ਖਾਲਿਸਤਾਨ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਇਕਜੁੱਟ ਹੋਈਆਂ

ਅੰਮ੍ਰਿਤਸਰ: ਖ਼ਾਲਿਸਤਾਨ ਦੇ ਨਾਂ ਅਧੀਨ ਆਜ਼ਾਦ ਸਿੱਖ ਰਾਜ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦਲ ਖ਼ਾਲਸਾ ਤੇ ਅਕਾਲੀ ਦਲ ਪੰਜ ਪ੍ਰਧਾਨੀ ਦੇ ਬਾਨੀ ਆਗੂਆਂ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਗਜਿੰਦਰ ਸਿੰਘ ਦੀ ਸਹਿਮਤੀ ਨਾਲ ਦੋਵਾਂ ਜਥੇਬੰਦੀਆਂ ਨੇ ਆਪਸੀ ਰਲੇਵੇਂ ਦਾ ਐਲਾਨ ਕਰਦਿਆਂ ਲੋਕਤੰਤਰੀ ਢੰਗ ਨਾਲ ਖ਼ਾਲਿਸਤਾਨ ਦੀ ਪ੍ਰਾਪਤੀ ਨੂੰ ਆਪਣਾ ਉਦੇਸ਼ ਨਿਸ਼ਚਿਤ ਕੀਤਾ।

ਦਲ ਖ਼ਾਲਸਾ ਦੇ ਸਥਾਨਕ ਦਫ਼ਤਰ ਵਿਖੇ ਹੋਈ ਸਾਂਝੀ ਇਕੱਤਰਤਾ ਵਿਚ ਦੋਵਾਂ ਪਾਰਟੀਆਂ ਦੇ ਸਰਗਰਮ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਛੇਤੀ ਹੀ ਸਾਂਝੀ ਜਥੇਬੰਦੀ ਦਾ ਨਵਾਂ ਨਾਂ, ਪ੍ਰਧਾਨ ਤੇ ਸੰਵਿਧਾਨ ਐਲਾਨਣ ‘ਤੇ ਚਰਚਾ ਕੀਤੀ। ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਤੇ ਪੰਚ ਪ੍ਰਧਾਨੀ ਦੇ ਪ੍ਰਧਾਨ ਕੁਲਬੀਰ ਸਿੰਘ ਬੜਾਪਿੰਡ ਨੇ ਏਕੇ ਦੇ ਦਸਤਾਵੇਜ਼ ‘ਤੇ ਦਸਤਖਤ ਕੀਤੇ। ਉਨ੍ਹਾਂ ਦੱਸਿਆ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਦੋਵਾਂ ਜਥੇਬੰਦੀਆਂ ਨੇ ਰਲੇਵੇਂ ਦਾ ਫ਼ੈਸਲਾ ਕੀਤਾ ਹੈ।
ਇਸ ਰਲੇਵੇਂ ਨੂੰ ਅਮਲੀਜਾਮਾ ਪਹਿਨਾਉਣ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਭਾਰਤ ਵਿਚ ਸਿੱਖਾਂ ਦੀ ਆਜ਼ਾਦੀ ਇੱਛਾ ਨੂੰ ਜਬਰੀ ਦਬਾਇਆ ਜਾ ਰਿਹਾ ਹੈ, ਜਿਸ ਖਿਲਾਫ਼ ਸ਼ਾਂਤੀ ਪੂਰਨ ਢੰਗ ਨਾਲ ਆਵਾਜ਼ ਉਠਾਉਣ ਲਈ ਸਾਂਝੀ ਜਥੇਬੰਦੀ ਯਤਨ ਕਰੇਗੀ।
ਹੁਣ ਦੋਵੇਂ ਜਥੇਬੰਦੀਆਂ ਇਕ ਨਾਮ, ਇਕ ਸੰਵਿਧਾਨ ਤੇ ਇਕ ਨਿਸ਼ਾਨ ਹੇਠਾਂ ਕੰਮ ਕਰਨਗੀਆਂ ਤੇ ਇਨ੍ਹਾਂ ਦਾ ਮੁੱਖ ਟੀਚਾ ਜਮਹੂਰੀ ਢੰਗ ਤਰੀਕੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਹੋਵੇਗਾ। ਹਰਚਰਨਜੀਤ ਸਿੰਘ ਧਾਮੀ ਨੇ ਸਪਸ਼ਟ ਕੀਤਾ ਕਿ ਇਹ ਏਕਤਾ ਪੰਥ ਦੇ ਭਲੇ ਤੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਅਹਿਮ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਏਕਤਾ ਇਕ ਅਜਿਹਾ ਮਾਹੌਲ ਸਿਰਜੇਗੀ, ਜਿਸ ਨਾਲ ਕੌਮ ਅੰਦਰ ਫੈਲੀ ਨਿਰਾਸ਼ਤਾ ਦੂਰ ਹੋਵੇਗੀ। ਛੇਤੀ ਹੀ ਹੋਰ ਹਮਖਿਆਲੀ ਜਥੇਬੰਦੀਆਂ ਵੀ ਇਸ ਕਰਾਰ ਦਾ ਹਿੱਸਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਿਧਾਂਤਕ ਰਾਜਨੀਤੀ ਕਰਨ ਦੇ ਹਾਮੀ ਹਨ ਤੇ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈਣ ਬਾਰੇ ਕੋਈ ਦਿਲਚਸਪੀ ਨਹੀਂ ਹੈ, ਪਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਉਹ ਹਿੱਸਾ ਲੈਣ ਦੇ ਇੱਛੁਕ ਹਨ।
________________________________
ਲੋਕਤੰਤਰੀ ਢੰਗ ਨਾਲ ਖ਼ਾਲਿਸਤਾਨ ਪ੍ਰਾਪਤੀ ਦਾ ਅਹਿਦ
ਅੰਮ੍ਰਿਤਸਰ: ਦਲ ਖ਼ਾਲਸਾ ਅਤੇ ਪੰਚ ਪ੍ਰਧਾਨੀ ਨੇ ਲੋਕਤੰਤਰੀ ਢੰਗ ਨਾਲ ਖ਼ਾਲਿਸਤਾਨ ਦੀ ਪ੍ਰਾਪਤੀ ਦਾ ਅਹਿਦ ਲਿਆ ਹੈ। ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਤੇ ਪੰਚ ਪ੍ਰਧਾਨੀ ਦੇ ਪ੍ਰਧਾਨ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਮੌਜੂਦਾ ਸਮੇਂ ਵਿਚ ਲੋਕਤੰਤਰੀ ਰਸਤਾ ਅਪਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਢਾਂਚੇ ਅਧੀਨ ਲੋਕ ਸਭਾ ਤੇ ਵਿਧਾਨ ਸਭਾ ਆਦਿ ਦੀਆਂ ਚੋਣਾਂ ਵਿਚ ਜਥੇਬੰਦੀ ਹਿੱਸਾ ਨਹੀਂ ਲਵੇਗੀ ਪਰ ਹਾਲਾਤ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਲੈਣ ਦੀ ਸਥਿਤੀ ਬਣ ਸਕਦੀ ਹੈ।