ਸ਼ਿਆਮ ਬੈਨੇਗਲ: ਸਮਾਜਕ ਪਰਤਾਂ ਦਾ ਚਿਤੇਰਾ

ਸ਼ਿਆਮ ਬੈਨੇਗਲ ਦੀ ਫ਼ਿਲਮ ‘ਅੰਕੁਰ’ ਵਿਚ ਜਦੋਂ ਸਾਮੰਤਵਾਦੀ ਸੋਚ ਵਾਲਾ ਅੰਨਤਨਾਗ, ਸ਼ਬਾਨਾ ਆਜ਼ਮੀ ਦੇ ਗੁੰਗੇ-ਬੋਲੇ ਪਤੀ ਨੂੰ ਬਿਨਾਂ ਕਸੂਰ ਮਾਰਦਾ-ਕੁੱਟਦਾ ਹੈ ਤਾਂ ਸਾਮਰਾਜਵਾਦੀ ਕਾਇਰਤਾ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਬੈਨੇਗਲ ਹਿੰਦੀ ਸਿਨੇਮਾ ਦੇ ਸ਼ਾਹਕਾਰ ਨਿਰਦੇਸ਼ਕ ਗੁਰੂ ਦੱਤ ਦੇ ਰਿਸ਼ਤੇ ਵਿਚੋਂ ਦੂਰ ਦੇ ਭਰਾ ਲੱਗਦੇ ਹਨ ਅਤੇ ਹੈਦਰਾਬਾਦ ਵਿਚ ਜੰਮੇ-ਪਲੇ ਹਨ। ਉਨ੍ਹਾਂ ਉਤੇ ਜਿੱਥੇ ਹੈਦਰਾਬਾਦੀ ਤਹਿਜ਼ੀਬ ਦਾ ਡੂੰਘਾ ਅਸਰ ਹੈ,

ਉਥੇ ਮੁੰਬਈ ਪੁੱਜ ਕੇ ਥੋਕ ਦੇ ਭਾਅ ਦੇਖੀਆਂ ਯੂਰਪੀ ਫ਼ਿਲਮਾਂ ਨੇ ਉਨ੍ਹਾਂ ਦੀ ਸਿਨੇਮਾ ਵਰਗੇ ਮਾਧਿਅਮ ਬਾਰੇ ਸਮਝ ਬਣਾਈ। ‘ਅੰਕੁਰ’ ਨੈਸ਼ਨਲ ਫਿਲਮ ਫਾਇਨਾਂਸ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਬਣੀ ਸੀ। ਭਾਰਤੀ ਸਿਨੇਮਾ ਵਿਚ ਉਸ ਸਮੇਂ ਅਜਿਹੀਆਂ ਫਿਲਮਾਂ ਦੇ ਰੁਝਾਨ ਕਾਰਨ ਕਈ ਪ੍ਰਾਈਵੇਟ ਅਦਾਰੇ ਵੀ ਦਿਲਚਸਪੀ ਦਿਖਾ ਰਹੇ ਸਨ। ਇਸ਼ਤਿਹਾਰ ਤਿਆਰ ਕਰਨ ਵਾਲੀ ਅਜਿਹੀ ਹੀ ਕੰਪਨੀ ਬਲੇਜ਼ ਐਡਵਰਟਾਈਜ਼ਿੰਗ ਨਾਲ ਬੈਨੇਗਲ ਨੇ ਕਈ ਇਸ਼ਤਿਹਾਰ ਅਤੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਜੋ ਕਲਾ ਤੇ ਰੂਪਕ ਪੱਖ ਤੋਂ ਨਿਹਾਇਤ ਵੱਖਰੀਆਂ ਸਨ।
‘ਚਰਨ ਦਾਸ ਚੋਰ’ ਬੈਨੇਗਲ ਨੇ ਬੱਚਿਆਂ ਲਈ ਤਿਆਰ ਕੀਤੀ, ਪਰ ਇਸ ਵਿਚਲੀ ਲੋਕ ਪ੍ਰੰਪਰਾ ਅਤੇ ਤਤਕਾਲੀ ਵਿਅੰਗ ਕਾਰਨ ਇਹ ਫਿਲਮ ਆਪਣੇ ਦਿੱਸਹਦਿਆਂ ਤੋਂ ਕਈ ਗੁਣਾਂ ਬਾਹਰ ਜ਼ਰਬ ਖਾ ਗਈ। ਵਿਸ਼ਾ ਇਸ ਦਾ ਨਿਵੇਕਲਾ ਸੀ। ਸਿਆਸੀ ਟਿੱਪਣੀਆਂ ਨਾਲ ਸਮੇਂ ਦੀ ਸਰਕਾਰ ਨੂੰ ਸਵਾਲ ਪੁੱਛੇ ਗਏ ਸਨ। ਭਾਸ਼ਾ ਦਿਲਾਂ ਨੂੰ ਟੁੰਬਦੀ ਸੀ। ਇਸ ਫਿਲਮ ਦੀ ਪਟਕਥਾ ਸ਼ਮ੍ਹਾ ਜ਼ੈਦੀ ਨੇ ਲਿਖੀ ਸੀ ਅਤੇ ਰੰਗਕਰਮੀ ਤਨਵੀਰ ਹਬੀਬ ਨੇ ਇਸ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਹਿੰਦੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਸਮਿਤਾ ਪਾਟਿਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਸੇ ਫ਼ਿਲਮ ਤੋਂ ਕੀਤੀ। ਇੱਕ ਇੰਟਰਵਿਊ ਵਿਚ ਇਸ ਫਿਲਮ ਸਬੰਧੀ ਸ਼ਿਆਮ ਬੈਨੇਗਲ ਆਖਦਾ ਹੈ- “ਕਦੇ ਤਾਂ ਸਿਨੇਮਾ ਨੂੰ ਝੂਠ ਤੋਂ ਭੱਜਣਾ ਹੀ ਪੈਣਾ, ਇਸ ਨੂੰ ਤਤਕਾਲੀ ਹਾਲਾਤ ਨਾਲ ਜੁੜਨਾ ਪੈਣਾ ਅਤੇ ਅਜਿਹੀਆਂ ਫਿਲਮਾਂ ਬਣਾਉਣੀਆਂ ਹੀ ਪੈਣੀਆਂ ਜਿਹੜੀਆਂ ਤੁਹਾਡੇ ਦੌਰ ਦੇ ਸੱਚ ਨੂੰ ਬਿਆਨ ਕਰ ਸਕਣ।”
1977 ਵਿਚ ਬਣੀ ਫਿਲਮ ‘ਭੂਮਿਕਾ’ ਲਈ ਸ਼ਿਆਮ ਬੈਨੇਗਲ ਨੇ ਪਿੱਠਭੂਮੀ ਦੇ ਤੌਰ ‘ਤੇ ਸ਼ਹਿਰ ਚੁਣਿਆ। ਇਹ ਫ਼ਿਲਮ ਮਰਾਠੀ ਨਾਟਕਾਂ ਦੀ ਪ੍ਰਸਿੱਧ ਅਭਿਨੇਤਰੀ ਹੰਸਾ ਵਾਡੇਕਰ ਦੀ ਜੀਵਨੀ ‘ਤੇ ਆਧਾਰਿਤ ਸੀ। ਸ਼ਿਆਮ ਬੈਨੇਗਲ ਨੇ ਇਸ ਫਿਲਮ ਰਾਹੀ ਨਾ ਸਿਰਫ਼ ਹੰਸਾ ਵਾਡੇਕਰ ਦੀ ਜ਼ਿੰਦਗੀ ਦੇ ਸ਼ੰਘਰਸ ਅਤੇ ਹਾਲਾਤ ਨੂੰ ਪਰਦੇ ‘ਤੇ ਲੈ ਕੇ ਆਂਦਾ, ਸਗੋਂ ਲੋਕਾਂ ਦੇ ਸਿਨੇਮਾ ਅਤੇ ਕਲਾਕਾਰਾਂ ਵੱਲ ਨਜ਼ਰੀਏ ਨੂੰ ਵੀ ਬਿਰਤਾਂਤ ਦਾ ਆਧਾਰ ਬਣਾਇਆ। ਫਿਲਮ ਵਿਚ ਮੁੱਖ ਕਿਰਦਾਰ ਹੰਸਾ (ਸਮਿਤਾ ਪਾਟਿਲ) ਦੇ ਬਚਪਨ ਤੋਂ ਅਭਿਨੇਤਰੀ ਬਣਨ ਦੇ ਸਫ਼ਰ ਨੂੰ ਦਿਖਾਉਂਦੇ ਹੋਏ ਬੈਨੇਗਲ ਉਸ ਅੰਦਰ ਪਈ ਜ਼ਿੱਦ, ਅਮੋੜਤਾ, ਪ੍ਰੰਪਰਾਵਾਂ ਤੋਂ ਬਗਾਵਤ ਨੂੰ ਸੰਵੇਦਨਸ਼ੀਲਤਾ ਨਾਲ ਫਿਲਮਾਉਂਦਾ ਹੈ। ਨਿੱਜੀ ਕਸ਼ਮਕਸ਼ ਨੂੰ ਕੈਮਰੇ ਰਾਹੀ ਫੜਦਾ ਬੈਨੇਗਲ ਉਸ ਦੀਆਂ ਉਲਝਣਾਂ ਅਤੇ ਬੇਵਿਸਾਹੀਆਂ ਨੂੰ ਬਿਆਨ ਕਰਦਾ ਹੈ। ਅੰਤ ਜਦੋਂ ਉਸ ਦੀ ਬੇਟੀ ਉਸ ਨੂੰ ਆਪਣੇ ਗਰਭਵਤੀ ਹੋਣ (ਵਿਆਹ ਬਾਹਰੇ) ਬਾਰੇ ਦੱਸਦੀ ਹੈ ਤਾਂ ਇੱਕੋ ਸਮੇਂ ਅਨੇਕ ਪ੍ਰੇਮ-ਪ੍ਰਸੰਗਾਂ ਵਿਚ ਉਲਝੀ ਰਹਿਣ ਵਾਲੀ ਹੰਸਾ ਨੂੰ ਭਾਵਨਾਤਮਿਕ ਧੱਕਾ ਤਾਂ ਲੱਗਦਾ ਹੀ ਹੈ, ਪਰ ਉਸ ਦੀ ਪ੍ਰਤੀਕਿਰਿਆ ਪ੍ਰੰਪਰਾਗਤ ਮੁੱਲਾਂ ਅਤੇ ਸੰਸਕਾਰਾਂ ‘ਤੇ ਆਧਾਰਿਤ ਹੋਣਾ ਦਰਸ਼ਕਾਂ ਅੱਗੇ ਔਰਤ ਦੀ ਆਜ਼ਾਦੀ ਦੀਆਂ ਹੱਦਾਂ ਦਾ ਸਵਾਲ ਖੜ੍ਹਾ ਕਰਦੀ ਹੈ। ਹੰਸਾ ਆਪਣੀ ਹੋਂਦ ਦੇ ਸਵਾਲਾਂ ਸਾਹਵੇਂ ਖੜ੍ਹੀ ਹੈ ਜਿਥੇ ਸਾਰਾ ਸਾਗਰ ਉਸ ਦੀ ਮੁੱਠੀ ਵਿਚ ਹੈ, ਪਰ ਪਿਆਸ ਬੁਝਾਉਣ ਲਈ ਦੋ ਬੂੰਦ ਪਾਣੀ ਵੀ ਨਹੀਂ ਹੈ।
1857 ਦੇ ਗਦਰ ‘ਤੇ ਬਣੀ ਫਿਲਮ ‘ਜਨੂੰਨ’ ਹਿੰਦੀ ਸਿਨੇਮਾ ਵਿਚ ਯਾਦਗਾਰੀ ਸਥਾਨ ਰੱਖਦੀ ਹੈ। ਇਸ ਫਿਲਮ ਦੀ ਪਟਕਥਾ ਉਘੇ ਨਾਟਕਕਾਰ ਗਿਰੀਸ਼ ਕਿਰਨਾਡ ਅਤੇ ਬੈਨੇਗਲ ਨੇ ਰਲ ਕੇ ਲਿਖੀ ਸੀ। ਇਸ ਦਾ ਆਧਾਰ ਰਸਕਿਨ ਬਾਂਡ ਦੀ ਕਹਾਣੀ ‘ਏ ਫਲਾਈਟ ਆਫ ਪੀਜ਼ਨਜ਼’ ਸੀ। ਉਰਦੂ ਲੇਖਕਾ ਇਸਮਤ ਚੁਗਤਾਈ ਨੇ ਇਸ ਫਿਲਮ ਦੇ ਸੰਵਾਦ ਲਿਖੇ। ਮੁੱਖ ਭੂਮਿਕਾਵਾਂ ਵਿਚ ਸ਼ਸੀ ਕਪੂਰ, ਸ਼ਬਾਨਾ ਆਜ਼ਮੀ, ਜੈਨੀਫਰ ਕੇਂਡਲ (ਕਪੂਰ) ਅਤੇ ਨਸੀਰੂਦੀਨ ਸ਼ਾਹ ਸਨ। ਫਿਲਮ ਵਿਚ ਜਦੋਂ ਅਮਰੀਸ਼ ਪੁਰੀ ਦੀ ਭਰਵੀਂ ਤੇ ਖਰ੍ਹਵੀਂ ਆਵਾਜ਼ ਘਟਨਾਵਾਂ ਨੂੰ ਸੂਤਰ ਵਿਚ ਪਰੋਂਦੀ ਸੀ ਤਾਂ ਦਰਸ਼ਕਾਂ ਦਾ ਸਾਹ ਰੁਕ ਜਾਂਦਾ ਸੀ। ਇਸ ਫਿਲਮ ਵਿਚ 1857 ਦੇ ਗਦਰ ਦੌਰਾਨ ਪ੍ਰਵਾਨ ਚੜ੍ਹੀ ਪ੍ਰੇਮ ਕਹਾਣੀ ਰਾਹੀ ਉਨ੍ਹਾਂ ਸਮਿਆਂ ਦਾ ਖਾਕਾ ਖਿੱਚਿਆ ਗਿਆ ਹੈ। ਮੁਸਲਮਾਨ ਸਾਮੰਤ ਦੇ ਇਸਾਈ ਕੁੜੀ ਨਾਲ ਸਬੰਧਾਂ ਨੂੰ ਬਿਆਨ ਕਰਦੀ ਇਸ ਫਿਲਮ ਵਿਚ ਸ਼ਸੀ ਕਪੂਰ ਪਠਾਣ ਦੀ ਭੂਮਿਕਾ ਵਿਚ ਸੀ।
(ਚਲਦਾ)