ਬੰਦਿਆਂ ਵਿਚ ਵੱਸਦਾ ਰੱਬ

ਇਸ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪੰਜਾਬ ਸੰਕਟ ਬਾਰੇ ਲਿਖੀ ਆਪਣੀ ਪ੍ਰਸਿੱਧ ਕਹਾਣੀ ‘ਭੱਜੀਆਂ ਬਾਹੀਂ’ ਦੇ ਪਿਛੋਕੜ ਵਿਚ ਪਈਆਂ ਅਤੇ ਬਾਅਦ ਵਿਚ ਹੋਈਆਂ-ਵਾਪਰੀਆਂ ਘਟਨਾਵਾਂ ਬਾਬਤ ਵਿਸਥਾਰ ਸਹਿਤ ਚਰਚਾ ਕੀਤੀ ਹੈ। ਸਾਹਿਤਕ ਅਤੇ ਸਿਆਸੀ ਹਲਕਿਆਂ ਵਿਚ ਇਸ ਕਹਾਣੀ ਬਾਰੇ ਉਦੋਂ ਬੜੀ ਚਰਚਾ ਹੋਈ ਸੀ। ਇਸ ਕਹਾਣੀ ਦੀ ਹਲਾਈਂ ਵਰਿਆਮ ਸੰਧੂ ਨੇ ਸੱਚਮੁੱਚ ਬਹੁਤ ਵੱਡੀ ਵਗਲੀ ਸੀ ਅਤੇ ਇਸ ਵਿਚ ਪੰਜਾਬ ਸੰਕਟ ਦੀਆਂ ਜੜ੍ਹਾਂ ਉਤੇ ਉਂਗਲ ਧਰੀ ਸੀ।

ਕਹਾਣੀ ਵਾਂਗ ਇਸ ਲੇਖ ਲੜੀ ਵਿਚ ਵੀ ਬੇਵਸੀ ਅਤੇ ਬੇਵਸਾਹੀ ਨਾਲੋ-ਨਾਲ ਚੱਲਦੀ ਹੈ। ਲੇਖ ਦੀ ਇਸ ਆਖਰੀ ਕੜੀ ਵਿਚ ਉਸ ਨੇ ਆਪਣੀ ਗ੍ਰਿਫਤਾਰੀ ਬਾਰੇ ਵਿਸਥਾਰ ਛੋਹਿਆ ਹੈ। ਆਪਣੀਆਂ ਹੋਰ ਰਚਨਾਵਾਂ ਵਾਂਗ ਵਰਿਆਮ ਸੰਧੂ ਨੇ ਇਸ ਲਿਖਤ ਵਿਚ ਵੀ ਮਾਨਵੀ ਕਦਰਾਂ-ਕੀਮਤਾਂ ਦੀ ਗੱਲ ਬਹੁਤ ਉਚਿਆਂ ਖੜ੍ਹੋ ਕੇ ਕੀਤੀ ਹੈ। ਇਸ ਵਿਚ ਸਾਹਿਤ ਅਤੇ ਜੀਵਨ ਦੀ ਜੁਗਲਬੰਦੀ ਦਾ ਤਰਾਨਾ ਛੇੜਿਆ ਗਿਆ ਹੈ ਜੋ ਹਰ ਹਾਲ ਅਤੇ ਹਰ ਹੀਲੇ ਛਿੜਿਆ ਰਹਿੰਦਾ ਹੈ। -ਸੰਪਾਦਕ
ਵਰਿਆਮ ਸੰਧੂ
ਮੇਰੀ ਗ੍ਰਿਫ਼ਤਾਰੀ ਦੀ ਖ਼ਬਰ ਫ਼ੈਲ ਗਈ ਸੀ ਅਤੇ ਸਾਰੇ ਅਧਿਆਪਕ ਜਗਤ ਵਿਚ ਮੇਰੇ ਜਿਸ ਜਿਸ ਸਨੇਹੀ ਨੂੰ ਪਤਾ ਲੱਗ ਰਿਹਾ ਸੀ, ਉਹ ਭਿੱਖੀਵਿੰਡ ਥਾਣੇ ਅੱਗੇ ਆਣ ਪੁੱਜਾ ਸੀ। ਅਧਿਆਪਕਾਂ ਅਤੇ ਮੇਰੇ ਪਿੰਡ ਵਾਸੀਆਂ ਦੀ ਵੱਡੀ ਭੀੜ ਸਾਡੇ ਕੋਲ ਦੀ ਲੰਘ ਕੇ ਥਾਣੇ ਅੰਦਰ ਪਹੁੰਚੀ। ਥਾਣੇਦਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਚੋਂ ਕਈਆਂ ਦੇ ਕਈ ਪੁਲਿਸ ਮੁਲਾਜ਼ਮਾਂ ਨਾਲ ਚੰਗੇ ਸਬੰਧ ਵੀ ਸਨ। ਸਾਰੇ ਮੰਗ ਕਰ ਰਹੇ ਸਨ ਕਿ ਅਸੀਂ ਕੋਈ ਆਦੀ ਅਤੇ ਇਖ਼ਲਾਕੀ ਮੁਜਰਮ ਨਹੀਂ ਸਾਂ; ਇਸ ਲਈ ਸਾਨੂੰ ਹਵਾਲਾਤ ਵਿਚੋਂ ਕੱਢ ਕੇ ਕੁਰਸੀਆਂ ਉਤੇ ਬਿਠਾਇਆ ਜਾਵੇ! ਸਾਰੇ ਮੇਰੇ ਕੋਲ ਆ ਕੇ ਮੈਨੂੰ ਆਪਣੇ ਹਮਦਰਦ ਬੋਲਾਂ ਨਾਲ ਬਲ ਬਖ਼ਸ਼ ਰਹੇ ਸਨ। ਪੰਜ-ਸੱਤ ਆ ਰਹੇ ਸਨ, ਪੰਜ-ਸੱਤ ਜਾ ਰਹੇ ਸਨ। ਮੇਰੇ ਸਕੂਲ ਦਾ ਸਾਰਾ ਸਟਾਫ਼ ਛੁੱਟੀ ਕਰ ਕੇ ਮੈਨੂੰ ਮਿਲਣ ਆਇਆ ਤਾਂ ਮੈਂ ਕਿਹਾ ਕਿ ਮੈਨੂੰ ਬਾਹਰ ਨਿਕਲ ਕੇ ਉਨ੍ਹਾਂ ਨੂੰ ਮਿਲਣ ਦਿੱਤਾ ਜਾਵੇ। ਸਾਰੇ ਸਾਥੀ ਕਤਾਰ ਵਿਚ ਖਲੋਤੇ ਸਨ। ਮੈਂ ਇੱਕ ਇੱਕ ਜਣੇ ਨਾਲ ਹੱਥ ਮਿਲਾ ਕੇ ਧੰਨਵਾਦ ਕਰ ਰਿਹਾ ਸਾਂ। ਨਜ਼ਰਾਂ ਉਠਾ ਕੇ ਮੇਨ ਗੇਟ ਦੇ ਬਾਹਰ ਵੇਖਿਆ; ਮੇਰੇ ਵਿਦਿਆਰਥੀਆਂ ਦੀ ਭੀੜ ਬਾਹਰ ਖਲੋਤੀ ਹੋਈ ਸੀ। ਨਜ਼ਰਾਂ ਮਿਲੀਆਂ ਵੇਖ ਉਨ੍ਹਾਂ ਹੱਥ ਹਿਲਾਉਂਦਿਆਂ ਰੌਲਾ ਚੁੱਕ ਲਿਆ, “ਸਾ ਸਰੀ ਕਾਲ ਭਾ ਜੀ!”
