ਮੋਦੀ ਸਰਕਾਰ: ਘੱਟ ਗਿਣਤੀਆਂ ਵਿਚ ਸਹਿਮ ਵਧਿਆ

ਜਸਵੰਤ ਸਿੰਘ ਸ਼ਾਦ
“ਮੋਦੀ ਸਰਕਾਰ ਬਣਨ ਤੋਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਰਹਿ ਰਹੀਆਂ ਘੱਟ ਗਿਣਤੀਆਂ ਉਪਰ ਫਿਰਕੂ ਹਮਲੇ ਵਧ ਗਏ ਹਨ, ਇੱਕ ਇਸਾਈ ਹੋਣ ਦੇ ਨਾਤੇ ਮੈਂ ਅੱਜ ਆਪਣੇ ਦੇਸ਼ ‘ਚ ਅਜਨਬੀ ਤੇ ਡਰਿਆ ਹੋਇਆ ਮਹਿਸੂਸ ਕਰਦਾ ਹਾਂ।” ਇਹ ਸਤਰਾਂ ਕਿਸੇ ਹੋਰ ਦੀਆਂ ਨਹੀਂ ਬਲਕਿ ਪੰਜਾਬ ਦੇ ਸਾਬਕਾ ਡੀæ ਜੀæ ਪੀæ ਜੂਲੀਓ ਰਿਬੇਰੋ ਦੀਆਂ ਹਨ। ਇਹ ਹੈ, ਹਿੰਦੋਸਤਾਨ ਦੀ ਅਜੋਕੀ ਤਸਵੀਰ। ਜੇਕਰ ਇੱਡੇ ਵੱਡੇ ਅਹੁਦੇ ਤੋਂ ਸੇਵਾਮੁਕਤ ਹੋਇਆ ਬੰਦਾ ਵੀ ਘੱਟਗਿਣਤੀ ਨਾਲ ਸਬੰਧਿਤ ਹੋਣ ਕਰਕੇ ਆਪਣੇ ਆਪ ਨੂੰ ਅਸੁਰੱਖਿਅਤ ਤੇ ਅਜਨਬੀ ਮਹਿਸੂਸ ਕਰਦਾ ਹੈ ਤਾਂ ਆਮ ਬੰਦੇ ਦੀ ਮਨੋਦਸ਼ਾ ਕੀ ਹੋਵੇਗੀ? ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ।

ਮੋਦੀ ਸਰਕਾਰ ਬਣਨ ਤੋਂ ਬਾਅਦ ਹਿੰਦੂਤਵੀਆਂ ਦੇ ਹੌਸਲੇ ਪੂਰੇ ਬੁਲੰਦੀ ‘ਤੇ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਿਸ ਦਿਨ ਘੱਟ ਗਿਣਤੀਆਂ ‘ਤੇ ਸ਼ਾਬਦਿਕ ਹਮਲੇ ਕਰਕੇ ਉਨ੍ਹਾਂ ਨੂੰ ਜਲੀਲ ਨਾ ਕੀਤਾ ਜਾਂਦਾ ਹੋਵੇ। ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਉਤੇ ਪਹਿਲਾਂ ਤੋਂ ਹੀ ਹੋ ਰਹੇ ਹਮਲਿਆਂ ਵਿਚ ਭਾਰੀ ਵਾਧਾ ਹੋਇਆ ਹੈ। ਸ਼ਾਬਦਿਕ ਹਮਲਿਆਂ ਦੇ ਨਾਲ ਨਾਲ ਕਤਲੋਗਾਰਤ, ਲੁੱਟ ਮਾਰ ਤੇ ਜ਼ਲੀਲ ਕਰਨ ਦੀਆਂ ਘਟਨਾਵਾਂ ਵੀ ਵਧੀਆਂ ਹਨ ਜਿਸ ਨੇ ਘੱਟ ਗਿਣਤੀਆਂ ਵਿਚ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਹੈ। ਹਿੰਦੂਆਂ ਦਾ ਧਰਮ ਪਰਿਵਰਤਨ ਰੋਕਣ ਦੇ ਨਾਮ ਉਤੇ ਹਿੰਦੂਆਂ ਵਲੋਂ ਇਸਾਈਆਂ ਦੇ ਚਰਚਾਂ ਨੂੰ ਅੱਗਾਂ ਲਾਉਣੀਆਂ ਤੇ ਇਸਾਈਆਂ ਦੇ ਕੁੱਟ ਕੁਟਾਪੇ ਦੀਆਂ ਅਨੇਕਾਂ ਖਬਰਾਂ ਸੋਸ਼ਲ ਮੀਡੀਏ ਉਤੇ ਆ ਰਹੀਆਂ ਹਨ। ਇਹ ਵੱਖਰੀ ਗੱਲ ਹੈ ਕਿ ਭਾਰਤੀ ਮੀਡੀਆ ਇਸ ਤਰ੍ਹਾਂ ਦੀਆਂ ਖਬਰਾਂ ਵੱਲ ਕੰਨ ਨਹੀਂ ਧਰਦਾ। ਹਿੰਦੂਤਵੀਆਂ ਵਲੋਂ ਵਾਰ ਵਾਰ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸ ਕੇ ਸਿੱਖਾਂ ਨੂੰ ਚਿੜਾਇਆ ਜਾਂਦਾ ਹੈ ਤੇ ਸਿੱਖ ਆਗੂਆਂ ਨੂੰ ਵਾਰ ਵਾਰ “ਸਿੱਖ ਹਿੰਦੂ ਨਹੀਂ” ਦੀ ਸਫਾਈ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਦੂਜੇ ਦੇ ਧਰਮ ਵਿਚ ਬੇਲੋੜੀ ਦਖਲ ਅੰਦਾਜ਼ੀ ਤਾਂ ਹੈ ਹੀ, ਇਸ ਨਾਲ ਭਾਈਚਾਰਿਆਂ ਵਿਚ ਕੁੜਤਣ ਵੀ ਵਧਦੀ ਹੈ।
ਆਰ ਐਸ ਐਸ ਜਾਂ ਭਾਜਪਾ ਦੇ ਆਗੂਆਂ ਨੇ ਆਪਣੇ “ਹਿੰਦੂ, ਹਿੰਦੀ, ਹਿੰਦੋਸਤਾਨ” ਦੇ ਏਜੰਡੇ ਨੂੰ ਭਾਵੇਂ ਪਹਿਲਾਂ ਵੀ ਬਹੁਤਾ ਲੁਕੋ ਕੇ ਨਹੀਂ ਸੀ ਰੱਖਿਆ ਪਰ ਮੋਦੀ ਸਰਕਾਰ ਬਣਨ ਤੋਂ ਬਾਅਦ ਤਾਂ ਜਿਵੇਂ ਉਨ੍ਹਾਂ ਨੇ ਇਸ ਏਜੰਡੇ ਨੂੰ ਖੁੱਲੇ ਰੂਪ ਵਿਚ ਲਾਗੂ ਕਰਨਾ ਅਰੰਭ ਕਰ ਦਿੱਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਚੇਅਰਮੈਨ ਅਸ਼ੋਕ ਸਿੰਘਲ ਨੇ ਤਾਂ ਸਾਫ਼ ਸਾਫ਼ ਲਫਜਾਂ ਵਿਚ ਕਹਿ ਦਿੱਤਾ ਹੈ ਕਿ 800 ਸਾਲ ਬਾਅਦ ਹਿੰਦੂਆਂ ਦਾ ਆਪਣਾ ਰਾਜ ਆਇਆ ਹੈ। ਆਪਣਾ ਰਾਜ ਆਇਆ ਹੈ ਤਾਂ ਹਾਕਮ ਚੰਮ ਦੀਆਂ ਚਲਾਉਣ ‘ਤੇ ਉਤਰ ਆਏ ਲਗਦੇ ਹਨ। ਦੇਸ਼ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਹਿੰਦੂਤਵੀ ਆਗੂਆਂ ਨੇ ਆਪਣੇ ਆਪ ਨੂੰ ਹਿੰਦੋਸਤਾਨ ਦੇ ਮਾਲਕ ਤਸਵਰ ਕਰਦਿਆਂ 2020 ਤੱਕ ਸਾਰੇ ਦੇਸ਼ ਵਾਸੀਆਂ ਨੂੰ ਹਿੰਦੂ ਬਣਾਉਣ ਦਾ ਐਲਾਨ ਡੰਕੇ ਦੀ ਚੋਟ ਤੇ ਕੀਤਾ ਹੈ। ਦਿਲਚਸਪ ਗੱਲ ਹੈ ਕਿ ਸਾਰੇ ਫਿਰਕਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂ ਆਗੂਆਂ ਦੇ ਇਸ ਬਿਆਨ ਉਤੇ ਸਾਜਿਸ਼ੀ ਚੁੱਪੀ ਧਾਰੀ ਹੋਈ ਹੈ। ਅੱਜ ਸਾਰੇ ਈ ਘੱਟ ਗਿਣਤੀ ਫਿਰਕੇ ਬਹੁਗਿਣਤੀ ਆਗੂਆਂ ਦੇ ਹਿੰਦੂਤਵੀ ਏਜੰਡੇ ਦੀ ਮਾਰ ਹੇਠ ਹਨ। ਹਿੰਦੋਸਤਾਨੀ ਨਕਸ਼ੇ ਵਿਚ 4% ਆਬਾਦੀ ਵਾਲੇ ਇਸਾਈਆਂ ਦੀ ਹੋਂਦ ਸਿਰਫ ਨਾਂ ਦੇ ਬਰਾਬਰ ਹੈ। ਕਿਸੇ ਵੀ ਖੇਤਰ ਵਿਚ ਉਨ੍ਹਾਂ ਦਾ ਬੋਲਬਾਲਾ ਨਜ਼ਰ ਨਹੀਂ ਆਉਂਦਾ। ਵੱਖਰੀ ਹਸਤੀ ਦੀ ਮਾਲਿਕ 2% ਤੋਂ ਵੀ ਘੱਟ ਗਿਣਤੀ ਵਾਲੀ ਸਿੱਖ ਕੌਮ ਬਿਨਾ ਸ਼ੱਕ ਅੱਜ ਆਪਣੀ ਹੋਂਦ ਨੂੰ ਬਚਾ ਕੇ ਰੱਖਣ ਦੀ ਲੜਾਈ ਲੜ ਰਹੀ ਹੈ। ਅੱਜ ਸਿੱਖਾਂ ਦੇ ਖਿਲਾਫ਼ ਭਾਵੇਂ ਹਿੰਦੂਤਵੀਆਂ ਦਾ ਕੋਈ ਬਾਹਰੀ ਹਮਲਾ ਨਜ਼ਰ ਨਹੀਂ ਆਉਂਦਾ ਪਰ ਬਾਦਲਾਂ ਰਾਹੀਂ ਸਿੱਖ ਸੰਸਥਾਵਾਂ ਅੰਦਰ ਘੁਸਪੈਠ ਕਰ ਚੁੱਕੀ ਆਰ ਐਸ ਐਸ ਚੁੱਪ ਚੁਪੀਤੇ ਆਪਣਾ ਕੰਮ ਕਰੀ ਜਾ ਰਹੀ ਹੈ। ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨਾ, ਗੁਰੂਡੰਮ ਨੂੰ ਉਤਸ਼ਾਹਤ ਕਰਕੇ ਸਿੱਖਾਂ ਨੂੰ ਗੁਰੂ ਸ਼ਬਦ ਨਾਲੋਂ ਤੋੜਨਾ ਤੇ ਸਿੱਖ ਜਵਾਨੀ ਨੂੰ ਨਸ਼ਿਆਂ ਰਾਹੀਂ ਖਤਮ ਕਰਨਾ, ਉਨ੍ਹਾਂ ਦੇ ਏਜੰਡੇ ਦੀਆਂ ਕੁਝ ਵੰਨਗੀਆਂ ਹਨ, ਜਿਨ੍ਹਾਂ ਨੂੰ ਬੜੇ ਯੋਜਨਾਬਧ ਤਰੀਕੇ ਨਾਲ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਤਾਂ ਕਿ 2020 ਤੱਕ ਘੱਟ ਗਿਣਤੀਆਂ ਨੂੰ ਆਸਾਨੀ ਨਾਲ ਹਿੰਦੂ ਬਣਾਇਆ ਜਾ ਸਕੇ।
ਘੱਟ ਗਿਣਤੀਆਂ ਦੇ ਖਿਲਾਫ਼ ਆਉਂਦੇ ਹਿੰਦੂਤਵੀਆਂ ਦੇ ਬਿਆਨਾਂ ਦਾ ਭਾਜਪਾਈਆਂ ਨਾਲ ਨਹੁੰ ਮਾਸ ਦਾ ਰਿਸ਼ਤਾ ਬਣਾਈ ਬੈਠੇ ਅਕਾਲੀ ਹਾਕਮਾਂ ਨੇ ਕਦੇ ਟੁੱਟੀ ਜ਼ੁਬਾਨ ਨਾਲ ਵੀ ਵਿਰੋਧ ਨਹੀਂ ਕੀਤਾ, ਕੀ ਅਕਾਲੀ (ਬਾਦਲਕੇ) 2020 ਵਿਚ ਹਿੰਦੂ ਬਣਨ ਨੂੰ ਤਿਆਰ ਹਨ? ਕੀ ਅੰਦਰਖਾਤੇ ਉਨ੍ਹਾਂ ਦਾ ਆਰ ਐਸ ਐਸ ਨਾਲ ਸਿੱਖ ਕੌਮ ਨੂੰ ਹਿੰਦੂਤਵ ਦੇ ਪੇਟੇ ਪਾਉਣ ਦਾ ਕੋਈ ਸਮਝੌਤਾ ਹੋ ਚੁੱਕਾ ਹੈ? ਜੇ ਨਹੀਂ ਤਾਂ ਇਸ ਦਾ ਵਿਰੋਧ ਕਿਉਂ ਨਹੀਂ ਕਰਦੇ?
ਸਭ ਤੋਂ ਵਧ ਜ਼ਲੀਲ ਤੇ ਦਹਿਸ਼ਤਜਦਾ ਮੁਸਲਿਮ ਭਾਈਚਾਰੇ ਨੂੰ ਕੀਤਾ ਜਾ ਰਿਹਾ ਹੈ। ਹਿੰਦੂਤਵੀ ਆਗੂਆਂ ਵਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਇੱਕ ਤੋਂ ਬਾਅਦ ਇੱਕ ਮੁਸਲਿਮ ਵਿਰੋਧੀ ਬਿਆਨ ਦੇ ਕੇ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਮੁਸਲਮਾਨਾਂ ਨੇ ਕੀ ਖਾਣਾ ਹੈ? ਕੀ ਪਹਿਨਣਾ ਹੈ ਤੇ ਕੀ ਕਰਨਾ ਜਾਂ ਨਹੀਂ ਕਰਨਾ ਹੈ? ਇਹ ਸਾਰੇ ਮਾਪਦੰਡ ਹਿੰਦੂ ਆਗੂਆਂ ਵਲੋਂ ਨਵੇਂ ਸਿਰਿਓਂ ਤੈਅ ਕਰਕੇ ਮੁਸਲਮਾਨਾਂ ‘ਤੇ ਥੋਪੇ ਜਾ ਰਹੇ ਹਨ, ਜਿਵੇਂ ਉਹ ਇਸ ਦੇਸ਼ ਦੇ ਜਮਾਂਦਰੂ ਵਸਨੀਕ (ਨਾਗਰਿਕ) ਨਾ ਹੋ ਕੇ ਕਿਸੇ ਬਾਹਰਲੇ ਮੁਲਕ ਤੋਂ ਆਏ ਸ਼ਰਨਾਰਥੀ ਹੋਣ। ਕੋਈ ਸਾਖਸ਼ੀ ਮਹਾਰਾਜ ਵਰਗਾ ਭਾਜਪਾਈ ਐਮæਪੀæਮੁਸਲਮਾਨਾਂ ਨੂੰ ਬੀਫ ਨਾ ਖਾਣ ਦੀ ਚੇਤਾਵਨੀ ਦਿੰਦਾ ਹੋਇਆ ਇਥੋਂ ਤੱਕ ਕਹਿ ਦਿੰਦਾ ਹੈ ਕਿ ਗਊ ਮਾਸ ਖਾਣ ਵਾਲੇ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਕੋਈ ਹੋਰ ਆਗੂ ਉਠ ਕੇ ਮੁਸਲਮਾਨਾਂ ਨੂੰ ਯੋਗਾ ਨਾ ਕਰਨ ਦੀ ਬਿਨਾ ਤੇ ਦੇਸ਼ ਛੱਡ ਕੇ ਪਾਕਿਸਤਾਨ ਚਲੇ ਜਾਣ ਲਈ ਕਹਿ ਦਿੰਦਾ ਹੈ। ਕੋਈ ‘ਸੂਰਯ ਨਮਸਕਾਰ’ ਵਿਚ ਭਾਗ ਨਾ ਲੈਣ ਵਾਲੇ ਮੁਸਲਮਾਨਾਂ ਨੂੰ ਦੇਸ਼ ਦੇ ਗੱਦਾਰ ਦਾ ਫਤਵਾ ਦੇਣ ਤੁਰ ਪੈਂਦਾ ਹੈ ਤੇ ਕੋਈ ਮੁਸਲਮਾਨਾਂ ਦੇ ਵੱਧ ਬੱਚਿਆਂ ਦੀ ਸੂਰੀ ਦੇ ਬੱਚਿਆਂ ਨਾਲ ਤੁਲਨਾ ਕਰ ਮਾਰਦਾ ਹੈ। ਕੋਈ ਸਾਰੇ ਮੁਸਲਮਾਨਾਂ ਨੂੰ ਵਾਪਸ ਹਿੰਦੂ ਧਰਮ ਵਿਚ ਲਿਆ ਕੇ ਉਨ੍ਹਾਂ ਦੀ ‘ਘਰ ਵਾਪਸੀ’ ਲਈ ਕਾਹਲਾ ਹੈ, ਤੇ ਕੋਈ ਹਿੰਦੂਆਂ ਨੂੰ ਬਾਲੀਵੁੱਡ ਦੇ ਸਟਾਰ ਤਿੰਨ ਖਾਨਾਂ ਦੀਆਂ ਫਿਲਮਾਂ ਨਾ ਦੇਖਣ ਦੀ ਸਲਾਹ ਦੇ ਕੇ ਮੁਸਲਮਾਨਾਂ ਪ੍ਰਤੀ ਆਪਣੀ ਅੰਨ੍ਹੀ ਨਫਰਤ ਦਾ ਪ੍ਰਗਟਾਵਾ ਕਰ ਰਿਹਾ ਹੈ। ਮੁਸਲਮਾਨਾਂ ਨੂੰ ਅਤਿਵਾਦੀ ਤੇ ਦੇਸ਼ ਵਿਰੋਧੀ ਦਰਸਾ ਕੇ ਹਿੰਦੂਆਂ ਨੂੰ ਉਨ੍ਹਾਂ ਵਿਰੁਧ ਭੜਕਾਇਆ ਜਾ ਰਿਹਾ ਹੈ। ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਮੁਸਲਮਾਨਾਂ ਨਾਲ ਸਬੰਧਤ ਸਾਰੇ ਇਤਿਹਾਸ ਨੂੰ ਕਿਸੇ ਨਾ ਕਿਸੇ ਰੂਪ ‘ਚ ਖਤਮ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਕਦੇ ਰਾਮ ਚੰਦਰ ਜੀ ਦਾ ਜਨਮ ਅਸਥਾਨ ਦੱਸ ਕੇ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ ਸੀ ਤੇ ਹੁਣ ਔਰੰਗਜ਼ੇਬ ਰੋਡ ਦਾ ਨਾਂ ਬਦਲ ਕੇ ਇੱਕ ਹੋਰ ਵਫ਼ਾਦਾਰ ਮੁਸਲਮਾਨ ਅਬਦੁਲ ਕਲਾਮ ‘ਤੇ ਰੱਖਿਆ ਗਿਆ ਹੈ। ਦੁਨੀਆਂ ਦੇ ਇੱਕ ਅਜੂਬੇ ‘ਤਾਜ ਮਹਿਲ’ ਨੂੰ ਵੀ ਹਿੰਦੂ ਮੰਦਿਰ ਸਿੱਧ ਕਰਨ ਦੀ ਕਵਾਇਦ ਕਈ ਦਹਾਕਿਆਂ ਤੋਂ ਸ਼ੁਰੂ ਹੈ ਜਿਸ ਦੇ ਤਹਿਤ ‘ਖੋਜ’ ਦੇ ਨਾਮ ਉਤੇ ਕਿਤਾਬਾਂ ਤੇ ਹੋਰ ਪ੍ਰਚਾਰ ਸਮਗਰੀ ਖੁੱਲ੍ਹੇ ਰੂਪ ‘ਚ ਵੰਡੀ ਜਾ ਰਹੀ ਹੈ। ਇਹ ਤਾਂ ਕੁਝ ਉਦਾਹਰਣਾਂ ਹਨ। ਇਸ ਤਰ੍ਹਾਂ ਦੇ ਭੜਕਾਊ ਬਿਆਨ ਤਾਂ ਹਿੰਦੂਤਵੀਆਂ ਦਾ ਨਿੱਤ ਦਾ ਸ਼ੁਗਲ ਹਨ।
ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਕੀ ਮੰਨ ਲਿਆ ਜਾਵੇ ਕਿ ਘੱਟ ਗਿਣਤੀਆਂ ਦੇ ਖਾਤਮੇ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ? ਇੱਕ ਧਰਮ ਨਿਰਪੱਖ ਦੇਸ਼ ਵਿਚ ਕੀ ਕੋਈ ਧਰਮ ਦੂਜੇ ਧਰਮ ਨੂੰ ਖਤਮ ਕਰਨ ਦੀ ਚਿਤਾਵਨੀ ਜਾਂ ਧਮਕੀ ਦੇ ਸਕਦਾ ਹੈ? ਜੇ ਨਹੀਂ ਤਾਂ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲਿਆਂ ਖਿਲਾਫ਼ ਕੀ ਕੋਈ ਕੇਸ ਦਰਜ ਨਹੀਂ ਹੋਣਾ ਚਾਹੀਦਾ? ਕੀ ਇਸ ਨਾਲ ਦੂਜੇ ਦੀਆਂ ਭਾਵਨਾਵਾਂ ਭੜਕਾਉਣ ਦਾ ਕੇਸ ਨਹੀਂ ਬਣਦਾ? ਕੀ ਇਹ ਲੋਕ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਨਹੀਂ ਹਨ?