ਪੰਜਾਬ ਦੀ ਸਿਆਸੀ ਫ਼ਿਜ਼ਾ ਵਿਚ ਫੇਰਬਦਲ ਦੇ ਸੰਕੇਤ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸਿਆਸਤ ਵਿਚ ਵੱਡੇ ਫੇਰਬਦਲ ਦੇ ਸੰਕੇਤ ਦਿੱਤੇ ਹਨ। ਪਿਛਲੇ ਛੇ ਮਹੀਨਿਆਂ ਤੋਂ ਪੰਜਾਬ ਵਿਚ ਆਪਣੀ ਤਾਕਤ ਵਿਖਾਉਣ ਵਿਚ ਰੁੱਝੇ ਕੈਪਟਨ ਨੇ ਪਾਰਟੀ ਹਾਈ ਕਮਾਨ ਉਤੇ ਸੂਬੇ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਲਾਉਂਦਿਆਂ ਨੇੜਲੇ ਭਵਿੱਖ ਵਿਚ ਕੋਈ ਨਵਾਂ ਰਾਹ ਲੱਭਣ ਦੀ ਗੱਲ ਆਖੀ ਹੈ।

ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਨਾਲ ਚੱਲਣ ਤੋਂ ਹੱਥ ਖੜ੍ਹੇ ਕਰਦਿਆਂ ਕੈਪਟਨ ਨੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ‘ਤੇ ਵੀ ਗੰਭੀਰ ਸਵਾਲ ਚੁੱਕੇ ਹਨ। ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਕੈਪਟਨ ਨੇ ਆਖਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਤੋਂ ਵੱਡੀਆਂ ਉਮੀਦਾਂ ਸਨ, ਪਰ ਕੇਂਦਰੀ ਲੀਡਰਸ਼ਿਪ ਸੂਬੇ ਵਿਚ ਦਮ-ਖਮ ਰੱਖਣ ਵਾਲੇ ਆਗੂਆਂ ਨੂੰ ਖੂੰਜੇ ਲਾਉਣ ਦੀ ਨੀਤੀ ‘ਤੇ ਚੱਲ ਰਹੀ ਹੈ। ਉਧਰ, ਇਹ ਵੀ ਚਰਚਾ ਹੈ ਕਿ ਅਮਰਿੰਦਰ ਸਿੰਘ, ਭਾਜਪਾ ਨਾਲ ਸਾਂਝ ਪਾਉਣ ਦੇ ਰੌਂਅ ਵਿਚ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਖੁਲਾਸਾ ਕੀਤਾ ਹੈ ਕਿ ਕੈਪਟਨ, ਕਾਂਗਰਸ ਦੇ ਕਈ ਵਿਧਾਇਕਾਂ ਨੂੰ ਨਾਲ ਲੈ ਕੇ ਅਗਲੇ ਸਾਲ ਵਿਸਾਖੀ ਉਤੇ ਤਲਵੰਡੀ ਸਾਬੋ ਵਿਚ ਪੰਜਾਬ ਵਿਕਾਸ ਪਾਰਟੀ ਬਣਾ ਰਿਹਾ ਹੈ ਤੇ ਇਹ ਪਾਰਟੀ ਭਾਜਪਾ ਨਾਲ ਖੜ੍ਹ ਜਾਵੇਗੀ।
ਦੱਸਣਯੋਗ ਹੈ ਕਿ ਕੈਪਟਨ ਹਾਈ ਕਮਾਨ ਕੋਲ ਕਈ ਵਾਰ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਖੁੱਲ੍ਹ ਕੇ ਕੇਂਦਰੀ ਲੀਡਰਸ਼ਿਪ ਖਿਲਾਫ ਖੜ੍ਹ ਗਏ ਹਨ। ਪਿਛਲੇ ਡੇਢ-ਦੋ ਮਹੀਨਿਆਂ ਵਿਚ ਉਹ 23 ਰੈਲੀਆਂ ਤੇ 76 ਮੀਟਿੰਗਾਂ ਕਰ ਚੁੱਕੇ ਹਨ। ਕੈਪਟਨ ਨੇ ਇਨ੍ਹਾਂ ਰੈਲੀਆਂ ਤੋਂ ਸ਼ ਬਾਜਵਾ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਦੂਰ ਹੀ ਰੱਖਿਆ। ਵਿਧਾਨ ਸਭਾ ਵਿਚ ਇਸ ਸਮੇਂ 43 ਵਿਧਾਇਕਾਂ ਵਿਚੋਂ 33 ਕੈਪਟਨ ਦੇ ਨਾਲ ਹਨ। ਇਨ੍ਹਾਂ ਵਿਧਾਇਕਾਂ ਨੂੰ ਵਾਰ ਵਾਰ ਖਾਣੇ ‘ਤੇ ਬੁਲਾ ਕੇ ਉਹ ਆਪਣੀ ਤਾਕਤ ਦਾ ਅਹਿਸਾਸ ਕਰਵਾ ਰਹੇ ਹਨ।
ਕੈਪਟਨ ਇਕ ਸਾਲ ਤੋਂ ਸੰਸਦ ਵਿਚ ਨਹੀਂ ਜਾ ਰਹੇ। ਜੀæਐਸ਼ਟੀæ ਸਮੇਤ ਕਈ ਮੁਦਿਆਂ ‘ਤੇ ਪਾਰਟੀ ਖ਼ਿਲਾਫ਼ ਅਤੇ ਕੇਂਦਰ ਸਰਕਾਰ ਦੇ ਹੱਕ ਵਿਚ ਬਿਆਨਬਾਜ਼ੀ ਕਰਦੇ ਰਹੇ ਹਨ। ਕਿਸਾਨ ਮੁੱਦਿਆਂ ਉਤੇ ਕਾਂਗਰਸ ਪਾਰਟੀ ਦੀ ਦਿੱਲੀ ਵਿਚ ਰੈਲੀ ਤੋਂ ਦੂਰ ਰਹਿ ਕੇ ਵੀ ਕੈਪਟਨ ਨੇ ਹਾਈ ਕਮਾਨ ਪ੍ਰਤੀ ਬੇਪਰਵਾਹੀ ਵਾਲੇ ਸੰਕੇਤ ਦਿੱਤੇ ਹਨ। ਨਵੀਂ ਪਾਰਟੀ ਬਾਰੇ ਕੈਪਟਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇ ਲੀਡਰਸ਼ਿਪ ਪੰਜਾਬ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੋਵੇਗੀ ਤਾਂ ਹੋਰ ਤਜਵੀਜ਼ਾਂ ਬਾਰੇ ਸੋਚਣਾ ਪਵੇਗਾ। ਕੈਪਟਨ ਨੇ ਕਿਹਾ ਹੈ ਕਿ ਸ਼ ਪ੍ਰਤਾਪ ਸਿੰਘ ਬਾਜਵਾ ਅਸਫਲ ਕਪਤਾਨ ਸਾਬਤ ਹੋਇਆ ਹੈ ਤੇ ਪਾਰਟੀ ਸਭ ਕੁਝ ਜਾਣਦੇ ਹੋਏ ਵੀ ਉਸ ਨੂੰ ਮੌਕਾ ਦੇ ਰਹੀ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਲੀਡਰਸ਼ਿਪ ਬਾਰੇ ਕੈਪਟਨ ਦਾ ਕਹਿਣਾ ਕਿ ਉਸ ਨੂੰ ਅਸਲੀਅਤ ਦੀ ਸਮਝ ਹੀ ਨਹੀਂ। ਦਲਿਤਾਂ ਦੇ ਘਰਾਂ ਜਾ ਕੇ ਰਹਿਣ ਅਤੇ ਖਾਣਾ ਖਾਣ ਨਾਲ ਮਸਲੇ ਹੱਲ ਨਹੀਂ ਹੁੰਦੇ, ਇਹ ਨਿਰਾ ਡਰਾਮਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੋਈ ਮੁਕਾਬਲਾ ਨਹੀਂ। ਮੋਦੀ ਤਿੰਨ ਵਾਰ ਮੁੱਖ ਮੰਤਰੀ ਅਤੇ 20 ਸਾਲ ਆਰæਐਸ਼ਐਸ਼ ਦੇ ਪ੍ਰਚਾਰਕ ਰਹੇ ਹਨ। ਉਸ (ਰਾਹੁਲ) ਨੂੰ ਭਾਰਤੀ ਹਕੀਕਤਾਂ ਸਮਝਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।