ਮੈਂ ਮੁਸਕਰਾ ਕੇ ਉਨ੍ਹਾਂ ਵੱਲ ਹੱਥ ਹਿਲਾਇਆ। ਮੇਰੇ ਅੰਦਰ ਗੁੱਝੀ ਤਾਕਤ ਦਾ ਸੰਚਾਰ ਹੋ ਰਿਹਾ ਸੀ। ਮੇਰਾ ਡੋਲਦਾ ਮਨ ਧੀਰਜ ਧਰ ਗਿਆ। ਮੈਂ ਸੋਚਦਾ; ਆਪਣੇ ਲੋਕਾਂ ਦੀ ਇਹੋ ਮੁਹੱਬਤ ਹੀ ਬੰਦੇ ਨੂੰ ਸਵੈ ਭਰੋਸੇ ਅਤੇ Ḕਫ਼ਾਂਸੀਆਂḔ ਉਤੇ ਝੂਲ ਜਾਣ ਦੀ ਤਾਕਤ ਦਿੰਦੀ ਹੋਵੇਗੀ।
ਮੇਰੇ ਕਿਸੇ ਅਧਿਆਪਕ ਸਾਥੀ ਨੂੰ ਮੋਗਾ ਐਜੀਟੇਸ਼ਨ ਵੇਲੇ ਦਾ ਮੇਰਾ ਜੇਲ੍ਹ-ਸਾਥੀ ਮੇਜਰ ਸਿੰਘ ਉਬੋਕੇ (ਪਹਿਲਾਂ ਬਾਦਲ ਦਾ ਪੀæਏæ ਰਹਿ ਚੁੱਕਾ ਅਤੇ ਅਗਲੇ ਸਾਲ ਹੀ ਬਰਨਾਲਾ ਵਜ਼ਾਰਤ ਵਿਚ ਮਾਲ ਮੰਤਰੀ ਤੇ ਪਿਛੋਂ ਲੋਕ ਸਭਾ ਦਾ ਮੈਂਬਰ ਬਣਨ ਵਾਲਾ) ਭਿੱਖੀਵਿੰਡ ਚੌਕ ਵਿਚ ਮਿਲ ਪਿਆ। ਮੇਰੇ ਸਾਥੀ ਨੇ ਦੱਸਿਆ, “ਤੁਹਾਡੇ ਜੇਲ੍ਹ ਦੇ ਯਾਰ ਵਰਿਆਮ ਸੰਧੂ ਨੂੰ ਪੁਲਿਸ ਸੁਰ ਸਿੰਘ ਵਾਲੇ ਗੋਲੀ ਕਾਂਡ ਵਿਚ ਫੜ ਲਿਆਈ ਏ।”
ਮੇਜਰ ਸਿੰਘ ਵੀ ਥਾਣੇ ਭੱਜਾ ਆਇਆ।
ਥੋੜ੍ਹੇ ਚਿਰ ਪਿਛੋਂ ਮੇਰੇ ਸਾਲਿਆਂ ਦੇ ਲੜਕਿਆਂ ਨਾਲ ਸੀæਆਰæਪੀæਐਫ਼ ਦੇ ਇੱਕ-ਦੋ ਅਫ਼ਸਰ ਅਤੇ ਸਾਡੇ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਦਾ ਡਾਕਟਰ ਗੁਰਦਿਆਲ ਸਿੰਘ ਗਿੱਲ ਥਾਣੇ ਆਣ ਪੁੱਜੇ। ਪਹਿਲਾਂ ਮੈਨੂੰ ਮਿਲੇ ਅਤੇ Ḕਬੇਫ਼ਿਕਰ ਰਹਿਣḔ ਲਈ ਕਹਿ ਕੇ ਥਾਣੇਦਾਰ ਕੋਲ ਚਲੇ ਗਏ।
ਜਦੋਂ ਸੂਰਤਾ ਸਿੰਘ ਨੇ ਬੁਝੇ ਮਨ ਨਾਲ ਸਾਡੇ ਘਰ ਜਾ ਕੇ ਮੇਰੀ ਪਤਨੀ ਨੂੰ, ਮੇਰੇ ਉਤੇ Ḕਕਤਲ ਕੇਸ ਪਾ ਦੇਣ ਦੀ ਖ਼ਬਰḔ ਸੁਣਾਈ ਤਾਂ ਉਸ ਦਾ ਸਾਹ ਉਤਾਂਹ ਦਾ ਉਤਾਂਹ ਅਤੇ ਹੇਠਾਂ ਦਾ ਹੇਠਾਂ ਰਹਿ ਗਿਆ। ਉਸ ਨੇ ਉਚੀ ਚੀਕ ਮਾਰੀ ਅਤੇ ਉਲਟ ਕੇ ਮੰਜੀ ਤੋਂ ਹੇਠਾਂ ਡਿਗ ਪਈ। ਉਹ ਫੁੱਟ ਫੁੱਟ ਕੇ ਰੋਣ ਲੱਗੀ। ਹਮਦਰਦੀ ਲਈ ਆਈਆਂ ਅਤੇ ਉਸ ਦੁਆਲੇ ਬੈਠੀਆਂ ਜ਼ਨਾਨੀਆਂ ਉਹਨੂੰ ਸਾਂਭਣ ਅਤੇ ਹੌਸਲਾ ਦੇਣ ਲੱਗੀਆਂ। ਉਹ ਮੱਛੀ ਵਾਂਗ ਤੜਫ਼ ਰਹੀ ਸੀ!
ਪਰ ਰੋਂਦੇ ਰਹਿਣ ਨਾਲ ਤਾਂ ਮਸਲਾ ਹੱਲ ਨਹੀਂ ਸੀ ਹੋਣਾ!
ਉਹ ਆਪਣੇ ਪੇਕਿਆਂ ਨੂੰ ਭੱਜ ਉਠੀ। ਉਸ ਦੇ ਤਾਏ ਦਾ ਪੁੱਤ ਫ਼ੌਜ ਵਿਚੋਂ ਕੈਪਟਨ ਰਿਟਾਇਰ ਹੋ ਕੇ ਆਇਆ ਸੀ। ਉਹ ਬਾਹਰ ਬਹਿਕ ਉਤੇ ਰਹਿੰਦੇ ਸਨ। ਉਨ੍ਹਾਂ ਦੇ ਨੇੜੇ ਹੀ ਸੀæਆਰæਪੀæ ਦਾ ਕੈਂਪ ਸੀ। ਸੀæਆਰæਪੀæ ਦੇ ਡੀæਐਸ਼ਪੀæ ਨਾਲ ਉਨ੍ਹਾਂ ਦੀ ਨੇੜੇ ਦੀ ਸਾਂਝ ਸੀ। ਉਨ੍ਹਾਂ ਨੇ ਮੇਰੇ ਰਿਸ਼ਤੇ ਬਾਰੇ ਉਹਨੂੰ ਦੱਸਿਆ ਅਤੇ ਮਦਦ ਕਰਨ ਲਈ ਕਿਹਾ। ਸਾਰੇ ਜਣੇ ਭਿੱਖੀਵਿੰਡ ਵੱਲ ਤੁਰੇ ਤਾਂ ਮੇਰੀ ਪਤਨੀ ਰਜਵੰਤ ਨੇ ਆਪਣੇ ਭਤੀਜੇ ਨੂੰ ਕਿਹਾ, “ਭਿੰਦਿਆਂ! ਤੁਸੀਂ ਡਾਕਟਰ ਗਿੱਲ ਨੂੰ ਵੀ ਨਾਲ ਲੈ ਕੇ ਜਾਣਾ ਏਂ। ਉਹਨੂੰ ਤਾਂ ਪਤਾ ਏ ਕਿ ਉਸ ਦਿਨ ḔਇਹḔ ਆਪ ਹਸਪਤਾਲ ਵਿਚ ਜ਼ਖ਼ਮੀਆਂ ਦੀ ਮਦਦ ਕਰ ਰਹੇ ਸਨ। ਇੱਕੋ ਵੇਲੇ ਇਹ ਜਾਂ ਤਾਂ ਹਸਪਤਾਲ ਵਿਚ ਹੋ ਸਕਦੇ ਨੇ ਜਾਂ Ḕਗੋਲੀਆਂ ਚਲਾਉਣ ਵਾਲਿਆਂ ਵਿਚ!Ḕ ਉਹ ਜਾ ਕੇ ਪੁਲਿਸ ਨੂੰ ਦੱਸੇ ਖਾਂ ਸਾਰੀ ਅਸਲੀਅਤ! ਉਸ ਦੇ ਆਖੇ ਦਾ ਅਕਸਰ ਕੋਈ ਮੁੱਲ ਹੋਵੇਗਾ।” ਡਾਕਟਰ ਗਿੱਲ ਦੇ ਸਾਲਿਆਂ ਦਾ ਮੇਰੇ ਸਾਲਿਆਂ ਨਾਲ ਦੋਸਤਾਨਾ ਸੀ। ਇਸ ਹਵਾਲੇ ਨਾਲ ਵੀ ਅਤੇ ਉਂਜ ਵੀ ਡਾਕਟਰ ਗਿੱਲ ਦੀ ਮੇਰੇ ਨਾਲ ਚੰਗੀ ਜਾਣ-ਪਛਾਣ ਸੀ ਹੀ।
