ਅੱਜ ਤੇ ਹੁਣ

‘ਅੱਜ ਤੇ ਹੁਣ’ ਨਾਂ ਦੇ ਇਸ ਲੇਖ ਵਿਚ ਕਾਨਾ ਸਿੰਘ ਨੇ ਪੀੜ੍ਹੀਆਂ ਵਾਲੇ ਪਾੜੇ ਦੀ ਗੱਲ ਤਾਂ ਛੋਹੀ ਹੀ ਹੈ, ਨਾਲ ਹੀ ਇਹ ਗੱਲ ਵੀ ਚਿਤਾਰੀ ਹੈ ਕਿ ਜ਼ਰੂਰੀ ਨਹੀਂ, ਕੋਈ ਜਣਾ ਹਰ ਕੰਮ ਤੇ ਕਸਬ ਵਿਚ ਮਾਹਿਰ ਹੋਵੇ। ਉਹ ਬੜੇ ਸਹਿਜ ਨਾਲ ਆਪਣੀਆਂ ਪਸੰਦੀਦਾ ਗੱਲਾਂ-ਬਾਤਾਂ ਕਰਦੀ ਲੜੀਆਂ ਜੋੜਦੀ, ਸ਼ਬਦਾਂ ਦਾ ਤਾਣਾ ਬੁਣਦੀ ਚਲੀ ਜਾਂਦੀ ਹੈ।

ਉਹ ਆਪਣੀ ਹਰ ਰਚਨਾ ਵਿਚ ਇਸੇ ਸੁਹਜ ਤੇ ਸਹਿਜ ਦੇ ਗੂੜ੍ਹੇ ਰੰਗ ਭਰਦੀ ਹੈ ਅਤੇ ਆਪਣੇ ਪਾਤਰਾਂ ਤੇ ਘਟਨਾਵਾਂ ਨੂੰ ਲਗਾਤਾਰ ਤਰਤੀਬ ਦੇਈ ਜਾਂਦੀ ਹੈ। ਇਸ ਤਰਤੀਬ ਵਿਚ ਮੌਲਦੀ-ਧੜਕਦੀ ਜ਼ਿੰਦਗੀ ਦੇ ਦਰਸ਼ਨ ਹੁੰਦੇ ਹਨ। ਇਹੀ ਕਾਨਾ ਸਿੰਘ ਦੀਆਂ ਰਚਨਾਵਾਂ ਦੀ ਖੂਬਸੂਰਤੀ ਹੈ। -ਸੰਪਾਦਕ
ਕਾਨਾ ਸਿੰਘ
ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੀ ਗੱਲ ਹੈ। ਨੋਇਡਾ ਦੀ ਮਕਾਨ ਉਸਾਰੀ ਤੋਂ ਵਿਹਲੀ ਹੋ ਕੇ ਮੈਂ ਦਿੱਲੀ ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਈ। ਲੰਮੇ ਅੰਡਾਕਾਰ ਮੇਜ਼ ਦੇ ਘੇਰੇ ਦੀ ਮੂਹਰਲੀ ਕਤਾਰ ਵਿਚ ਬੈਠੀ ਹੋਈ ਸਾਂ ਮੈਂ, ਅਤੇ ਪ੍ਰੋæ ਪ੍ਰੀਤਮ ਸਿੰਘ ਕੁੰਜੀਵਤ ਭਾਸ਼ਣ ਦੇ ਰਹੇ ਸਨ। ਚੁਫੇਰੇ ਸੂਈ ਦੀ ਖਨਕ ਤੋਂ ਵੀ ਤ੍ਰਹਿਕਦੀ ਖਾਮੋਸ਼ੀ ਸੀ।
‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ, ਮਰਹੂਮ ਹਰਭਜਨ ਹਲਵਾਰਵੀ ਨੇ ਖੂਬਸੂਰਤ ਪਾਕਿਸਤਾਨੀ ਲੇਖਕਾ ਨਾਲ ਹਾਲ ਵਿਚ ਪ੍ਰਵੇਸ਼ ਕੀਤਾ। ਦੋਹਾਂ ਦੇ ਹੱਥਾਂ ਵਿਚ ਬੰਡਲ ਸਨ, ਪੈਕਟਾਂ ਦੇ ਪੈਕੇਟ। ਉਹ ਪਿਛਲੀ ਕਤਾਰ ਵਿਚ ਠੀਕ ਮੇਰੇ ਪਿੱਛੇ ਆਣ ਬੈਠੇ। ਬਿੰਦ ਕੁ ਮਗਰੋਂ ਹਲਵਾਰਵੀ ਨੇ ਪਿਛੋਂ ਮੇਰਾ ਮੋਢਾ ਠਕੋਰਿਆ। ਮੈਂ ਪਰਤ ਕੇ ਵੇਖਿਆ। ਉਸ ਨੇ ਮੇਰੇ ਵੱਲ ਕੈਮਰਾ ਸਰਕਾਉਂਦਿਆਂ ਮੈਨੂੰ ਇਸ਼ਾਰੇ ਨਾਲ ਸਮਝਾਇਆ ਕਿ ਮੈਂ ਉਨ੍ਹਾਂ ਦੋਹਾਂ ਦੀ ਤਸਵੀਰ ਖਿੱਚ ਦਿਆਂ। ਮੈਂ ਵੀ ਅੱਗਿਉਂ ਇਸ਼ਾਰੇ ਨਾਲ ਹੀ ਜੁਆਬ ਦਿੱਤਾ ਕਿ ਮੈਨੂੰ ਕੈਮਰਾ ਚਲਾਉਣਾ ਨਹੀਂ ਆਉਂਦਾ। ਹਲਵਾਰਵੀ ਵਾਰ ਵਾਰ ਹੱਥ ਦੇ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਬੱਸ ਮੈਂ ਬਟਨ ਹੀ ਤਾਂ ਦਬਾਉਣਾ ਹੈ ਤੇ ਮੈਂ ਮੁੜ ਮੁੜ ਜਵਾਬੀ ਇਸ਼ਾਰਾ ਕਰਾਂ ਕਿ ਮੈਨੂੰ ਇਸ ਦਾ ਵੱਲ ਨਹੀਂ ਆਉਂਦਾ। ਆਖ਼ਰ ਉਸ ਨੇ ਕੈਮਰਾ ਮੇਰੇ ਹੱਥ ਵਿਚ ਥਮਾ ਹੀ ਦਿੱਤਾ ਤੇ ਮੈਂ ਉਸ ਦੇ ਇਸ਼ਾਰੇ ਮੁਤਾਬਕ ਬਟਨ ਦਬਾ ਦਿੱਤਾ।
ਹਲਵਾਰਵੀ ਨੇ ਆਪਣਾ ਸਿਰ ਫੜ ਲਿਆ।
ਕੈਮਰੇ ਦੇ ਲੈਂਸ ਅੱਗੇ ਮੇਰਾ ਅੰਗੂਠਾ ਆ ਗਿਆ ਸੀ, ਸਭ ਬੇਕਾਰ। ਚਲੋ ਮੈਂ ਤਾਂ ਗੱਲ ਆਈ ਗਈ ਸਮਝੀ, ਪਰ ਬਾਅਦ ਵਿਚ ਪਤਾ ਲੱਗਾ ਕਿ ਸਾਹਿਤਕ ਪਿੜ ਵਿਚ ਗਰਮਾ-ਗਰਮ ਚਰਚਾ ਦਾ ਵਿਸ਼ਾ ਸੀ ਕਿ ਮਹਾਂਨਗਰੈਣ ਕਾਨਾ ਸਿੰਘ ਨੂੰ ਕੈਮਰੇ ਦਾ ਇਸਤੇਮਾਲ ਵੀ ਨਹੀਂ ਆਉਂਦਾ।
ਹੁਣ ਮੈਂ ਕੀ ਦੱਸਾਂ ਕਿ ਕੈਮਰਾ ਤਾਂ ਪਿੱਛੇ ਰਿਹਾ, ਮੈਨੂੰ ਤਾਂ ਰਸੋਈ ਗੈਸ ਮੁੱਕ ਜਾਣ ‘ਤੇ ਨਵਾਂ ਸਿਲੰਡਰ ਲਗਾਉਣ ਲਈ ਵੀ ਕਿਸੇ ਨਾ ਕਿਸੇ ਦੀ ਮਦਦ ਲੈਣੀ ਪੈਂਦੀ ਹੈ। ਵੀਡੀਓ ਸੀæਡੀæ ਵੀ ਨਹੀਂ ਚਲਾ ਸਕਦੀ। ਗੱਡੀ ਚਲਾਉਣੀ ਤਾਂ ਦੂਰ, ਮੈਂ ਤਾਂ ਸਾਈਕਲ ਵੀ ਨਾ ਸਿੱਖ ਸਕੀ। ਚੜ੍ਹਨਾ ਸਿੱਖੀ ਤਾਂ ਲਹਿਣਾ ਨਾ ਆਇਆ। ਜਦੋਂ ਵੀ ਕੋਸ਼ਿਸ਼ ਕੀਤੀ, ਹੱਡ ਭੰਨਾ ਕੇ ਕੰਨਾਂ ਨੂੰ ਹੱਥ ਲਾਏ। ਸਾਲਾਂ ਤੋਂ ਮੋਬਾਇਲ ਫੋਨ ਵਰਤ ਰਹੀ ਹਾਂ। ਮੈਸੇਜ ਪੜ੍ਹ ਤਾਂ ਲੈਂਦੀ ਹਾਂ, ਫਾਰਵਰਡ ਕਰਨ ਦਾ ਵੱਲ ਨਹੀਂ ਆਇਆ। ਮਾਈਕਰੋਵੇਵ ਚਲਾਉਣਾ ਵੀ ਮੈਨੂੰ ਘਰੋਗੀ ਕੰਮਾਂ ਦੀ ਮਦਦਗਾਰ, ਕਲਾਵਤੀ ਨੇ ਹੀ ਸਿੱਖਾਇਆ। ਮੇਰੇ ਟੇਪਰਿਕਾਰਡਰ ਦੀਆਂ ਉਲਝੀਆਂ ਟੇਪਾਂ ਉਹੀ ਉਧੇੜਦੀ ਤੇ ਸੁਲਝਾਉਂਦੀ ਹੈ। ਉਹ ਮਸ਼ੀਨੀ ਕੰਮਾਂ ਵਿਚ ਹੁਸ਼ਿਆਰ ਹੈ, ਪਰ ਹਿਸਾਬ ਦਸਾਂ ਉਂਗਲਾਂ ਦੀ ਗਿਣਤੀ ਨਾਲ ਹੀ ਕਰ ਸਕਦੀ ਹੈ। ਜੇ ਹੋਰ ਪਿੱਛੇ ਜਾਵਾਂ ਤਾਂ ਮੁੰਬਈਆ ਜੀਵਨ ਦੌਰਾਨ ਰੋਟੀ-ਟੁਕ ਕਰਨਾ ਮੈਨੂੰ ਪਰਮਾਨੰਦ ਰਸੋਈਏ ਨੇ ਸਿੱਖਾਇਆ ਤੇ ਸਟੋਵ ਬਾਲਣਾ ਮੇਰੇ ਪਤੀ ਨੇ। ਇਸ ਦੇ ਉਲਟ, ਘਰ ਦੀ ਸਾਫ਼ ਸਫ਼ਾਈ ਤੇ ਸਜਾਵਟ ਸਣੇ ਬਰੀਕ ਕਢਾਈਆਂ ਵੀ ਮੈਂ ਵਾਹ ਵਾਹ ਕਰ ਲੈਂਦੀ। ਗੱਲ ਪੇਂਡੂ ਜਾਂ ਸ਼ਹਿਰੀ ਹੋਣ ਦੀ ਨਹੀਂ। ਕੋਈ ਕਿਸੇ ਕੰਮ ਵਿਚ ਨਿਪੁੰਨ ਹੈ ਤੇ ਕੋਈ ਕਿਸੇ ਵਿਚ। ਕੋਈ ਪਿੰਡ ਵਿਚ ਵਸਦਿਆਂ ਵੀ ਸ਼ਹਿਰੀ ਹੈ ਤੇ ਕੋਈ ਮੇਰੇ ਵਰਗਾ ਮਹਾਂਨਗਰ-ਈਆ ਹੋ ਕੇ ਵੀ ਕਿਸੇ ਪਾਸਿਓਂ ਨਿਰਾ ਪੇਂਡੂ।
ਸਾਡੀ ਪੀੜ੍ਹੀ ਦੀ ਔਰਤ ਸਿਊਣ-ਪਰੋਣ, ਕਢਾਈ-ਬੁਣਾਈ ਤੋਂ ਇਲਾਵਾ ਬਰੀਕ ਤੋਂ ਬਰੀਕ ਰਫ਼ੂ ਕਰਨਾ ਤੇ ਟਾਕੀਆਂ ਲਾਣੀਆਂ ਅਰ ਕਾਜ ਬਟਣ ਵੀ ਕੱਢਣੇ-ਬੁਣਨੇ ਜਾਣਦੀ ਸੀ। ਇਹ ਉਸ ਦੀ ਮੁਢਲੀ ਸਿੱਖਿਆ ਦਾ ਅੰਗ ਸੀ।
ਉਦੋਂ ਟੁੱਟਿਆ ਜੋੜਨ ਅਤੇ ਫਟਿਆ ਗੰਢਣ ਦਾ ਜ਼ਮਾਨਾ ਸੀ ਜਿਸ ਨੂੰ ਅੱਜ ਦੀ ਪੀੜ੍ਹੀ ਮੂਤ ਵਿਚੋਂ ਮੱਛੀਆਂ ਪਕੜਨਾ ਸਮਝਦੀ ਹੈ।
