ਟੁੱਟਦੇ ਤਾਰਿਆਂ ਦੀ ਚੀਖ

‘ਟੁੱਟਦੇ ਤਾਰਿਆਂ ਦੀ ਚੀਖ’ ਬੇਹੱਦ ਜਜ਼ਬਾਤੀ ਧਰਾਤਲ ਉਤੇ ਲਿਖੀ ਬਹੁਪਰਤੀ ਕਹਾਣੀ ਹੈ ਜੋ ਜ਼ਿੰਦਗੀ ਦੇ ਵਰਤਾਰੇ ਦੀਆਂ ਕਈ ਤੈਹਾਂ ਖੋਲ੍ਹਦੀ ਹੈ। ਇਕ ਪਾਸੇ ਸਹਿਣਸ਼ੀਲਤਾ ਦੀ ਮੂਰਤ ਉਸ ਔਰਤ ਦੀ ਗੱਲ ਹੈ ਜੋ ਆਪਣੇ ਪਤੀ, ਸੱਸ ਤੇ ਨਣਾਨਾਂ ਅਤੇ ਫਿਰ ਆਪਣੇ ਬੱਚਿਆਂ ਦੀਆਂ ਜਿਆਦਤੀਆਂ ਸਹਿੰਦੀ ਹੈ ਪਰ ਮੂੰਹੋਂ ਜ਼ਰਾ ਜਿੰਨਾ ਵੀ ਨਹੀਂ ਉਭਾਸਰਦੀ, ਦੂਜੇ ਪਾਸੇ ਪਰਾਏ ਦੇਸ਼, ਪਰਾਏ ਮਾਹੌਲ ਵਿਚ ਬੁਢੇ ਹੋਏ ਮਾਪਿਆਂ ਪ੍ਰਤੀ ਬੱਚਿਆਂ ਦੀ ਬੇਰੁਖੀ, ਇਸ ਬੇਗਾਨਗੀ ਵਿਚ ‘ਵੜ ਵੇ ਜੀਆ, ਨਿਕਲ ਵੇ ਜੀਆ’ ਦੀ ਮਾਨਸਿਕ ਸਥਿਤੀ ਦੀ ਵਾਰਤਾ ਹੈ।

ਕਹਾਣੀ ਦੇ ਮੁਖ ਪਾਤਰ ਕਿਸ਼ਨ ਸਿੰਘ ਨੂੰ ਰੰਜ ਹੈ ਕਿ ਉਹ ਦੂਜਿਆਂ ਲਈ ਜਿਊਂਦਾ ਰਿਹਾ ਹੈ, ਆਪਣੇ ਲਈ ਨਹੀਂ, ਤਾਂæææਗੱਲ ਕੀ ਇਹ ਕਹਾਣੀ ਜ਼ਿੰਦਗੀ ਦਾ ਵਡਆਕਾਰੀ ਚਿਤਰਣ ਹੈ। ਟੁੱਟਦੇ ਤਾਰਿਆਂ ਦੀ ਇਸ ਚੀਖ ਨੂੰ ਪਰਵੇਜ਼ ਸੰਧੂ ਨੇ ਬੜੀ ਖੂਬਸੂਰਤੀ ਨਾਲ ਕਲਮਬੱਧ ਕੀਤਾ ਹੈ-ਸੰਪਾਦਕ

ਪਰਵੇਜ਼ ਸੰਧੂ
ਘਰ ਦੇ ਅੰਦਰਲੀ ਰੌਣਕ ਤੱਕ ਕੇ ਕਿਸ਼ਨ ਸਿੰਘ ਨੂੰ ਘੁਟਣ ਜਿਹੀ ਮਹਿਸੂਸ ਹੋਈ। ਸ਼ਰਾਬ ਦੇ ਨਸ਼ੇ ਵਿਚ ਹੱਸਦੇ ਗੱਲਾਂ ਕਰਦੇ ਉਸ ਦੇ ਪੁੱਤਾਂ ਦੇ ਯਾਰ-ਦੋਸਤæææਸੰਗੀਤ ਦੀ ਧੁਨ ਉਪਰ ਨੱਚਦੇ-ਟੱਪਦੇ ਮੁੰਡੇ-ਕੁੜੀਆਂæææਕਿਸ਼ਨ ਸਿੰਘ ਦੇ ਅੰਦਰ ਜਿਵੇਂ ਗੁੱਸੇ ਦੀ ਇਕ ਜਵਾਲਾ ਜਿਹੀ ਮਘ ਰਹੀ ਸੀ। ਇਕ ਪਲ ਲਈ ਉਸ ਦਾ ਜੀਅ ਕੀਤਾ ਕਿ ਉਹ ਚੀਕ-ਚੀਕ ਕੇ ਕਹੇ, “ਐਹ ਕੀ ਕੰਜਰਖਾਨਾ ਲਾ ਰੱਖਿਆ।”
ਪਰ ਉਹ ਕਹਿ ਨਹੀਂ ਸਕਿਆ। ਬੁੱਲ੍ਹਾਂ ਦੇ ਅੰਦਰ ਹੀ ਬੁੜ-ਬੁੜ ਕਰਦਾ ਉਹ ਪਿਛਲੇ ਦਰਵਾਜ਼ੇ ਥਾਣੀਂ ਬਾਹਰ ਨਿਕਲ ਗਿਆ। ਜਾਂਦਿਆਂ-ਜਾਂਦਿਆਂ ਉਸ ਨੇ ਕਿਚਨ ਵਿਚ ਜੂਠੇ ਭਾਂਡਿਆਂ ਦੇ ਢੇਰ ਮੂਹਰੇ ਖੜੀ ਜੀਤੋ ਵਲ ਤੱਕਿਆæææਉਸ ਦੇ ਧੁਰ ਅੰਦਰੋਂ ਛਾਤੀ ਨੂੰ ਚੀਰਦਾ ਹੋਇਆ ਇਕ ਲੰਬਾ ਸਾਹ ਹੌਕੇ ਵਾਂਗ ਨਿਕਲ ਗਿਆ। ਘਰ ਦੇ ਪਿਛਲੇ ਪਾਸੇ ਦੁੱਧ ਚਿੱਟੀ ਚਾਨਣੀ ਵਿਚ ਉਸ ਨੇ ਦੂਰ ਤੱਕ ਵਿਛੇ ਹਰੇ ਘਾਹ ਵੱਲ ਦੇਖਿਆ।
ਸਭ ਕੁਝ ਖਾਮੋਸ਼, ਪਰ ਪਿਆਰਾæææਉਹ ਸੀਮੈਂਟ ਦੀਆਂ ਇੱਟਾਂ ਉਪਰ ਪੈਰ ਧਰਦਾ ਖੂੰਡੀ ਦੇ ਸਹਾਰੇ ਹੌਲੀ ਹੌਲੀ ਤੁਰਦਾ ਪੂਲ ਕੋਲ ਜਾ ਪਹੁੰਚਾ, ਪੂਲ ਦੇ ਆਸੇ-ਪਾਸੇ ਜਗਦੀਆਂ-ਬੁਝਦੀਆਂ ਜੁਗਨੂੰਆਂ ਵਰਗੀਆਂ ਬੱਤੀਆਂ ਨੇ ਪੂਲ ਦੇ ਦੁਆਲੇ ਦਾ ਮਾਹੌਲ ਕਿੰਨਾ ਸੋਹਣਾ ਬਣਾ ਦਿੱਤਾ ਸੀ। ਲਾਅਨ ਚੇਅਰ ‘ਤੇ ਬੈਠਦਿਆਂ ਉਸ ਨੇ ਮੁੜ ਕੇ ਘਰ ਵੱਲ ਗਹੁ ਨਾਲ ਦੇਖਿਆæææਨਵਾਂ ਬਣਿਆ ਮਹਿਲ ਵਰਗਾ, ਉਸ ਦੇ ਪੁਤਾਂ ਦਾ ਘਰæææਨਵੇਂ ਘਰ ਦੀ ਖੁਸ਼ੀ ਵਿਚ ਇਕੱਠੇ ਹੋਏ ਭੰਗੜੇ ਪਾਉਂਦੇ, ਸ਼ਰਾਬਾਂ ਪੀਂਦੇ ਉਸ ਦੇ ਪੁੱਤਾਂ ਦੇ ਯਾਰ ਬੇਲੀæææਚਮਕਦੇ-ਚਮਕਦੇ ਕੱਪੜਿਆਂ, ਗਹਿਣਿਆਂ ਨਾਲ ਲੱਦੀਆਂ ਉਸ ਦੀਆਂ ਨੂੰਹਾਂ ਤੇ ਉਨ੍ਹਾਂ ਦੀਆਂ ਸਹੇਲੀਆਂæææਤੇ ਉਸ ਰੌਣਕ ਵਿਚ ਗੁਆਚੀ ਹੋਈ ਬੇਗਾਨਿਆਂ ਵਾਂਗ ਤੁਰੀ ਫਿਰਦੀ ਉਸ ਦੀ ਘਰ ਵਾਲੀ ਜੀਤੋæææਇਕ ਪਲ ਉਸ ਨੂੰ ਗੁੱਸਾ ਆਇਆ, ਪਰ ਦੂਸਰੇ ਹੀ ਪਲ ਬੇਵਸ ਜਿਹਾ ਇਧਰ-ਉਧਰ ਦੇਖਣ ਲੱਗ ਪਿਆ। ਪਿਛਲੇ ਦਰਵਾਜ਼ੇ ਤੋਂ ਲੈ ਕੇ ਪੂਲ ਤੱਕ ਦਾ ਕੋਈ ਜ਼ਿਆਦਾ ਫਾਸਲਾ ਤੇ ਨਹੀਂ ਸੀ, ਪਰ ਫੇਰ ਵੀ ਉਸ ਨੂੰ ਜਾਪਿਆ ਜਿਵੇਂ ਫੁੱਲਾਂ, ਬੂਟਿਆਂ, ਘਾਹ ਤੇ ਇਸ ਨਿੱਘੀ-ਨਿੱਘੀ ਚਾਨਣੀ ਨੇ ਆਪਣੀ ਹੀ ਇਕ ਦੁਨੀਆਂ ਵਸਾ ਰੱਖੀ ਹੋਵੇ, ਲੋਕਾਂ ਦੇ ਰੌਲੇ-ਰੱਪੇ ਤੇ ਭੀੜ ਤੋਂ ਵੱਖਰਾ ਹੀ ਇਕ ਜਹਾਨ ਵਸਾ ਲਿਆ ਹੋਵੇæææਤੇ ਉਸ ਨੂੰ ਖਿਆਲ ਆਇਆæææਉਸ ਦੀ ਸਾਰੀ ਉਮਰ ਹੀ ਲੰਘ ਗਈæææਆਪਣੀ ਤਾਂ ਦੁਨੀਆਂ ਹੀ ਉਸ ਨੇ ਨਹੀਂ ਵਸਾਈæææਇਹ ਖਿਆਲ ਅਚਾਨਕ ਅੱਜ ਉਸ ਨੂੰ ਨਹੀਂ ਸੀ ਆਇਆ। ਪਿਛਲੇ ਕਈ ਮਹੀਨਿਆਂ ਤੋਂ ਜਿਵੇਂ ਉਸ ਦੀ ਬੁੱਢੀ ਹਿੱਕ ਵਿਚ ਦੋ ਅੱਖਾਂ ਉਗ ਆਈਆਂ ਸਨæææਸ਼ਾਇਦ ਇਕ ਨਿੱਕਾ ਜਿਹਾ ਦਿਲ ਵੀ ਪੁੰਗਰ ਪਿਆ ਸੀæææਤੇ ਕਦੀ ਕਦੀ ਉਸ ਨੂੰ ਇਉਂ ਵੀ ਮਹਿਸੂਸ ਹੁੰਦਾ ਜਿਵੇਂ ਸਾਬਤਾ ਸਬੂਤਾ ਇਕ ਨਵਾਂ ਜੰਮਿਆ ਕਿਸ਼ਨ ਸਿੰਘ ਉਸ ਦੀ ਹਿੱਕ ‘ਤੇ ਬੈਠਾ ਆਰੇ ਨਾਲ ਕੁਝ ਆਰ-ਪਾਰ ਚੀਰ ਰਿਹਾ ਹੋਵੇæææਤੇ ਉਸ ਦੀ ਹਿੱਕ ਵਿਚ ਉਗੀਆਂ ਅੱਖਾਂ ਕਿਸ਼ਨ ਸਿੰਘ ਨੂੰ ਅੰਦਰੋਂ ਅੰਦਰ ਪਲ ਪਲ ਚੀਰੇ ਜਾਂਦੇ ਨੂੰ ਤੇ ਮੁਕ-ਮੁਕ ਜਾਂਦੇ ਨੂੰ ਦੇਖਦੀਆਂæææਆਪਣੇ ਅੰਦਰ ਤਾਂ ਉਸ ਨੇ ਕਦੀ ਪਹਿਲਾਂ ਦੇਖਿਆ ਹੀ ਨਹੀਂ ਸੀ, ਸ਼ਾਇਦ ਇਸੇ ਲਈ ਉਹ ਆਪਣੇ ਲਈ ਕੋਈ ਦੁਨੀਆਂ ਨਹੀਂ ਵਸਾ ਸਕਿਆ ਸੀæææਸ਼ਾਇਦ ਇਸੇ ਲਈ ਉਸ ਦੇ ਆਪਣੇ ਹਿੱਸੇ ਤਾਂ ਕੁਝ ਪਲ ਹੀ ਆਏ ਸਨ। ਉਹ ਤੇ ਜਿਊਂਦਾ ਰਿਹਾ ਹੈ, ਮਾਂ-ਬਾਪ, ਭੈਣਾਂ, ਬੱਚਿਆਂ ਤੇ ਘਰ ਵਾਲੀ ਲਈæææਨਹੀਂ ਨਹੀਂ ਘਰ ਵਾਲੀ ਲਈ ਤਾਂ ਉਸ ਨੇ ਕੁਝ ਕੀਤਾ ਹੀ ਨਹੀਂ, ਉਸ ਵਿਚਾਰੀ ਦੇ ਹਿੱਸੇ ਤਾਂ ਕੁਝ ਪਲ ਵੀ ਨਹੀਂ ਆਏæææਉਸ ਗਰੀਬਣੀ ਨੇ ਤਾਂ ਉਮਰ ਭਰ ਸਾਹ ਵੀ ਆਪਣੀ ਮਰਜ਼ੀ ਨਾਲ ਨਹੀਂ ਲਏæææ। ਉਸ ਨੇ ਸੋਚਿਆ ਤੇ ਉਹ ਉਦਾਸ ਹੋ ਗਿਆ।
ਕਿਸ਼ਨ ਸਿੰਘ ਪੂਲ ਦੇ ਸਾਫ ਤੇ ਸ਼ਾਂਤ ਪਾਣੀ ਵਲ ਦੇਖਣ ਲੱਗ ਪਿਆ। ਨੀਲੇ ਸ਼ਾਂਤ ਪਾਣੀ ਦੀ ਹਿੱਕ ਉਪਰ ਝੁਕਿਆ ਅਸਮਾਨ ਤੇ ਚਮਕਦੇ ਤਾਰੇæææਜਿਵੇਂ ਅਸਮਾਨ ਦਾ ਨਿੱਕਾ ਜਿਹਾ ਟੁਕੜਾ ਤੇ ਇਸ ਟੁਕੜੇ ਵਿਚ ਜੜੇ ਚੰਨ ਤਾਰੇ, ਸਿਰਫ ਪਾਣੀ ਦੇ ਇਸ ਛੋਟੇ ਜਿਹੇ ਦਾਇਰੇ ਲਈ ਹੀ ਬਣੇ ਹੋਣæææਪਾਣੀ ਤੇ ਅਸਮਾਨ ਦਾ ਵੱਖਰਾ ਜਿਹਾ ਰਿਸ਼ਤਾæææਆਪਣੀ ਹੀ ਪਿਆਰੀ ਜਿਹੀ ਦੁਨੀਆਂæææਤੇ ਕਿਸ਼ਨ ਸਿੰਘ ਚੇਅਰ ‘ਤੇ ਟੇਢਾ ਜਿਹਾ ਹੋ ਕੇ ਅਸਮਾਨ ਵੱਲ ਦੇਖਣ ਲੱਗ ਪਿਆ। ਚੰਨ-ਤਾਰਿਆਂ ਨੂੰ ਵੇਖ ਕੇ ਉਸ ਨੂੰ ਜੀਤੋ ਦੀ ਗੱਲ ਯਾਦ ਆਈ।
“ਹੈਂ ਜੀ ਅਮਰੀਕਾ ਦਾ ਅੰਬਰ ਖਾਲੀ ਖਾਲੀ ਕਿਉਂ ਆ, ਆਪਣੇ ਪਿੰਡ ਆਲਾ ਤਾਂ ਤਾਰਿਆਂ ਨਾਲ ਭਰਿਆ ਪਿਆ ਹੁੰਦਾ ਸੀ।” ਜੀਤੋ ਦੀ ਇਸ ਝੱਲੀ ਜਿਹੀ ਗੱਲ ਉਪਰ ਉਸ ਨੂੰ ਹਾਸਾ ਵੀ ਆਇਆ, ਪਰ ਉਸ ਦਿਨ ਪਹਿਲੀ ਵਾਰ ਉਸ ਨੇ ਜੀਤੋ ਦੀਆਂ ਉਦਾਸ ਅੱਖਾਂ ਦੇਖੀਆਂ ਸਨæææਮੜ੍ਹੀਆਂ ਦੀ ਚੁੱਪ ਵਰਗੀ ਉਦਾਸੀæææਕਿਸੇ ਦੀ ਦੁਨੀਆਂ ਉਜੜ ਜਾਣ ਵਰਗੀ ਉਦਾਸੀæææਕਿਸ਼ਨ ਸਿੰਘ ਨੂੰ ਉਸ ਵੇਲੇ ਕੋਈ ਜਵਾਬ ਨਹੀਂ ਸੀ ਅਹੁੜਿਆ, ਪਰ ਉਸ ਨੂੰ ਆਪਣੇ ਬਚਪਨ ਦੀ ਯਾਦ ਜ਼ਰੂਰ ਆਈ ਸੀ, ਜਦੋਂ ਉਹ ਮਾਂ ਨੂੰ ਇਸੇ ਤਰ੍ਹਾਂ ਦੇ ਝੱਲ-ਵਲੱਲੇ ਸਵਾਲ ਵੀ ਕਰਿਆ ਕਰਦਾ ਸੀ।
“ਬੇਬੇ ਤਾਰੇ ਕਿਉਂ ਟੁੱਟਦੇ ਆ?”
“ਪੁੱਤਰ ਜਦੋਂ ਤਾਰੇ ਬਾਹਲੇ ਹੋ ਜਾਣ ਤਾਂ ਬੁੱਢੇ ਤਾਰਿਆਂ ਨੂੰ ਟੁੱਟਣਾ ਈ ਪੈਂਦੈæææਕਿਉਂਕਿ ਨਵੇਂ ਤਾਰਿਆਂ ਨੂੰ ਥਾਂ ਜੂ ਚਾਹੀਦੀ ਹੁੰਦੀ ਆ।” ਬੇਬੇ ਉਸ ਨੂੰ ਪਰਚਾਉਣ ਲਈ ਆਖਦੀ ਜਾਂ ਉਸ ਦੀ ਸੂਝ-ਬੂਝ ਹੀ ਐਨੀ ਕੁ ਸੀ।
“ਬੇਬੇ ਟੁੱਟਣ ਵਾਲੇ ਤਾਰਿਆਂ ਨੂੰ ਦੁੱਖ ਨ੍ਹੀਂ ਲੱਗਦਾæææਬੇਬੇ ਤਾਰੇ ਰੋਂਦੇ ਨ੍ਹੀਂ ਫੇ?”
ਉਹ ਹੈਰਾਨੀ ਨਾਲ ਪੁੱਛਦਾ।
“ਬੇਬੇ ਜੇ ਰੋਂਦੇ ਆ ਤਾਂ ਇਨ੍ਹਾਂ ਦੀਆਂ ਚੀਕਾਂ ਕਿਉਂ ਨ੍ਹੀਂ ਸੁਣੀਦੀਆਂ?”
“ਜੁਆਕਾਂ ਨੂੰ ਨ੍ਹੀਂ ਸੁਣਦੀਆਂ ਹੁੰਦੀਆਂæææਜਦ ਵੱਡਾ ਹੋ ਜਾਵੇਂਗਾ ਫੇਰ ਸੁਣਨਗੀਆਂ ਤੈਨੂੰæææਸੌਂ ਜਾ ਚੁੱਪ ਕਰਕੇ ਖਸਮਾਂ ਨੂੰ ਖਾਣਿਆਂ, ਮਾਂ ਨੂੰ ਮਸਾਂ ਈ ਮੰਜੀ ਜੁੜਦੀ ਆ ਤੇ ਪੁੱਤ ਗੱਲਾਂ ਕਰਦਾ ਤਾਰਿਆਂ ਦੀਆਂ, ਸੌਂ ਜਾਹ ਚੁੱਪ ਕਰਕੇ।”
ਬੇਬੇ ਤੋਂ ਡਰਦਾ ਉਹ ਚੁੱਪ ਕਰ ਜਾਂਦਾ ਤੇ ਟੁੱਟਦੇ ਤਾਰਿਆਂ ਨੂੰ ਗਿਣਦਾ ਪਤਾ ਨਹੀਂ ਕਿਹੜੇ ਵੇਲੇ ਸੌਂ ਜਾਂਦਾ। ਕਿਸ਼ਨ ਸਿੰਘ ਨੇ ਗਹੁ ਨਾਲ ਅਸਮਾਨ ਵੱਲ ਤੱਕਿਆ। ਇਕੋ ਅਸਮਾਨ ਵਿਚ ਵਸਦੇ ਤਾਰੇæææਪਰ ਦੂਰ-ਦੂਰ ਅਲੱਗ-ਅਲੱਗ਼ææਜਿਵੇਂ ਉਮਰ ਭਰ ਉਹ ਘਰ ਵਾਲੀ ਦੇ ਨਾਲ ਰਹਿੰਦਿਆਂ ਹੋਇਆਂ ਵੀ ਕਿੰਨੀ ਦੂਰ ਰਿਹਾ ਹੈ। ਲੱਖ ਕੋਸ਼ਿਸਾਂ ਬਾਅਦ ਵੀ ਉਸ ਨੂੰ ਯਾਦ ਨਾ ਆਉਂਦਾ ਕਿ ਉਹ ਕਿਹੜਾ ਵਰ੍ਹਾ ਜਾਂ ਦਿਨ ਸੀ, ਜਦੋਂ ਉਹ ਜੀਤੋ ਨੂੰ ਵਿਆਹੁਣ ਗਿਆ ਸੀ। ਏਨਾ ਜ਼ਰੂਰ ਯਾਦ ਸੀ ਕਿ ਉਦੋਂ ਕਣਕਾਂ ਦੀ ਵਾਢੀ ਮੁੱਕੀ ਸੀæææਸ਼ਾਇਦ ਉਹ ਸੋਲ੍ਹਾਂ-ਸਤਾਰਾਂ ਵਰ੍ਹਿਆਂ ਦਾ ਹੋਵੇ। ਪਹਿਲੀ ਵਾਰ ਉਸ ਨੂੰ ਨਵੇਂ ਨਕੋਰ ਵਧੀਆ ਕੱਪੜੇ, ਤਿੱਲੇ ਵਾਲੀ ਜੁੱਤੀ ਤੇ ਗੁਲਾਬੀ ਪੱਗ ਨਸੀਬ ਹੋਏ ਸਨ। ਕੁੜੀਆਂ ਵਾਂਗ ਸੰਗਦਾ-ਸੰਗਦਾ ਉਹ ਜੰਞ ਚੜ੍ਹਿਆ ਸੀ। ਉਨ੍ਹਾਂ ਦਿਨਾਂ ਬਾਰੇ ਜਦੋਂ ਵੀ ਉਹ ਸੋਚਦਾ ਤਾਂ ਉਸ ਨੂੰ ਲੱਗਦਾ ਉਹ ਹੀ ਦਿਨ ਚੰਗੇ ਸਨ ਤੇ ਹੁਣ ਤਾਂ ਜਿਵੇਂ ਕਲਜੁਗ ਹੀ ਆ ਗਿਆ ਹੋਵੇ। ਕਿੰਨੇ ਹੀ ਦਿਨ ਉਹ ਤੇ ਜੀਤੋ ਇਕ-ਦੂਜੇ ਨੂੰ ਬੁਲਾ ਵੀ ਨਹੀਂ ਸਕੇ ਸਨ, ਖਬਰੇ ਕਿੰਨੀ ਦੇਰ ਜੀਤੋ ਕਿਸ਼ਨ ਸਿੰਘ ਤੋਂ ਘੁੰਡ ਹੀ ਕੱਢਦੀ ਰਹੀ ਸੀ। ਜੀਤੋ ਦਾ ਚਿਹਰਾ ਯਾਦ ਕਰਦਿਆਂ ਉਸ ਦੇ ਸਾਹਮਣੇ ਕਦੇ ਨਵੀਂ ਵਹੁਟੀ ਦੀ ਤਸਵੀਰ ਨਹੀਂ ਬਣੀ ਸੀ। ਹਰ ਵਾਰ ਜਿੰਮੇਵਾਰੀਆਂ ਤੇ ਕੰਮ ਦੀ ਭੰਨੀ ਹੋਈ ਜੀਤੋ ਉਸ ਦੀਆਂ ਅੱਖਾਂ ਮੂਹਰੇ ਆ ਜਾਂਦੀ। ਬੇਬੇ ਦੀ ਬਿਮਾਰੀ ਤੇ ਉਸ ਦਾ ਚਿੜਚਿੜਾ ਸੁਭਾਅ, ਚਹੁੰ ਭੈਣਾਂ ਦੀ ਜਿੰਮੇਵਾਰੀæææਜ਼ਿੰਦਗੀ ਤਾਂ ਭੇਡ ਵਾਂਗ ਸਿਰ ਸੁੱਟ ਕੇ ਤੁਰੀ ਗਈ ਸੀ। ਘਰ ਦੀ ਗਰੀਬੀ ਤੋਂ ਤੰਗ ਆ ਕੇ ਬੇਬੇ-ਬਾਪੂ ਨਾਲ ਲੜਦਾ-ਝਗੜਦਾ ਕਿਸ਼ਨ ਸਿੰਘ ਲੰਬੜਾਂ ਦੇ ਫੌਜੀ ਚਾਚੇ ਨਾਲ ਫੌਜ ਵਿਚ ਭਰਤੀ ਹੋਣ ਚਲਿਆ ਗਿਆ ਸੀ। ਥੋੜ੍ਹਾ-ਬਹੁਤ ਪੜ੍ਹਿਆ ਤਾਂ ਉਹ ਪਹਿਲਾਂ ਵੀ ਸੀ ਤੇ ਫੌਜ ਵਿਚ ਭਰਤੀ ਹੋਣ ਤੋਂ ਬਾਅਦ ਉਸ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਜੀਤੋ ਉਸ ਦੇ ਕਾਬਲ ਹੀ ਨਹੀਂ ਰਹੀæææਕਾਲੀ ਕਲੂਟੀæææਘਰ ਦੀ ਨੌਕਰਾਣੀ। ਛੁੱਟੀ ਆਇਆ ਪਤਾ ਨਹੀਂ ਕਿੰਨੀ ਵਾਰ ਉਸ ਦੁਆਲੇ ਜੁੱਤੀ ਲਾਹ ਲਿਆ ਕਰਦਾ। ਬੇਬੇ ਤੇ ਭੈਣਾਂ ਜਿਵੇਂ ਹੀ ਕੰਨ ਭਰ ਦਿੰਦੀਆਂ ਤੇ ਉਵੇਂ ਹੀ ਮੰਨ ਲੈਂਦਾ, ਪਰ ਜੀਤੋ ਦੇ ਬੁੱਲ੍ਹਾਂ ‘ਤੇ ਤਾਂ ਕਦੀ ਕੋਈ ਸ਼ਿਕਾਇਤ ਵੀ ਨਾ ਆਉਂਦੀ। ਜਾਨਵਰਾਂ ਵਾਂਗ ਉਸ ਨੂੰ ਕੁੱਟਦਾ-ਮਾਰਦਾ ਤੇ ਉਹ ਸਭ ਕੁਝ ਸਹਿ ਜਾਂਦੀ। ਕਿਸ਼ਨ ਸਿੰਘ ਨੇ ਲਾਅਨ ਚੇਅਰ ਨੂੰ ਆਪਣੇ ਹੱਥਾਂ ਨਾਲ ਘੁੱਟ ਲਿਆ। ਆਪਣੇ-ਆਪ ਤੋਂ ਉਸ ਨੂੰ ਨਫਰਤ ਜਿਹੀ ਹੋਈ। ਉਮਰਾਂ ਦਾ ਪਹਾੜ ਚੜ੍ਹਦਿਆਂ ਤਾਂ ਉਸ ਇਕ ਵਾਰ ਵੀ ਜੀਤੋ ਵੱਲ ਨਜ਼ਰ ਭਰ ਕੇ ਨਹੀਂ ਦੇਖਿਆ ਸੀ ਤੇ ਹੁਣ ਉਹ ਇਸ ਉਮਰੇæææ।
“ਜੀਤ ਕੁਰੇ ਮੈਨੂੰ ਮਾਫ ਕਰੀਂ।”
ਕਿਸ਼ਨ ਸਿੰਘ ਦਾ ਜੀਅ ਕੀਤਾ ਕਿ ਅੰਦਰ ਜਾ ਕੇ ਉਹ ਘਰ ਵਾਲੀ ਤੋਂ ਮੁਆਫੀ ਮੰਗੇæææਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਵੇæææਐਸ ਉਮਰੇæææਬੁੱਢੇ ਵਾਰੇ? ਫੇਰ ਕੀ ਆ ਮੇਰੀ ਤੀਵੀਂ ਆ।
ਉਸ ਦੇ ਅੰਦਰ ਕੁਝ ਧੁਖਿਆ, ਕੁਝ ਮੱਚਿਆæææਫੇਰ ਜਿਵੇਂ ਬੇਵਸੀ ਜਿਹੀ ਕੋਈ ਕਣੀ ਡਿੱਗੀ ਤੇ ਸਭ ਕੁਝ ਥਾਂ ‘ਤੇ ਹੀ ਬੁਝ ਗਿਆ। ਉਮਰ ਭਰ ਤਾਂ ਉਹ ਡਰਦਾ ਹੀ ਰਿਹਾæææਵਿਆਹ ਤੋਂ ਬਾਅਦ ਬੇਬੇ ਤੋਂ ਡਰਦਾ ਲੁਕ-ਲੁਕ ਜੀਤੋ ਨਾਲ ਗੱਲ ਕਰਿਆ ਕਰਦਾ। ਜੇ ਕਿਧਰੇ ਬੇਬੇ ਦੇਖ ਲੈਂਦੀ ਤਾਂ ਜੀਤੋ ਮਗਰ ਡੰਡਾ ਚੁੱਕ ਲੈਂਦੀæææਤੇ ਹੁਣ ਉਹ ਆਪਣੀ ਹੀ ਔਲਾਦ ਤੋਂ ਡਰਨ ਲੱਗ ਪਿਆ ਸੀ।
ਕਿਸ਼ਨ ਸਿੰਘ ਨੇ ਸਿਰ ਘੁਮਾ ਕੇ ਘਰ ਵੱਲ ਤੱਕਿਆ, ਹੌਲੀ-ਹੌਲੀ ਆ ਰਹੀ ਸੰਗੀਤ ਦੀ ਆਵਾਜ਼æææਭੰਗੜੇ ਗਿੱਧੇ ਤੇ ਹਾਸਿਆਂ ਦਾ ਨਿੰਮ੍ਹਾ-ਨਿੰਮ੍ਹਾ ਸ਼ੋਰæææਬੰਦ ਦਰਵਾਜ਼ਿਆਂ ਦੇ ਅੰਦਰ ਖੜਕਦੀਆਂ ਗਲਾਸੀਆਂæææਉਸ ਦੇ ਪੁੱਤਾਂ ਦੀ ਇਹ ਦੁਨੀਆਂæææਉਸ ਦੀਆਂ ਨੂੰਹਾਂ ਦਾ ਘਰ-ਬਾਰæææਅੱਜ ਤੇ ਕਿਸ਼ਨ ਸਿੰਘ ਨੂੰ ਖੁਸ਼ ਹੋਣਾ ਚਾਹੀਦਾ ਹੈ ਪਰ ਉਸ ਨੂੰ ਖੁਸ਼ੀ ਕਿਉਂ ਨਹੀਂ ਹੋ ਰਹੀ। ਲੱਖ ਚਾਹੁੰਦਿਆਂ ਵੀ ਅੰਦਰਲੀ ਰੌਣਕ ਵਿਚ ਉਹ ਘੁਲ-ਮਿਲ ਨਹੀਂ ਸੀ ਸਕਿਆ, ਜਿਵੇਂ ਉਹ ਤੇ ਜੀਤੋ ਕਿਸੇ ਹੋਰ ਦੇ ਘਰ ਪ੍ਰਾਹੁਣੇ ਆਏ ਹੋਣ। ਕਿੰਨੀ ਵਾਰ ਉਸ ਨੇ ਚਾਹਿਆ ਸੀ ਕਿ ਕੋਈ ਉਸ ਨੂੰ ਆ ਕੇ ਆਖੇ, “ਕਿਸ਼ਨ ਸਿੰਹਾਂ ਤੇਰਾ ਘਰ ਬਹੁਤ ਵਧੀਆ ਆ, ਵਧਾਈ ਹੋਵੇ ਨਵੇਂ ਘਰ ਦੀ ਕਿਸ਼ਨ ਸਿਹਾਂæææ’ਤੇਰਾ ਘਰ’æææ।” ਹਰ ਵਾਰ ਉਸ ਦੇ ਕੰਨਾਂ ਨਾਲ ਇਕ ਆਵਾਜ਼ ਟਕਰਾ ਕੇ ਮੁੜ ਜਾਂਦੀ। “ਕਿੰਨਾ ਵਧੀਆ ਘਰ ਬਣਾਇਆ ਬਈ ਜਸਜੀਤ ਤੇ ਹਰਜੀਤ ਨੇæææਸਾਰੇ ਕੈਲੀਫੋਰਨੀਆ ‘ਚ ਬੱਲੇ-ਬੱਲੇ ਕਰਵਾ’ਤੀ।”
ਗੱਲ ਤੇ ਕੁਝ ਵੀ ਨਹੀਂ ਸੀæææਉਸ ਦੇ ਪੁੱਤਾਂ ਦੀ ਕਮਾਈæææਉਨ੍ਹਾਂ ਦਾ ਘਰ ਬਾਰæææਪਰ ਉਸ ਦੇ ਅੰਦਰੋਂ ਕੁਝ ਖੁਰ ਗਿਆ ਸੀæææਉਸ ਦੀ ਆਪਣੀ ਤਾਂ ਕੋਈ ਦੁਨੀਆਂ ਵਸੀ ਹੀ ਨਹੀਂ ਸੀ। ਆਪਣਾ ਜਹਾਨ ਵਸਾਉਣ ਦਾ ਤਾਂ ਕਦੀ ਉਸ ਨੂੰ ਵਿਹਲ ਹੀ ਨਹੀਂ ਸੀ ਮਿਲਿਆ। ਢਲ ਚੁੱਕੀ ਉਮਰੇ ਹਰ ਮਾਂ-ਬਾਪ ਵਾਂਗ ਉਸ ਨੂੰ ਔਲਾਦ ਦੀਆਂ ਖੁਸ਼ੀਆਂ ਵਿਚ ਹੀ ਖੁਸ਼ ਹੋਣਾ ਚਾਹੀਦਾ, ਪਰ ਉਸ ਖੁਸ਼ੀ ਨਾਲੋਂ ਵੱਧ ਸ਼ਾਇਦ ਉਸ ਨੂੰ ਇਹ ਗਮ ਸੀ ਕਿ ਉਹ ਉਮਰ ਭਰ ਜੀਤੋ ਨੂੰ ਇਕ ਘਰ ਨਹੀਂ ਦੇ ਸਕਿਆæææਇਕ ਘਰ ਜੋ ਸਿਰਫ ਜੀਤੋ ਦਾ ਹੋਵੇæææਤਾਰਿਆਂ ਨਾਲ ਭਰਿਆ ਅੰਬਰ ਜਿਸ ਉਪਰ ਸਿਰਫ ਜੀਤੋ ਦਾ ਹੱਕ ਹੋਵੇæææਇਕ ਨਿੱਕੀ ਜਿਹੀ ਦੁਨੀਆਂ ਜਿਹੜੀ ਸਿਰਫ ਜੀਤੋ ਦੇ ਦੁਆਲੇ ਹੀ ਘੁੰਮੇæææਪਰ ਇਸ ਉਮਰ ਵਿਚ ਕੁਝ ਵੀ ਤੇ ਨਹੀਂ ਕਰ ਸਕੇਗਾæææਤੇ ਕਿਸ਼ਨ ਸਿੰਘ ਨੂੰ ਮੋਟੇ ਸ਼ੀਸ਼ਿਆਂ ਵਾਲੀ ਐਨਕ ਵਿਚੋਂ ਅਸਮਾਨ ਧੁੰਧਲਾ ਜਿਹਾ ਜਾਪਣ ਲੱਗ ਪਿਆ।