ਸੋ, ਰਜਵੰਤ ਕੌਰ ਵੀ ਸਮਰੱਥਾ ਅਨੁਸਾਰ ਆਪਣਾ ਤਾਣ ਲਾ ਰਹੀ ਸੀ। ਜਿਸ ਜਿਸ ਦਾ ਜਿੰਨਾ ਜਿੰਨਾ ਜ਼ੋਰ ਸੀ, ਲਾ ਰਿਹਾ ਸੀ।
ਮੈਨੂੰ ਮਿਲਣ ਵਾਲਿਆਂ ਦੀ ਭੀੜ ਘਟੀ ਤਾਂ ਥਾਣੇਦਾਰ ਨੇ ਮੈਨੂੰ ਇਕੱਲੇ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ। ਆਪਣੇ ਸਾਹਮਣੇ ਕੁਰਸੀ ਉਤੇ ਬਿਠਾ ਕੇ ਉਸ ਨੇ ਹੋਰਨਾਂ ਨੂੰ Ḕਨੇੜੇ ਨਾ ਆਉਣḔ ਦੀ ਹਦਾਇਤ ਦਿੱਤੀ।
“ਸਰਦਾਰ ਸਾਹਬ, ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਤੁਹਾਡੇ ਬਾਰੇ ਪਹਿਲਾਂ ਇੰਨਾ ਪਤਾ ਨਹੀਂ ਸੀ। ਇਹ ਤਾਂ ਮੈਨੂੰ ਤੁਹਾਡੇ ਮਗਰ ਆਉਣ ਵਾਲੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਪਿੰਡ ਅਤੇ ਇਲਾਕੇ ਵਿਚ ਤੁਹਾਡੀ ਇੰਨੀ ਇੱਜ਼ਤ ਹੈ। ਸਾਨੂੰ ਐਸ਼ਐਸ਼ਪੀæ ਵੱਲੋਂ ਹੀ ਤੁਹਾਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਹੋਇਆ ਹੈ। ਤੁਸੀਂ ਕੀ ਸਮਝਦੇ ਓ ਕਿ ਤੁਹਾਨੂੰ ਭਲਾ ਕਿਹੜੀ ਬਿਨਾ ‘ਤੇ ਇਸ ਕੇਸ ਵਿਚ ਫਸਾਇਆ ਗਿਆ ਹੈ!”
ਥਾਣੇਦਾਰ ਦੇ ਬੋਲਾਂ ਵਿਚਲੀ ਨਰਮੀ, ਨਕਲੀ ਅਤੇ ਵਿਖਾਵੇ ਦੀ ਨਹੀਂ ਸੀ ਜਾਪ ਰਹੀ।
ਮੈਂ ਆਪਣੇ ਅਨੁਮਾਨ ਅਨੁਸਾਰ ਦੱਸਿਆ ਕਿ ਮੇਰਾ ਨਾਮ ਕਦੀ ਨਕਸਲੀ ਲਹਿਰ ਨਾਲ ਜੁੜਿਆ ਰਿਹਾ ਹੈ। ਐਮਰਜੈਂਸੀ ਵਿਚ ਅਤੇ ਅੱਗੋਂ-ਪਿਛੋਂ ਦੋ-ਤਿੰਨ ਵਾਰ, ਬਿਨਾਂ ਕਿਸੇ ਕਸੂਰ ਤੋਂ, ਇਸ ਸਿਲਸਿਲੇ ਵਿਚ ਜੇਲ੍ਹ ਵੀ ਜਾਣਾ ਪਿਆ ਹੈ। ਪਾਏ ਕੇਸ ਝੂਠੇ ਹੋਣ ਕਰ ਕੇ ਹਰ ਵਾਰ ਬਰੀ ਵੀ ਹੁੰਦਾ ਰਿਹਾਂ। ਸੀæਆਈæਡੀæ ਦੇ ਕਾਗ਼ਜ਼ਾਂ ਵਿਚ ਨਾਂ ਚੜ੍ਹਿਆ ਹੋਣ ਕਰ ਕੇ ਹੁਣ ਵੀ ਫੜ ਲਿਆ ਹੋਵੇਗਾ। ਮੈਂ ਤਾਂ ਇਸ ਦੁਖਾਂਤ ਵਿਚ ਸਭ ਦੀ ਜਿੰਨੀ ਹੋ ਸਕੀ, ਮਦਦ ਹੀ ਕੀਤੀ ਹੈ।
ਮੈਂ ਇਸ ਮਦਦ ਦਾ ਵਿਸਥਾਰ ਵੀ ਦਿੱਤਾ।
“ਉਹ ਮੈਨੂੰ ਸਾਰਾ ਪਤਾ ਲੱਗ ਚੁੱਕਾ ਏ, ਪਰ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਾਂ!” ਉਸ ਨੇ ਧੌਣ ਅੱਗੇ ਵਧਾ ਕੇ, ਮੇਜ਼ ‘ਤੇ ਮੇਰੇ ਵੱਲ ਉਲਰਦਿਆਂ ਰਾਜ਼ ਸਾਂਝਾ ਕਰਨ ਵਾਂਗ ਕਿਹਾ, “ਸੀæਆਈæਡੀæ ਦੇ ਕਾਗ਼ਜ਼ਾਂ-ਕੂਗ਼ਜ਼ਾਂ ਕਰ ਕੇ ਨਹੀਂ, ਤੁਹਾਡਾ ਨਾਂ ਤੁਹਾਡੇ ਪਿੰਡ ਦੇ ਹਿੰਦੂਆਂ ਨੇ ਲਿਆ ਏ ਐਸ਼ਐਸ਼ਪੀæ ਕੋਲ। ਇਹ ਵਾਰ ਵਾਰ ਜਾ ਕੇ ਉਹਨੂੰ ਕਹਿੰਦੇ ਸਨ, Ḕਇਸ ਵਾਰਦਾਤ ਪਿਛੇ ਪਿੰਡ ਦੇ ਕਿਸੇ ਬੰਦੇ ਦਾ ਹੱਥ ਏ।Ḕ ਇੱਕ ਦਿਨ ਉਸ ਨੇ ਖਿਝ ਕੇ ਕਿਹਾ, Ḕਜੇ ਤੁਹਾਨੂੰ ਪਤਾ ਐ ਤਾਂ ਦੱਸੋ। ਦੱਸਦੇ ਕਿਉਂ ਨਹੀਂ। ਜੇ ਤੁਸੀਂ ਨਾ ਦੱਸਿਆ ਤਾਂ ਮੈਂ ਤੁਹਾਨੂੰ ਲੰਮੇ ਪਾ ਲੈਣਾ ਏਂ।Ḕ ਫਿਰ ਤੁਹਾਡਾ ਨਾਂ ਲਿਆ ਉਨ੍ਹਾਂ ਨੇ!”
