ਸ਼ਿਕਾਗੋ ਦਾ ਕਬੱਡੀ ਮੇਲਾ ਹਰਭਜਨ ਮਾਨ ਕਰਵਾ ਗਿਆ ਆਪਣੇ ਨਾਂ

ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ, ਬਿਊਰੋ): ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਸ਼ਿਕਾਗੋ ਵਲੋਂ ਲੰਘੀ 13 ਸਤੰਬਰ ਨੂੰ ਇਥੇ ਐਲਕ ਗਰੂਵ ਵਿਲੇਜ ਦੀ ਜੰਗਲਾਤੀ ਰੱਖ (ਫਾਰੈਸਟ ਪ੍ਰਿਜ਼ਰਵ) ਦੇ ਮੈਦਾਨਾਂ ਵਿਚ ਕਰਵਾਏ ਗਏ ਕਬੱਡੀ ਕੱਪ ਮੇਲੇ ਦੌਰਾਨ ਕਬੱਡੀ ਦੇ ਮੈਚ ਵੀ ਹੋਏ ਤੇ ਵਾਲੀਬਾਲ ਦੇ ਵੀ। ਕਬੱਡੀ ਮੈਚ ਰਹੇ ਵੀ ਚੰਗੇ ਤੇ ਫਸਵੇਂ। ਕੁਮੈਂਟੇਟਰਾਂ-ਸੁਖਚੈਨ ਬਰਾੜ, ਇਕਬਾਲ ਗਾਲਿਬ ਅਤੇ ਰਾਣਾ ਸਿੱਧੂ ਨੇ ਆਪੋ ਆਪਣੇ ਅੰਦਾਜ਼ ਵਿਚ ਕੁਮੈਂਟਰੀ ਕਰਦਿਆਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੈਚਾਂ ਨੂੰ ਦਿਲਚਸਪ ਬਣਾਉਣ ਲਈ ਆਪਣੇ ਵਲੋਂ ਕੋਈ ਕਸਰ ਵੀ ਨਾ ਛੱਡੀ ਪਰ ਦਰਸ਼ਕਾਂ ਲਈ ਮੇਲੇ ਦਾ ਕੇਂਦਰ ਬਿੰਦੂ ਨਾਮੀ ਲੋਕ ਗਾਇਕ ਹਰਭਜਨ ਮਾਨ ਅਤੇ ਉਸ ਦਾ ਭਰਾ ਤੇ ਸਾਥੀ ਗਾਇਕ ਗੁਰਸੇਵਕ ਮਾਨ ਹੀ ਰਹੇ। ਸ਼ਿਕਾਗੋ ਵਿਚ ਸ਼ੋਅ ਕਰਨ ਲਈ ਉਹ ਲੰਮੇ ਅਰਸੇ ਪਿਛੋਂ ਆਏ ਸਨ ਜਿਸ ਕਰਕੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਉਤਸ਼ਾਹ ਕੁਝ ਜ਼ਿਆਦਾ ਹੀ ਸੀ।

ਮੇਲਾ ਭਰਿਆ ਵੀ ਬਹੁਤ ਅਤੇ ਬਾਅਦ ਦੁਪਹਿਰ ਤਿੰਨ ਵਜੇ ਤੱਕ ਪਾਰਕਿੰਗ ਲਾਟ ਨੱਕੋ ਨੱਕ ਭਰ ਚੁਕਾ ਸੀ। ਅਖੀਰ ਪੁਲਿਸ ਵਾਲਿਆਂ ਨੇ ਖੇਡ ਮੈਦਾਨ ਵੱਲ ਨੂੰ ਆਉਂਦਾ ਰਸਤਾ ਬੰਦ ਕਰ ਦਿੱਤਾ ਤੇ ਕਈ ਮੇਲੀਆਂ ਨੂੰ ਮੀਲ ਮੀਲ ਦੂਰ ਆਪਣੀਆਂ ਗੱਡੀਆਂ ਪਾਰਕ ਕਰਕੇ ਪੈਦਲ ਮੇਲੇ ਵਿਚ ਆਉਣਾ ਪਿਆ। ਪਿਛਲੇ ਕਈ ਸਾਲਾਂ ਵਿਚ ਸ਼ਾਇਦ ਇਹ ਪਹਿਲਾ ਮੇਲਾ ਸੀ ਜੋ ਇੰਨਾ ਭਰਿਆ। ਇਹ ਸਭ ਵੇਖ ਕੇ ਮੇਲੇ ਦੇ ਪ੍ਰਬੰਧਕਾਂ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ਤੋਂ ਡੁੱਲ੍ਹ ਡੁੱਲ੍ਹ ਪੈ ਰਹੀ ਸੀ।
