ਚੌਵੀ ਸਤੰਬਰ, ਸਿਆਸੀ ਅਡੰਬਰ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਾਥੀ ਸਿੰਘ ਸਾਹਿਬਾਨ ਨੇ ਚੌਵੀ ਸਤੰਬਰ ਨੂੰ ‘ਬੁੱਕਲ ਵਿਚ ਗੁੜ ਭੰਨ ਕੇ’ ਇਹ ਦਰਸਾ ਦਿੱਤਾ ਕਿ ਉਹ ਵਾਕਿਆ ਹੀ ਸਿਆਸੀ ਸਿੱਖ ਆਗੂਆਂ (ਅਸਲ ਵਿਚ ਇਕ ਟੱਬਰ) ਦੀਆਂ ਕਠਪੁਤਲੀਆਂ ਹਨ। ਇਸ ਨੇ ਮੈਨੂੰ ਉਹ ਪੁਰਾਣਾ ਦ੍ਰਿਸ਼ ਯਾਦ ਕਰਵਾ ਦਿੱਤਾ ਜੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਦਫ਼ਤਰ ਵਿਖੇ ਉਦੋਂ ਦੇਖਿਆ ਸੀ ਜਦੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਤਖ਼ਤ ਦੇ ਜਥੇਦਾਰ ਸਨ।

ਬੰਗਾ-ਗੜ੍ਹਸ਼ੰਕਰ ਰੋਡ ਉਤੇ ਵਾਕਿਆ ਪਿੰਡ ਚੌਹੜਾ ਦੀ ਜ਼ਮੀਨ ਉਤੇ ‘ਰੂਹਾਨੀ ਡੇਰਾ’ ਬਣਾ ਕੇ ਅੱਯਾਸ਼ੀਆਂ ਕਰ ਰਹੇ ਧਨਵੰਤ ਸਿੰਘ ਵਾਲੇ ਮਸਲੇ ਵਿਚ ਮੈਂ ਅੰਮ੍ਰਿਤਸਰ ਗਿਆ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਮਾਸਿਕ ਰਸਾਲੇ ‘ਗੁਰਮਤਿ ਪ੍ਰਕਾਸ਼’ ਦੇ ਨਵੇਂ ਮੈਂਬਰ ਬਣਾਉਣ ਲਈ ਚੰਦੇ ਦੇ ਪੈਸੇ ਜਮ੍ਹਾਂ ਕਰਾਉਣ ਵਾਸਤੇ ਦਫ਼ਤਰ ਧਰਮ ਪ੍ਰਚਾਰ ਕਮੇਟੀ ਚਲਾ ਗਿਆ। ਉਥੇ ਸਕੱਤਰ ਪੱਧਰ ਦਾ ਇਕ ਅਧਿਕਾਰੀ ਕਲਰਕ ਨੂੰ ਕੋਲ ਬਿਠਾ ਕੇ ਟਾਈਪ ਕਰਵਾ ਰਿਹਾ ਸੀ। ਸਕੱਤਰ ਹੌਲੀ ਹੌਲੀ ਬੋਲ ਰਿਹਾ ਸੀ ਤੇ ਕਲਰਕ ਟਾਈਪਰਾਈਟਰ ‘ਤੇ ਟਿਕ-ਟਿਕ-ਟਿਕ ਉਂਗਲਾਂ ਮਾਰ ਰਿਹਾ ਸੀ। ਸਕੱਤਰ ਨੇ ਇਕ ਕੰਨ ਨਾਲ ਲੈਂਡਲਾਈਨ ਫੋਨ ਲਾਇਆ ਹੋਇਆ ਸੀ।
