ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿਚ ਸਾਫ਼-ਸੁਥਰੇ ਅਕਸ ਵਜੋਂ ਜਾਣੇ ਜਾਂਦੇ ਸੀਨੀਅਰ ਆਗੂ ਐਚæਐਸ਼ ਫੂਲਕਾ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ‘ਆਪ’ ਦੇ ਪੰਜਾਬ ਯੂਨਿਟ ਵਿਚ ਵਾਪਰ ਰਹੀਆਂ ਘਟਨਾਵਾਂ ਦੌਰਾਨ ਇਸ ਆਗੂ ਦੇ ਅਸਤੀਫੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਤੋਂ ਵਾਪਸ ਬੁਲਾ ਲਿਆ ਗਿਆ ਸੀ।
ਲੋਕ ਸਭਾ ਚੋਣਾਂ ਵਿਚ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਰਹੇ ਸ਼ ਫੂਲਕਾ ਨੇ ਅਸਤੀਫ਼ੇ ਦਾ ਕਾਰਨ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਉਤੇ ਧਿਆਨ ਕੇਂਦਰਿਤ ਕਰਨਾ ਦੱਸਿਆ ਹੈ ਪਰ ਇਹ ਦਲੀਲ ਲੋਕਾਂ ਦੇ ਗਲੇ ਨਹੀਂ ਉਤਰ ਰਹੀ। ਸ਼ ਫੂਲਕਾ ਨੇ ਲੰਮੇ ਸਮੇਂ ਤੋਂ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਰ ਗੱਲ ਦੀ ਪ੍ਰੋੜ੍ਹਤਾ ਕੀਤੀ ਹੈ ਤੇ ਉਹ ਪਾਰਟੀ ਦੇ ਅੰਦਰੂਨੀ ਕਲੇਸ਼ ਤੋਂ ਦੂਰ ਹੀ ਰਹੇ ਹਨ। ਪਿਛਲੇ ਦਿਨੀਂ ਡਾæ ਧਰਮਵੀਰ ਗਾਂਧੀ ਤੇ ਭਗਵੰਤ ਮਾਨ ਦਰਮਿਆਨ ਫੋਨ ਵਾਰਤਾ ਦੀ ਜਿਹੜੀ ਆਡੀਓ ਸੀæਡੀæ ਨਸ਼ਰ ਹੋਈ ਸੀ, ਉਸ ਵਿਚ ਭਗਵੰਤ ਮਾਨ ਦੀਆਂ ਸ਼ ਫੂਲਕਾ ਬਾਰੇ ਟਿੱਪਣੀਆਂ ਤੋਂ ਇਹੀ ਝਲਕਦਾ ਸੀ ਕਿ ਉਨ੍ਹਾਂ ਦਾ ਸਮਾਜ-ਸੇਵੀ ਅਕਸ ਭਗਵੰਤ ਮਾਨ ਨੂੰ ਰਾਸ ਨਹੀਂ ਸੀ ਆ ਰਿਹਾ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸ਼ ਫੂਲਕਾ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਪੰਜਾਬ ਦੇ ਭਾਵੀ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਵਿਚ ‘ਆਪ’ ਦੇ ਆਗੂਆਂ ਵਿਚ ਖਹਿਬਾਜ਼ੀ ਲਗਾਤਾਰ ਜਾਰੀ ਹੈ। ਸ਼ਾਇਦ ਇਸੇ ਕਾਰਨ ਭਗਵੰਤ ਮਾਨ ਨੇ ਫੂਲਕਾ ਦੇ ਫੈਸਲੇ ਬਾਰੇ ਆਪਣਾ ਪ੍ਰਤੀਕਰਮ ਦੇਣ ਤੋਂ ਗੁਰੇਜ਼ ਕੀਤਾ ਹੈ। ਜਿਥੋਂ ਤੱਕ ਪਾਰਟੀ ਵਰਕਰਾਂ ਦਾ ਸਵਾਲ ਹੈ, ਉਨ੍ਹਾਂ ਵਿਚੋਂ ਬਹੁਤੇ ਮਹਿਸੂਸ ਕਰਦੇ ਹਨ ਕਿ ਭਾਈ ਬਲਦੀਪ ਸਿੰਘ, ਡਾæ ਦਲਜੀਤ ਸਿੰਘ, ਐਡਵੋਕੇਟ ਫੂਲਕਾ, ਧਰਮਵੀਰ ਗਾਂਧੀ ਤੇ ਜਿਓਤੀ ਮਾਨ ਵਰਗੀਆਂ ਸ਼ਖਸੀਅਤਾਂ ਨੂੰ ਲਾਂਭੇ ਕਰ ਕੇ ਪਾਰਟੀ ਇਹ ਸੰਕੇਤ ਦੇ ਰਹੀ ਹੈ ਕਿ ਸਵੱਛ ਅਕਸ ਦਾ ਉਸ ਲਈ ਕੋਈ ਮਹੱਤਵ ਨਹੀਂ।
ਯਾਦ ਰਹੇ ਕਿ ‘ਆਪ’ ਵੱਲੋਂ ਬੁਨਿਆਦੀ ਸਿਧਾਂਤਾਂ ਤੋਂ ਭਟਕ ਜਾਣ ਦੇ ਦੋਸ਼ ਲਗਾ ਕੇ ਸਾਜ਼ੀਆ ਇਲਮੀ ਸਮੇਤ ਅੰਨਾ ਹਜ਼ਾਰੇ ਲਹਿਰ ਦੇ ਕਈ ਮੁੱਢਲੇ ਮੈਂਬਰ ਪਾਰਟੀ ਛੱਡ ਗਏ ਸਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਪਾਰਟੀ ਦੀ ਪੰਜਾਬ ਤੋਂ ਬਾਹਰ ਕੋਈ ਗਿਣਨਯੋਗ ਕਾਰਗੁਜ਼ਾਰੀ ਨਾ ਰਹਿਣ ਨੇ ਵੀ ਕਈ ਆਗੂਆਂ ਨੂੰ ਨਿਰਾਸ਼ ਕੀਤਾ ਸੀ, ਪਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੋਈ ਮਿਸਾਲੀ ਜਿੱਤ ਨੇ ਪਾਰਟੀ ਉਤੇ ਕੇਜਰੀਵਾਲ ਦੀ ਪਕੜ ਨੂੰ ਹੋਰ ਮਜ਼ਬੂਤ ਕਰ ਦਿੱਤਾ ਤੇ ਅਲੱਗ ਸੁਰ ਰੱਖਣ ਵਾਲੇ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਤੇ ਸ਼ਾਂਤੀ ਭੂਸ਼ਣ ਸਮੇਤ ਕਈ ਹੋਰ ਵੱਡੇ ਆਗੂਆਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਕਿਆਸਅਰਾਈਆਂ ਅਨੁਸਾਰ ਸ਼ ਫੂਲਕਾ ਪੰਜਾਬ ਵਿਚੋਂ ਆਪਣੀ ਸਿਆਸੀ ਵਾਪਸੀ ਤੋਂ ਖ਼ੁਸ਼ ਨਹੀਂ ਸਨ। ਆਮ ਆਦਮੀ ਪਾਰਟੀ ‘ਮਿਸ਼ਨ 2017’ ਨੂੰ ਲੈ ਕੇ ਪੰਜਾਬ ਵਿਚ ਸਰਗਰਮ ਹੈ। ਕੇਂਦਰੀ ਆਗੂ ਸੰਜੇ ਸਿੰਘ, ਵੱਖ ਵੱਖ ਹਲਕਿਆਂ ਦੇ ਦਿੱਲੀ ਤੋਂ ਲਾਏ ਇੰਚਾਰਜ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦੇ ਆਗੂ ਭਗਵੰਤ ਮਾਨ ਰੈਲੀਆਂ ਦੌਰਾਨ ਦਿਖਾਈ ਦੇ ਰਹੇ ਹਨ। ਅਜਿਹੇ ਹਾਲਾਤ ਵਿਚ ਸ਼ ਫੂਲਕਾ ਵੱਲੋਂ ‘ਆਪ’ ਦਾ ਸਾਥ ਛੱਡਣਾ ਪਾਰਟੀ ਲਈ ਵੱਡਾ ਧੱਕਾ ਮੰਨਿਆ ਜਾ ਰਿਹਾ ਹੈ।