ਵੇ ਮੈਂ ਤੇਰੇ ਲੜ ਲੱਗੀ ਆਂ… ਵਾਲੀ ਫਰੀਹਾ ਪਰਵੇਜ਼

ਅਕਸਰ ਚਰਚਾ ਹੁੰਦੀ ਹੈ ਕਿ ਪੰਜਾਬੀ ਸਾਹਿਤ ਦੇ ਮਾਮਲੇ ਵਿਚ ਲਹਿੰਦਾ ਪੰਜਾਬ ਅਜੇ ਚੜ੍ਹਦੇ ਪੰਜਾਬ ਤੋਂ ਕਿਤੇ ਪਿਛਾਂਹ ਹੈ। ਇਸ ਦੇ ਕਈ ਸਿਆਸੀ ਅਤੇ ਹੋਰ ਕਾਰਨ ਹੋ ਸਕਦੇ ਹਨ, ਪਰ ਲਹਿੰਦੇ ਪੰਜਾਬ ਵਿਚ ਸੁਰਾਂ ਦਾ ਜਿਹੜਾ ਦਰਿਆ ਲਗਾਤਾਰ ਵਗ ਰਿਹਾ ਹੈ, ਉਸ ਦਾ ਜਵਾਬ ਕੋਈ ਨਹੀਂ ਹੈ।

ਹੁਣ ਨਵੇਂ ਉਠੇ ਗਾਇਕਾਂ ਨੇ ਵੀ ਸੁਰਾਂ ਦੀ ਇਸ ਤਾਲ ਨੂੰ ਬਾਕਾਇਦਾ ਬਰਕਰਾਰ ਰੱਖਿਆ ਹੈ। ਇਨ੍ਹਾਂ ਨਵੀਆਂ ਸੁਰਾਂ ਨਾਲ ਅਸੀਂ ਆਪਣੇ ਪਾਠਕਾਂ ਨਾਲ ਗਾਹੇ-ਬਗਾਹੇ ਸਾਂਝ ਪੁਆਉਂਦੇ ਰਹਾਂਗੇ। ਇਸ ਵਾਰ ਫਰੀਹਾ ਪਰਵੇਜ਼ ਨਾਲ ਸਾਂਝ ਪੁਆ ਰਹੇ ਹਾਂ। -ਸੰਪਾਦਕ

ਆਮਨਾ ਅਮੀਨ, ਲਾਹੌਰ
ਪਾਕਿਤਸਾਨ ਦੀ ਉਮਦਾ ਗਾਇਕਾ ਫਰੀਹਾ ਪਰਵੇਜ਼ ਅੱਜ ਕੱਲ੍ਹ ਬਾਬਾ ਬੁੱਲ੍ਹੇ ਸ਼ਾਹ ਦੀ ਰਚਨਾ Ḕਮੱਕੇ ਗਿਆਂ’ ਨਾਲ ਖੂਬ ਚਰਚਾ ਵਿਚ ਹੈ। ਇਸ ਰਚਨਾ ਨੂੰ ਉਸ ਨੇ ਪਹਿਲਾਂ ਵਾਂਗ ਹੀ ਪੂਰੀ ਰੂਹ ਨਾਲ ਗਾਇਆ ਹੈ ਅਤੇ ਮੇਲਾ ਹੀ ਲੁੱਟ ਲਿਆ ਹੈ। ਫਰੀਹਾ ਪਰਵੇਜ਼ ਦੀਆਂ ਹੁਣ ਤੱਕ ਸੱਤ ਐਲਬਮਾਂ ਰਿਲੀਜ਼ ਚੁੱਕੀਆਂ ਹਨ। ਉਸ ਦੀ ਮਗਰਲੀ ਐਲਬਮ Ḕਅਭੀ ਅਭੀ’ ਪੰਜ ਸਾਲ ਪਹਿਲਾਂ 2010 ਵਿਚ ਰਿਲੀਜ਼ ਹੋਈ ਸੀ। ਉਸ ਦੀ ਪਹਿਲੀ ਐਲਬਮ Ḕਨਾਈਸ ਐਂਡ ਨੌਟੀḔ 1996 ਵਿਚ ਆਈ ਸੀ। ਉਸ ਦੀਆਂ ਹੋਰ ਐਲਬਮਾਂ ਵਿਚ Ḕਪੈਸ਼ਨḔ, ḔਪੀਆḔ, ḔਝੁਮਕਾḔ ਆਦਿ ਸ਼ਾਮਲ ਹਨ।
