ ਦੀ ਸਰਕਾਰ ਵੀ ਬਣ ਗਈ, ਜਿਹੜੀ ਸੱਚੇ ਸੌਦੇ ਵਾਲਿਆਂ ਦੇ ਕਸ਼ਟ ਕੱਟਣ ਵਾਲੀ ਸਾਬਤ ਹੋਈ ਹੈ।
ਪਿਛਲਾ ਹਫਤਾ ਚੰਡੀਗੜ੍ਹ ਵਿਚ ਦੋ ਰਾਜਾਂ ਦੇ ਮੁੱਖ ਮੰਤਰੀਆਂ ਵਿਚਾਲੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਭੇਜੇ ਗਏ ਕੁਝ ਦੂਤ ਰਾਤ-ਦਿਨ ਘੁੰਮਦੇ ਰਹੇ ਤੇ ਉਨ੍ਹਾਂ ਨੇ ਇੱਕ ਦਿਨ ਬਰੇਕ-ਫਾਸਟ ਮੌਕੇ ਦੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮਨੋਹਰ ਲਾਲ ਖੱਟਰ ਇਕੱਠੇ ਬਿਠਾ ਦਿੱਤੇ। ਲੋਕ ਇਹ ਸਮਝਦੇ ਸਨ ਕਿ ਦੋਵਾਂ ਰਾਜਾਂ ਦੇ ਲਟਕ ਰਹੇ ਮੁੱਦਿਆਂ ਦੀ ਗੱਲ ਹੋਣੀ ਹੈ, ਪਰ ਗੱਲਬਾਤ ਦੀ ਗੱਡੀ ਸਿਰਸੇ ਦੀ ਸੜਕ ਉਤੇ ਘੁੰਮਦੀ ਰਹੀ ਤੇ ਫਿਰ ਇੱਕ ਦਿਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਚੇਚਾ ਮਿਲਣ ਚਲਾ ਗਿਆ। ਇਹ ਉਹੋ ਦਿਹਾੜਾ ਸੀ, ਜਦੋਂ ਸ੍ਰੀ ਅਕਾਲ ਤਖਤ ਦਾ ਜਥੇਦਾਰ ਦੂਸਰੇ ਸਿੰਘ ਸਾਹਿਬਾਨ ਨੂੰ ਨਾਲ ਲੈ ਕੇ ਆਪਣੇ ਦਫਤਰ ਅਤੇ ਘਰ ਦੀ ਥਾਂ ਹੋਰ ਕਿਤੇ ਬੈਠਾ ਰਿਹਾ ਤੇ ਛੇ ਘੰਟੇ ਚੱਲਦੀ ਰਹੀ ਇਸ ਮੀਟਿੰਗ ਦੇ ਏਜੰਡੇ ਦਾ ਕਿਸੇ ਨੂੰ ਪਤਾ ਨਹੀਂ ਸੀ। ਬੇ-ਕਾਇਦਾ ਕੀਤੀ ਗਈ ਇਸ ਮੀਟਿੰਗ ਤੋਂ ਅਗਲੇ ਦਿਨ ਸ੍ਰੀ ਅਕਾਲ ਤਖਤ ਵਿਖੇ ਬਾ-ਕਾਇਦਾ ਮੀਟਿੰਗ ਹੋਈ, ਜਿਸ ਵਿਚ ਡੇਰਾ ਸੱਚਾ ਸੌਦਾ ਵਿਰੁੱਧ ਸਾਰੇ ਗਿਲੇ-ਸ਼ਿਕਵੇ ਦੂਰ ਕਰਨ ਦਾ ਫੈਸਲਾ ਇੱਕ ਕੋਰੇ ਕਾਗਜ਼ ਉਤੇ ਆਏ ਸਪੱਸ਼ਟੀਕਰਨ ਦੇ ਨਾਲ ਨਿਪਟਾ ਦਿੱਤਾ ਗਿਆ। ਫੈਸਲਾ ਸਿੰਘ ਸਾਹਿਬਾਨ ਨੇ ਕੀਤਾ, ਪਰ ਫੈਸਲਾ ਉਨ੍ਹਾਂ ਦਾ ਨਹੀਂ ਸੀ। ਇਹ ਸਿਆਸੀ ਲੋੜਾਂ ਵਿਚੋਂ ਨਿਕਲਿਆ ਰੇੜਕਾ ਸੀ ਤੇ ਇਸ ਦਾ ਹੱਲ ਵੀ ਸਿਆਸੀ ਲੋੜਾਂ ਦੀ ਘੁੰਮਣਘੇਰੀ ਵਿਚ ਫਸੇ ਹੋਏ ਇੱਕ ਰਾਜਸੀ ਪਰਿਵਾਰ ਦੀਆਂ ਭਵਿੱਖ ਦੀਆਂ ਲੋੜਾਂ ਨੇ ਕਰਵਾਇਆ ਮੰਨਿਆ ਗਿਆ ਹੈ।
ਅਸੀਂ ਇਸ ਫੈਸਲੇ ਨੂੰ ਠੀਕ ਜਾਂ ਗਲਤ ਆਖਣ ਦੇ ਚੱਕਰ ਵਿਚ ਨਹੀਂ ਪੈ ਰਹੇ, ਸਗੋਂ ਇਹ ਗੱਲ ਯਾਦ ਕਰਵਾ ਰਹੇ ਹਾਂ ਕਿ ਅਕਾਲ ਤਖਤ ਦੇ ਜਥੇਦਾਰ ਅਸਲੋਂ ਨਿਤਾਣੇ ਬਣਾ ਦਿੱਤੇ ਗਏ ਹਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹਿੰਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਸਿਰ-ਮੱਥੇ ਹੈ ਅਤੇ ਇਸ ਨੂੰ ਮੰਨਣਾ ਹਰ ਸਿੱਖ ਦਾ ਫਰਜ਼ ਹੈ, ਪਰ ਪਿਛਲੇ ਮਹੀਨੇ ਅਕਾਲ ਤਖਤ ਦੇ ਜਥੇਦਾਰ ਨੇ ਬਾਬਾ ਵਡਭਾਗ ਸਿੰਘ ਬਾਰੇ ਜਦੋਂ ਕੁਝ ਕਿਹਾ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਆਗੂ ਉਸ ਦੇ ਖਿਲਾਫ ਬਿਆਨ ਦੇਣ ਤੁਰ ਪਏ ਸਨ। ਅਕਾਲ ਤਖਤ ਦੇ ਇੱਕ ਜਥੇਦਾਰ ਨੇ ਇੱਕ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ ਸੀ ਤਾਂ ਬੀਬੀ ਨੇ ਅਕਾਲ ਤਖਤ ਵਿਖੇ ਮੀਟਿੰਗ ਕਰ ਰਹੇ ਪੰਜ ਸਿੰਘ ਸਾਹਿਬਾਨ ਦੇ ਕੋਲ ਦੀ ਲੰਘ ਕੇ ਮੱਥਾ ਟੇਕਣ ਪਿੱਛੋਂ ਇੱਕ ਮੀਟਿੰਗ ਲਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਖੜੇ ਪੈਰ ਬਰਖਾਸਤ ਕਰ ਦਿੱਤਾ ਸੀ। ਜਿਹੜਾ ਜਥੇਦਾਰ ਹਾਂ ਵਿਚ ਹਾਂ ਮਿਲਾਉਣ ਤੋਂ ਜ਼ਰਾ ਵੀ ਝਿਜਕ ਵਿਖਾਉਂਦਾ ਹੈ, ਉਸ ਨੂੰ ਬੇਆਬਰੂ ਕਰ ਕੇ ਘਰ ਭੇਜ ਦਿੱਤਾ ਜਾਂਦਾ ਹੈ ਤੇ ਜਿਹੜਾ ਜਥੇਦਾਰ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਪ੍ਰਵਾਨ ਹੋਵੇ, ਉਹ ਛੱਤੀ ਦੋਸ਼ ਲੱਗੇ ਹੋਣ ਦੇ ਬਾਵਜੂਦ ਸਿੰਘ ਸਾਹਿਬ ਵਾਲਾ ਸਤਿਕਾਰ ਮਾਣਦਾ ਰਹਿੰਦਾ ਹੈ। ਇੱਕ ਇਹੋ ਜਿਹੇ ਬੰਦੇ ਨੂੰ ਵੀ ਇੱਕ ਵਾਰ ਸ੍ਰੀ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਗਿਆ ਸੀ, ਜਿਸ ਨੇ ਗੁਰੂ-ਘਰ ਦੀ ਜ਼ਮੀਨ ਉਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਅਦਾਲਤ ਤੋਂ ਸਟੇਅ ਲੈਣ ਪਿੱਛੋਂ ਸ਼੍ਰੋਮਣੀ ਕਮੇਟੀ ਵਿਰੁੱਧ ਮੁਕੱਦਮਾ ਲੜ ਰਿਹਾ ਸੀ। ਜਦੋਂ ਨਿਭਾਅ ਨਾ ਹੋਇਆ ਤਾਂ ਉਸ ਨੂੰ ਵੀ ਬਰਖਾਸਤ ਕਰ ਦਿੱਤਾ, ਪਰ ਇੱਕ ਸਾਲ ਪਿੱਛੋਂ ਉਸੇ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਹੈਡ ਗ੍ਰੰਥੀ ਬਣਾ ਦਿੱਤਾ, ਜਿਸ ਨਾਲ ਉਹ ਫਿਰ ਪੰਜ ਸਿੰਘ ਸਾਹਿਬਾਨ ਦੀਆਂ ਮੀਟਿੰਗਾਂ ਵਿਚ ਬਹਿਣ ਦਾ ਹੱਕਦਾਰ ਹੋ ਗਿਆ ਸੀ।
ਲੋਕਾਂ ਵਿਚ ਪੰਜਾਬੀ ਦਾ ਇੱਕ ਮੁਹਾਵਰਾ ‘ਜਿਉਂ ਪੈ ਚਿੜੀਏ, ਮਰ ਜਾਹ ਚਿੜੀਏ’ ਪ੍ਰਚਲਿਤ ਹੈ। ਰਾਜਸੀ ਲੋੜਾਂ ਲਈ ਸਿੱਖਾਂ ਨਾਲ ਵੀ ਇਹੋ ਵਿਹਾਰ ਕੀਤਾ ਜਾ ਰਿਹਾ ਹੈ। ਇੱਕ ਦਿਨ ‘ਫਲਾਣੇ ਦੇ ਗਲ਼ ਪੈ ਜਾਓ ਸਿੱਖੋ’ ਤੇ ਦੂਸਰੇ ਦਿਨ ਉਸ ਨੂੰ ਮਾਫ ਕਰ ਕੇ ‘ਹੁਣ ਤੁਸੀਂ ਆਰਾਮ ਨਾਲ ਬਹਿ ਜਾਓ ਸਿੱਖੋ’ ਦਾ ਫਾਰਮੂਲਾ ਵਰਤਣ ਦੀ ਖੇਡ ਖੇਡੀ ਜਾਣ ਲੱਗ ਪਈ ਹੈ। ਅਕਾਲ ਤਖਤ ਦੇ ਜਥੇਦਾਰ ਵੀ ਤਮ੍ਹਾ ਤੋਂ ਉਪਰ ਉਠਣ ਵਾਲੇ ਨਹੀਂ। ਕਹਿਣ ਨੂੰ ਤਾਂ ਇਹ ਕਹਿੰਦੇ ਹਨ ਕਿ ਅਕਾਲ ਤਖਤ ਦਾ ਜਥੇਦਾਰ ਅਕਾਲ ਪੁਰਖ ਦੀ ਅਦਾਲਤ ਦਾ ਜੱਜ ਹੁੰਦਾ ਹੈ। ਅਕਾਲ ਪੁਰਖ ਦੀ ਅਦਾਲਤ ਦਾ ਜੱਜ ਹੋਣ ਦਾ ਮਾਣ ਜਿਸ ਨੂੰ ਇੱਕ ਵਾਰ ਮਿਲ ਜਾਵੇ, ਫਿਰ ਉਸ ਦੇ ਮਨ ਵਿਚ ਹੋਰ ਕਿਸੇ ਅਹੁਦੇ ਦਾ ਖਿਆਲ ਨਹੀਂ ਹੋਣਾ ਚਾਹੀਦਾ। ਇਥੇ ਪੰਜਾਬ ਵਿਚ ਅਕਾਲ ਤਖਤ ਦੇ ਜਥੇਦਾਰਾਂ ਨੇ ਸੇਵਾ-ਮੁਕਤੀ ਮਗਰੋਂ ਪਾਰਲੀਮੈਂਟ ਤੇ ਅਸੈਂਬਲੀ ਦੀਆਂ ਚੋਣਾਂ ਵੀ ਲੜੀਆਂ ਅਤੇ ਹਾਰ ਕੇ ਬੇਇੱਜ਼ਤੀ ਕਰਵਾਈ ਹੋਈ ਹੈ।
ਇਸ ਗੱਲ ਨਾਲ ਸਾਫ ਹੋ ਜਾਂਦਾ ਹੈ ਕਿ ਇਥੇ ਆਉਣ ਵਾਲੇ ਬੰਦੇ ਨਿਰੋਲ ਧਾਰਮਿਕ ਅਤੇ ਅਕਾਲ ਪੁਰਖ ਨੂੰ ਸਮਰਪਿਤ ਨਹੀਂ ਹੁੰਦੇ, ਇਹ ਇੱਕ ਜਾਂ ਦੂਸਰੇ ਸਿਆਸੀ ਧੜੇ ਦੇ ਪ੍ਰਤੀਨਿਧ ਵਜੋਂ ਆਉਂਦੇ ਅਤੇ ਕੰਮ ਕਰਦੇ ਹਨ। ਜਿਹੜਾ ਫੈਸਲਾ ਹੁਣ ਹੋਇਆ ਹੈ, ਅਸੀਂ ਇਸ ਦੇ ਨਾਲ ਪੰਜਾਬ ਵਿਚ ਪੁਰ-ਅਮਨ ਭਵਿੱਖ ਦੀ ਆਸ ਕਰਨ ਤੋਂ ਨਹੀਂ ਖੁੰਝਾਂਗੇ, ਪਰ ਇਹ ਕਹਿਣ ਵਿਚ ਸਾਨੂੰ ਝਿਜਕ ਨਹੀਂ ਕਿ ਫੈਸਲਾ ਇਹ ਨਿਰੋਲ ਰਾਜਨੀਤਕ ਹੈ। ਜਿੰਨਾ ਚਿਰ ਧਰਮ ਅਤੇ ਰਾਜਨੀਤੀ ਨੂੰ ਵੱਖੋ-ਵੱਖ ਕਰਨ ਲਈ ਸਿੱਖ ਭਾਈਚਾਰਾ ਇੱਕ ਹੋਰ ਗੁਰਦੁਆਰਾ ਸੁਧਾਰ ਲਹਿਰ ਨਹੀਂ ਚਲਾਉਂਦਾ, ਧਰਮ ਨੂੰ ਆਪਣੇ ਹਿੱਤਾਂ ਦੇ ਮੁਤਾਬਕ ਫੈਸਲੇ ਲੈਣ ਲਈ ਰਾਜਸੀ ਆਗੂ ਏਸੇ ਤਰ੍ਹਾਂ ਵਰਤਦੇ ਰਹਿਣਗੇ, ਜਿਵੇਂ ਇਸ ਵਾਰੀ ਉਨ੍ਹਾਂ ਨੇ ਵਰਤ ਲਿਆ ਹੈ।