ਇਸ ਪੀੜ੍ਹੀ ਦੇ ਹੱਥ ਵਿਚ ਮੋਬਾਇਲ ਕੈਮਰੇ ‘ਤੇ ਇੰਟਰਨੈਟ ਹੈ, ਅਰ ਅੱਖਾਂ ਟੀæਵੀæ ਕੰਪਿਊਟਰ ਉਪਰ ਗੱਡੀਆਂ ਹੋਈਆਂ। ਖਪਤਵਾਦ ਦਾ ਬੋਲਬਾਲਾ ਹੈ। ਅੱਜ ਸੈਰ-ਸਪਾਟਿਆਂ ‘ਤੇ ਗਏ ਗੱਡੀਆਂ ਭਜਾਉਂਦੇ ਮਾਪੇ ਬੱਚਿਆਂ ਦੇ ਮੈਲੇ ਹੋਏ ਕੱਪੜੇ ਲਾਹੁੰਦੇ-ਬਦਲਦੇ ਗੱਡੀਓਂ ਬਾਹਰ ਸੁੱਟ ਦਿੰਦੇ ਹਨ ਤੇ ਬਜ਼ਾਰੋ-ਬਜ਼ਾਰ ਲੰਘਦੇ, ਰੇਡੀਮੇਡ ਪੁਸ਼ਾਕਾਂ ਖਰੀਦਦੇ, ਪਾਉਂਦੇ-ਪੁਆਉਂਦੇ, ਲਾਹੁੰਦੇ-ਸੁੱਟਦੇ ਤੇ ਭੱਜਦੇ ਅੱਗੇ ਕੂਚ ਕਰ ਜਾਂਦੇ ਹਨ। ਕੌਣ ਧੋਣ ਤੇ ਪ੍ਰੈਸ ਕਰਨ ਦੇ ਝੰਜਟਾਂ ਵਿਚ ਪਵੇ!
ਦਿਨ ਗਿਣਵੇਂ ਤੇ ਰੁਝੇਵੇਂ ਬਾਹਲੇ। ਆਪਣੀ ਥਾਂ ਨਵੀਂ ਪੀੜ੍ਹੀ ਠੀਕ ਹੀ ਹੈ। ਪ੍ਰੈਕਟੀਕਲ। ਇਹ ਬਾਹਰਲੀ ਫੂੰ-ਫਾਂ ਅਤੇ ਕੱਪੜਿਆਂ-ਗਹਿਣਿਆਂ ਦੇ ਢੁੱਕ-ਢੁਕਾਅ ਦੇ ਖਲਜਗਣ ਵਿਚ ਨਹੀਂ ਪੈਂਦੀ। ਇਹ ਇਕ-ਲਿੰਗੀ ਪਰਵਿਰਤੀ ਦੀ ਹੈ, ਯੂਨੀਸੈਕਸ ਦੀ ਹਾਮੀ। ਟੁੱਟਿਆ ਗੰਢਣਾ ਤਾਂ ਛੋੜੋ, ਇਸ ਨੂੰ ਸੂਈ ਵਿਚ ਧਾਗਾ ਪਾਉਣ ਵਿਚ ਵੀ ਅਲਕਤ ਆਉਂਦੀ ਹੈ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਦੀ ਪੀੜ੍ਹੀ ਦੀ ਸਮਰੱਥਾ ਸਾਨੂੰ ਹੈਰਾਨ ਕਰ ਦਿੰਦੀ ਹੈ। ਇਹ ਪੀੜ੍ਹੀ ਸਾਡਾ ਹੱਥ ਫੜ ਕੇ ਆਪਣੇ ਨਾਲ ਤੋਰਨ ਦਾ ਜਤਨ ਕਰ ਰਹੀ ਹੈ। ਪੋਤਾ ਦਾਦੇ ਨੂੰ ਕੰਪਿਊਟਰ ਸਿੱਖਾ ਰਿਹਾ ਹੈ ਤੇ ਪੋਤੀ ਦਾਦੀ ਨੂੰ ਕੈਮਰਾ ਕਲਿੱਕ ਕਰਨਾ। ਇਨ੍ਹਾਂ ਬੱਚਿਆਂ ਨੂੰ ਰੱਖ-ਰਖ਼ਾਅ ਅਤੇ ਵਲ-ਫਰੇਬ ਨਹੀਂ ਆਉਂਦੇ। ਇਹ ਸਿੱਧੀ ਤੇ ਸਪਸ਼ਟ ਗੱਲ ਕਰਦੇ ਹਨ। ਇਹ ਜਿਉਂਦੇ ਹਨ ਅੱਜ ਤੇ ਹੁਣ ਵਿਚ। ਇਹ ਸਿੱਖਦੇ ਵੀ ਨੇ ਤੇ ਸਿਖਾਉਂਦੇ ਵੀ। ਸਾਨੂੰ ਇਨ੍ਹਾਂ ਦੀ ਉਂਗਲ ਫੜ ਕੇ ਮੁਸ ਮੁਸ ਕਰਦੇ ਅੱਗੇ ਪਲੰਘਣਾ ਚਾਹੀਦਾ ਹੈ।