ਸਕੱਤਰ ਕਦੇ ਕਦੇ ਫੋਨ ਉਤੇ ‘ਹੈਂ ਜੀ?æææਅੱਛਾ ਜੀæææਹਾਂ ਜੀ!æææਠੀਕ ਐ ਜੀ!’ ਕਰੀ ਜਾਂਦਾ ਤੇ ਵਿਚ ਵਿਚ ਕਲਰਕ ਨੂੰ ਲਿਖਾਈ ਜਾਂਦਾ। ਉਸ ਨੂੰ ਰੁੱਝਿਆਂ ਦੇਖ ਮੈਂ ਹਾਲ ਮੇਜ਼ ਤੋਂ ਮੈਗਜ਼ੀਨ ਪੜ੍ਹਨ ਲਈ ਚੁੱਕਿਆ ਹੀ ਸੀ ਕਿ ਕਮਰੇ ਵਿਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆ ਗਏ। ਸਤਿਕਾਰ ਵਜੋਂ ਮੈਂ ਉਨ੍ਹਾਂ ਨੂੰ ਫ਼ਤਿਹ ਬੁਲਾਈ। ਮੇਰੀ ਫ਼ਤਿਹ ਦਾ ਜਵਾਬ ਕਾਹਲੀ ਕਾਹਲੀ ਦੇ ਕੇ ਉਨ੍ਹਾਂ ਆਪਣੀ ਜੇਬ ਨਾਲੋਂ ਪੈਨ ਲਾਹਿਆ ਤੇ ਸਕੱਤਰ ਨੂੰ ਕਹਿੰਦੇ,
“ਓ ਲਿਆ ਭਾਈ ਫਟਾ ਫਟ ਸਾਈਨ ਕਰਾæææਮੇਰਾ ਟਾਈਮ ਵੀ ਹੋ ਚੱਲਿਐ।”
ਗਿਆਨੀ ਵੇਦਾਂਤੀ ਨੂੰ ਡਿਊਟੀ ‘ਤੇ ਜਾਣ ਲਈ ਕਾਹਲੇ ਦੇਖ ਕੇ ਸਕੱਤਰ ਨੇ ਟਾਈਪਰਾਈਟਰ ਉਤੇ ਚੜ੍ਹੇ ਹੋਏ ਕਾਗ਼ਜ਼ ਉਤਰਵਾਏ ਤੇ ਸਿੱਧੇ ਕਰ ਕੇ ਮੇਜ਼ ਉਪਰ ਰੱਖ ਦਿੱਤੇ। ਅੱਧੇ ਕੁ ਟਾਈਪ ਕੀਤੇ ਕਾਗ਼ਜ਼ ਵੱਲ ਦੋ ਕੁ ਪਲ ਦੇਖਦਿਆਂ ਅੰਦਾਜ਼ਾ ਜਿਹਾ ਲਾ ਕੇ ਉਸ ਨੇ ਇਕ ਖੂੰਜੇ ‘ਤੇ ਗਿਆਨੀ ਜੀ ਦੇ ਦਸਤਖ਼ਤ ਕਰਵਾ ਲਏ। ਮੁੜ ਕੇ ਪੈਨ ਜੇਬ ਨੂੰ ਲਾਉਂਦਿਆਂ ਗਿਆਨੀ ਜੀ ਨੇ ਮੇਰੀ ਰਾਜ਼ੀ-ਖੁਸ਼ੀ ਪੁੱਛੀ ਤੇ ਹੱਥ ਮਿਲਾ ਕੇ ਦਫ਼ਤਰੋਂ ਬਾਹਰ ਚਲੇ ਗਏ।
ਕੱਢਣਾ-ਪਾਉਣਾ ਤਾਂ ਮੈਂ ਇਹਦੇ ਵਿਚੋਂ ਕੁਝ ਵੀ ਨਹੀਂ ਸੀ, ਪਰ ਆਦਤਨ ਮੈਂ ਸਕੱਤਰ ਨੂੰ ਪੁੱਛਿਆ ਕਿ ਇਹ ਕਿਹੋ ਜਿਹੀ ਮਿਸਲ ਤਿਆਰ ਹੋ ਰਹੀ ਹੈ?
“ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ‘ਆਦੇਸ਼’ ਤਿਆਰ ਹੋ ਰਿਹੈ ਮੈਂਬਰ ਸਾਹਿਬ।” ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਿਆਂ ਸਕੱਤਰ ਨੇ ਜਵਾਬ ਦਿੱਤਾ।
ਵੈਸੇ ਤਾਂ ਹੁਣ ਇਹ ਚਿੱਟੇ ਦਿਨ ਵਾਂਗ ਸਭ ਨੂੰ ਗਿਆਤ ਹੋ ਚੁੱਕਾ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਧੜਾ-ਧੜ ਹੁਕਮਨਾਮੇ ਕੌਣ ਤੇ ਕਿਉਂ ਜਾਰੀ ਕਰਵਾ ਰਿਹਾ ਹੈ, ਪਰ ਜੇ ਉਦੋਂ ਮੇਰੇ ਕੋਲ ਅੱਜ ਵਰਗਾ ਸੈਲ ਫੋਨ ਹੁੰਦਾ ਤੇ ਮੈਂ ਟਾਈਪ ਕੀਤੇ ਜਾ ਰਹੇ ਅਕਾਲ ਤਖ਼ਤ ਦੇ ਲੈਟਰ ਪੈਡ ਦੀ ਵੀਡੀਓ ਕਲਿਪ ਬਣਾਈ ਹੁੰਦੀ, ਤਾਂ ਉਹ ਇਸ ਗੱਲ ਦਾ ਅਕੱਟ ਸਬੂਤ ਬਣ ਜਾਣੀ ਸੀ ਕਿ ਸ੍ਰੀ ਅਕਾਲ ਤਖ਼ਤ ਦੀ ਅਸਲ ਜਥੇਦਾਰੀ ਕੋਈ ਹੋਰ ਕਰ ਰਿਹਾ ਹੈ।
ਚੌਵੀ ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਉਤੇ ਹੋਈ ਜਥੇਦਾਰਾਂ ਦੀ ‘ਚੁੱਪ-ਗੜੁੱਪ’ ਮੀਟਿੰਗ ਨੇ ਸਿਰਸੇ ਵਾਲੇ ਸਾਧ ਰਾਮ ਰਹੀਮ ਸਿੰਘ ਨੂੰ ਜੋ ਮੁਆਫ਼ ਕੀਤਾ ਹੈ, ਉਸ ਦੀ ਚਰਚਾ ਕਰਨ ਤੋਂ ਪਹਿਲਾਂ ਇਕ-ਦੋ ਇਤਿਹਾਸਕ ਨੁਕਤੇ ਵਿਚਾਰ ਲਈਏ। ਕੁਝ ਖੋਜੀ ਵਿਦਵਾਨਾਂ ਦੀਆਂ ਲਿਖਤਾਂ ਮੁਤਾਬਕ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਕੁਝ ਇਸ ਢੰਗ ਨਾਲ ਬਣਵਾਈ ਕਿ ਤਖਤ ਸਾਹਿਬ ਦੇ ਮੁੱਖ ਆਸਣ ‘ਤੇ ਬਹਿਣ ਵਾਲੇ ਸੇਵਾਦਾਰ ਨੂੰ ਧਾਰਮਿਕ ਰਹਿਬਰੀ ਦਾ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਦਿਸਦਾ ਰਹੇ, ਪਰ ਸ੍ਰੀ ਦਰਬਾਰ ਸਾਹਿਬ ਵਿਖੇ ਮੁੱਖ ਅਸਥਾਨ ‘ਤੇ ਬਿਰਾਜਣ ਵਾਲੇ ਸਿੰਘ ਨੂੰ ਮੀਰੀ ਦਾ ਕੇਂਦਰ ਸ੍ਰੀ ਅਕਾਲ ਤਖਤ ਨਾ ਦਿਖਾਈ ਦੇਵੇ।
ਮੀਰੀ ਨੂੰ ਪੀਰੀ ਦਾ ਭੈਅ-ਅਦਬ ਸਵੀਕਾਰਨ ਅਤੇ ਉਸ ਦੇ ਅਧੀਨ ਰਹਿਣ ਵਾਲੀ ਗੁਰੂ ਹਰਿਗੋਬਿੰਦ ਸਾਹਿਬ ਦੀ ਇਹ ਅੰਤਰੀਵੀ ਰਮਜ਼, ਸਿਰਫ਼ ਇਤਿਹਾਸ ਦੀਆਂ ਪੋਥੀਆਂ ਵਿਚ ਹੀ ਰਹਿ ਗਈ ਹੈ, ਜਾਂ ਇਹ ਫਲਸਫਾ ਸਟੇਜਾਂ ‘ਤੇ ਗਾਉਣ-ਵਿਚਾਰਨ ਜੋਗਾ ਰਹਿ ਗਿਆ, ਤੇ ਜਾਂ ਫਿਰ ਸਾਧਾਰਨ ਸਿੱਖਾਂ ਨੂੰ ਇਸ ਦਾ ਡਰਾਵਾ ਦਿੰਦਿਆਂ ਹੁਕਮਨਾਮਿਆਂ ਨੂੰ ‘ਇਲਾਹੀ’ ਕਹਿ ਕਹਿ ਮਨਵਾਉਣ ਜੋਗਾ!
1925 ਦਾ ਗੁਰਦੁਆਰਾ ਐਕਟ ਬਣਨ ਉਪਰੰਤ ਬੇਸ਼ੱਕ ਕੁਝ ਵਰ੍ਹੇ ਇਸ ਸਿਧਾਂਤਕ ਰਵਾਇਤ ਦੀ ਪਾਲਣਾ ਹੁੰਦੀ ਰਹੀ, ਪਰ ਵਰਤਮਾਨ ਸਮੇਂ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਬਜਾਏ ‘ਸਿਆਸੀ ਕੁਰਸੀ’ ਹੀ ਦਿਖਾਈ ਦਿੰਦੀ ਹੈ। ਉਹ ਕੁਰਸੀ ਇਸ ਕਦਰ ਤਾਕਤਵਰ ਤੇ ਸਰਵੇ-ਸਰਵਾ ਹੋ ਚੁੱਕੀ ਹੈ ਕਿ ਸ੍ਰੀ ਅਕਾਲ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ, ਦੋਹਾਂ ਦੇ ਮੁੱਖ ਅਸਥਾਨਾਂ ‘ਤੇ ਕੌਣ ਬੈਠੇ? ਇਸ ਦਾ ਫੈਸਲਾ ਵੀ ਉਹੀ ਕਰਦੀ ਹੈ। ਇਸ ਵਰਤਾਰੇ ਦੀ ਬਦੌਲਤ, ਕਿਆ ਮੀਰੀ ਕਿਆ ਪੀਰੀ, ਸਿਆਸੀ ਚੌਧਰ ਦੀ ਗ੍ਰਿਫਤ ਵਿਚ ਆ ਚੁੱਕੀਆਂ ਹੋਈਆਂ ਨੇ।
ਧਾਰਮਿਕ, ਇਤਿਹਾਸਕ ਤੇ ਸਿਧਾਂਤਕ ਪੱਖਾਂ ਨੂੰ ਮਲੀਆਮੇਟ ਕਰ ਰਹੇ ਇਸ ਵਰਤਾਰੇ ਦੇ ਚੱਲਦਿਆਂ ਦਿਖਾਵੇ ਵਾਸਤੇ ਪੰਜ ਪਿਆਰਿਆਂ ਦੇ ਸੰਕਲਪ ਦਾ ‘ਭੇਖ ਧਾਰ ਕੇ’ ਮੀਟਿੰਗਾਂ ਕਰਦੇ ਅਜੋਕੇ ਪੰਜ ਸਿੰਘ ਸਾਹਿਬਾਨ ਕਿੰਨੇ ਕੁ ਇਤਿਹਾਸ ਮੁਖੀ, ਆਜ਼ਾਦਾਨਾ, ਨਿਰਪੱਖ ਅਤੇ ਨਿਆਂ-ਸੰਗਤ ਫੈਸਲੇ ਲੈਣ ਦੇ ਸਮਰੱਥ ਹੁੰਦੇ ਹੋਣਗੇ, ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਇਸੇ ਕਰ ਕੇ ਚੌਵੀ ਸਤੰਬਰ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਚਨਚੇਤੀ, ਤੱਤ-ਭੜੱਤੇ ਵਿਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ ਕਰਨ ਵਾਲਾ ਜੋ ਘਟਨਾਕ੍ਰਮ ਵਾਪਰਿਆ, ਉਸ ਨੂੰ ਦੇਖ ਕੇ ਗੈਰ-ਸਿੱਖਾਂ ਨੇ ਵੀ ਮੂੰਹ ਵਿਚ ਉਂਗਲਾਂ ਪਾ ਲਈਆਂ।