ਕਬੱਡੀ ਕੱਪ ਮੁਕਾਬਲਿਆਂ ਵਿਚ ਤਿੰਨ ਟੀਮਾਂ ਪਿੜ ਵਿਚ ਨਿੱਤਰੀਆਂ-ਇੰਡੀਆ, ਯੂ ਐਸ ਏ ਅਤੇ ਕੈਨੇਡਾ। ਫਸਵੇਂ ਮੈਚ ਹੋਏ ਜਿਨ੍ਹਾਂ ਨੂੰ ਦਰਸ਼ਕਾਂ ਨੇ ਮਾਣਿਆ ਵੀ ਤੇ ਡਾਲਰ ਵਰ੍ਹਾ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਪੂਰੀ ਕੀਤੀ। ਫਾਈਨਲ ਵਿਚ ਜੇਤੂ ਯੂ ਐਸ ਏ ਕਬੱਡੀ ਟੀਮ ਨੇ ਇੰਡੀਆ ਨੂੰ 19 ਅੰਕਾਂ ਦੇ ਮੁਕਾਬਲੇ 38 ਅੰਕ ਬਣਾ ਕੇ ਹਰਾਇਆ ਅਤੇ ਇੰਜ 13,000 ਡਾਲਰ ਦਾ ਪਹਿਲਾ ਇਨਾਮ ਲੁੱਟ ਕੇ ਲੈ ਗਈ। ਦੂਜੇ ਨੰਬਰ ‘ਤੇ ਰਹੀ ਲੰਮਾ ਪੈਂਡਾ ਮਾਰ ਕੇ ਆਈ ਇੰਡੀਆ ਦੀ ਟੀਮ ਨੂੰ 11,000 ਡਾਲਰ ਦੇ ਇਨਾਮ ਨਾਲ ਹੀ ਸਬਰ ਕਰਨਾ ਪਿਆ। ਪਹਿਲਾ ਇਨਾਮ ਮਿਲਵਾਕੀ ਦੇ ਬਿਜਨਸਮੈਨ ਸ਼ ਦਰਸ਼ਨ ਸਿੰਘ ਧਾਲੀਵਾਲ ਨੇ ਆਪਣੇ ਪਿਤਾ ਸਵਰਗੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ ਯਾਦ ਵਿਚ ਸਪਾਂਸਰ ਕੀਤਾ ਸੀ। ਦੂਜਾ ਇਨਾਮ ਪੰਜਾਬ ਸਪੋਰਟਸ ਕਲੱਬ ਨੇ ਆਪਣੀ ਤਰਫੋਂ ਕਬੱਡੀ ਪ੍ਰੇਮੀ ਸਵਰਗੀ ਤੀਰਥ ਸਿੰਘ ਅਟਵਾਲ ਦੀ ਯਾਦ ਵਿਚ ਦਿੱਤਾ। ਜ਼ਿਕਰਯੋਗ ਹੈ ਕਿ ਤੀਰਥ ਦਾ ਕੁਝ ਮਹੀਨੇ ਪਹਿਲਾਂ ਅਚਾਨਕ ਦਿਹਾਂਤ ਹੋ ਗਿਆ ਸੀ।
ਵਾਲੀਬਾਲ ਮੁਕਾਬਲਿਆਂ ਵਿਚ ਜੇਤੂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਰਹੀ ਜਿਸ ਨੇ 1500 ਡਾਲਰ ਦਾ ਪਹਿਲਾ ਇਨਾਮ ਆਪਣੇ ਪੇਟੇ ਪਾਇਆ। ਦੂਜੇ ਥਾਂ ਗਲੈਨਵਿਊ ਸਪਾਈਕਰ ਵਾਲੀਬਾਲ ਟੀਮ ਰਹੀ ਜਿਸ ਨੂੰ 1100 ਡਾਲਰ ਦਾ ਇਨਾਮ ਮਿਲਿਆ।
