ਬਲਜੀਤ ਬਾਸੀ
ਭਾਰਤ ਦੇਸ਼ ਵਿਚ ਲਾਠੀ ਸੱਤਾ ਕਾਇਮ ਰੱਖਣ ਦਾ ਵਸੀਲਾ ਰਹੀ ਹੈ। ਅੱਜ ਵੀ ਲੋਕ ਮਨ ਵਿਚ ਇਹ ਰੁਹਬ, ਸ਼ਕਤੀ ਏਥੋਂ ਤੱਕ ਕਿ ਧੱਕੇ ਦੀ ਪ੍ਰਤੀਕ ਹੈ। ਸਾਮੰਤੀ ਯੁੱਗ ਵਿਚ ਜਗੀਰਦਾਰ ਕਿਸਾਨਾਂ ‘ਤੇ ਗਲਬਾ ਰੱਖਣ ਲਈ ਲਠੈਤ ਕਹਾਉਂਦੇ ਲਾਠੀਧਾਰੀ ਗੁੰਡੇ ਰੱਖਿਆ ਕਰਦੇ ਸਨ। ਕੌਣ ਨਹੀਂ ਜਾਣਦਾ, ਜਿਸ ਕੋਲ ਲਾਠੀ ਹੁੰਦੀ ਹੈ, ਭੈਂਸ ਉਸੇ ਵੱਲ ਭੱਜੀ ਆਉਂਦੀ ਹੈ। ਲਾਠੀ ਦਾ ਵਾਰ ਹੀ ਅਜਿਹਾ ਹੈ ਕਿ ਇਸ ਨਾਲ ਸੱਪ ਤਾਂ ਮਰ ਜਾਂਦਾ ਹੈ ਪਰ ਖੁਦ ਇਸ ‘ਤੇ ਝਰੀਟ ਤੱਕ ਨਹੀਂ ਆਉਂਦੀ।
ਦੋ ਜਣਿਆਂ ਦੀ ਕਮਜ਼ੋਰੀ ਦਰਸਾ ਕੇ ਠਿੱਠ ਕਰਨ ਲਈ ਕਹਾਵਤ ਵਰਤੀ ਜਾਂਦੀ ਹੈ, ‘ਚੋਰ ਤੇ ਲਾਠੀ ਦੋ ਜਣੇ ਮੈਂ ਤੇ ਬਾਪੂ ਕੱਲੇ’ ਭਾਵ ਲਾਠੀ ਨਾਲ ਹਥਿਆਰਬੰਦ ਚੋਰ ਦੇ ਟਾਕਰੇ ਤੇ ਵਿਚਾਰੇ ਨਿਹੱਥੇ ਪਿਉ-ਪੁੱਤ ਦੀ ਕੀ ਪੇਸ਼ ਜਾਣੀ ਹੋਈ। ਏਥੇ ‘ਇੱਕ ਇੱਕ ਤੇ ਦੋ ਗਿਆਰਾਂ’ ਵਾਲੇ ਅਖਾਣ ਦੀ ਫੂਕ ਨਿਕਲਦੀ ਪ੍ਰਤੀਤ ਹੁੰਦੀ ਹੈ।
ਸਮਝਦਾਰ ਗੋਰੇ ਸ਼ਾਸਕਾਂ ਨੇ ਭਾਰਤ ਵਿਚ ਲਾਠੀ ਦੀ ਤਾਕਤ ਨੂੰ ਜੋਹਿਆ, ਜਾਚਿਆ, ਪਛਾਣਿਆ ਤੇ ਨਤੀਜਾ ਕਢਿਆ ਕਿ ਇਹ ਪਰਜਾ ਨੂੰ ਅਧੀਨ ਰੱਖਣ ਦਾ ਵਧੀਆ ਹਥਿਆਰ ਹੋ ਸਕਦੀ ਹੈ। ਇਹ ਸਿਰ ਪੋਲਾ ਕਰ ਸਕਦੀ ਹੈ, ਢੂਹੀ ਸੇਕ ਸਕਦੀ ਹੈ, ਲੱਤਾਂ ਬਾਹਾਂ ‘ਤੇ ਲਾਸਾਂ ਪਾ ਸਕਦੀ ਹੈ ਤੇ ਰੂਹ ਨੂੰ ਤੜਪਾ ਸਕਦੀ ਹੈ। ਉਨ੍ਹਾਂ ਰੋਸ ਕਰਦੇ ਭਾਰਤੀਆਂ ਦੀ ਭੀੜ ‘ਤੇ ਲਾਠੀਚਾਰਜ ਕਰਨਾ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਉਨ੍ਹਾਂ ਪੁੱਠੇ ਹੋਏ ਲੋਕਾਂ ਨੂੰ ਸਿਧੇ ਕਰਕੇ ਚੋਖਾ ਚਿਰ ਰਾਜ ਕੀਤਾ। ਸਾਡੇ ਆਪਣਿਆਂ ਨੇ ਗੋਰਿਆਂ ਦੇ ਇਸ ਅਨੁਭਵ ਦਾ ਖੂਬ ਲਾਭ ਉਠਾਇਆ ਤੇ ਇਸ ਦੀ ਖੁਲ੍ਹ ਕੇ ਵਰਤੋਂ ਸ਼ੁਰੂ ਕਰ ਦਿੱਤੀ। ਕਹਿੰਦੇ ਹਨ, ਦੁਨੀਆਂ ਭਰ ਵਿਚ ਭਾਰਤ ਹੀ ਅਜਿਹਾ ਦੇਸ਼ ਹੈ ਜਿਥੇ ਭੀੜ ਨੂੰ ਕਾਬੂ ਕਰਨ ਲਈ ਲਾਠੀ ਵਰਤੀ ਜਾਂਦੀ ਹੈ।
ਲਾਠੀ ਸ਼ਬਦ ਕਈ ਹੋਰ ਭਾਸ਼ਾਵਾਂ ਵਿਚ ਵੀ ਪੁੱਜ ਗਿਆ ਹੈ। ਪੁਲਸੀਆਂ ਨੂੰ ਲਾਠੀ ਚਾਰਜ ਦੀ ਬਾਕਾਇਦਾ ਟਰੇਨਿੰਗ ਦਿਤੀ ਜਾਂਦੀ ਹੈ। ਪੁਲਸੀਆਂ ਦੀ ਤਾਂ ਸ਼ਾਨ ਹੀ ਪੇਟੀ, ਸੀਟੀ ਤੇ ਲਾਠੀ ਹੈ। ਜਨਤਾ ਵਿਚਾਰੀ ਕਹਿੰਦੀ ਰਹੇ ‘ਲਾਠੀ ਗੋਲੀ ਦੀ ਸਰਕਾਰ, ਨਹੀਂ ਚਲੇਗੀ, ਨਹੀਂ ਚਲੇਗੀ’, ਅਗਲੇ ਲਾਠੀ ਦੇ ਬਲਬੂਤੇ ਆਪਣਾ ਹੱਛਾ ਰੱਜ ਕੇ ਰਾਜ ਕਮਾਈ ਜਾਂਦੇ ਹਨ। ਇਕ ਵਾਰੀ ਦਿੱਲੀ ਵਿਚ ਰਹਿੰਦੇ ਇਕ ਵਿਦੇਸ਼ੀ ਦੂਤ ਨੇ ਕਿਹਾ ਸੀ, “ਲਾਠੀ ਭਵਿਖ ਦਾ ਹਥਿਆਰ ਹੋ ਸਕਦੀ ਹੈ। ਮੈਨੂੰ ਪੱਕਾ ਯਕੀਨ ਹੈ ਕਿ ਲਾਠੀ ਦੇ ਅੰਦਰਵਾਰ ਕੋਈ ਜ਼ਬਰਦਸਤ ਤਕਨੀਕ ਵਾਲਾ ਸੈਂਸਰ ਲੱਗਾ ਹੋਇਆ ਹੈ ਕਿਉਂਕਿ ਜਦ ਵੀ ਕਿਤੇ ਬੰਬ ਚਲ ਜਾਵੇ, ਕਿਸੇ ਦਾ ਕਤਲ ਹੋ ਜਾਏ ਜਾਂ ਕੋਈ ਦੁਰਘਟਨਾ ਹੋ ਗਈ ਹੋਵੇ, ਪੁਲਸੀਆ ਲਾਠੀ ਲੈ ਕੇ ਫੌਰਨ ਮੌਕੇ ‘ਤੇ ਪਹੁੰਚਿਆ ਹੁੰਦਾ ਹੈ।” ਹੈਰਾਨੀ ਵਾਲੀ ਗੱਲ ਹੈ ਕਿ ਲੱਕੜ ਦਾ ਇਹ ਲੰਬਾ ਟੁਕੜਾ ਜਟਿਲ ਤੋਂ ਜਟਿਲ ਕੇਸਾਂ ਨੂੰ ਝਟ ਸੁਲਝਾ ਲੈਂਦਾ ਹੈ। ਲਾਠੀ ਤਾਂ ਅੰਨ੍ਹੇ ਦੀ ਵੀ ਨਹੀਂ ਮਾਣ।
ਅਹਿੰਸਾਵਾਦੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਜੀਵਨ ਭਰ ਲਾਠੀ ਆਪਣੇ ਕੋਲ ਰੱਖੀ। ਕਈ ਆਪਣੀ ਲਾਠੀ ਨੂੰ ਪਾਲਤੂ ਜਾਨਵਰਾਂ ਵਾਂਗ ਖੂਬ ਪਾਲਦੇ ਪੋਸਦੇ ਹਨ। ਉਹ ਇਸ ਨੂੰ ਤੇਲ ਪਿਲਾਉਂਦੇ, ਰੇਸ਼ਮੀ ਕਪੜੇ ਪਹਿਨਾਉਂਦੇ ਤੇ ਸਿਰਿਆਂ ‘ਤੇ ਸੰਮ ਜੜਵਾਉਂਦੇ ਹਨ। ਕਈ ਤਾਂ ਇਸ ਦਾ ਮਾਣ ਕਰਦੇ ਕਰਦੇ ਅਭਿਮਾਨ ਹੀ ਕਰਨ ਲਗਦੇ ਹਨ ਤੇ ਅਕਸਰ ਮੂੰਹ ਦੀ ਖਾ ਲੈਂਦੇ ਹਨ। ਬੱਸ ਇਕ ਪਾਣੀ ਹੀ ਹੈ ਜੋ ਲਾਠੀ ਮਾਰਿਆਂ ਅਲੱਗ ਨਹੀਂ ਹੋ ਸਕਦਾ ਜਿਸ ਤੋਂ ਲੋਕਾਂ ਦੀ ਭਰਪੂਰ ਇਕਮੁਠਤਾ ਦੀ ਸ਼ਕਤੀਮਾਨਤਾ ਦਾ ਪਤਾ ਚਲਦਾ ਹੈ। ਸੈਫ-ਉਲ-ਮਲੂਕ ਦੇ ਕਰਤਾ ਮੀਆਂ ਮੁਹੰਮਦ ਬਖਸ਼ ਨੇ ਆਪਣੀ ਰਚਨਾ ਦਾ ਮਨੋਰਥ ਇਹ ਦੱਸਿਆ ਹੈ:
ਬਾਤ ਮਿਜ਼ਾਜ਼ੀ, ਰਮਜ਼ ਹੱਕਾਨੀ, ਵੰਨ ਵੰਨਾਂ ਦੀ ਕਾਠੀ।
‘ਸਫ਼ਰ-ਉਲ-ਇਸ਼ਕḔ ਕਿਤਾਬ ਬਣਾਈ, ਸੈਫ਼ ਛੁਪੀ ਵਿਚ ਲਾਠੀ।
ਗਿਆਨ ਹੁੰਦਾ ਹੈ ਕਿ ਲਾਠੀ ਵਿਚ ਜੇ ਸਿਧੀ ਤਲਵਾਰ ਛੁਪੀ ਹੋਵੇ ਤਾਂ ਇਹ ਗੁਪਤ ਢੰਗ ਨਾਲ ਕਿੰਨੀ ਘਾਤਕ ਹੋ ਸਕਦੀ ਹੈ। ਮਤਲਬ ਲਾਠੀ ਹਥਿਆਰ ਵੀ ਹੈ ਤੇ ਆਸਰਾ ਵੀ। ਲਾਠੀ ਦੇ ਕਈ ਗੁਣ ਅਤੇ ਲੱਛਣ ਇਸ ਦੇ ਨਿੱਕੇ ਵੱਡੇ ਭੈਣ-ਭਰਾਵਾਂ ਜਿਵੇਂ ਡਾਂਗ, ਸੋਟਾ, ਡੰਡਾ ਆਦਿ ਵਿਚ ਵੀ ਵਿਦਮਾਨ ਹਨ। ਮਿਸਾਲ ਵਜੋਂ ਡਾਂਗ ਵੀ ਸੰਮਾਂ ਵਾਲੀ ਹੁੰਦੀ ਹੈ ਤੇ ਲਾਠੀ ਵੀ; ਡੰਡਾ ਪਰੇਡ ਕੀਤੀ ਜਾਂਦੀ ਹੈ ਤੇ ਲਾਠੀ ਚਾਰਜ, ਧੱਕਾ ਕਰਨ ਲਈ ਠਾਹ ਸੋਟਾ ਮਾਰਿਆ ਜਾਂਦਾ ਹੈ, ਟਾਕਰੇ ‘ਤੇ ਲੱਠ ਮਾਰ ਵੀ ਇਹੋ ਕਰਦੇ ਹਨ। ਅੱਜ ਲਾਠੀ ਦੇ ਭੈਣਾਂ ਭਰਾਵਾਂ ਦੀ ਬਹੁਤੀ ਗੱਲ ਨਹੀਂ ਕਰਦੇ, ਇਨ੍ਹਾਂ ਸ਼ਬਦਾਂ ਦੀ ਸਾਰ ਕਿਸੇ ਹੋਰ ਵੇਲੇ ਲਵਾਂਗੇ। ਲਗਦੇ ਹੱਥ ਅੰਗਰੇਜ਼ੀ ਸ਼ਬਦ ਰੁਲe ਦੀ ਉਦਾਹਰਣ ਥਾਂ-ਸਿਰ ਹੈ, ਰੁਲe ਦਾ ਅਰਥ ਰਾਜ ਕਰਨਾ ਵੀ ਹੈ ਤੇ ਲਾਠੀ ਵੀ। ਸਕੂਲੀ ਦੌਰ ਵਿਚ ਮਾਸਟਰਾਂ ਤੋਂ ਰੂਲਾਂ ਦੀ ਬਥੇਰੀ ਮਾਰ ਖਾਧੀ ਹੈ। ਉਂਜ ਲਾਠੀ ਨਾਲੋਂ ਡਾਂਗ ਪੰਜਾਬ ਦੇ ਖਾੜਕੂ ਸੁਭਾਅ ਦੇ ਵਧੇਰੇ ਅਨੁਕੂਲ ਹੈ।
ਸਭ ਜਾਣਦੇ ਹੀ ਹਨ, ਲਾਠੀ ਛੇ ਸੱਤ ਫੁੱਟ ਲੰਬਾ ਡੰਡਾ, ਡਾਂਗ ਜਾਂ ਸੋਟਾ ਹੀ ਹੈ ਜੋ ਆਮ ਤੌਰ ‘ਤੇ ਵਾਂਸ ਜਾਂ ਬੈਂਤ ਦਾ ਘੜਿਆ ਹੁੰਦਾ ਹੈ। ਭਾਰਤ ਵਿਚ ਇਸ ਹਥਿਆਰ ਦੀ ਵਰਤੋਂ ਸਦੀਆਂ ਤੋਂ ਹੁੰਦੀ ਆਈ ਹੈ ਭਾਵੇਂ ਸ਼ਬਦ ਹੋਰ ਵੀ ਸਨ। ਕਈ ਸ੍ਰੋਤ ਲਾਠੀ ਸ਼ਬਦ ਨੂੰ ਸੰਸਕ੍ਿਰਤ Ḕਯਸ਼ਟਿḔ ਤੋਂ ਬਣਿਆ/ਵਿਗੜਿਆ ਦਸਦੇ ਹਨ। ‘ਮਹਾਨ ਕੋਸ਼’ ਨੇ ਲਾਠੀ ਦਾ ਅਰਥ ‘ਸੋਟੀ, ਯਸ਼ਟਿ’ ਦੱਸਿਆ ਹੈ। ਕੋਸ਼ਕਾਰੀ ਦਾ ਮੁਢਲਾ ਅਸੂਲ ਹੈ ਕਿ ਕਿਸੇ ਸ਼ਬਦ ਦਾ ਅਰਥ ਆਮ ਜਾਣੇ ਜਾਂਦੇ ਸ਼ਬਦਾਂ ਨਾਲ ਦੇਣਾ ਚਾਹੀਦਾ ਹੈ। ਭਲਾ ਯਸ਼ਟਿ ਸ਼ਬਦ ਪੰਜਾਬੀ ਵਿਚ ਕਦੋਂ ਵਰਤਿਆ ਜਾਂਦਾ ਹੈ? ਖੈਰ ਯਸ਼ਟਿ ਦਾ ਅਲੱਗ ਇੰਦਰਾਜ ਵੀ ਇਸ ਕੋਸ਼ ਵਿਚ ਮੌਜੂਦ ਹੈ। ‘ਮਹਾਨ ਕੋਸ਼’ ਸਮੇਤ ਬਹੁਤ ਸਾਰੇ ਕੋਸ਼ਾਂ ਵਿਚ ਯਸ਼ਟਿ ਦੇ ਕੁਝ ਅਰਥ ਇਸ ਤਰ੍ਹਾਂ ਦੇ ਹਨ, ਸੋਟਾ, ਛੜੀ, ਡੰਡਾ, ਡਾਂਗ; ਵੰਝ; ਥੰਮ੍ਹ, ਪੰਛੀਆਂ ਦੇ ਬੈਠਣ ਦਾ ਅੱਡਾ; ਝੰਡੇ ਦਾ ਡੰਡਾ; ਤਣਾ, ਟਹਿਣੀ; ਫਾਲ; ਬਰਛਾ; ਧਾਗਾ, ਡੋਰ, ਲੜੀ, ਮੋਤੀਆਂ ਦਾ ਹਾਰ; ਮੁਲੱਠੀ; ਗੰਨਾ; ਬਾਂਹ; ਤੱਕੜੀ ਦੀ ਡੰਡੀ ਆਦਿ। ਗੌਰ ਕਰੋ ਕਿ ਸਭ ਅਰਥ ਡੰਡੇਨੁਮਾ ਚੀਜ਼ ਵੱਲ ਹੀ ਸੰਕੇਤ ਕਰਦੇ ਹਨ। ਯਸ਼ਟਿ ਦਾ ਪਾਲੀ ਅਤੇ ਪ੍ਰਾਕ੍ਰਿਤ ਵਿਚ ਰੂਪ ਹੋਇਆ ਲੱਠੀ ਜਾਂ ਲਠਿਕਾ। ਭਾਰਤ ਦੀਆਂ ਕਈ ਬੋਲੀਆਂ ਵਿਚ ਥੋੜ੍ਹੇ ਬਹੁਤੇ ਫਰਕ ਨਾਲ ਇਸ ਦੇ ਹੋਰ ਰੁਪਾਂਤਰ ਮਿਲਦੇ ਹਨ ਤੇ ਕਈਆਂ ਦੇ ਆਪਣੇ ਵਿਸ਼ੇਸ਼ ਵਿਕਸਿਤ ਅਰਥ ਵੀ ਹਨ। ਮਿਸਾਲ ਵਜੋਂ ਕੋਹਲੂ ਦਾ ਪੀੜਨ ਵਾਲਾ ਡੰਡਾ। ਲਾਠੀ ਸ਼ਬਦ ਦਾ ਇਕ ਰੂਪ ਲੱਠ ਵੀ ਹੈ ਜੋ ਲੋਹੇ ਦੀ ਮੋਟੀ ਸਲਾਖ ਹੁੰਦੀ ਹੈ, ਖਾਸ ਤੌਰ ‘ਤੇ ਹਲਟ ਦੀ ਲੱਠ। ਇਸ ਦਾ ਇਕ ਹੋਰ ਰੂਪ ਹੈ ਲਾਠ ਜਿਵੇਂ ਕੁਤਬ ਦੀ ਲਾਠ। ਇਕ ਪ੍ਰਕਾਰ ਦੇ ਮੋਟੇ ਕਪੜੇ ਨੂੰ ਲੱਠਾ ਕਿਹਾ ਜਾਂਦਾ ਹੈ। ਲੱਠਾ ਦਾ ਇਕ ਅਰਥ ਅਸਭਿਅ, ਲੁੱਚਾ ਵੀ ਹੈ, Ḕਰਹਿਨ ਨ ਗਨਕਾ ਵਾਵਿਅਹੁ ਵੇਕਰਮੀ ਲੱਠੇ’।