ਦੇਖਣ-ਸੁਣਨ ਵਾਲਿਆਂ ਨੂੰ ਯਾਦ ਆਈ ਉਹ ਘੜੀ ਜਦ ਸੌੜੀ ਸਿਆਸਤ ਦਾ ਸ਼ਿਕਾਰ ਹੋਇਆ, ਸ੍ਰੀ ਅਕਾਲ ਤਖ਼ਤ ਦਾ ਹੀ ਇਕ ਸਾਬਕਾ ਜਥੇਦਾਰ ਤਖ਼ਤ ਸਾਹਿਬ ਸਾਹਮਣੇ ਖੁਦ ਹਾਜ਼ਰ ਹੋ ਕੇ, ਆਪਣੇ ਸਪਸ਼ਟੀਕਰਨ ਦਾ ਲਿਖਤੀ ਪੁਲੰਦਾ ਲੈ ਕੇ ਸਾਰਾ ਦਿਨ ਬੈਠਾ ਰਿਹਾ। ਉਸ ਨੂੰ ਸੁਣਨ ਜਾਂ ਉਸ ਦਾ ਲਿਖਤੀ ਪੱਤਰ ਪੜ੍ਹਨ ਦੀ ਥਾਂ ਉਪਰੋਂ ਆਏ ਹੁਕਮਾਂ ਨੂੰ ਸਤਿ ਕਰ ਕੇ ਮੰਨਦਿਆਂ ਉਸ ਨੂੰ ਛੇਕ ਦੇਣ ਦਾ ਹੁਕਮ ਸੁਣਾ ਦਿੱਤਾ ਗਿਆ।
ਅਕਾਲ ਤਖਤ ‘ਤੇ ‘ਤਲਬ’ ਕੀਤੇ ਗਏ ਕੁਝ ਹੋਰ ਸਿੱਖਾਂ ਦੀ ਨਿੱਜੀ ਤੌਰ ‘ਤੇ ਹਾਜ਼ਰ ਨਾ ਹੋ ਸਕਣ ਦੀ ਬੇਨਤੀ ਮੁੱਢੋਂ-ਸੁਢੋਂ ਰੱਦ ਕਰ ਕੇ ਹਰ ਹਾਲਤ ਖੁਦ ਹਜ਼ਾਰ ਹੋਣ ਦੇ ਹੁਕਮ ਸਾਦਰ ਹੁੰਦੇ ਰਹੇ। ਹਾਜ਼ਰੀ ਨਾ ਭਰ ਸਕਣ ਵਾਲੇ ਸਿੱਖਾਂ ਉਤੇ ਫੌਰਨ ਛੇਕਣ ਦਾ ਕੁਹਾੜਾ ਚੱਲਦਾ ਰਿਹਾ ਹੈ, ਪਰ ਚੌਵੀ ਸਤੰਬਰ ਨੂੰ ‘ਮੋਹ ਭਰੀ ਮੁਆਫ਼ੀ’ ਦਾ ਹੱਕਦਾਰ ਬਣਨ ਵਾਲੇ ਸਿਰਸੇ ਦੇ ਰਾਮ ਰਹੀਮ ਸਿੰਘ ਉਤੇ ਸਿੰਘ ਸਾਹਿਬਾਨ ਐਸੇ ਮਿਹਰਬਾਨ ਹੋ ਗਏ ਕਿ ਕਿਸੇ ਦੇ ਹੱਥ ਭੇਜੀ ਉਸ ਦੀ (ਦੱਸੀ ਜਾਂਦੀ) ਚਿੱਠੀ ਨੂੰ ਪ੍ਰੇਮ ਪੱਤਰ ਵਾਂਗ ਪਿਆਰਦਿਆਂ, ਸਿਰ ਮੱਥੇ ਕਬੂਲ ਕਰ ਲਿਆ। ਉਸੇ ਵੇਲੇ ‘ਫੁੱਲ ਬਟਾ ਫੁੱਲ’ ਮੁਆਫ਼ੀ!