ਹੁਣ ਮੈਨੂੰ ਆਪਣੀ ਅਤੇ ਬੂਟੇ ਦੀ ਗ੍ਰਿਫ਼ਤਾਰੀ ਦਾ ਸਾਂਝਾ ਸੂਤਰ ਨਜ਼ਰ ਆਇਆ। ਨਕਸਲੀ ਲਹਿਰ ਸਮੇਂ ਪਿੰਡ ਦੇ ਉਸ ਵੇਲੇ ਦੇ Ḕਤੇਜ਼ ਤਰਾਰḔ ਇੱਕ ਹਿੰਦੂ ਸੱਜਣ ਦਾ ਛੋਟਾ ਭਰਾ ਵੀ ਮੇਰੇ ਪ੍ਰਭਾਵ ਅਧੀਨ ਸਾਡੀਆਂ ਮੀਟਿੰਗਾਂ ਵਿਚ ਆਇਆ ਕਰਦਾ ਸੀ। ਮੇਰੇ ਲਹਿਰ ਤੋਂ ਪਾਸਾ ਵੱਟ ਲੈਣ ਕਰ ਕੇ ਇਹੋ ਜਿਹੇ ਸਾਰੇ ਸੰਗੀ ਸਾਥੀ ਆਪੋ ਆਪਣੇ ਕੰਮਾਂ ਕਾਰਾਂ ਵਿਚ ਰੁੱਝ ਗਏ ਸਨ। ਹੁਣ ਜਦੋਂ ਸਾਰੇ ਹਿੰਦੂ ਆਪਸ ਵਿਚ ਬੈਠ ਕੇ Ḕਪਿੰਡ ਦੇ ਸ਼ੱਕੀ ਬੰਦਿਆਂ ਦੀ ਸੂਚੀḔ ਬਣਾਉਂਦੇ ਹੋਣਗੇ ਤਾਂ ਹੋ ਸਕਦਾ ਹੈ ਕਿ ਉਸ Ḕਤੇਜ਼ ਤਰਾਰḔ ਬੰਦੇ ਜਾਂ ਉਸ ਦੇ ਭਰਾ ਜਾਂ ਕਿਸੇ ਹੋਰ ਨੇ ਸਾਡਾ ਨਾਂ ਵੀ ਲਿਆ ਹੋਵੇ! ਪੁਰਾਣੇ ਨਕਸਲੀਆਂ ਵਿਚੋਂ ਕਈ Ḕਇਸ ਪਾਸੇḔ ਤੁਰੇ ਵੀ ਤਾਂ ਹੋਏ ਸਨ ਅਤੇ ਖ਼ਬਰਾਂ ਰੱਖਣ ਵਾਲਿਆਂ ਨੂੰ ਇਸ ਹਕੀਕਤ ਦਾ ਪਤਾ ਵੀ ਸੀ। ਅਸੀਂ ਵੀ ਤਾਂ Ḕਇੱਧਰ ਤੁਰਨ ਵਾਲਿਆਂḔ ਵਿਚ ਗਿਣੇ ਜਾ ਸਕਦੇ ਸਾਂ! ਇਸ ਲਈ ਹੋ ਸਕਦਾ ਹੈ ਕਿ ਐਸ਼ਐਸ਼ਪੀæ ਦੇ ਜ਼ੋਰ ਦੇਣ ਉਤੇ Ḕਤੇਜ਼ ਤਰਾਰḔ ਆਗੂ ਨੇ ਹੀ ਆਪਣੇ ਬਚਾਓ ਲਈ ਜਾਂ Ḕਸੱਚੇ ਸ਼ੱਕḔ ਕਰ ਕੇ ਹੀ ਸਾਡਾ ਨਾਂ ਲੈ ਦਿੱਤਾ ਹੋਵੇ! ਬੂਟਾ ਤਾਂ ਇਹ ਗੱਲ ਵਾਰ ਵਾਰ ਆਖ ਹੀ ਰਿਹਾ ਸੀ।
ਇਸੇ ਸਮੇਂ ਥਾਣੇਦਾਰ ਦੇ ਮੇਜ਼ ‘ਤੇ ਪਏ ਟੈਲੀਫ਼ੋਨ ਦੀ ਘੰਟੀ ਖੜਕੀ।
“ਜੀ ਸਰ! ਰਾਤੀਂ ਉਸੇ ਵੇਲੇ, ਤੁਹਾਡਾ ਹੁਕਮ ਮਿਲਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਹਾਂ ਜੀ, ਬਹੁਤ ਸਖ਼ਤ ਇੰਟੈਰੋਗੇਸ਼ਨ ਹੋ ਰਹੀ ਏ ਜੀ। ਠੀਕ ਏ ਜੀ, ਲੈ ਜਾਂਦੇ ਆਂ ਸਰ। ਜ਼ਰੂਰ ਕੱਢਾਂਗਾ ਜੀ। ਜੀ ਸਰ! ਹਾਂ ਜੀ! ਬਿਲਕੁਲ ਜੀ। ਆਏ ਨੇ ਜੀ ਬੜੇ। ਜੀ ਸਰ। ਛੇਤੀ ਰਿਪੋਰਟ ਕਰਦਾਂ ਜੀ।”
ਟੈਲੀਫ਼ੋਨ ਦਾ ਚੋਂਗਾ ਰੱਖਦਿਆਂ ਹੀ ਥਾਣੇਦਾਰ ਕਹਿੰਦਾ, “ਐਸ਼ਐਸ਼ਪੀæ ਦਾ ਫ਼ੋਨ ਸੀ। ਕਹਿਣ ਡਿਹਾ, Ḕਇਹਨੂੰ ਬਾਡਰ ਵੱਲ ਲੈ ਜਾਓ, ਪੁੱਛ-ਗਿੱਛ ਦੇ ਬਹਾਨੇ। ਇਹ ਵਾਰਦਾਤ ḔਇਹਦੇḔ ਵਿਚੋਂ ਕੱਢਣੀ ਏਂ।Ḕ ਕਿੱਥੇ ਲੈ ਜਾਵਾਂ ਹੁਣ ਮੈਂ ਤੁਹਾਨੂੰ! ਭੈਣ ਦਾ ਯਾਰ ਨਾ ਹੋਵੇ ਤਾਂ!”
ਉਸ ਨੇ ਐਸ਼ਐਸ਼ਪੀæ ਨੂੰ ਗਾਲ੍ਹ ਕੱਢੀ। ਮੇਰੇ ਲਈ ਇਹ ਡਾਢੀ ਹੈਰਾਨੀ ਵਾਲੀ ਗੱਲ ਸੀ। ਉਹ ਐਸ਼ਐਸ਼ਪੀæ ਦਾ ਨੌਕਰ ਸੀ ਜਾਂ ਮੇਰਾ ਕੋਈ ਸੱਜਣ-ਸਹਿਯੋਗੀ! ਉਹ ਮੇਰਾ ਹੀ ਸੱਜਣ ਸਹਿਯੋਗੀ ਸੀ।
“ਵੇਖੋ ਜੀ, ਜੇ ਸਿਰਫ਼ ḔਸਿੱਖḔ ਹੋਣ ਕਰ ਕੇ ḔਇਹḔ ਸਾਡੇ ਨਾਲ ਇਸ ਤਰ੍ਹਾਂ ਬਦਸਲੂਕੀ ਕਰਦੇ ਨੇ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਆਪਣੇ ਨਿਰਦੋਸ਼ Ḕਸਿੱਖ ਭਰਾਵਾਂḔ ਨੂੰ ਅਸੀਂ ਵੀ ਨਜਾਇਜ਼ ਤੰਗ ਨਾ ਕਰੀਏ। ਦਿੱਲੀ ਵਿਚ ਭੈਣ ਚੋਦਾਂ ਨੇ ਸਾਡੇ ਭਰਾਵਾਂ ਦਾ ਕਿਵੇਂ ਕਤਲੇਆਮ ਕੀਤਾ! ਹੁਣ ਇਹ ਕਹਿੰਦਾ; ਏਧਰ ਅਸੀਂ ਆਪਣੇ ਨਿਰਦੋਸ਼ ਭਰਾਵਾਂ ਨੂੰ ਮਾਰੀ ਜਾਈਏ। ਸਾਥੋਂ ਤਾਂ ਨਹੀਂ ਹੁੰਦੀ ਜੀ ਇਹ ਗਊ ਹੱਤਿਆ!” ਉਸ ਨੇ ਇੱਕ ਤਰ੍ਹਾਂ ਆਪਣਾ ਦੁਖ਼ੀ ਦਿਲ ਮੇਰੇ ਨਾਲ ਸਾਂਝਾ ਕੀਤਾ।
ਇੰਦਰਾ ਗਾਂਧੀ ਦੇ ਕਤਲ ਤੋਂ ਪਿਛੋਂ ਸਿੱਖਾਂ ਦੇ ਹੋਏ ਕਤਲੇਆਮ ਨੂੰ ਅਜੇ ਹਫ਼ਤਾ ਵੀ ਨਹੀਂ ਸੀ ਗੁਜ਼ਰਿਆ। ਇਸ ਦੀ ਕਸਕ ਅਜੇ ਉਸ ਦੇ ਅੰਦਰ ਰੜਕ ਰਹੀ ਸੀ। ਉਸ ਅੰਦਰਲੇ ਪੁਲਸੀਏ ਉਤੇ ਉਸ ਅੰਦਰਲਾ ḔਸਿੱਖḔ ਅਤੇ ḔਮਨੁੱਖḔ ਭਾਰੂ ਹੋ ਗਿਆ ਸੀ।
ਉਂਜ ਪਿਛੋਂ Ḕਇਹੋ ਜਿਹੇḔ ਕੇਸਾਂ ਵਿਚ ਪੁਲਸੀਆਂ ਨੇ ਜਾਂ ਤਾਂ ਬੰਦਾ ਛੱਡਣ ਲਈ ਲੱਖਾਂ ਰੁਪਏ ḔਵੱਟੇḔ ਸਨ ਜਾਂ ਉਨ੍ਹਾਂ ਨੂੰ ਬੇਨਾਮ ਅਤੇ ਲਾਵਾਰਿਸ ਲਾਸ਼ਾਂ ਬਣਾ ਦਿੱਤਾ ਸੀ।
“ਵੇਖੋ ਸੰਧੂ ਸਾਹਬ! ਮੈਨੂੰ ਤੁਹਾਡੀ ਸਾਰੀ ਹਕੀਕਤ ਮਾਲੂਮ ਐ। ਤੁਸੀਂ ਬੜੇ ਇੱਜ਼ਤਦਾਰ ਸੱਜਣ ਓ। ਮੈਂ ਤੁਹਾਨੂੰ ਫੁੱਲ ਵੀ ਨਹੀਂ ਲੱਗਣ ਦਿੰਦਾ, ਇਹ ਮੇਰਾ ਵਾਅਦਾ ਰਿਹਾ, ਪਰ ਤੁਹਾਨੂੰ ਵੀ ਮੇਰਾ ਸਾਥ ਦੇਣਾ ਪਊ। ਇੱਕ ਤਾਂ ਆਪਾਂ ਦੋਵਾਂ ਵਿਚ ਹੋਈ ਗੱਲਬਾਤ ਦਾ ਕਿਸੇ ਕੋਲ ਧੂੰ ਨਹੀਂ ਕੱਢਣਾ। ਦੂਜਾ; ਆਪਣੀ ਆਹ ਪੱਗ ਢਾਹ ਕੇ, ਵਲ੍ਹੇਟ ਮਾਰ ਕੇ ਬੰਨ੍ਹ ਲੌ। ਵੇਖਣ ਵਾਲੇ ਨੂੰ ਜਾਪੇ ਕਿ ਖ਼ੂਬ ਕੁੱਟ-ਮਾਰ ਹੋਈ ਹੈ! ਤੀਜਾ; ਰਹੋ ਹਵਾਲਾਤ ਦੇ ਅੰਦਰ ਹੀ। ਸਾਡੇ ਕਈ ਬੰਦੇ ਵੀ ਕਮਲ਼ ਕੁਦਾਉਂਦੇ ਨੇ, ਅਖੇ: ਤੁਹਾਨੂੰ ਬਾਹਰ ਉਨ੍ਹਾਂ ਦੇ ਕਮਰਿਆਂ ਵਿਚ ਕੁਰਸੀਆਂ ‘ਤੇ ਬਿਠਾਈਏ! ਇੰਜ ਕਰ ਕੇ ਇਹ ਤੁਹਾਡਾ ਭਲਾ ਨਹੀਂ ਕਰਨਗੇ। ਉਸ ḔਕੰਜਰḔ ਦਾ ਕੀ ਪਤਾ ਹੁਣੇ ਆ ਜਾਵੇ, ਚੈਕ ਕਰਨ। ਤੁਸੀਂ ਹਵਾਲਾਤ ਵਿਚ ਹੋਵੋਗੇ ਤਾਂ ਤੁਹਾਡਾ ਵੀ ਤੇ ਸਾਡਾ ਵੀ ਭਲਾ! ਮੈਂ ਦੋ-ਤਿੰਨ ਦਿਨ ਦੀ ਤਫ਼ਤੀਸ਼ ਪਾਉਣ ਪਿਛੋਂ ਹੀ ਉਹਨੂੰ ḔਮਨਾਉਣḔ ਦੀ ਕੋਸ਼ਿਸ਼ ਕਰੂੰ।”
ਉਸ ਦੀ ਗੱਲ ਸੱਚੀ ਸੀ। ਮੈਂ ਹਵਾਲਾਤ ਵਿਚ ਵੜਦਿਆਂ ਆਪਣੀ ਪੱਗ ਲਾਹ ਕੇ ਉਲਟੇ ਸਿੱਧੇ ਵਲ਼ ਮਾਰ ਲਏ। ਕਿਰਪਾਲ ਹੁਰਾਂ ਕਾਰਨ ਪੁੱਛਿਆ ਤਾਂ ਮੈਂ ਮੁਸਕਰਾ ਕੇ ਬਹਾਨਾ ਮਾਰਿਆ, “ਰਹਿਣਾਂ ਹਵਾਲਾਤਾਂ ਵਿਚ ਤੇ ਪੱਗਾਂ ਪੋਚ ਕੇ ਬੰਨ੍ਹਣੀਆਂ! ਇਨ੍ਹਾਂ ਦਾ ਹੈ ਕੋਈ ਆਪਸ ਵਿਚ ਤਾਲ-ਮੇਲ!”