ਮੇਲੇ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਧਾਲੀਵਾਲ ਸਨ ਜਿਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਗੈਸਟ ਆਫ ਆਨਰ ਅਕਾਲੀ ਆਗੂ ਬਲਦੇਵ ਸਿੰਘ ਸੱਲ੍ਹਾਂ ਤੋਂ ਇਲਾਵਾ ਜੇ ਪੀ ਖਹਿਰਾ ਤੇ ਬਚਨ ਸਿੰਘ ਗਿੱਲ ਸਨ।
ਅਮਰੀਕੀ ਕਾਂਗਰਸ ਦੀਆਂ ਆਉਣ ਵਾਲੀਆਂ ਚੋਣਾਂ ਲਈ ਸੰਭਾਵੀ ਉਮੀਦਵਾਰ ਰਾਜਾ ਕ੍ਰਿਸ਼ਨਾਮੂਰਥੀ ਇਸ ਮੇਲੇ ਵਿਚ ਹਾਜ਼ਰੀ ਲੁਆਉਣ ਲਈ ਉਚੇਚੇ ਪਹੁੰਚੇ। ਮੇਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਖੇਡਾਂ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਸ਼ਿਕਾਗੋ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆ ਰਹੀਆਂ ਕਾਂਗਰਸ ਚੋਣਾਂ ਵਿਚ ਸਭ ਨੂੰ ਆਪਣੀ ਹਮਾਇਤ ਕਰਨ ਦੀ ਅਪੀਲ ਕੀਤੀ।
ਸ਼ਿਕਾਗੋ ਵਿਚ ਭਾਰਤੀ ਕੌਂਸਲਖਾਨੇ ਤੋਂ ਕੌਂਸਲ ਓ ਪੀ ਮੀਨਾ ਨੇ ਮੇਲੇ ਵਿਚ ਹਾਜ਼ਰੀ ਭਰੀ। ਮੇਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਪੰਜਾਬੀ ਮੇਲੇ ਵਿਚ ਪਹੁੰਚੇ ਹਨ ਅਤੇ ਉਨ੍ਹਾਂ ਨੂੰ ਇਹ ਵੇਖ ਕੇ ਖੁਸ਼ੀ ਹੋਈ ਹੈ ਕਿ ਪੰਜਾਬੀ ਆਪਣੇ ਸਭਿਆਚਾਰ ਅਤੇ ਆਪਣੀਆਂ ਮਨਪਸੰਦ ਖੇਡਾਂ ਨੂੰ ਬਹੁਤ ਪਿਆਰ ਕਰਦੇ ਹਨ।
ਮੰਚ ਸੰਚਾਲਨ ਹੈਪੀ ਹੀਰ ਤੇ ਡਾæ ਹਰਜਿੰਦਰ ਸਿੰਘ ਖਹਿਰਾ ਨੇ ਕੀਤਾ। ਉਂਜ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ ਉਨ੍ਹਾਂ ਦਾ ਹੱਥ ਵਟਾਇਆ।