ਜੀਤੋ ਦਾ ਖਿਆਲ ਆਉਂਦਿਆਂ ਹੀ ਉਸ ਦਾ ਦਿਲ ਕੀਤਾ ਕਿ ਉਹ ਅੰਦਰ ਜਾ ਕੇ ਉਸ ਨੂੰ ਦੇਖੇ, ਉਸ ਨਾਲ ਗੱਲਾਂ ਕਰੇ ਤੇ ਅਚਾਨਕ ਉਸ ਨੂੰ ਛੋਟੀ ਨੂੰਹ ਦੀ ਆਖੀ ਗੱਲ ਯਾਦ ਆਈ।
“ਸਾਡਾ ਡੈਡੀ ਤਾਂ ਮੰਮੀ ਦੇ ਦੁਆਲੇ ਹੀ ਘੁੰਮਦਾ ਰਹਿੰਦਾ, ਜਿਵੇਂ ਕੱਲ੍ਹ ਮੁਕਲਾਵਾ ਆਇਆ ਹੋਵੇ, ਜੇ ਮੰਮੀ ਝਾੜੂ ਫੇਰਦੀ ਤਾਂ ਡੈਡੀ ਮਗਰ-ਮਗਰ ਕੂੜਾ ਚੁੱਕਦਾ ਰਹਿੰਦਾæææਜੇ ਮੰਮੀ ਭਾਂਡੇ ਧੋਂਦੀ ਹੈ ਤਾਂ ਡੈਡੀ ਤੌਲੀਆ ਲੈ ਕੇ ਸਾਫ ਕਰਨ ਲੱਗ ਜੂæææਬੁੱਢੇ ਵਾਰੇ ਜਿਉਂ ਜੁਆਨੀ ਚੜ੍ਹੀ ਐ।”
ਉਸ ਦੀ ਨੂੰਹ ਕਿਸੇ ਸਹੇਲੀ ਨਾਲ ਫੋਨ ‘ਤੇ ਗੱਲਾਂ ਕਰਦੀ ਹੱਸਦੀ ਰਹੀ ਸੀ। ਨੂੰਹ ਦੀ ਗੱਲ ਕਿੰਨੇ ਹੀ ਦਿਨ ਉਸ ਦੇ ਕੰਨਾਂ ਵਿਚ ਕੋਲੇ ਵਾਂਗ ਮਘਦੀ ਰਹੀ ਸੀ। ਜਵਾਨੀ ਵਿਚ ਜੇ ਉਹ ਕਦੀ ਜੀਤੋ ਨਾਲ ਹੱਸ ਕੇ ਗੱਲ ਵੀ ਕਰ ਲੈਂਦਾ ਤਾਂ ਬੇਬੇ ਦੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ। ਬਿਨਾਂ ਗੱਲੋਂ ਜੀਤੋ ਦੇ ਹੱਡ ਭੰਨ ਸੁੱਟਦੀ ਤੇ ਉਹ ਚੁੱਪ-ਚਾਪ ਜੀਤੋ ਵਲ ਦੇਖਦਾ ਘਰੋਂ ਬਾਹਰ ਤੁਰ ਜਾਂਦਾ। ਜੀਤੋ ਆਪੇ ਹੀ ਰੋ-ਧੋ ਕੇ ਚੁੱਪ ਕਰ ਜਾਂਦੀæææਖਬਰੇ ਐਨਾ ਸਬਰ ਰੱਬ ਨੇ ਉਸ ਨੂੰ ਕਿਉਂ ਦਿੱਤਾ ਸੀ। ਕੋਈ ਗੁੱਸਾ ਗਿਲਾæææਕੋਈ ਸ਼ਿਕਾਇਤæææਕੋਈ ਮੰਗ਼ææ।
ਅਮਰੀਕਾ ਆਉਣ ਤੋਂ ਬਾਅਦ ਪਹਿਲੀ ਵਾਰ ਜੀਤੋ ਨੇ ਪੁੱਤਾਂ ਤੋਂ ਕੁਝ ਮੰਗਿਆ ਸੀ।
“ਪੁੱਤ ਸਾਨੂੰ ਦੇਸ ਭੇਜ ਦਿਓæææਅਸੀਂ ਉਥੇ ਹੀ ਰਹਿ ਲਾਂਗੇ।”
“ਕਿਉਂ ਬੀਬੀ ਚਿੱਤ ਨ੍ਹੀ ਲੱਗਦਾ ਅਮਰੀਕਾ ‘ਚ?”
“ਸੁਣਿਆ ਥੋਡੇ ਐਥੇ ਬਕਸੇ ਜਿਹੇ ਬੜੇ ਮਹਿੰਗੇ ਨੇæææਜੇ ਮਰ ਗਈ ਤਾਂ ਪੁੱਤ ਥੋਡੇ ਡਾਲੇ ਬਹੁਤ ਲੱਗ ਜਾਣੇæææਦੇਸ ਹੋਵਾਂਗੇ ਤਾਂ ਪਿੰਡ ਵਾਲਿਆਂ ਨੇ ਝੱਟ ਪਾਥੀਆਂ ਕੱਠੀਆਂ ਕਰ ਲੈਣੀਆਂ।”
“ਬੀਬੀ ਤੇਰੇ ਪੁੱਤਾਂ ਦੀ ਇਲਾਕੇ ਵਿਚ ਇੱਜ਼ਤ ਆ, ਲੋਕੀਂ ਕੀ ਕਹਿਣਗੇ ਬਈ ਬੁੜ੍ਹੀ-ਬੁੜ੍ਹਾ ਪਿੰਡ ਰੋਲ ਕੇ ਮਾਰ’ਤੇ।”
ਜੀਤੋ ਦੀਆਂ ਅੱਖਾਂ ਵੀ ਸਲ੍ਹਾਬੀਆਂ ਗਈਆਂ ਸਨ। ਉਸ ਦਿਨ ਵੀ ਕਿਸ਼ਨ ਸਿੰਘ ਦੀ ਛਾਤੀ ‘ਚ ਕੁਝ ਧੁਖਿਆ ਸੀæææਕੁਝ ਮਘਿਆ ਸੀæææਤੇ ਕੁਝ ਬਲਿਆ ਸੀæææਤੇ ਕੁਝ ਬੁਝ ਗਿਆ ਸੀ। ਉਹ ਘਰ ਜਿਸ ਵਿਚ ਉਸ ਨੇ ਉਮਰ ਹੰਢਾਈ ਸੀ। ਉਹ ਘਰ ਤਾਂ ਬੇਬੇ ਬਾਪੂ ਦਾ ਸੀ ਤੇ ਇਹ ਘਰ ਉਸ ਦੇ ਪੁੱਤਾਂ ਦਾ। ਜੀਤੋ ਦੀ ਤਾਂ ਜ਼ਿੰਦਗੀ ਹੀ ਚੁੱਲ੍ਹੇ-ਚੌਂਕੇ ਦੁਆਲੇ ਘੁੰਮਦੀ ਰਹੀ ਸੀ। ਬੇਬੇ-ਬਾਪੂ ਮੌਤ ਤੋਂ ਲੈ ਕੇ ਧੀਆਂ-ਪੁੱਤਾਂ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਜੀਤੋ ਇਕ ਦੁਨੀਆਂ ਨਾਲ ਜੁੜ ਗਈ ਸੀ। ਆਂਢਣਾਂ-ਗੁਆਂਢਣਾਂ ਦੇ ਜਾਣਾ-ਆਉਣਾ, ਦਿਨ-ਸੁਦ ‘ਤੇ ਇਕੱਠਿਆਂ ਹੋਣਾ ਉਸ ਜ਼ਿੰਦਗੀ ਵਿਚ ਉਹ ਕੁਝ ਪਲ ਖੁਸ਼ ਰਹੀ ਸੀ, ਪਰ ਕਿਸ਼ਨ ਸਿੰਘ ਨੇ ਆਖਰੀ ਦਿਨਾਂ ਵਿਚ ਜੀਤੋ ਦਾ ਉਹ ਤਾਰਿਆਂ ਭਰਿਆ ਅੰਬਰ ਵੀ ਖੋਹ ਲਿਆ। ਕਿਸ਼ਨ ਸਿੰਘ ਦੇ ਕੌੜੇ ਸੁਭਾਅ ਅੱਗੇ ਉਮਰ ਭਰ ਉਹ ਵਿਚਾਰੀ ਲਿਫਦੀ ਹੀ ਤਾਂ ਰਹੀ ਸੀ।
