ਕੋਰਟ: ਅਦਾਲਤੀ ਢਾਂਚੇ ‘ਤੇ ਚੋਟਾਂ

ਮਹਿਤਾਬ ਸਿੰਘ
ਅਠਾਈ ਵਰ੍ਹਿਆਂ ਦੇ ਫਿਲਮਸਾਜ਼ ਚੈਤੰਨਯ ਤਮਹਾਣੇ ਦੀ ਪਹਿਲੀ ਹੀ ਫੀਚਰ ਫਿਲਮ ‘ਕੋਰਟ’ ਆਸਕਰ ਫਿਲਮ ਮੇਲੇ ਦੇ ਵਿਦੇਸ਼ੀ ਵਰਗ ਵਿਚ ਭਾਰਤ ਦੀ ਨੁਮਾਇੰਦਗੀ ਲਈ ਚੁਣੀ ਗਈ ਹੈ। ਇਹ ਫਿਲਮ ਮਰਾਠੀ ਵਿਚ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਸਬ-ਟਾਈਟਲ ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ਵਿਚ ਤਿਆਰ ਕੀਤੇ ਗਏ ਹਨ।

ਇਹ ਫਿਲਮ ਭਾਰਤੀ ਨਿਆਂ ਪਾਲਿਕਾ ਉਤੇ ਬਹੁਤ ਤਿੱਖੀ ਚੋਟ ਕਰਦੀ ਹੈ।
‘ਕੋਰਟ’ ਦਾ ਖਿਆਲ ਚੈਤੰਨਯ ਤਮਹਾਣੇ ਨੂੰ ਚਾਰ ਸਾਲ ਪਹਿਲਾਂ 2011 ਵਿਚ ਉਸ ਵੇਲੇ ਆਇਆ ਸੀ ਜਦੋਂ ਉਹ ਆਪਣੀ ਪਹਿਲੀ ਲਘੂ ਫਿਲਮ ‘ਸਿਕਸ ਸਟ੍ਰੈਂਡਜ਼’ ਬਣਾ ਰਿਹਾ ਸੀ। ਜਿਸ ਵੇਲੇ ਚੈਤੰਨਯ ਨੇ ਇਸ ਫਿਲਮ ਉਤੇ ਕੰਮ ਸ਼ੁਰੂ ਕੀਤਾ ਸੀ, ਉਹ ਮਸਾਂ 24 ਵਰ੍ਹਿਆਂ ਦਾ ਸੀ। ਉਸ ਦਾ ਜਨਮ ਪਹਿਲੀ ਮਾਰਚ 1987 ਨੂੰ ਮੁੰਬਈ ਵਿਚ ਹੋਇਆ ਸੀ। ਹੁਣ ਇਸ ਫਿਲਮ ਦੀ ਚਰਚਾ ਸੰਸਾਰ ਪੱਧਰ ‘ਤੇ ਇੰਨੀ ਜ਼ਿਆਦਾ ਹੋ ਗਈ ਹੈ ਕਿ ਤਮਹਾਣੇ ਖੁਦ ਹੈਰਾਨ ਹੋਈ ਜਾਂਦਾ ਹੈ। ਫਿਲਮ ਨੇ ਇਸ ਤੋਂ ਪਹਿਲਾਂ ਵੀ ਕਈ ਕੌਮਾਂਤਰੀ ਫਿਲਮ ਮੇਲਿਆਂ ਵਿਚ ਦਾਖ਼ਲਾ ਪਾਇਆ ਹੈ ਅਤੇ ਇਨਾਮ ਵੀ ਹਾਸਲ ਕੀਤੇ ਹਨ। ਆਸਕਰ ਲਈ ਚੋਣ ਦੌਰਾਨ ਇਸ ਫਿਲਮ ਦਾ ਮੁਕਾਬਲਾ ਕਿਲ੍ਹਾ, ਐਨæਐਚæ10, ਬਜਰੰਗੀ ਭਾਈਜਾਨ, ਬਾਹੂਬਲੀ, ਹੈਦਰ ਅਤੇ ਮਸਾਨ ਨਾਲ ਹੋਇਆ ਸੀ।
ਇਸ ਫਿਲਮ ਦੀ ਕਹਾਣੀ ਇਕ ਲੋਕ ਗਾਇਕ ਨਾਲ ਸਬੰਧਤ ਕੇਸ ਦੁਆਲੇ ਘੁੰਮਦੀ ਹੈ ਅਤੇ ਤਮਹਾਣੇ ਨੇ ਇਸ ਕੇਸ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਕਿ ਇਸ ਵਿਚ ਭਾਰਤੀ ਨਿਆਂ ਪਾਲਿਕਾ ਦਾ ਖੋਖਲਾਪਣ ਜ਼ਾਹਿਰ ਹੋ ਗਿਆ। ਇਸ ਫਿਲਮ ਲਈ ਤਮਹਾਣੇ ਦੀ ਮਦਦ ਉਸ ਦੇ ਪੱਕੇ ਮਿੱਤਰ ਵਿਵੇਕ ਗੋਮਬਰ ਨੇ ਕੀਤੀ। ਵਿਵੇਕ ਇਸ ਫਿਲਮ ਦਾ ਨਿਰਮਾਤਾ ਵੀ ਹੈ ਅਤੇ ਉਸ ਨੇ ਫਿਲਮ ਵਿਚ ਅਦਾਕਾਰੀ ਵੀ ਕੀਤੀ ਹੈ। ਪੁੱਛਣ ‘ਤੇ ਉਹ ਸਿਰਫ ਇੰਨਾ ਹੀ ਆਖਦਾ ਹੈ ਕਿ ਚੈਤੰਨਯ ਨੇ ਜਦੋਂ ਉਸ ਨਾਲ ਇਸ ਫਿਲਮ ਦਾ ਸਾਰ ਵਿਚਾਰਿਆ ਸੀ, ਉਦੋਂ ਹੀ ਉਸ ਨੂੰ ਲੱਗਿਆ ਸੀ ਕਿ ਫਿਲਮ ਨਿਵੇਕਲੀ ਹੋਵੇਗੀ।

ਮਰੀਨਾ ਖਾਨ ਦੀ ਮੁਹੱਬਤ
ਜ਼ੀ ਨੈਟਵਰਕ ਦੇ ਚੈਨਲ ‘ਜ਼ਿੰਦਗੀ’ ਜਿਸ ਉਤੇ ਪਾਕਿਸਤਾਨੀ ਲੜੀਵਾਰ ਨਸ਼ਰ ਕੀਤੇ ਜਾਂਦੇ ਹਨ, ਉਤੇ ਦਿਖਾਏ ਜਾ ਰਹੇ ਲੜੀਵਾਰ ‘ਜੈਕਸਨ ਹਾਈਟਸ’ ਵਿਚ ਮਿਸ਼ੇਲ ਦਾ ਕਿਰਦਾਰ ਨਿਭਾਉਣ ਵਾਲੀ ਮਰੀਨਾ ਖ਼ਾਨ ਖੂਬ ਚਰਚਾ ਵਿਚ ਹੈ। ਇਸ ਫਿਲਮ ਵਿਚ ਉਸ ਨੇ ਵੱਡੀ ਉਮਰ ਦੀ ਕਾਰੋਬਾਰੀ ਔਰਤ ਦਾ ਕਿਰਦਾਰ ਨਿਭਾਇਆ ਹੈ ਜਿਸ ਦਾ ਪਿਆਰ ਆਪਣੇ ਤੋਂ 15 ਸਾਲ ਛੋਟੇ ਨੌਜਵਾਨ ਨਾਲ ਪੈ ਜਾਂਦਾ ਹੈ। ਇਸ ਕਿਰਦਾਰ ਵਿਚ ਮਿਸ਼ੇਲ ਨੇ ਪੂਰੀ ਰੂਹ ਫੂਕ ਦਿੱਤੀ ਹੈ। ਆਪਣੀ ਅਦਾਕਾਰੀ ਕਰ ਕੇ ਉਹ ਪਹਿਲਾਂ ਵੀ ਚਰਚਾ ਵਿਚ ਰਹੀ ਹੈ। ਉਸ ਨੇ ਅਦਾਕਾਰੀ 1985 ਵਿਚ ‘ਤਨਹਾਈਆਂ’ ਲੜੀਵਾਰ ਨਾਲ ਸ਼ੁਰੂ ਕੀਤੀ ਸੀ। ਉਹ ਭਾਵੇਂ ਅਦਾਕਾਰੀ ਵੱਲ ਆਉਣ ਨੂੰ ਤੁੱਕਾ ਹੀ ਦੱਸਦੀ ਰਹੀ ਹੈ, ਪਰ ਜਿਸ ਤਰ੍ਹਾਂ ਦੀ ਅਦਾਕਾਰੀ ਇਸ ਲੜੀਵਾਰ ਅਤੇ ਬਾਅਦ ਵਾਲੇ ਹੋਰ ਲੜੀਵਾਰਾਂ (ਧੂਪ ਕਿਨਾਰੇ, ਨਿਜਾਤ, ਤੁਮਸੇ ਕਹਿਨਾ ਥਾ, ਫਰਾਰ, ਖਾਲੀ ਹਾਥ, ਅੰਮਾ ਅੱਬਾ ਔਰ ਅਲੀ, ਪੜੌਸੀ) ਕੀਤੀ ਹੈ, ਉਸ ਨਾਲ ਉਸ ਗੁੱਡੀ ਅਸਮਾਨ ਵਿਚ ਚੜ੍ਹਨੀ ਹੀ ਸੀ। ਅਦਾਕਾਰੀ ਤੋਂ ਇਲਾਵਾ ਮਰੀਨਾ ਖਾਨ ਨੇ ਡਾਇਰੈਕਟਰ ਵਜੋਂ ਵੀ ਚਾਰ ਲੜੀਵਾਰ ਤਿਆਰ ਕੀਤੇ। ਇਨ੍ਹਾਂ ਵਿਚ ‘ਅਜ਼ਰ ਕੀ ਆਏਗੀ ਬਰਾਤ’, ‘ਡੋਲੀ ਕੀ ਆਏਗੀ ਬਰਾਤ’, ‘ਟੱਕੇ ਕੀ ਆਏਗੀ ਬਰਾਤ’ ਅਤੇ ‘ਐਨੀ ਕੀ ਆਏਗੀ ਬਰਾਤ’ ਸ਼ਾਮਲ ਹਨ। ਇਨ੍ਹਾਂ ਲੜੀਵਾਰਾਂ ਵਿਚ ਹਾਸਿਆਂ ਦੇ ਫੁਆਰੇ ਤਾਂ ਛੁੱਟਦੇ ਹੀ ਹਨ, ਇਨ੍ਹਾਂ ਅੰਦਰ ਸਮਾਜਕ ਸੁਨੇਹੇ ਵੀ ਪਰੋਏ ਹੋਏ ਹਨ। 26 ਦਸੰਬਰ 1962 ਨੂੰ ਪੇਸ਼ਾਵਰ ਵਿਚ ਜੰਮੀ ਮਰੀਨਾ ਖਾਨ ‘ਬਰਾਤ’ ਸੀਰੀਜ਼ ਉਤੇ ਇਕ ਵਾਰ ਫਿਰ ਕੰਮ ਕਰ ਰਹੀ ਹੈ। ਇਸ ਵਾਰ ਪੰਜਾਬੀ ਅਤੇ ਗੁਜਰਾਤੀ ਪਰਿਵਾਰਾਂ ਉਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ‘ਜ਼ਿੰਦਗੀ’ ਚੈਨਲ ਵੱਲੋਂ ਤਿਆਰੀ ਕੀਤੀ ਜਾ ਰਹੀ ਟੈਲੀਫਿਲਮ ‘ਲਾਲਾ ਬੇਗਮ’ ਵਿਚ ਵੀ ਕੰਮ ਕਰ ਰਹੀ ਹੈ।