2 ਫ਼ਰਵਰੀ 1970 ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਵਿਚ ਜੰਮੀ ਫਰੀਹਾ ਪਰਵੇਜ਼ ਨੂੰ ਗਾਇਨ ਵਿਰਾਸਤ ਵਿਚ ਮਿਲਿਆ। 1995 ਵਿਚ ਉਸ ਨੇ ਕਲਾਸੀਕਲ ਸੰਗੀਤ ਦੀ ਸਿਖਲਾਈ ਲਈ। ਹੁਣ ਤੱਕ ਉਸ ਨੇ ਆਪਣੇ ਕਜ਼ਨ ਅਰਿਫਾ ਸਿੱਦੀਕ, ਇਰਮ ਹਸਨ, ਸਿਮੀ ਜ਼ੈਦੀ, ਸ਼ਬਨਮ ਮਜੀਦ ਅਤੇ ਸਾਇਰਾ ਨਸੀਮ ਨਾਲ ਰਲ ਕੇ ਗਾਇਆ ਹੈ। ਯਾਦ ਰਹੇ ਕਿ 2013 ਵਿਚ ਚੜ੍ਹਦੇ ਪੰਜਾਬ ਵਿਚ ਹੋਏ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਮੌਕੇ ਵੀ ਉਸ ਨੇ ਆਪਣੇ ਫਨ ਦਾ ਜਲਵਾ ਦਿਖਾਇਆ ਸੀ। ਉਸ ਵੇਲੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਪੁੱਜੇ ਹੋਏ ਸਨ।
ਫਰੀਹਾ ਪਰਵੇਜ਼ ਨੇ ਪਹਿਲਾਂ ਪਹਿਲ ਅਦਾਕਾਰੀ ਦੇ ਖੇਤਰ ਵਿਚ ਪੈਰ ਪਾਇਆ ਸੀ। ਇਹ 1990ਵਿਆਂ ਦੀ ਸ਼ੁਰੂਆਤ ਦੀਆਂ ਗੱਲਾਂ ਹਨ। ਉਦੋਂ ਉਸ ਨੇ ਬੱਚਿਆਂ ਲਈ ਨਾਟਕ Ḕਐਨਕ ਵਾਲਾ ਜਿੰਨḔ ਸਮੇਤ ਕਈ ਹੋਰ ਡਰਾਮਿਆਂ ਵਿਚ ਵੀ ਕੰਮ ਕੀਤਾ। Ḕਐਨਕ ਵਾਲਾ ਜਿੰਨḔ ਤਾਂ ਖੂਬ ਮਕਬੂਲ ਹੋਇਆ ਸੀ। ਇਸ ਤੋਂ ਕੁਝ ਸਾਲਾਂ ਬਾਅਦ ਉਸ ਨੇ ਸੰਗੀਤ ਦੇ ਖੇਤਰ ਵਿਚ ਜਾਣ ਦਾ ਫੈਸਲਾ ਕੀਤਾ। ਇਸ ਬਾਬਤ ਉਸ ਨੇ ਕਲਾਸੀਕਲ ਸੰਗੀਤ ਦੀ ਬਕਾਇਦਾ ਸਿੱਖਿਆ ਹਾਸਲ ਕੀਤੀ। ਉਹਦੀ ਪਹਿਲੀ ਹੀ ਐਲਬਮ Ḕਨਾਈਸ ਐਂਡ ਨੌਟੀḔ ਨੂੰ ਲੋਕਾਂ ਨੇ ਖੂਬ ਹੁੰਗਾਰਾ ਭਰਿਆ। ਉਸ ਨੇ ਕੁਝ ਮਸ਼ਹੂਰ ਗਾਇਕਾਵਾਂ ਵੱਲੋਂ ਗਾਏ ਗੀਤ ਵੀ ਗਾਏ। ਇਸ ਤੋਂ ਬਾਅਦ ਤਾਂ ਉਸ ਲਈ ਰਾਹ-ਦਰ-ਰਾਹ ਬਣਦੇ ਗਏ। ਉਸ ਨੇ ਪਾਕਿਸਤਾਨ ਦੀਆਂ ਕਈ ਫਿਲਮਾਂ ਜਿਵੇਂ ਚੀਫ਼ ਸਾਹਿਬ, ਸਲਾਇਬ, ਘੂੰਗਟ, ਸੰਗਮ, ਇੰਤਹਾ ਅਤੇ ਮੂਸਾ ਖ਼ਾਨ ਲਈ ਗੀਤ ਗਾਏ। ਫਰੀਹਾ ਪਰਵੇਜ਼ ਨੇ ਟੀæਵੀæ ਪ੍ਰੋਗਰਾਮ ਵੀ ਕੀਤੇ ਜਿਸ ਵਿਚ ਅਮੀਰ ਖੁਸਰੋ ਦੇ ਗੀਤਾਂ ਵਾਲਾ ਪ੍ਰੋਗਰਾਮ ਵੀ ਸ਼ਾਮਲ ਹੈ। ਇਨ੍ਹਾਂ ਪ੍ਰੋਗਰਾਮਾਂ ਦਾ ਨਾਂ Ḕਵਹੁ ਬਹਾਰ ਆਈḔ ਅਤੇ ḔਚਿਲਮਨḔ ਰੱਖੇ ਗਏ ਸਨ। ਇਸ ਤੋਂ ਇਲਾਵਾ ਉਸ ਨੇ ਪੀæਟੀæਵੀæ ਲਈ ਵਿਰਸਾ ਸੀਰੀਜ਼ ਤਹਿਤ ਕਈ ਗੀਤ ਗਾਏ। ਇਹ ਪ੍ਰੋਗਰਾਮ ਮੀਆਂ ਯੂਸਫ਼ ਸਲਾਹੂਦੀਨ ਵੱਲੋਂ ਤਿਆਰ ਕੀਤਾ ਗਿਆ ਸੀ। ਉਸ ਨੇ ਉਸਤਾਦ ਬੜੇ ਗੁਲਾਮ ਅਲੀ ਖ਼ਾਨ ਨੂੰ ਸਮਰਪਿਤ ਵੀਡੀਓ Ḕਯਾਦ ਪੀਆ ਕੀḔ ਰਿਲੀਜ਼ ਕੀਤੀ ਜਿਸ ਦੀ ਖੂਬ ਤਾਰੀਫ ਹੋਈ। ਇਹ ਗੀਤ ਉਸ ਦੀ ਛੇਵੀਂ ਐਲਬਮ Ḕਪੈਸ਼ਨḔ ਵਿਚ ਸ਼ਾਮਲ ਹੈ। ਉਸ ਦਾ ਆਖਣਾ ਹੈ ਕਿ ਸੁਰ ਤੇ ਤਾਲ ਉਸ ਦੀ ਰਗ ਰਗ ਵਿਚ ਵਹਿ ਰਹੇ ਹਨ।
_______________________________
ਸਟੇਜ ਤੋਂ ਸੁਰਾਂ ਤੱਕ
ਫਰੀਹ ਪਰਵੇਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1990ਵਿਆਂ ਦੇ ਆਰੰਭ ਵਿਚ ਵੱਖ ਵੱਖ ਪ੍ਰੋਗਰਾਮਾਂ ਦੀ ਐਂਕਰਿੰਗ ਅਤੇ ਨਾਟਕਾਂ ਵਿਚ ਅਦਾਕਾਰੀ ਨਾਲ ਕੀਤੀ ਸੀ। ਉਹਨੇ ‘ਐਨਕ ਵਾਲਾ ਜਿੰਨ’ ਸਮੇਤ ਕਈ ਲੜੀਵਾਰਾਂ ਵਿਚ ਅਦਾਕਾਰੀ ਨਾਲ ਧਿਆਨ ਖਿੱਚਿਆ, ਪਰ ਛੇਤੀ ਹੀ ਉਹ ਸੁਰ-ਤਾਲ ਨੂੰ ਸਮਰਪਿਤ ਹੋ ਗਈ। ਉਹਦੀ ਪਹਿਲੀ ਐਲਬਮ 1996 ਵਿਚ ਆਈ ਸੀ ਅਤੇ ਹੁਣ ਤੱਕ ਸੱਤ ਐਲਬਮਾਂ ਮਾਰਕੀਟ ਵਿਚ ਆ ਚੁੱਕੀਆਂ ਹਨ। ਉਹਦੀ ਹਰ ਐਲਬਮ ਹਿੱਟ ਗੀਤਾਂ ਨਾਲ ਸ਼ਿੰਗਾਰੀ ਹੋਈ ਹੈ।