ਪੰਜਾਬ ਦੇ ਸਿਆਸੀ ਨਗਾਰੇ ਉਤੇ ਚੋਟ ਕਦੋਂ ਦੀ ਵੱਜ ਚੁੱਕੀ ਹੈ ਅਤੇ ਇਸ ਦੀ ਧਮਕ ਹੁਣ ਹਰ ਖਿੱਤੇ ਅਤੇ ਖੇਤਰ ਵਿਚ ਸੁਣ ਰਹੀ ਹੈ। ਇਨ੍ਹੀਂ ਦਿਨੀਂ ਜਿਹੜੀਆਂ ਘਟਨਾਵਾਂ ਅਤੇ ਸਰਗਰਮੀਆਂ ਨੇ ਧਿਆਨ ਖਿੱਚਿਆ ਹੈ, ਸਿਆਸਤ ਦੇ ਪਿੜ ਵਿਚ ਇਨ੍ਹਾਂ ਦੇ ਅਰਥ ਬੜੇ ਗਹਿਰੇ ਹਨ ਅਤੇ ਇਨ੍ਹਾਂ ਨੇ ਆਉਣ ਵਾਲੇ ਦਿਨਾਂ ਵਿਚ ਇਸ ਪਿੜ ਵਿਚ ਹੋਰ ਰੰਗ ਬੰਨ੍ਹਣਾ ਹੈ। ਇਹ ਘਟਨਾਵਾਂ ਅਤੇ ਸਰਗਰਮੀਆਂ ਲੀਡਰਸ਼ਿਪ ਨਾਲ ਜੁੜੀਆਂ ਹੋਈਆਂ ਹਨ। ਚਿਰਾਂ ਤੋਂ ਜੋਟੀ ਪਾ ਕੇ ਤੁਰ ਰਹੀਆਂ ਦੋ ਜਥੇਬੰਦੀਆਂ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਪੱਕੀ ਜੋਟੀ ਪਾ ਲਈ ਹੈ।
ਇਹ ਹੁਣ ਇਕ ਜਥੇਬੰਦੀ ਤਹਿਤ ਚੱਲਣਗੀਆਂ ਜਿਸ ਦਾ ਐਲਾਨ ਹੋਣਾ ਅਜੇ ਬਾਕੀ ਹੈ। ਉਂਜ, ਜਥੇਬੰਦੀ ਨੇ ਕਰਨਾ ਕੀ ਹੈ, ਇਸ ਬਾਰੇ ਐਲਾਨ ਕਰ ਦਿੱਤਾ ਗਿਆ ਹੈ। ਦਾਅਵਾ ਸਿੱਖਾਂ ਨੂੰ ਸਿਆਸੀ ਸੇਧ ਦੇਣ ਦਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੋਵੇਂ ਜਥੇਬੰਦੀਆਂ ਆਪੋ-ਆਪਣੇ ਢੰਗ ਨਾਲ ਸਿਆਸਤ ਦੇ ਪਿੜ ਵਿਚ ਵਿਚਰਦੀਆਂ ਰਹੀਆਂ ਹਨ, ਇਨ੍ਹਾਂ ਨੇ ਬਹੁਤ ਸਾਰੇ ਮਾਮਲਿਆਂ ਵਿਚ ਆਪਣੀ ਹੋਂਦ ਵੀ ਦਰਜ ਕੀਤੀ ਹੈ। ਇਸ ਸਿਲਸਿਲੇ ਵਿਚ ਉਸ ਤਰ੍ਹਾਂ ਦੇ ਐਲਾਨ ਪਹਿਲਾਂ ਵੀ ਗਾਹੇ-ਬਗਾਹੇ ਹੁੰਦੇ ਰਹੇ ਹਨ ਜਿਨ੍ਹਾਂ ਦੀ ਚਰਚਾ ਅੱਜ ਇਕ ਵਾਰ ਫਿਰ ਹੋ ਰਹੀ ਹੈ। ਦੂਜੇ, ਸਿਆਸਤ ਦੀ ਕਾਇਆ-ਕਲਪ ਲਈ ਸਿਆਸੀ ਪਿੜ ਵਿਚ ਛਾਲ ਮਾਰਨ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਐਡਵੋਕੇਟ ਐਚæਐਸ਼ ਫੂਲਕਾ ਨੇ ਸਿਆਸਤ ਦੇ ਪਿੜ ਤੋਂ ਕਿਨਾਰਾ ਕਰ ਲਿਆ ਹੈ। ਐਡਵੋਕੇਟ ਫੂਲਕਾ ਨੇ ਕਤਲੇਆਮ 