ਘਰ ਦਾ ਪਿਛਲਾ ਵੱਡਾ ਦਰਵਾਜ਼ਾ ਖੁਲ੍ਹਿਆ, ਜਵਾਨ ਕੁੜੀਆਂ ਦਾ ਹਾਸਾ ਉਸ ਦੇ ਕੰਨਾਂ ਨਾਲ ਟਕਰਾਇਆ। ਲਾਅਨ ਚੇਅਰ ਤੋਂ ਉਠ ਕੇ ਬੈਠਦਿਆਂ ਉਸ ਨੂੰ ਮੁੜ ਗੁੱਸਾ ਜਿਹਾ ਆ ਗਿਆ ‘ਇਥੇ ਹੱਸਣ ਦਾ ਕਿਸੇ ਨੂੰ ਹੱਕ ਨਹੀਂ’, ਉਸ ਨੇ ਉਚੀ-ਉਚੀ ਕਹਿਣਾ ਚਾਹਿਆ। ਉਹਨੇ ਹੱਥ ਵਾਲੀ ਖੂੰਡੀ ਨੂੰ ਸੀਮੈਂਟ ਉਪਰ ਠਕੋਰਦਿਆਂæææਖੰਗੂਰਾ ਮਾਰ ਕੇ ਉਥੇ ਬੈਠੇ ਹੋਣ ਦਾ ਅਹਿਸਾਸ ਕਰਾਇਆ। ਕੁੜੀਆਂ ਹੱਸਦੀਆਂ-ਹੱਸਦੀਆਂ ਠਾਹ ਕਰਦਾ ਦਰਵਾਜ਼ਾ ਬੰਦ ਕਰਕੇ ਅੰਦਰ ਜਾ ਵੜੀਆਂ, ਜਿਵੇਂ ਉਸ ਦੇ ਮੂੰਹ ਉਪਰ ਕਿਸੇ ਥੱਪੜ ਮਾਰਿਆ ਹੋਵੇæææਠਾਹ ਕਰਦਾ ਦਰਵਾਜ਼ਾæææਉਸ ਦੇ ਅੰਦਰੋਂ ਇਕ ਪੁਰਾਣੀ ਯਾਦ ਤ੍ਰਬਕ ਗਈ। ਕੱਚ ਦੀ ਵੰਗ ਵਰਗੀ, ਸ਼ੀਲੋ ਦੇ ਚਿੱਟੇ ਦੰਦਾਂ ਦਾ ਹਾਸਾ, ਬੁੱਢੇ ਦੁਕਾਨਦਾਰ ਦੀ ਸੁਨੱਖੀ ਜੁਆਨ ਤੀਵੀਂ ਸ਼ੀਲੋ। ਫੌਜੀ ਕਿਸ਼ਨ ਸਿੰਘ ਸ਼ੀਲੋ ਦੀਆਂ ਝਾਂਜਰਾਂ ਦੇ ਬੋਰ ਗਿਣਦਾ ਖ਼ਬਰੇ ਕਿੰਨੇ ਵਰ੍ਹੇ ਸ਼ੀਲੋ ਦੇ ਸੁਹੱਪਣ ਵਿਚ ਡੁੱਬਿਆ ਰਿਹਾ ਸੀ। ਉਸ ਦਾ ਨਸ਼ਾ ਉਦੋਂ ਟੁੱਟਿਆ ਜਦੋਂ ਸ਼ੀਲੋ ਨੂੰ ਕਿਸੇ ਹੋਰ ਦੀ ਹਿੱਕ ‘ਤੇ ਸਿਰ ਧਰ ਕੇ ਪਿਆਂ ਤੱਕਿਆ। ਗੁੱਸੇ ਵਿਚ ਆਏ ਕਿਸ਼ਨ ਸਿੰਘ ਨੇ ਸ਼ੀਲੋ ਦੇ ਗੋਰੇ-ਚਿੱਟੇ ਮੂੰਹ ‘ਤੇ ਵੱਟ ਕੇ ਥੱਪੜ ਮਾਰਿਆ ਸੀ। ਦੂਸਰੀ ਵਾਰ ਹੱਥ ਚੁੱਕਣ ਤੋਂ ਪਹਿਲਾਂ ਹੀ ਸ਼ੀਲੋ ਨੇ ਘੁਮਾ ਕੇ ਇੱਕ ਥੱਪੜ ਉਸ ਦੇ ਜੜ ਦਿੱਤਾ।
“ਖ਼ਬਰਦਾਰ ਜੇ ਅੱਗੇ ਵਧਿਆ ਤਾਂæææਲਾਂਵਾਂ ਨ੍ਹੀਂ ਲਈਆਂ ਤੇਰੇ ਨਾਲ ਜੋ ਬਾਹਲਾ ਹੱਕ ਦਿਖਾ ਰਿਹਾਂ।”
ਉਸ ਦਿਨ ਉਹ ਨੌਕਰੀ ਛੱਡ ਕੇ ਪਿੰਡ ਆ ਗਿਆ। ਔਰਤ ਵਲੋਂ ਵੱਜੇ ਇਕ ਥੱਪੜ ਨਾਲ ਕਿੰਨੀ ਵਾਰ ਉਹ ਤੜਫਿਆæææਕਿੰਨੀ ਵਾਰ ਇਕ ਥੱਪੜ ਦਾ ਬਦਲਾ ਉਹ ਜੀਤੋ ਕੋਲੋਂ ਲੈਂਦਾ ਰਿਹਾ ਸੀ।
“ਕਮਲੀਏ ਕਦੇ ਗੁੱਸਾ ਗਿਲਾ ਤਾਂ ਕਰਦੀ।”
ਕਿਸ਼ਨ ਸਿੰਘ ਦੀਆਂ ਅੱਖਾਂ ਵਿਚੋਂ ਦੋ ਅੱਥਰੂ ਵਹਿ ਗਏ।
ਜੀਤੋ ਦਾ ਸਬਰ-ਸੰਤੋਖ, ਉਸ ਦੀਆਂ ਅੱਖਾਂ ਦੀ ਸਿਲ੍ਹæææਕਿਸ਼ਨ ਸਿੰਘ ਨੇ ਕਦੀ ਉਸ ਨੂੰ ਜਿਵੇਂ ਔਰਤ ਦੇ ਰੂਪ ਵਿਚ ਦੇਖਿਆ ਹੀ ਨਾ ਹੋਵੇ। ਪਰਦੇਸਾਂ ਵਿਚ ਆ ਕੇ ਪਹਿਲੀ ਵਾਰ ਉਸ ਨੇ ਮਹਿਸੂਸ ਕੀਤਾ ਕਿ ਇੱਥੇ ਕਿਸੇ ਕੋਲ ਵਕਤ ਈ ਨਹੀਂ ਸੀ। ਇਕ-ਦੂਜੇ ਦੇ ਦੁੱਖ-ਸੁਖ ਸੁਣਨ ਦਾæææਘਰ ਦੇ ਦੂਜੇ ਜੀਆਂ ਨਾਲ ਤੁਰਿਆ ਫਿਰਦਾ ਵੀ ਬਿਲਕੁਲ ਇਕੱਲਾ ਹੀ ਸੀ। ਕੋਈ ਉਸ ਦਾ ਸੀ ਤਾਂ ਸਿਰਫ਼ ਉਸ ਦੀ ਘਰ ਵਾਲੀ ਜੀਤੋæææਚੁੱਪ ਚੁਪੀਤੀæææਰੋਣ-ਰੋਣ ਨੂੰ ਕਰਦੀ। ਜੀਤੋ ਵੱਲ ਦੇਖ ਕੇ ਉਸ ਨੂੰ ਤਰਸ ਆ ਜਾਂਦਾ, ਜੀਤੋ ਨੇ ਉਮਰ ਭਰ ਸਭਨਾਂ ਨੂੰ ਦਿੱਤਾ ਸੀ, ਬਦਲੇ ਵਿਚ ਕੁਝ ਮੰਗਿਆ ਹੀ ਨਹੀਂ। ਮਾਂ-ਬਾਪ ਦੇ ਮਰਨ ਬਾਅਦ ਉਸ ਘਰ ਦੀਆਂ ਕੰਧਾਂ ਉਪਰ ਨੂੰਹਾਂ-ਪੁੱਤਾਂ ਨੇ ਆਪਣੇ ਹੱਕ ਦੀਆਂ ਮੋਹਰਾਂ ਲਾ ਲਈਆਂ ਸਨ ਤੇ ਅੱਜ ਅਮਰੀਕਾ ਵਿਚ ਇਹ ਮਹੱਲ ਵਰਗਾ ਉਸ ਦੇ ‘ਪੁੱਤਾਂ ਦਾ ਘਰ’æææਘਰ ਦਾ ਕੰਮ ਕਾਰ, ਨੂੰਹਾਂ ਦੇ ਬੋਲ-ਕੁਬੋਲ, ਜੁਆਕਾਂ ਦੀ ਸਾਂਭ-ਸੰਭਾਲ ਕਰਦੀ ਜੀਤੋ ਵਲ ਉਹ ਦੇਖਦਾ ਤਾਂ ਉਸ ਨੂੰ ਇਉਂ ਲਗਦਾ ਜਿਵੇਂ ਉਹ ਹੱਡੀਆਂ ਦੀ ਮੁੱਠ ਜਿਹੀ ਪਲ ਭਰ ਵਿਚ ਹੀ ਖਿੱਲਰ ਜਾਵੇਗੀæææਕਿੰਨਾ ਚੰਗਾ ਹੁੰਦਾ ਜੇ ਉਸ ਨੇ ਜੁਆਨੀ ਵਿਚ ਇੱਕ ਵਾਰ ਵੀ ਪਿੱਛੇ ਮੁੜ ਕੇ ਜੀਤੋ ਨੂੰ ਦੇਖਿਆ ਹੁੰਦਾæææਜਿਹੜੀ ਹੁਣ ਤੱਕ ਉਸ ਦੇ ਪਿੱਛੇ ਸਿਰ ਨੀਵਾਂ ਕਰਕੇ ਤੁਰੀ ਆਈ ਸੀ।
