ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਾਰੋਬਾਰੀ ਹਿੱਤਾਂ ਦੇ ਟਕਰਾਅ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਡਿਵੀਜਨ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ, ਔਰਬਿਟ ਏਵੀਏਸ਼ਨ ਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨੂੰ ਦਸ ਦਸੰਬਰ ਤੱਕ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਐਡਵੋਕੇਟ ਐਚæਸੀæ ਅਰੋੜਾ ਵੱਲੋਂ ਪਾਈ ਜਨਹਿੱਤ ਪਟੀਸ਼ਨ ਉਤੇ ਜਾਰੀ ਕੀਤਾ ਹੈ।
ਸ੍ਰੀ ਅਰੋੜਾ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਸਕੱਤਰ ਨੂੰ ਇਹ ਯਕੀਨੀ ਬਣਾਉਣ ਲਈ ਹੁਕਮ ਦੇਵੇ ਕਿ ਜਦ ਤੱਕ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਨਿੱਜੀ ਟਰਾਂਸਪੋਰਟ ਕੰਪਨੀਆਂ ਵਿਚ ਹਿੱਸੇ ਹਨ ਉਦੋਂ ਤੱਕ ਉਹ ਸੂਬੇ ਦੇ ਟਰਾਂਸਪੋਰਟ ਵਿਭਾਗ ਤੇ ਸਰਕਾਰੀ ਬੱਸ ਅਦਾਰਿਆਂ ਦੇ ਮਾਮਲਿਆਂ ਵਿਚ ਦਖਲ ਨਾ ਦੇਣ। ਉਨ੍ਹਾਂ ਨਿੱਜੀ ਤੌਰ ‘ਤੇ ਪੇਸ਼ ਦਾਅਵਾ ਕੀਤਾ ਕਿ ਪੰਜਾਬ ਰਾਜ ਟਰਾਂਸਪੋਰਟ ਕਮਿਸ਼ਨਰ ਨੇ ਜੋ ਹਲਫ਼ਨਾਮਾ ਪੇਸ਼ ਕੀਤਾ ਹੈ ਉਸ ਵਿਚ ਨਿੱਜੀ ਟਰਾਂਸਪੋਟਰ ਕੰਪਨੀਆਂ, ਉਨ੍ਹਾਂ ਦੇ ਹਿੱਸੇਦਾਰਾਂ ਤੇ ਡਾਇਰੈਕਟਰਾਂ ਦੇ ਵੇਰਵੇ ਹਨ। ਇਹ ਹਲਫ਼ਨਾਮਾ ਹਾਈਕੋਰਟ ਵੱਲੋਂ ਇਸ ਮਾਮਲੇ ਵਿਚ ਖ਼ੁਦ-ਬਖ਼ੁਦ ਲਏ ਨੋਟਿਸ ਦੌਰਾਨ ਤਿਆਰ ਕੀਤਾ ਗਿਆ ਸੀ। ਪਟੀਸ਼ਨਰ ਦਾ ਕਹਿਣਾ ਹੈ ਕਿ ਹਿੱਤਾਂ ਦੇ ਟਕਰਾਅ ਕਾਰਨ ਹੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਲੋਕਾਂ ਦੀਆਂ ਟਰਾਂਸਪੋਰਟ ਕੰਪਨੀਆਂ ਤਾਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੀਆਂ ਹਨ ਜਦ ਕਿ ਪੰੰਜਾਬ ਦੀ ਸਰਕਾਰੀ ਟਰਾਂਸਪੋਰਟ ਦਾ ਦਮ ਨਿਕਲ ਗਿਆ ਹੈ। ਪਟੀਸ਼ਨਰ ਨੇ ਕੈਗ ਦੀ ਰਾਜ ਟਰਾਂਸਪੋਰਟ ਬਾਰੇ ਸਾਲ 2009-10 ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿੱਜੀ ਟਰਾਂਸਪੋਰਟਰਾਂ ਨੂੰ ਲਾਭ ਦੇਣ ਲਈ ਕਾਨੂੰਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਹਨ। ਨਿੱਜੀ ਕੰਪਨੀਆਂ ਨੂੰ ਨਿਯਮਾਂ ਤੋਂ ਵੱਧ ਪਰਮਿਟ ਦਿੱਤੇ ਗਏ ਹਨ ਤੇ ਕੌਮੀ ਮਾਰਗਾਂ ‘ਤੇ ਵੀ ਨਿੱਜੀ ਬੱਸਾਂ ਦੌੜਾਈਆਂ ਜਾ ਰਹੀਆਂ ਹਨ।
_________________________________________
ਸਭ ਤੋਂ ਵੱਧ ਹਿੱਸੇਦਾਰੀ ਬਾਦਲ ਪਰਿਵਾਰ ਦੀ
ਚੰਡੀਗੜ੍ਹ: ਦਸਤਾਵੇਜ਼ਾਂ ਦੀ ਘੋਖ ਕਰਨ ਤੋਂ ਪਤਾ ਲੱਗਦਾ ਹੈ ਕਿ ਸੁਖਬੀਰ ਬਾਦਲ ਦਾ ਡੱਬਵਾਲੀ ਟਰਾਂਸਪੋਰਟ ਕੰਪਨੀ ਵਿਚ 90 ਫੀਸਦੀ ਤੋਂ ਵੱਧ ਹਿੱਸਾ ਹੈ ਜਦ ਕਿ ਔਰਬਿਟ ਰਿਜ਼ੋਰਟ ਕੰਪਨੀ ਵੀ ਇਸੇ ਪਰਿਵਾਰ ਦੀ ਹੈ। ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਔਰਬਿਟ ਏਵੀਏਸ਼ਨ ਵਿਚ ਹਿੱਸਾ ਹੈ। ਇਸ ਤੋਂ ਇਲਾਵਾ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਡਾਇਰੈਕਟਰ ਹੀ ਤਾਜ ਟਰੈਵਲਜ਼ ਲਿਮਟਿਡ ਤੇ ਇੰਡੋ ਕੈਨੇਡੀਅਨ ਟਰਾਂਸਪੋਰਟ ਵਿਚ ਸਹਿ ਡਾਇਰੈਕਟਰ ਹਨ। ਇਸੇ ਤਰ੍ਹਾਂ ਮੁਹੰਮਦ ਜਮੀਲ ਡੱਬਵਾਲੀ ਟਰਾਂਸਪੋਰਟ ਕੰਪਨੀ ਦਾ ਡਾਇਰੈਕਟਰ ਹੋਣ ਦੇ ਨਾਲ-ਨਾਲ ਔਰਬਿਟ ਏਵੀਏਸ਼ਨ ਵਿਚ ਵੀ ਡਾਇਰੈਕਟਰ ਹੈ। ਇਸੇ ਨਾਲ ਮੁਹੰਮਦ ਰਫ਼ੀਕ ਔਰਬਿਟ ਏਵੀਏਸ਼ਨ ਦੇ ਨਾਲ-ਨਾਲ ਡੱਬਵਾਲੀ ਟਰਾਂਸਪੋਰਟ ਕੰਪਨੀ ਦਾ ਵੀ ਡਾਇਰੈਕਟਰ ਹੈ।