84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਮਿਸਾਲੀ ਕੰਮ ਕੀਤਾ ਹੈ ਅਤੇ ਹੁਣ ਉਨ੍ਹਾਂ ਸਿਆਸਤ ਤੋਂ ਕਿਨਾਰਾਕਸ਼ੀ ਵੀ ਇਹੀ ਕਹਿ ਕੇ ਕੀਤੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਪੀੜਤਾਂ ਵਾਲੀ ਲੜਾਈ ਲਈ ਸਮਾਂ ਨਹੀਂ ਸੀ ਮਿਲ ਰਿਹਾ, ਪਰ ਪਾਰਟੀ ਵਿਚ ਪਿਛਲੇ ਸਮੇਂ ਦੌਰਾਨ ਜੋ ਮਾਹੌਲ ਬਣ-ਵਿਗਸ ਰਿਹਾ ਹੈ, ਉਸ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਐਡਵੋਕੇਟ ਫੂਲਕਾ ਦੇ ਅਜਿਹੇ ਫੈਸਲੇ ਦੇ ਕੁਝ ਹੋਰ ਪੱਖ ਵੀ ਹਨ। ਤੀਜੇ, ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹਥਿਆਉਣ ਦੀ ਲੜਾਈ ਸਿਰੇ ਉਤੇ ਪੁੱਜ ਗਈ ਹੈ। ਚੌਥੇ, ਦੋਵੇਂ ਸੱਤਾਧਾਰੀ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ, ਦੀ ਆਪਣੀ ਸਿਆਸਤ ਅਤੇ ਕਲੇਸ਼ ਚੱਲ ਰਿਹਾ ਹੈ। ਦੋਹਾਂ ਦੀਆਂ ਨਜ਼ਰਾਂ 2017 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਉਤੇ ਹਨ। ਦੋਹਾਂ ਪਾਰਟੀਆਂ ਦੇ ਆਗੂ ਹਰ ਸਿਆਸੀ ਚਾਲ ਇਨ੍ਹਾਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਚੱਲ ਰਹੇ ਹਨ। ਪੰਜਾਬ ਦੀਆਂ ਇਹ ਪੰਜੇ ਧਿਰਾਂ ਆਪੋ-ਆਪਣੇ ਪੱਧਰ ਉਤੇ ਸਰਗਰਮ ਹਨ ਅਤੇ ਸਿਆਸੀ ਪਿੜ ਵਿਚ ਵੱਧ ਤੋਂ ਵਧ ਥਾਂ ਮੱਲਣ ਲਈ ਯਤਨਸ਼ੀਲ ਹਨ। ਰਤਾ ਕੁ ਗਹੁ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਧਿਰਾਂ ਦੇ ਇਨ੍ਹਾਂ ਸਭ ਯਤਨਾਂ ਵਿਚੋਂ ਪੰਜਾਬ ਗੈਰ-ਹਾਜ਼ਰ ਹੋ ਗਿਆ ਜਾਪਦਾ ਹੈ। ਹਰ ਧਿਰ ਵਿਚ ਮਸਲਾ ਲੀਡਰਸ਼ਿਪ ਤੋਂ ਅਗਾਂਹ ਨਹੀਂ ਵਧ ਰਿਹਾ। ਪੰਜਾਬ ਦੇ ਹੁਣ ਲਈ ਅਤੇ ਆਉਣ ਵਾਲੇ ਸਾਲਾਂ ਲਈ ਕੀ ਏਜੰਡਾ ਹੋਵੇ, ਅਜੇ ਏਜੰਡਾ ਹੀ ਨਹੀਂ ਬਣਿਆ ਹੈ। ਆਪੋ-ਆਪਣੀ ਹੋਂਦ ਦੀ ਇਸੇ ਲੜਾਈ ਅਤੇ ਇਸੇ ਕਾਰਨ ਮਚੀ ਆਪੋ-ਧਾਪ ਵਿਚ ਪੰਜਾਬ ਪਿਛਾਂਹ ਰਹਿ ਗਿਆ ਹੈ।
ਇਹ ਨਹੀਂ ਕਿ ਇਨ੍ਹਾਂ ਸਾਰੀਆਂ ਧਿਰਾਂ ਦੇ ਆਪਣੇ ਕੋਈ ਏਜੰਡੇ ਨਹੀਂ ਹਨ, ਸਭ ਦੇ ਏਜੰਡੇ ਹਨ। ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੂੰ ਖਾਲਿਸਤਾਨ ਚਾਹੀਦਾ ਹੈ। ਆਮ ਆਦਮੀ ਪਾਰਟੀ ਪੰਜਾਬ ਵਿਚ ਦਿੱਲੀ ਵਾਲਾ ਕ੍ਰਿਸ਼ਮਾ ਕਰਨਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੀ ਆਪੋ-ਆਪਣੇ ਨਿਸ਼ਾਨਿਆਂ ਲਈ ਘਾਤ ਲਾਈ ਵਕਤ ਦੀ ਉਡੀਕ ਕਰ ਰਹੇ ਹਨ। ਕਾਂਗਰਸ ਦੇ ਤਾਂ ਕਹਿਣੇ ਹੀ ਕੀ ਹਨ! ਦਹਾਕਿਆਂ ਤੋਂ ਜਮਹੂਰੀਅਤ ਜਮਹੂਰੀਅਤ ਕੂਕਣ ਵਾਲੀ ਇਹ ਪਾਰਟੀ, ਜਮਹੂਰੀਅਤ ਦਾ ਪਹਿਲਾ ਹੀ ਪਾਠ ਭੁੱਲ-ਭੁਲਾ ਗਈ ਹੈ। ਹਰ ਫੈਸਲਾ ਦਿੱਲੀ ਤੋਂ ਹੋ ਕੇ ਆਉਂਦਾ ਹੈ। ਜ਼ਾਹਿਰ ਹੈ ਕਿ ਹਰ ਸ਼ੈਅ ਅਤੇ ਸਰਗਰਮੀ ਚੋਣਾਂ ਦੁਆਲੇ ਘੁੰਮ ਰਹੀ ਹੈ। ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਭਾਵੇਂ ਚੋਣ ਪਿੜ ਵਿਚ ਨਾ ਵੜਨ ਦਾ ਫੈਸਲਾ ਕੀਤਾ ਹੈ, ਪਰ ਜਮਹੂਰੀ ਢੰਗਾਂ ਰਾਹੀਂ ਟੀਚਾ ਹਾਸਲ ਕਰਨ ਦੀ ਵਿਆਖਿਆ ਅਜੇ ਹੋਣੀ ਹੈ। 21ਵੀਂ ਸਦੀ ਦਾ ਪੰਜਾਬ ਅਜੇ ਤੱਕ ਸਮਾਜਕ ਬਾਈਕਾਟ ਦੀਆਂ ਕਰੂਰ ਹਕੀਕਤਾਂ ਨਾਲ ਜੂਝ ਰਿਹਾ ਹੈ ਅਤੇ ਹਾਲਾਤ ਦਿਨ-ਬ-ਦਿਨ ਨਿੱਘਰ ਹੀ ਰਹੇ ਹਨ। ਆਰਥਿਕ ਹੀ ਨਹੀਂ, ਹੋਰ ਵੀ ਕਈ ਕਾਰਨਾਂ ਕਰ ਕੇ ਖੁਦਕੁਸ਼ੀਆਂ ਦਾ ਸਿਲਸਿਲਾ ਟੁੱਟਣ ਦਾ ਨਾਂ ਨਹੀਂ ਲੈ ਰਿਹਾ। ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਹੇਠ ਤੱਕ ਭਾਵੇਂ ਪੁੱਜੀਆਂ ਹੋਣ ਜਾਂ ਨਾ, ਪਰ ਨਸ਼ੇ ਹਰ ਪਿੰਡ-ਗਰਾਂ ਦੀ ਹੱਟੀ-ਭੱਠੀ ਤੱਕ ਪੁੱਜਦੇ ਕਰ ਦਿੱਤੇ ਗਏ ਹਨ। ਬਾਲ ਕਿਨ੍ਹਾਂ ਕਿਨ੍ਹਾਂ ਕਰੂਰ ਹਾਲਾਤ ਵਿਚੋਂ ਗੁਜ਼ਰ ਰਹੇ ਹਨ, ਕੋਈ ਵਿਚਾਰ ਨਹੀਂ ਰਿਹਾ। ਇਨ੍ਹਾਂ ਕਰੂਰ ਹਾਲਾਤ ਦੇ ਝੰਬੇ ਬਾਲਕ ਸਿੱਖਿਆ ਖਾਤਰ, ਅਖੌਤੀ ਸਿੱਖਿਆ ਸੰਸਥਾਵਾਂ ਵਿਚ ਇਕ ਤਰ੍ਹਾਂ ਨਾਲ ਰੁਲ ਹੀ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਭਵਿੱਖ ਦਾ ਖੁਆਬ ਲੈਣਾ ਤੱਕ ਭੁੱਲ ਗਏ ਹਨ। ਅਜਿਹੇ ਹਾਲਾਤ ਵਿਚੋਂ ਨਿਕਲੇ ਇਹ ਬਾਲਕ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾਣਗੇ, ਕਿਸੇ ਤੋਂ ਕੁਝ ਦੱਸਣ-ਪੁੱਛਣ ਵਾਲਾ ਮਸਲਾ ਨਹੀਂ ਹੈ। ਦੱਸਣ-ਪੁੱਛਣ ਵਾਲਾ ਮਸਲਾ ਤਾਂ ਇਹ ਹੈ ਕਿ ਪੰਜਾਬ ਦੀ ਇਹ ਪੀੜ ਕਿਸੇ ਵੀ ਧਿਰ ਦੇ ਏਜੰਡੇ ਉਤੇ ਨਹੀਂ ਆਈ। ਚਿਰ ਪਹਿਲਾਂ ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਨੇ ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ ਲਿਖ ਕੇ ਪੰਜਾਬ ਦੀ ਇਹ ਪੀੜ ਬਿਆਨ ਕੀਤੀ ਸੀ। ਪੰਜਾਬ ਅੱਜ ਵੀ ਉਨ੍ਹਾਂ ਜਿਊੜਿਆਂ ਨੂੰ ਉਡੀਕ ਰਿਹਾ ਹੈ ਜਿਹੜੇ ਪੰਜਾਬ ਦੀ ਹਾਰ-ਦਰ-ਹਾਰ ਨੂੰ ਜਿੱਤ ਵਿਚ ਬਦਲਣ ਦਾ ਦਿਲ-ਗੁਰਦਾ ਰੱਖਦੇ ਹੋਣ। ਜੇ ਇਕੱਲੀਆਂ ਚੋਣਾਂ ਦੇ ਪ੍ਰਸੰਗ ਦੀ ਹੀ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਇਨ੍ਹਾਂ ਜਿਊੜਿਆਂ ਦੀ ਉਡੀਕ ਵਿਚ ਘਰੋਂ ਨਿਕਲੇ ਸਨ ਅਤੇ ਤਬਦੀਲੀ ਦਾ ਬਿਗਲ ਵਜਾਇਆ ਸੀ। ਹੁਣ ਮਸਲਾ ਸ਼ਾਇਦ ਚੋਣ ਪਿੜ ਦੇ ਅੰਦਰ ਜਾਂ ਬਾਹਰ ਰਹਿਣ ਦਾ ਨਹੀਂ ਰਹਿ ਗਿਆ, ਹੁਣ ਮਸਲਾ ਪੀੜ ਪੀੜ ਹੋਏ ਪੰਜਾਬ ਦੀ ਸਾਰ ਲੈਣ ਅਤੇ ਜ਼ਖਮਾਂ ਉਤੇ ਫਹੇ ਰੱਖਣ ਦਾ ਹੈ।