ਕਿਸ਼ਨ ਸਿੰਘ ਨੇ ਆਪਣੇ ਆਲੇ-ਦੁਆਲੇ ਦੇ ਸ਼ਾਂਤ ਮਾਹੌਲ ਵੱਲ ਤੱਕਿਆ। ਇਹ ਉਸ ਦੀ ਤੇ ਜੀਤੋ ਦੀ ਦੁਨੀਆਂ ਤਾਂ ਨਹੀਂæææਸਾਰੀ ਉਮਰ ਅੜਬਾਈ ਵਿਚ ਕੱਢਣ ਵਾਲਾ ਕਿਸ਼ਨ ਸਿੰਘ ਅੱਜ ਲਿਫ ਗਿਆ ਸੀ ਜਿਵੇਂ ਵੀ ਉਹ ਹੱਥ ਅੱਡਦਾ ਤਾਂ ਉਸ ਦੀ ਛਾਤੀ ਵਿਚ ਕੁਝ ਬੁਝ ਜਿਹਾ ਜਾਂਦਾæææਜੀਤੋ ਨੇ ਤਾਂ ਸਾਰੀ ਉਮਰ ਹੀ ਇੰਜ ਕੱਢ ਲਈæææਇਸ ਸੋਚ ਨਾਲ ਉਹ ਪਾਗਲ ਜਿਹਾ ਹੋ ਉਠਦਾ।
ਉਸ ਦਾ ਜੀਅ ਕੀਤਾ ਕਿ ਅੰਦਰ ਜਾ ਕੇ ਉਹ ਜੀਤੋ ਨੂੰ ਗਲ ਨਾਲ ਲਾ ਕੇ ਉਸ ਦੇ ਹੰਝੂ ਪੂੰਝ ਦੇਵੇæææਸਾਰੀ ਦੁਨੀਆਂ ਦੇ ਸਾਹਮਣੇ ਉਸ ਕੋਲੋਂ ਮੁਆਫੀ ਮੰਗੇæææਵਰ੍ਹਿਆਂ ਤੋਂ ਠੁਰ-ਠੁਰ ਕਰਦੀ ਜੀਤੋ ਨੂੰ ਇੱਕ ਨਿੱਘਾ ਜਿਹਾ ਘਰ ਬਣਾ ਕੇ ਦੇਵੇæææਦੁਨੀਆਂ ਤੋਂ ਜਾਣ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਤਾਰਿਆਂ ਨਾਲ ਭਰਿਆ ਅੰਬਰ ਉਸ ਦੀ ਝੋਲੀ ਵਿਚ ਪਾ ਕੇ ਦੇਵੇæææਉਸ ਦੇ ਅੰਦਰ ਧੜਕਦੇ ਨਿੱਕੇ ਜਿਹੇ ਦਿਲ ਨੇ ਕਿਹੋ ਜਿਹਾ ਸੁਪਨਾ ਉਸ ਦੀ ਛਾਤੀ ਵਿਚ ਬੀਜ ਦਿੱਤਾ ਸੀæææਉਹ ਵੀ ਇਸ ਉਮਰੇæææ’ਬੁੱਢੇ ਵਾਰੇ ਜੁਆਨੀ,’ ਨੂੰਹ ਦੀ ਗੱਲ ਉਸ ਨੂੰ ਯਾਦ ਆਈ। ਜੀਤੋ ਨੂੰ ਤਾਂ ਸ਼ਾਇਦ ਜੁਆਨੀ ਚੜ੍ਹੀ ਹੀ ਨਹੀਂ। ਕਈ ਵਾਰ ਉਸ ਨੇ ਉਠ ਕੇ ਅੰਦਰ ਜਾਣ ਦਾ ਮਨ ਬਣਾਇਆ, ਜੀਤੋ ਨੂੰ ਦੇਖਣ ਲਈ ਵਾਰ ਵਾਰ ਉਸ ਦਾ ਧਿਆਨ ਅੰਦਰ ਜਾਂਦਾ ਤੇ ਹਰ ਵਾਰ ਕਿਚਨ ਵਿਚ ਕੰਮ ਕਰਦੀ ਜੀਤੋ ਬਾਰੇ ਸੋਚ ਕੇ ਉਸ ਦੀਆਂ ਅੱਖਾਂ ਸਿਲ੍ਹੀਆਂ ਹੋ ਜਾਂਦੀਆਂ ਪਰ ਉਹ ਚਾਹੁੰਦਿਆਂ ਵੀ ਲਾਅਨ ਚੇਅਰ ਤੋਂ ਉਠ ਨਾ ਸਕਿਆ। ਜਵਾਬ ਦਿੰਦਾ ਜਾ ਰਿਹਾ ਸਰੀਰ ਤੇ ਸੁਪਨੇ ਤਾਰਿਆਂ ਦੇ, ਸੱਚਮੁੱਚ ਹੀ ਜਿਵੇਂ ਬੁੱਢੇ ਵਾਰੇ ਉਹ ਠਰਕ ਗਿਆ ਸੀ।
ਕਈ ਵਾਰ ਉਸ ਨੂੰ ਖਿਆਲ ਆਇਆ ਕਿ ਸ਼ਾਇਦ ਉਸ ਨੂੰ ਅੰਦਰੋਂ ਕੋਈ ਲੱਭਦਾ-ਲੱਭਦਾ ਬਾਹਰ ਆ ਜਾਵੇਗਾ। ਉਸ ਦੇ ਪੁੱਤਾਂ ਵਿਚੋਂ ਕੋਈ ਇੱਜ਼ਤ ਨਾਲ ਅੰਦਰ ਲੈ ਜਾਵੇਗਾæææਪਰ ਐਨੀ ਰੌਣਕ ਵਿਚ ਉਸ ਨੂੰ ਪੁੱਛਣ ਵਾਲਾ ਉਥੇ ਕੋਈ ਨਹੀਂ ਸੀ। ‘ਪਤਾ ਨਹੀਂ ਜੀਤੋ ਹੀ ਆ ਜਾਵੇæææਜੀਅ ਭਰ ਕੇ ਮੈਂ ਜੀਤੋ ਨਾਲ ਗੱਲਾਂ ਕਰਾਂਗਾæææਜੇ ਉਹ ਦੇਸ ਮੁੜਨਾ ਚਾਹੁੰਦੀ ਆæææਬੱਸ ਮੈਂ ਉਸ ਨੂੰ ਇਥੋਂ ਲੈ ਜਾਵਾਂਗਾæææਹੁਣ ਤਾਂ ਜਿਹੜੇ ਚਾਰ ਦਿਨ ਜੀਣੇ ਆ ਬੱਸ ਇਕੱਠਿਆਂ ਨੇæææ।’ ਜਿਵੇਂ ਉਹ ਜੀਤੋ ਨਾਲ ਵਾਅਦਾ ਕਰ ਰਿਹਾ ਹੋਵੇ। ਕਈ ਤਰ੍ਹਾਂ ਦੀਆਂ ਸੋਚਾਂ ਉਸ ਦੇ ਦਿਮਾਗ ਵਿਚ ਘੁੰਮਦੀਆਂ ਰਹੀਆਂ। ਅੱਜ ਉਸ ਦਾ ਸ਼ਰਾਬ ਪੀਣ ਨੂੰ ਚਿੱਤ ਕੀਤਾ ਸੀ ਕਈ ਦਿਨਾਂ ਬਾਅਦ। ਪਹਿਲਾਂ ਪਹਿਲਾਂ ਉਹ ਰੋਜ਼ ਹੀ ਦੋ ਪੈਗ ਪੀ ਕੇ ਸੌਂ ਜਾਂਦਾ, ਪਰ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਨੂੰ ਵੀ ਜੀਅ ਨਾ ਕਰਦਾ। ਕਿੰਨੀ ਕਿੰਨੀ ਰਾਤ ਤੱਕ ਉਹ ਨੇੜੇ ਵਾਲੇ ਬੈਡ ‘ਤੇ ਪਈ ਜੀਤੋ ਦੇ ਹੌਕੇ ਸੁਣਦਾ ਰਹਿੰਦਾ। ਇਹ ਹੌਕੇ ਉਸ ਨੂੰ ਪਹਿਲਾਂ ਕਿਉਂ ਨਹੀਂ ਸੁਣਾਈ ਦਿੱਤੇæææਹੁਣ ਉਮਰਾਂ ਦੇ ਜੰਗਲ ਤਾਂ ਉਹ ਦੋਵੇਂ ਪਾਰ ਕਰ ਚੁੱਕੇ ਸਨ ਤੇ ਬਾਕੀ ਬਚੇ ਚਹੁੰ ਦਿਨਾਂ ਵਿਚ ਘਰ ਵਾਲੀ ਨੂੰ ਕਿਹੜਾ ਸੁੱਖ ਦੇ ਸਕੇਗਾæææ। ਕਿਸ਼ਨ ਸਿੰਘ ਨੂੰ ਜਾਪਿਆ ਜਿਵੇਂ ਉਸ ਦਾ ਸਿਰ ਫਟ ਜਾਵੇਗਾ। ਲੰਮਾ ਪਿਆ ਹੀ ਉਹ ਘਰ ਦੇ ਅੰਦਰਲੇ ਰੌਲੇ-ਰੱਪੇ ਬਾਰੇ ਸੋਚੀ ਜਾ ਰਿਹਾ ਸੀ। ‘ਘਰ ਕਾਹਦਾ ਕੋਠਾ ਬਣਾਇਆ ਪਿਆ ਕੰਜਰਾਂ ਨੇ, ਕੁੜੀਆਂ-ਮੁੰਡੇ ਬੇਸ਼ਰਮਾਂ ਵਾਂਗ ਟੱਪੀ ਜਾਂਦੇ ਆæææਮੂਲੋਂ ਈ ਸ਼ਰਮ ਲਾਹ’ਤੀæææਜੁਆਨੀ ਜਿਵੇਂ ਇਨ੍ਹਾਂ ‘ਤੇ ਈ ਆਈ ਆ?’