ਉਨ੍ਹਾਂ ਦੀ ਬਹੁਤੀ ਦਿਲਚਸਪੀ ਮੇਰੇ ਅਤੇ ਥਾਣੇਦਾਰ ਦਰਮਿਆਨ ਹੋਈ ਗੱਲਬਾਤ ਨੂੰ ਜਾਣਨ ਦੀ ਸੀ। ਮੈਂ ਦੱਸਿਆ, ਉਸ ਨੇ ਮੇਰੇ ਕੋਲੋਂ ਉਸ ਰਾਤ ਹੋਈ-ਵਾਪਰੀ ਘਟਨਾ ਬਾਰੇ ਜਾਣਕਾਰੀ ਲਈ ਹੈ ਅਤੇ ਮੈਂ ਉਹਨੂੰ ਆਪਣੇ ਨਿਰਦੋਸ਼ ਹੋਣ ਬਾਰੇ ਆਖਿਆ ਹੈ। ਗੱਲ ਉਨ੍ਹਾਂ ਦੇ ਮੰਨਣ ਵਾਲੀ ਸੀ।
ਹੌਲੀ ਹੌਲੀ ਸਾਡੇ ਪਿੰਡ ਦੇ ਹੋਰ ਬੰਦੇ ਵੀ ਪੁਲਿਸ ਨੇ ਫੜ ਲਿਆਂਦੇ। ਸ਼ਰੀਫ਼ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿਚ ਰੁੱਝੇ ਰਹਿਣ ਵਾਲੇ ਵੀ। ਪਤਾ ਲੱਗਾ, ਪਿੰਡ ਦਾ ਮੌਜੂਦਾ ਸਰਪੰਚ ḔਲੁਕḔ ਗਿਆ ਸੀ, ਇੱਕ ਸਾਬਕਾ ਸਰਪੰਚ ਨੂੰ ਵੀ ਪੁਲਿਸ ਲੱਭਦੀ ਫਿਰਦੀ ਸੀ।
ਇਹ ਫੜ-ਫੜਾਈ ਚੱਲਦੀ ਰਹੀ। ਮੇਰੀ ਗ੍ਰਿਫ਼ਤਾਰੀ ਦੀ ਖ਼ਬਰ ਅਖ਼ਬਾਰਾਂ ਵਿਚ ਛਪ ਚੁੱਕੀ ਸੀ। ਹਰ ਰੋਜ਼ ਹੀ ਮੇਰੇ ਸਨੇਹੀ ਵੱਡੀ ਗਿਣਤੀ ਵਿਚ ਮੈਨੂੰ ਮਿਲਣ ਆਉਂਦੇ ਰਹੇ। ਸਭ ਦੇ ਚਿਹਰਿਆਂ ਉਤੇ ਸਹਿਮ ਦਾ ਡੂੰਘਾ ਪਰਛਾਵਾਂ ਹੁੰਦਾ। ਪਤਾ ਨਹੀਂ ਹੁਣ ਕੀ ਹੋਵੇਗਾ! ਮੈਨੂੰ ਲੋਕਾਂ ਦੀ ਆਖੀ ਇਹ ਗੱਲ ਵੀ ਭਾਵੇਂ ਵਾਰ ਵਾਰ ਯਾਦ ਆ ਰਹੀ ਸੀ ਕਿ ਪੁਲਸੀਏ ਕਿਸੇ ਦੇ ਮਿੱਤ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਕਹੀ ਗੱਲ ਉਤੇ ਤਾਂ ਉਨ੍ਹਾਂ ਦੇ ਸਕੇ ਪਿਓ ਨੂੰ ਵੀ ਯਕੀਨ ਨਹੀਂ ਕਰਨਾ ਚਾਹੀਦਾ, ਤਾਂ ਵੀ ਮੈਨੂੰ ਥਾਣੇਦਾਰ ਦੇ ਬੋਲਾਂ ਉਤੇ ਇਤਬਾਰ ਜਿਹਾ ਸੀ। ਅੰਦਰੋਂ ਕੁਝ ਹੱਦ ਤਕ ਚਿੰਤਾ ਮੁਕਤ ਵੀ ਸਾਂ, ਪਰ ਫ਼ਿਕਰਮੰਦ ਵੀ ਸਾਂ। ਥਾਣੇਦਾਰ ਨੇ ਵੀ ਤਾਂ ਐਸ਼ਐਸ਼ਪੀæ ਨੂੰ Ḕਮਨਾਉਣ ਦੀ ਕੋਸ਼ਿਸ਼ ਕਰਨḔ ਬਾਰੇ ਹੀ ਆਖਿਆ ਸੀ! ਇਸ ਗੱਲ ਦੀ ਕੀ ਗਾਰੰਟੀ ਸੀ ਕਿ ਉਸ ਦੀ Ḕਕੋਸ਼ਿਸ਼Ḕ ਕਾਮਯਾਬ ਹੋ ਹੀ ਜਾਵੇਗੀ! ਮੇਰੇ ਸਾਥੀ ਹਵਾਲਾਤੀ ਬੜੇ ਘਬਰਾਏ ਹੋਏ ਸਨ। ਮੈਂ ਕਹਿੰਦਾ, “ਉਏ! ਆਪਾਂ ਇੰਨੇ ਬੰਦਿਆਂ ਨੂੰ ਇਹ ਫ਼ਾਹੇ ਨਹੀਂ ਲਾਉਣ ਲੱਗੇ! ਕੀ ਪਿੰਡ ਦੇ ਸਾਰੇ ਅਸਰ ਰਸੂਖ ਵਾਲੇ ਬੰਦੇ ਹੀ ਕਾਤਲ ਨੇ! ਇਨ੍ਹਾਂ ਨੂੰ, ਆਪਾਂ ਨੂੰ ਛੱਡਣਾ ਈ ਪੈਣਾਂ ਏਂ। ਜੇ ਕਤਲ ਪਾਉਣਾ ਹੁੰਦਾ ਤਾਂ ਇੱਕ-ਦੋ ਬੰਦਿਆਂ ‘ਤੇ ਪਾਉਂਦੇ। ਸਾਰੇ ਪਿੰਡ ‘ਤੇ ਤਾਂ ਨਹੀਂ ਪਾ ਸਕਦੇ!”
ਮੇਰੀ ਗੱਲ ਉਨ੍ਹਾਂ ਨੂੰ ਠੀਕ ਵੀ ਲੱਗਦੀ ਸੀ, ਪਰ ਧਰਵਾਸ ਨਹੀਂ ਸੀ ਹੁੰਦਾ!
ਹਵਾਲਾਤ ਵਿਚ ਤੀਸਰਾ ਦਿਨ ਸੀ। ਲਗਭਗ ਅੱਧੀ ਰਾਤ ਨੂੰ ਥਾਣੇਦਾਰ ਨੇ ਸਾਡੀ ਹਵਾਲਾਤ ਕੋਲ ਆ ਕੇ ਆਵਾਜ਼ ਦਿੱਤੀ, “ਸੰਧੂ ਸਾਹਬ, ਵਧਾਈ ਹੋਵੇ। ਤੁਹਾਡੀ ਰਿਹਾਈ ਦੇ ਹੁਕਮ ਆ ਗਏ ਨੇ।”