ਦਸਵੇਂ ਗੁਰੂ ਨੇ ਖਾਲਸਾ ਪੰਥ ਦੀ ਰਹਿਨੁਮਾਈ ਲਈ ਕਿਸੇ ਇਕ ਬੰਦੇ ਦੀ ਥਾਂ ਪੰਜ ਪਿਆਰਿਆਂ ਦਾ ਜੋ ਵਿਧੀ ਵਿਧਾਨ ਬਣਾਇਆ, ਉਸ ਦੇ ਹੋਰ ਪੱਖਾਂ ਬਾਰੇ ਤਾਂ ਗੁਰੂ ਦੀਆਂ ਗੁਰੂ ਜਾਣੇ, ਪਰ ਇਸ ਸੰਕਲਪ ਪਿੱਛੇ ਇਕ ਭਾਵਨਾ ਇਹ ਹੋ ਸਕਦੀ ਹੈ ਕਿ ਜੇ ਖੁਦਾ ਨਾ ਖਾਸਤਾ, ਕਿਸੇ ਮਸਲੇ ਨੂੰ ਹੱਲ ਕਰਦਿਆਂ ਪੰਜਾਂ ਵਿਚੋਂ ਇਕ ਜਾਂ ਦੋ ਦੀ ਆਤਮਾ ਕਮਜ਼ੋਰ ਪੈ ਜਾਏ ਤਾਂ ਬਾਕੀ ਦੇ ਤਿੰਨ ਜਣਿਆਂ ਦੀ ਜ਼ਮੀਰ ਤਾਂ ਜਾਗ ਪਵੇਗੀ, ਪਰ ਸਿੱਖ ਪੰਥ ਦੇ ਕੇਂਦਰ ਨੂੰ ਸਿਆਸਤ ਦਾ ਐਸਾ ਕੁਲਹਿਣਾ ਗ੍ਰਹਿਣ ਲੱਗ ਚੁੱਕਾ ਹੈ ਕਿ ਚੌਵੀ ਸਤੰਬਰ ਨੂੰ ਸਰਾਸਰ ਰਿਆਇਤ ਭਰਿਆ ਫੈਸਲਾ ਕਰਨ ਵੇਲੇ, ਕਿਸੇ ਇਕ ‘ਸਿੰਘ ਸਾਹਿਬ’ ਦੀ ਜ਼ਮੀਰ ਨੇ ਵੀ ਹਲੂਣਾ ਨਹੀਂ ਖਾਧਾ ਕਿ ਇਹ ਮਾਮਲਾ ਪੂਰੇ ਸਿੱਖ ਜਗਤ ਨਾਲ ਸਬੰਧਤ ਹੈ। ਪਹਿਲਾਂ ਇਸ ਬਾਰੇ ਰਾਇਸ਼ੁਮਾਰੀ ਰਾਹੀਂ ਕਨਸੋਅ ਲੈ ਲਈਏ ਕਿ ਆਮ ਸਿੱਖ ਇਸ ਬਾਬਤ ਕਿਹੋ ਜਿਹੇ ਵਿਚਾਰ ਰੱਖਦਾ ਹੈ। ਇਹ ਪੰਥਕ ਪਰੰਪਰਾ ਅਪਨਾਉਣ ਦੀ ਬਜਾਏ ਕਿਸੇ ਦੇ ਟਾਈਪਰਾਈਟਰ ਤੋਂ ਟਾਈਪ ਹੋ ਕੇ ਆਏ ‘ਆਦੇਸ਼’ ਉਪਰ ਦਸਤਖਤ ਕਰਨ ਲਈ ਸਿੰਘ ਸਾਹਿਬਾਨ, ਗਿਆਨੀ ਵੇਦਾਂਤੀ ਵਾਂਗ ਕਾਹਲੇ ਪੈ ਗਏ, ਪਰ ਆਦੇਸ਼ਨਾਮੇ ਵਿਚ ਲਿਖ ਦਿੱਤਾ ਗਿਆ ਕਿ ‘ਦੀਰਘ’ ਵਿਚਾਰ-ਵਟਾਂਦਰਾ ਕਰ ਕੇ ਫੈਸਲਾ ਕੀਤਾ ਗਿਆ!æææਵਾਹ!!
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥
ਸਿੰਘ ਸਾਹਿਬਾਨ ਵੱਲੋਂ ‘ਗੁਰਮਤਾ’ ਕਹੇ ਗਏ ਇਸ ਫੈਸਲੇ ਨਾਲ ਦੇਸ਼-ਵਿਦੇਸ਼ ਦੇ ਸਿੱਖਾਂ ਵਿਚ ਰੋਹ ਭੜਕ ਪਿਆ। ਸੋਸ਼ਲ ਸਾਈਟਾਂ ‘ਤੇ ਜਥੇਦਾਰ ਲਈ ਉਹ ਸ਼ਬਦ ਵਰਤੇ ਗਏ ਜੋ ਅੱਜ ਤੱਕ ਸਿੱਖਾਂ ਨੇ ਮੀਰ ਮੰਨੂ ਜਾਂ ਜ਼ਕਰੀਆ ਖਾਨ ਲਈ ਵੀ ਨਹੀਂ ਵਰਤੇ ਹੋਣੇ। ਉਨ੍ਹਾਂ ਦੇ ਭੱਦੇ ਤੇ ਹਾਸੋ-ਹੀਣੇ ਕਾਰਟੂਨਾਂ ਦਾ ਹੜ੍ਹ ਆ ਗਿਆ। ਹੋਰ ਤਾਂ ਹੋਰ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਉਪਰੰਤ ਜਥੇਦਾਰ ਨਾਲ ਘਿਓ-ਖਿਚੜੀ ਰਹਿਣ ਵਾਲਾ ਸੰਤ ਸਮਾਜ ਵੀ ਇਸ ਫੈਸਲੇ ਦੇ ਵਿਰੋਧ ਵਿਚ ਆ ਨਿੱਤਰਿਆ। ਵਿਰੋਧ ਕਰਨ ਵਾਲਿਆਂ ਦਾ ਤਰਕ ਇਹ ਹੈ ਕਿ ਰਾਮ ਰਹੀਮ ਦੇ ਜਿਸ ਪੱਤਰ ਨੂੰ ‘ਮੁਆਫੀਨਾਮਾ’ ਕਿਹਾ ਜਾ ਰਿਹਾ ਹੈ, ਉਸ ਵਿਚ ਨਾ ਤਾਂ ‘ਮੁਆਫ਼ੀ’ ਦਾ ਕੋਈ ਸ਼ਬਦ ਹੈ, ਨਾ ਹੀ ਉਹ ਖਾਲਸਾ ਪੰਥ ਨੂੰ ਸੰਬੋਧਿਤ ਹੈ। ਇਥੋਂ ਤੱਕ ਕਿ ਉਸ ਵਿਚ ਅਕਾਲ ਤਖ਼ਤ ਦਾ ਨਾਂ ਤੱਕ ਵੀ ਨਹੀਂ। ਉਸ ਪੱਤਰ ਦਾ ਮੂਲ ਪਾਠ ਪੜ੍ਹਦਿਆਂ ਇਉਂ ਪ੍ਰਤੀਤ ਹੁੰਦਾ ਹੈ ਕਿ ਕੁਝ ਗੋਲ-ਮੋਲ ਸਤਰਾਂ ਕਿਸੇ ਗੁਰਬਚਨ ਸਿੰਘ ਨਾਂ ਦੇ ਬੰਦੇ ਵੱਲੋਂ ਲਿਖੀਆਂ ਗਈਆਂ ਹਨ, ਉਸ ਦੇ ਅਹੁਦੇ ਜਾਂ ਥਹੁ ਟਿਕਾਣੇ ਬਾਰੇ ਕੋਈ ਜ਼ਿਕਰ ਨਹੀਂ ਇਸ ਪੱਤਰ ਵਿਚ। ਇਸੇ ਪੱਤਰ ਦੀਆਂ ਚੰਦ ਕੁ ਸਤਰਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਲੈਟਰ ਪੈਡ ‘ਤੇ ਉਤਾਰ ਕੇ ਥੱਲੇ ਸਿੰਘ ਸਾਹਿਬਾਨ ਦੀਆਂ ‘ਘੁੱਗੀਆਂ ਮਰਵਾ’ ਲਈਆਂ ਗਈਆਂ।
ਕੁੱਲ ਮਿਲਾ ਕੇ ਤਖ਼ਤ ਸਾਹਿਬ ਉਤੇ ਚੌਵੀ ਸਤੰਬਰ 2015 ਨੂੰ ਹੋਏ ਸਿਆਸੀ ਅੰਡਬਰ ਕਾਰਨ ਜਥੇਦਾਰ ਅਕਾਲ ਤਖ਼ਤ ਕਸੂਤੇ ਫਸ ਗਏ ਹਨ। ਪਤਾ ਨਹੀਂ ਹੁਣ ਉਹ ਕਿਸ ਮੂੰਹ ਨਾਲ ਸੰਗਤ ਵਿਚ ਜਾਣਗੇ। ਗੁਰੂ ਹਰਿਗੋਬਿੰਦ ਸਾਹਿਬ ਦੇ ਵਰੋਸਾਏ ਅਸਥਾਨ ‘ਤੇ ਬਹਿ ਕੇ, ਉਨ੍ਹਾਂ ਨੂੰ ਵੋਟਾਂ ਦੀ ਭੁੱਖੀ ਹਾਕਮਾਂ ਦੀ ਕੁਰਸੀ ਅੱਗੇ ਨਿਵਣ ਦੀ ਥਾਂ ਸਿੱਖ ਸਿਧਾਂਤ ਅਤੇ ਰਵਾਇਤਾਂ ਦੀ ਪਾਲਣਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵੱਲ ਨਿਗ੍ਹਾ ਰੱਖਣੀ ਚਾਹੀਦੀ ਸੀ।