ਯਸ਼ਟਿ ਸ਼ਬਦ ਦੀ ḔਯḔ ਧੁਨੀ ḔਲḔ ਧੁਨੀ ਵਿਚ ਬਦਲੀ ਹੈ। ḔਯḔ ਦਾ ḔਲḔ ਵਿਚ ਬਦਲਨਾ ਇਕ ਅਨੋਖੀ ਮਿਸਾਲ ਹੈ। ਯਸ਼ਟਿ ਸ਼ਬਦ ਯਜੁ ਧਾਤੂ ਤੋਂ ਬਣਿਆ ਹੈ ਜਿਸ ਵਿਚ ਪੂਜਾ, ਆਹੂਤੀ, ਸਤਿਕਾਰ ਆਦਿ ਪ੍ਰਗਟ ਕਰਨ ਦੇ ਭਾਵ ਹਨ। ਯੱਗ ਦੀ ਪਵਿਤਰ ਅਗਨੀ ਵਿਚ ਸੁੱਕੀਆਂ ਟਹਿਣੀਆਂ ਡਾਹੀਆਂ ਜਾਂਦੀਆਂ ਸਨ। ਅਜਿਤ ਵਡਨੇਰਕਰ ਦਾ ਵਿਚਾਰ ਹੈ ਕਿ ਸੰਭਵ ਹੈ, ਹਵਨ ਸਮੱਗਰੀ ਦੇ ਤੌਰ ‘ਤੇ ਯਜੁ ਤੋਂ ਯਸ਼ਟਿ ਸ਼ਬਦ ਬਣਿਆ ਹੋਵੇ। ਮੈਨੂੰ ਇੰਜ ਵੀ ਲਗਦਾ ਹੈ ਕਿ ਸ਼ਾਇਦ ਮੁਢਲੇ ਤੌਰ ‘ਤੇ ਯੱਗ ਦੀ ਅਗਨੀ ਫਰੋਲਣ ਵਾਲੀ ਟਹਿਣੀ ਨੂੰ ਯਸ਼ਟਿ ਦਾ ਨਾਮ ਮਿਲਿਆ। ਕੁਝ ਵੀ ਹੋਵੇ ਏਨਾ ਜ਼ਰੂਰ ਹੈ ਕਿ ਯਸ਼ਟਿ ਦਾ ਸਬੰਧ ਯੱਗ ਨਾਲ ਹੈ। ਇਸ ਮੂਲ ਤੋਂ ਬਣੇ ਲਗਭਗ ਇਨ੍ਹਾਂ ਹੀ ਅਰਥਾਂ ਵਾਲੇ ਕੁਝ ਹੋਰ ਸ਼ਬਦ ਵੀ ਹਨ ਪਰ ਪੰਜਾਬੀ ਵਿਚ ਬਹੁਤ ਘਟ ਦਾਖਲ ਹੋਏ ਹਨ। ਯਸ਼ਟਿ-ਮਧੂ ਦਾ ਅਰਥ ਹੈ ਮੁਲੱਠੀ। ਖੁਦ ਮੁਲੱਠੀ ਸ਼ਬਦ ਮੁੱਲ+ਯਸ਼ਟਿ ਦਾ ਵਿਕਸਿਤ ਰੂਪ ਹੈ। ਜਾਠ ਸ਼ਬਦ ਦਾ ਅਰਥ ਹੈ ਕੋਹਲੂ ਦਾ ਡੰਡਾ ਅਤੇ ਤਲਾਬ ਵਿਚ ਗੱਡਿਆ ਡੰਡਾ (ਪਾਣੀ ਦੀ ਉਚਾਈ ਨਾਪਣ ਲਈ)। ਕੁਝ ਕੋਸ਼ਾਂ ਵਿਚ ਇਕੋ ਪ੍ਰਕਾਰ ਦੀਆਂ ਚੀਜ਼ਾਂ ਦੀ ਪੰਕਤੀ ਲਈ ਵਰਤਿਆ ਜਾਂਦਾ ਸ਼ਬਦ ਲੜ ਜਾਂ ਲੜੀ ਵੀ ਇਸ ਤੋਂ ਵਿਕਸਿਤ ਹੋਇਆ ਦੱਸਿਆ ਗਿਆ ਹੈ: ਯਸ਼ਟਿ >ਲੱਠਿ > ਲੜੀ। ਇਸ ਵਿਚ ਤਰਕ ਜਾਪਦਾ ਹੈ ਪਰ ਹਿੰਦੀ ‘ਸ਼ਬਦਸਾਗਰ’ ਨੇ ਤਾਂ ਜੱਟ ਸ਼ਬਦ ਵੀ ਏਥੋਂ ਹੀ ਕਢ ਮਾਰਿਆ ਹੈ। ਇਸ ਨੂੰ ਅਟਕਲ ਹੀ ਕਿਹਾ ਜਾਵੇਗਾ: ਯਸ਼ਟਿ > ਯਾਦਵ > ਜਾਦਵ > ਜਾਡਵ > ਜਾਡਅ > ਜਾਟਅ > ਜਾਟ > ਜੱਟ। ਸ਼ਾਇਦ ਜੱਟ ਦੇ ਲੱਠਮਾਰ ਗੁਣ ਤੋਂ ਇਹ ਸੰਕੇਤ ਮਿਲਿਆ ਹੋਵੇ। ਇਹ ਤਾਂ ‘ਜਾਟ ਰੇ ਜਾਟ ਤੇਰੇ ਸਿਰ ਪੇ ਖਾਟ’ ਵਾਲੀ ਗੱਲ ਹੀ ਲਗਦੀ ਹੈ।
—
ਮੈਂ ਉਦੋਂ ਸ਼ਾਇਦ ਦੂਜੀ ਤੀਜੀ ਵਿਚ ਹੀ ਪੜ੍ਹਦਾ ਸਾਂ। ਇਕ ਦਿਨ ਮੈਂ ਤੇ ਮੇਰਾ ਜਮਾਤੀ ਅਮਰਜੀਤ ਠੇਲਾ ਸਾਡੇ ਕੋਠੇ ‘ਤੇ ਖੇਡ ਰਹੇ ਸਾਂ। ਅਚਾਨਕ ਅਸੀਂ ਬੁਝਣ ਵਾਲੀਆਂ ਬਾਤਾਂ (ਬੁਝਾਰਤਾਂ) ਪਾਉਣ ਲੱਗ ਪਏ। ਫਿਰ ਸਾਨੂੰ ਕੀ ਸੁਝੀ ਕਿ ਆਪਾਂ ਆਪਣੇ ਕੋਲੋਂ ਬਾਤਾਂ ਘੜੀਏ। ਮੈਨੂੰ ਉਸ ਵੇਲੇ ਦੀ ਸਿਰਫ ਇਕੋ ਬਾਤ ਚੇਤੇ ਹੈ ਜੋ ਅਮਰਜੀਤ ਠੇਲੇ ਨੇ ਘੜੀ ਸੀ। ਉਸ ਨੇ ਬਾਤ ਪਾਈ, “ਕਈ ਸੌ ਲਾਠੀਆਂ, ਸੇਬਾ ਖੋਲ੍ਹੇ ਪਾਟੀਆ।” ਮੈਂ ਸੋਚ ਸੋਚ ਕੇ ਕਈ ਜਵਾਬ ਦਿੱਤੇ ਪਰ ਠੇਲੇ ਅਨੁਸਾਰ ਕੋਈ ਵੀ ਉਸ ਦੀ ਬਾਤ ਦਾ ਸਹੀ ਜਵਾਬ ਨਹੀਂ ਸੀ। ਆਖਰ ਮੈਂ ਹਾਰ ਮੰਨ ਲਈ ਤੇ ਪੁਛਿਆ ਕਿ ਆਪ ਹੀ ਦੱਸ ਕੀ ਹੈ। ਉਸ ਨੇ ਮੁਸ਼ਕੜੀਆਂ ਵਿਚ ਹੱਸਦਿਆਂ ਕੋਠੇ ਦੇ ਇਕ ਖੂੰਜੇ ਵੱਲ ਉਂਗਲੀ ਕਰਦਿਆਂ ਕਿਹਾ, “ਔਹ ਕੀ ਹੈ?” ਮੈਂ ਉਧਰ ਝਾਕਦਿਆਂ ਸ਼ਰਮਿੰਦਾ ਜਿਹਾ ਹੋ ਗਿਆ, ਉਹ ਤਾਂ ਝਾੜੂ ਸੀ। ਅੱਜ ਵੀ ਮੈਂ ਠੇਲੇ ਦੀ ਬੁਧੀ ਬਾਰੇ ਸੋਚ ਕੇ ਦੰਗ ਰਹਿ ਜਾਂਦਾ ਹਾਂ ਜੋ ਉਂਜ ਪੜ੍ਹਾਈ ਵਿਚ ਉਹ ਮਹਾਂ ਨਲਾਇਕ ਸੀ।