ਉਸ ਨੇ ਸਵੇਰੇ ਹੀ Ḕਬਸਤਾ ਬਣਾ ਕੇḔ ਐਸ਼ਐਸ਼ਪੀæ ਨੂੰ ਭੇਜਿਆ ਸੀ ਜਿਸ ਵਿਚ ਦੱਸਿਆ ਸੀ ਕਿ Ḕਭਾਰੀ ਪੁੱਛ-ਗਿੱਛḔ ਤੋਂ ਪਿਛੋਂ ਮੇਰਾ ਕਿਸੇ ਪ੍ਰਕਾਰ ਦਾ ਕੋਈ ਸਬੰਧ ਇਸ ਵਾਰਦਾਤ ਨਾਲ ਨਹੀਂ ਜੁੜਦਾ। ਹੁਣੇ ਹੀ ਐਸ਼ਐਸ਼ਪੀæ ਦਾ ਫ਼ੋਨ ਆਇਆ ਸੀ ਅਤੇ ਉਸ ਨੇ ਮੈਨੂੰ ਛੱਡ ਦੇਣ ਅਤੇ ਦੂਜਿਆਂ ਤੋਂ ਸਖ਼ਤ ਪੁੱਛ-ਗਿੱਛ ਦੇ ਹੁਕਮ ਟੈਲੀਫ਼ੋਨ ਉਤੇ ਹੀ ਦਿੱਤੇ ਸਨ। ਕਿਰਪਾਲ ਦੀ ਰਿਹਾਈ ਵੀ ਮੇਰੇ ਨਾਲ ਹੀ ਹੋਣੀ ਸੀ।
“ਹੁਣ ਤੁਸੀਂ ਵੇਖ ਲਵੋ, ਹੁਣੇ ਈ ਘਰ ਜਾਣਾ ਚਾਹੁੰਦੇ ਜੇ ਕਿ ਸਵੇਰੇ? ਮੈਂ ਤੁਹਾਨੂੰ ਆਪਣੀ ਥਾਣੇ ਦੀ ਗੱਡੀ ‘ਤੇ ਭਿਜਵਾ ਦਿੰਦਾ, ਪਰ ਐਸ ਵੇਲੇ ਸਾਡੇ ਬੰਦੇ ḔਟੁੰਨḔ ਹੋ ਕੇ ਪਏ ਨੇ। ਜੇ ਤੁਸੀਂ ਆਪ ਕੋਈ ਪ੍ਰਬੰਧ ਕਰ ਸਕਦੇ ਓ ਤਾਂ ਤੁਹਾਡੀ ਮਰਜ਼ੀ! ਮੇਰੇ ਵੱਲੋਂ ਤੁਹਾਨੂੰ ਛੁੱਟੀ! ਉਂਜ ਅੱਜ ਕੱਲ੍ਹ ਰਾਤ ਨੂੰ ਬਾਹਰ ਨਿਕਲਣਾ ਠੀਕ ਵੀ ਨਹੀਂ। ਸਵੇਰੇ ਵੇਲੇ ਸਿਰ ਤੁਰ ਜਾਇਓ।” ਥਾਣੇਦਾਰ ਨੇ ਸੁਝਾਅ ਦਿੱਤਾ।
ਮੈਂ ਤਾਂ ਅਜੇ ਉਧੇੜ-ਬੁਣ ਵਿਚ ਹੀ ਸਾਂ ਕਿ ਕਿਰਪਾਲ ਕਹਿੰਦਾ, “ਤੁਸੀਂ ਸਾਨੂੰ ਬਾਹਰ ਕੱਢੋ ਜੀ! ਅਸੀਂ ਭਾਵੇਂ ਤੁਰ ਕੇ ਪਿੰਡ ਨਾ ਜਾਈਏ, ਜਾਣਾ ਜ਼ਰੂਰ ਹੈ।”
ਪਿੱਛੇ ਰਹਿ ਗਏ ਸਾਥੀਆਂ ਨੂੰ ਹੌਸਲਾ ਰੱਖਣ ਲਈ ਕਹਿ ਕੇ ਅਤੇ ਉਨ੍ਹਾਂ ਦੇ ਬਚਾਓ ਲਈ ਸਾਰਾ ਤਾਣ ਲਾ ਦੇਣ ਦਾ ਵਿਸ਼ਵਾਸ ਦਿਵਾ ਕੇ, ਉਨ੍ਹਾਂ ਨੂੰ ਫ਼ਤਿਹ ਬੁਲਾ ਅਸੀਂ ਹਵਾਲਾਤ ਵਿਚੋਂ ਬਾਹਰ ਆ ਗਏ। ਅਸੀਂ ਕਿਸੇ ਜਾਣਕਾਰ ਕੋਲੋਂ ਭਿੱਖੀਵਿੰਡ ਅੱਡੇ ਵਿਚੋਂ ਸਕੂਟਰ ਫੜਨ ਦੀ ਸਲਾਹ ਬਣਾਈ। ਥਾਣੇਦਾਰ ਸਾਡੇ ਨਾਲ ਬਾਹਰ ਆਇਆ ਅਤੇ ਕਹਿਣ ਲੱਗਾ, “ਮੈਂ ਇਥੇ ਬਾਹਰ ਖਲੋ ਕੇ ਤੁਹਾਨੂੰ ਉਡੀਕਦਾਂ। ਜੇ ਤੁਹਾਡਾ ਬੰਦੋਬਸਤ ਨਾ ਹੋਇਆ ਤਾਂ ਭਾਵੇਂ ਮੈਨੂੰ ਆਪ ਨਾ ਤੁਹਾਨੂੰ ਛੱਡ ਕੇ ਆਉਣਾ ਪਵੇ!”
ਅਸੀਂ ਆਪਣੇ ਜਾਣਕਾਰ ਆੜ੍ਹਤੀਏ ਦੇ ਘਰ ਗਏ। ਉਸ ਕੋਲੋਂ ਸਕੂਟਰ ਲਿਆ। ਸਾਰਾ ਹਾਲ-ਹਵਾਲ ਦੱਸਦਿਆਂ ਅਤੇ ਉਸ ਵੱਲੋਂ ਘਰਦਿਆਂ ਨੂੰ ਜਗਾ ਕੇ ਉਚੇਚ ਨਾਲ ਬਣਵਾਈ ਚਾਹ ਪੀਂਦਿਆਂ ਸਾਨੂੰ ਅੱਧੇ ਕੁ ਘੰਟੇ ਦਾ ਸਮਾਂ ਲੱਗ ਗਿਆ। ਜਦੋਂ ਅਸੀਂ ਥਾਣੇ ਕੋਲ ਪਹੁੰਚੇ ਤਾਂ ਵੇਖਿਆ; ਬਾਹਰ ਖਲੋਤਾ ਥਾਣੇਦਾਰ ਸਾਨੂੰ ਉਡੀਕ ਰਿਹਾ ਸੀ। ਅਸੀਂ ਰੁਕ ਕੇ ਇਸ ਖ਼ੇਚਲ ਲਈ, ਉਸ ਵੱਲੋਂ ਕੀਤੀ ਸਾਡੀ ਸਮੁੱਚੀ ਮਦਦ ਲਈ ਅਤੇ ਉਸ ਦੇ ਮਿਹਰਬਾਨ ਰਵੱਈਏ ਲਈ ਪ੍ਰਸੰæਸਾ ਕੀਤੀ ਅਤੇ ਧੰਨਵਾਦ ਦੇ ਲਫ਼ਜ਼ ਆਖੇ।
ਹੁਣ ਤਕ ਹੋਈਆਂ ਮੇਰੀਆਂ ਗ੍ਰਿਫ਼ਤਾਰੀਆਂ ਦੇ ਸਿਲਸਿਲੇ ਵਿਚ ਮੈਨੂੰ ਮਿਲੇ ਸਾਰੇ ਪੁਲਸੀਆਂ ਵਿਚੋਂ ਉਹ ਮੈਨੂੰ ਸਭ ਤੋਂ ਨੇਕ ਅਤੇ ਖ਼ੂਬਸੂਰਤ ਇਨਸਾਨ ਲੱਗਾ। ਉਸ ਨੇ ਸਾਬਤ ਕੀਤਾ ਕਿ ਪੁਲਿਸ ਵਿਚ ਸਾਰੇ ḔਕਸਾਈḔ ਹੀ ਨਹੀਂ ਹੁੰਦੇ, ḔਇਨਸਾਨḔ ਵੀ ਹੁੰਦੇ ਹਨ। ਅੱਜ ਵੀ ਉਹ ਜਿੱਥੇ ਹੋਵੇ, ਮੇਰੀ ਉਹਨੂੰ ਸਲਾਮ ਹੈ!
ਤੁਰੇ ਜਾਂਦਿਆਂ ਮੇਰੇ ਮੂੰਹੋਂ ਥਾਣੇਦਾਰ ਲਈ ਆਪ-ਮੁਹਾਰੇ ਬੋਲ ਨਿਕਲੇ, “ਜਿਉਂਦਾ ਰਹੁ ਉਏ, ਗੁਰੂ ਦੇ ਸੱਚੇ ਸਿੱਖਾ!”