ਜੁਆਨੀ ਸ਼ਬਦ ਸੋਚਦਿਆਂ ਹੀ ਉਸ ਦੀ ਸੋਚ ਪਿੱਛੇ ਮੁੜ ਗਈ ਤੇ ਉਹ ਜੁਆਨੀ ਦੇ ਉਨ੍ਹਾਂ ਪਲਾਂ ਨੂੰ ਲੱਭਣ ਲੱਗ ਪਿਆ ਜਦੋਂ ਜੀਤੋ ਕਦੀ ਹੱਸਿਆ ਕਰਦੀ ਸੀ। ਅਜਿਹਾ ਕੋਈ ਵੀ ਪਲ ਉਸ ਨੂੰ ਯਾਦ ਨਾ ਆਇਆ। ਬੇਬੇ ਤੋਂ ਡਰਦੀ ਤਾਂ ਉਹ ਕਦੀ ਉਚਾ ਬੋਲੀ ਵੀ ਨਹੀਂ ਸੀæææਅੱਜ-ਕੱਲ੍ਹ ਦੀਆਂ ਕੁੜੀਆਂ ਨੂੰ ਹਿੜ-ਹਿੜ ਕਰਦੀਆਂ ਦੇਖ ਕੇ ਉਸ ਨੂੰ ਕਈ ਵਾਰ ਗੁੱਸਾ ਆ ਜਾਂਦਾ। ਉਸ ਦੀ ਛੋਟੀ ਨੂੰਹ ਤਾਂ ਜਿਵੇਂ ਸਦਾ ਹੀ ਹੱਸਣ ਦਾ ਬਹਾਨਾ ਲੱਭਦੀ ਫਿਰਦੀ। “ਐਨਾ ਹਾਸਾ ਵੀ ਕੀ ਕਹੁæææਨਾ ਟੈਮ ਦੇਖਦੀ ਆ ਨਾ ਥਾਂ।” ਉਹ ਜੀਤੋ ਨੂੰ ਖਿਝ ਕੇ ਕਈ ਵਾਰ ਦੱਸਦਾ।
“ਚਲੋ ਜੀ ਜੁਆਕਾਂ ਦੇ ਦਿਨ ਆ ਖੇਲਣ-ਹੱਸਣ ਦੇ।” ਜੀਤੋ ਦੇ ਇਸ ਸਾਧਾਰਨ ਜਿਹੇ ਜੁਆਬ ‘ਤੇ ਉਹ ਆਪੇ ਹੀ ਝੂਠਾ ਜਿਹਾ ਹੋ ਜਾਂਦਾ। ਜਿਵੇਂ ਉਹ ਮਿਹਣਾ ਮਾਰ ਰਹੀ ਹੋਵੇ।
‘ਹੋਰ ਤੇਰੇ ਵਾਂਗ ਹੋਣ, ਸਾਰੀ ਉਮਰ ਹੰਝੂਆਂ ਤੋਂ ਬਿਨਾਂ ਹੋਰ ਕੁਝ ਨ੍ਹੀਂ ਦਿੱਤਾ।’ ਕਿਸ਼ਨ ਸਿੰਘ ਨੂੰ ਯਾਦ ਆਇਆ ਫੌਜ ਵਿਚੋਂ ਮੁੜਨ ਬਾਅਦ ਇਕ ਵਾਰ ਜੀਤੋ ਕਿਸੇ ਵਿਆਹ ‘ਤੇ ਸ਼ਾਇਦ ਸਹੇਲੀਆਂ ਦੇ ਆਖੇ ਨੱਚਣ ਚਲੀ ਗਈ ਸੀ। ਬੇਬੇ ਤੋਂ ਚੋਰੀæææਤੇ ਉਸ ਰਾਤ ਦਾ ਕੁੱਟ ਕਟਾਪਾæææਉਸ ਰਾਤ ਦਾ ਉਹ ਦ੍ਰਿਸ਼ ਯਾਦ ਕਰਕੇ ਕਿਸ਼ਨ ਸਿੰਘ ਆਪ ਹੀ ਕੰਬ ਗਿਆ। ਅੱਜ ਉਸ ਦੀਆਂ ਅੱਖਾਂ ਸਾਹਮਣੇ ਨੱਚਦੇ-ਟੱਪਦੇ ਉਸ ਦੇ ਟੱਬਰ ਦੇ ਜੀਅ, ਉਸ ਦੀਆਂ ਨੂੰਹਾਂæææਅੱਜ ਜੀਤੋ ਕੀ ਸੋਚਦੀ ਹੋਵੇਗੀæææਸ਼ਾਇਦ ਉਸ ਦੇ ਬੁੱਢੇ ਹੱਡਾਂ ਨੂੰ ਅੱਜ ਵੀ ਕਿਸ਼ਨ ਸਿੰਘ ਦੇ ਹੱਥਾਂ ਦੀ ਪੁਰਾਣੀ ਮਾਰ ਕੁੱਟ ਯਾਦ ਆਉਂਦੀ ਹੋਵੇਗੀæææ। ਉਸ ਦੀ ਹਿੱਕ ਦੇ ਆਰ-ਪਾਰ ਕੁਸ਼ ਚੀਰਿਆ ਗਿਆ ਤੇ ਸੀਨੇ ਵਿਚ ਉਗੀਆਂ ਦੋਵੇਂ ਅੱਖਾਂ ਤਿੱਪ-ਤਿੱਪ ਕਰਕੇ ਚੋ ਗਈਆਂ।
“ਕਿੰਨਾ ਚੰਗਾ ਹੁੰਦਾ ਜੇ ਜੀਤੋ ਬਾਹਰ ਨੂੰ ਆ ਜਾਂਦੀ, ਦੋ ਘੜੀਆਂ ਕੋਲ ਬੈਠ ਜਾਂਦੀæææਘੱਟੋ-ਘੱਟ ਉਸ ਨੂੰ ਤਾਂ ਮਹਿਸੂਸ ਹੋਣਾ ਚਾਹੀਦੈ ਕਿ ਮੈਂ ਅੰਦਰ ਨ੍ਹੀਂ ਹਾਂ।” ਕਿਸ਼ਨ ਸਿੰਘ ਨੇ ਅੰਦਰੋਂ ਅੰਦਰ ਜੀਤੋ ਨਾਲ ਗੱਲ ਜਿਹੀ ਕੀਤੀ। ਘਰ ਦਾ ਪਿਛਲਾ ਦਰਵਾਜ਼ਾ ਖੁਲ੍ਹਿਆ, ਹਵਾ ਦੇ ਬੁੱਲ੍ਹੇ ਵਾਂਗ ਸੰਗੀਤ ਉਸ ਦੇ ਕੰਨਾਂ ਦੇ ਆਰ-ਪਾਰ ਲੰਘ ਗਿਆ। ਦਿਲ ਹੀ ਦਿਲ ਵਿਚ ਉਸ ਨੇ ਗਾਲ੍ਹ ਕੱਢੀ।
“ਕੰਜਰੋ ਚੈਨ ਨਾਲ ਕਿਸੇ ਨੂੰ ਤਾਂ ਬਹਿਣ ਦਿਓ।”
ਲਾਅਨ ਚੇਅਰ ‘ਤੇ ਪਿਆਂ ਹੀ ਉਸ ਨੇ ਸਿਰ ਘੁਮਾ ਕੇ ਘਰ ਵੱਲ ਤੱਕਿਆ। ਕੋਈ ਗੱਭਰੂ ਤੇ ਮੁਟਿਆਰ ਘਰ ਦੇ ਸੱਜੇ ਪਾਸੇ ਬਣੇ ਬਰਾਂਡੇ ਵਿਚ ਖੜੇ ਗੱਲਾਂ ਕਰ ਰਹੇ ਸਨ। ਕੁੜੀ ਦਾ ਛਣਕਦਾ ਹਾਸਾæææਉਸ ਨੂੰ ਖਿਝ ਜਿਹੀ ਆਈ, “ਆਪਣੇ ਘਰ ਮਰੋ ਜਾ ਕੇ।” ਉਸ ਦੇ ਅੰਦਰਲਾ ਬੁੱਢਾ ਕਿਸ਼ਨ ਸਿੰਘ ਜਿਵੇਂ ਚੀਕ ਕੇ ਬੋਲਿਆ। “ਕਿੰਨਾ ਚੰਗਾ ਹੁੰਦਾ ਜੇ ਇਕ ਵਾਰ ਜੀਤੋ ਵੀ ਇਉਂæææ।”
ਉਸ ਦਾ ਨਵਾਂ ਪੁੰਗਰਿਆ ਦਿਲ ਧੜਕਿਆ। ਬਰਾਂਡੇ ਵਿਚ ਖੜ੍ਹੇ ਮੁੰਡਾ ਤੇ ਕੁੜੀ ਗੱਲਾਂ ਵਿਚ ਮਸਤ ਹੱਸੀ ਜਾ ਰਹੇ ਸਨ। ਇਕ ਪਲ ਉਸ ਦਾ ਜੀਅ ਕੀਤਾ ਕਿ ਉਹ ਖੰਗੂਰਾ ਮਾਰੇæææਆਪਣੀ ਖੂੰਡੀ ਨੂੰ ਸੀਮੈਂਟ ਉਪਰ ਠਕੋਰੇæææਆਪਣੀ ਹੋਂਦ ਦਾ ਉਨ੍ਹਾਂ ਨੂੰ ਅਹਿਸਾਸ ਕਰਾਵੇæææਪਰ ਪਤਾ ਨਹੀਂ ਉਹ ਇਉਂ ਨਾ ਕਰ ਸਕਿਆ। ਘਰ ਵਲੋਂ ਮੂੰਹ ਫੇਰ ਕੇ ਉਹ ਐਨਕਾਂ ਦੇ ਮੋਟੇ ਸ਼ੀਸ਼ਿਆਂ ਵਿਚੋਂ ਧੁੰਦਲੇ ਹੋ ਰਹੇ ਅਸਮਾਨ ਵੱਲ ਦੇਖਣ ਲੱਗ ਪਿਆæææਜਿਵੇਂ ਅਸਮਾਨ ਵਿਚੋਂ ਕਿਸੇ ਤਾਰੇ ਦੇ ਟੁੱਟਣ ਦੀ ਉਡੀਕ ਕਰ ਰਿਹਾ ਹੋਵੇæææ।