ਪਰ ਇਹ ਆਪਣੇ ਪਿੰਡ ਦੇ ḔਹਿੰਦੂਆਂḔ ਨੇ ਕੀ ਕੀਤਾ ਸੀ! ਉਨ੍ਹਾਂ ਨੂੰ ਮੇਰੇ ਨਾਲ ਇੰਜ ਤਾਂ ਨਹੀਂ ਸੀ ਕਰਨਾ ਚਾਹੀਦਾ! ਕੀ ਲਾਲ-ਗੋਪਾਲ ਚੰਦ ਹੁਰਾਂ ਦੇ ਪਰਿਵਾਰ ਵੀ ਮੇਰੇ ਬਾਰੇ ਇਹ ਕਹਿ ਸਕਦੇ ਨੇ! ਮੈਂ ਵੱਡੇ ਬਜ਼ੁਰਗ ਹਿੰਦੂਆਂ ਦੇ ਹੱਥਾਂ ਵਿਚ ਪਲਿਆ ਸਾਂ। ਉਨ੍ਹਾਂ ਦੇ ਮੇਰੇ ਹਮ-ਉਮਰ ਬੱਚਿਆਂ ਨਾਲ ਪੜ੍ਹ-ਖੇਡ ਕੇ ਜਵਾਨ ਹੋਇਆ ਸਾਂ। ਨਿੱਕੇ ਹੁੰਦਿਆਂ ਉਨ੍ਹਾਂ ਯਾਰਾਂ ਬੇਲੀਆਂ ਨਾਲ ਅਨੇਕਾਂ ਵਾਰੀ ਉਨ੍ਹਾਂ ਦੇ ਘਰ ਗਿਆ ਸਾਂ। ਉਨ੍ਹਾਂ ਦੀਆਂ ਮਾਂਵਾਂ ਨੇ ਆਪਣੇ ਪੁੱਤਾਂ ਵਾਂਗ ਨਾਲ ਬੈਠਾ ਕੇ ਮੈਨੂੰ ਅਨੇਕਾਂ ਵਾਰ ਰੋਟੀ ਖਵਾਈ ਸੀ। ਇਨ੍ਹਾਂ ਸਭਨਾਂ ਨਾਲ ਸਾਡੀ ਪੀੜ੍ਹੀਆਂ ਦੀ ਸਾਂਝ ਸੀ। ਮਰਨੇ-ਪਰਨੇ ਦੇ ਸਾਡੇ ਦੁਖ਼ ਸੁਖ ਸਾਂਝੇ ਸਨ! ਹੁਣ ਇਹ ਮੈਨੂੰ ਆਪਣਾ ḔਕਾਤਲḔ ਸਮਝਦੇ ਸਨ!
ਮੈਨੂੰ ਇਨਸਾਨੀਅਤ ਵਿਚੋਂ ਵਿਸ਼ਵਾਸ ਉਠਦਾ ਨਜ਼ਰ ਆਇਆ।
ਰਾਤ ਨੂੰ ਘਰ ਜਾ ਕੇ ਜਦੋਂ ਮੈਂ ਆਵਾਜ਼ ਦੇ ਕੇ ਘਰ ਦਾ ਦਰਵਾਜ਼ਾ ਖੁਲ੍ਹਵਾਇਆ ਤਾਂ ਮੈਨੂੰ ਇੰਜ ਅਚਨਚੇਤ ਆਇਆ ਵੇਖ ਕੇ ਮੇਰੀ ਪਤਨੀ ਅਤੇ ਮੇਰੇ ਬੱਚੇ ਜਿਸ ਚਾਅ ਨਾਲ ਮੈਨੂੰ ਲਿਪਟੇ, ਉਸ ਦਾ ਬਿਆਨ ਕੀਤੇ ਜਾਣ ਨਾਲੋਂ ਮਹਿਸੂਸੇ ਜਾਣ ਨਾਲ ਵੱਧ ਤਾਅਲੁਕ ਰੱਖਦਾ ਹੈ।
ਦਿਨ ਚੜ੍ਹਿਆ ਤਾਂ ਮੇਰੇ ਆ ਜਾਣ ਦਾ ਸੁਣ ਕੇ ਮੇਰੇ ਆਲੇ-ਦੁਆਲੇ ਰਹਿੰਦਾ ਹਿੰਦੂ ਭਾਈਚਾਰਾ ਮੇਰੇ ਘਰ ਆਣ ਇਕੱਠਾ ਹੋਇਆ। ਲਾਲ ਵੀ ਹੌਲੀ ਹੌਲੀ ਤੁਰਦਾ ਬਾਹਰਲਾ ਦਰਵਾਜ਼ਾ ਲੰਘ ਕੇ ਮੁਸਕਰਾਉਂਦਾ ਹੋਇਆ ਮੇਰੇ ਗਲੇ ਆਣ ਲੱਗਾ। ਉਸ ਨੇ ਕਿਸੇ ਨੂੰ ਕਿਹਾ, “ਸਾਰਿਆਂ ਨੂੰ ਦੱਸ ਦਿਓ, ਤਿਆਰ ਨਾ ਹੁੰਦੇ ਫਿਰਨ ਐਵੇਂ!”
ਮੈਂ ਸਵਾਲੀਆ ਨਜ਼ਰਾਂ ਨਾਲ ਪੁੱਛਿਆ ਤਾਂ ਜਵਾਬ ਮਿਲਿਆ, “ਇੱਕ ਅੱਧਾ ਦਿਨ ਤਾਂ ਅਸੀਂ ਉਡੀਕਦੇ ਰਹੇ ਕਿ ਛੱਡ ਦੇਣਗੇ ਤੁਹਾਨੂੰ। ਤੁਹਾਡਾ ਭਲਾ ਕਸੂਰ ਕੀ ਹੈ! ਪਰ ਕੱਲ੍ਹ, ਫਿਰ, ਅਸੀਂ ਸੋਚਿਆ ਕਿ ਹੁਣ ਤਾਂ ਐਸ਼ਐਸ਼ਪੀæ ਨੂੰ ਮਿਲਣਾ ਹੀ ਪਊ। ਉਹਨੂੰ ਜਾ ਕੇ ਆਖਣਾ ਏਂ ਕਿ ਜੇ ਬਚਾਉਣ ਵਾਲਿਆਂ ਨੂੰ ਹੀ ਕਾਤਲ ਆਖੋਗੇ ਤਾਂ!æææਅਸੀਂ ਅੰਬਰਸਰ ਜਾਣ ਲਈ ਰਾਤੀਂ ਟਰੱਕ ਕਰ ਲਿਆ ਸੀ। ਹੁਣ ਸਵੇਰੇ ਅੱਠ ਵਜੇ ਸਕੂਲ ਕੋਲੋਂ ਇਕੱਠੇ ਹੋ ਕੇ ਤੁਰਨ ਦਾ ਪ੍ਰੋਗਰਾਮ ਹੈ; ਵੀਹ ਪੰਝੀ ਬੰਦਿਆਂ ਦਾ; ਪਰ ਚੰਗਾ ਹੋ ਗਿਆ ਤੁਸੀਂ ਆ ਗਏ! ਭਗਵਾਨ ਦਾ ਲੱਖ ਲੱਖ ਸ਼ੁਕਰ ਹੈ!”
ਮੇਰਾ ਮਨ ਮਾਣ ਨਾਲ ਭਰ ਗਿਆ। ਮੇਰੇ ਲਈ ਟਰੱਕ ਕਰ ਕੇ ਮੇਰੇ ਪਿੱਛੇ ਜਾਣ ਵਾਲੇ ਇਹ ਮੇਰੇ Ḕਹਿੰਦੂ ਭਰਾḔ ਸਨ! ਮੇਰੇ ਆਲੇ-ਦੁਆਲੇ ਮੇਰੀ ਖ਼ੈਰ-ਸੁੱਖ ਪੁੱਛਣ ਆਏ ਬੈਠੇ ਇਹ ਮੇਰੇ Ḕਹਿੰਦੂ ਭਰਾḔ ਸਨ!
ਨਹੀਂ; ਇਹ ਮੇਰੇ Ḕਹਿੰਦੂ ਭਰਾḔ ਨਹੀਂ ਇਹ ਤਾਂ ਮੇਰੇ ḔਭਰਾḔ ਹੀ ਸਨ।
ਇਨਸਾਨੀਅਤ ਵਿਚ ਮੇਰਾ ਡੋਲਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ।
(ਸਮਾਪਤ)