ਸ਼ਾਮ ਨੂੰ ਕੋਈ 4 ਵਜੇ ਗਾਇਕੀ ਦਾ ਅਖਾੜਾ ਸ਼ੁਰੂ ਹੋਇਆ ਜਿਸ ਦਾ ਅਰੰਭ ਸਥਾਨਕ ਗਾਇਕ ਜਗਮੀਤ ਸਿੰਘ ਨੇ ਗੀਤ ‘ਸੋਹਣੇ ਮੁਖੜੇ ਵਾਲੀਏæææ’ ਨਾਲ ਕੀਤਾ। ਪਰ ਮੇਲੇ ਦੀ ‘ਸਤਰੰਗੀ ਪੀਂਘ’ ਉਦੋਂ ਚੜ੍ਹੀ ਜਦੋਂ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਸਟੇਜ ‘ਤੇ ਆਏ। ਦੋਵਾਂ ਭਰਾਵਾਂ ਨੇ ਪੀਲੇ ਰੰਗ ਦੀਆਂ ਕਵੀਸ਼ਰੀ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ।
ਰਵਾਇਤੀ ਤੌਰ ‘ਤੇ ਰੱਬ ਅਗੇ ਅਰਦਾਸ ਕਰਨ ਪਿਛੋਂ ਉਨ੍ਹਾਂ ਮਾਂ ਦਾ ਗੀਤ ‘ਮਾਂਵਾਂ ਮਾਂਵਾਂ, ਮਾਂ ਜੰਨਤ ਦਾ ਪ੍ਰਛਾਵਾਂ’ ਪੇਸ਼ ਕੀਤਾ। ਫਿਰ ਉਨ੍ਹਾਂ ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ ਫੇਰ ਨਾ ਬੈਠਣ ਰਲ ਕੇ ਅਤੇ ਹੱਸਦਿਆਂ ਦੇ ਘਰ ਵੱਸਦੇ ਮਾਨਾਂ ਹੱਸ ਕੇ ਵਕਤ ਗੁਜ਼ਾਰ ਆਦਿ ਉਪਰੰਤ ਗੀਤਾਂ ਦੀ ਝੜੀ ਹੀ ਲਾ ਦਿਤੀ। ਸਰੋਤਿਆਂ ਦੀ ਫਰਮਾਇਸ਼ ‘ਤੇ ‘ਬਾਬਲ ਦੇ ਵਿਹੜੇ ਅੰਬੀ ਦਾ ਬੂਟਾ’ ਸੁਣਾ ਕੇ ਦਾਦ ਹਾਸਿਲ ਕੀਤੀ। ਤਿੰਨ ਰੰਗ ਨਹੀਂ ਲਭਣੇ ਹੁਸਨ, ਜਵਾਨੀ, ਮਾਪੇ; ਦਿਲ ਆਪਣਾ ਪੰਜਾਬੀ ਅਤੇ ਗੱਲ੍ਹਾਂ ਗੋਰੀਆਂ ਦੇ ਵਿਚ ਟੋਏ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ। Ḕਚਿੱਠੀਏ ਨੀ ਚਿੱਠੀਏ’ ਗੀਤ ਜਿਸ ਨਾਲ ਉਸ ਨੂੰ ਸਫਲਤਾ ਤੇ ਪ੍ਰਸਿੱਧੀ ਮਿਲੀ, ਹਰਭਜਨ ਨੇ ਗਾ ਕੇ ਸਰੋਤਿਆਂ ਦੀ ਰੂਹ ਰਾਜੀ ਕੀਤੀ। ਫਿਲਮ ‘ਹਾਣੀ’ ਦਾ ਬੋਲੀਆਂ ਤੇ ਟੱਪਿਆਂ ਵਾਲਾ ਗੀਤ ‘ਮਾਏ ਨੀ ਮੈਂ ਲੌਂਗ ਗਵਾ ਆਈ ਆਂ’ ਤੇ ‘ਲਾਲੀ ਲਾਲ ਦੁੱਪਟਾ’ ਨਾਲ ਸਤ ਰੰਗ ਪੂਰੇ ਕਰ ਦਿੱਤੇ।
ਕਰੀਬ ਦੋ ਘੰਟੇ ਚਲੇ ਇਸ ਪ੍ਰੋਗਰਾਮ ਦਾ ਸਰੋਤਿਆਂ ਨੇ ਭਰਪੂਰ ਲੁਤਫ ਲਿਆ ਅਤੇ ਉਹ ਅਨੰਦ ਵਿਚ ਝੂਮਦੇ ਨਜ਼ਰ ਆਏ। ਉਂਜ ਉਨ੍ਹਾਂ ਦਾ ਸਭ ਤੋਂ ਵੱਧ ਹੁੰਗਾਰਾ ‘ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ’ ਅਤੇ ‘ਚੰਨ ਕਿਥਾਂ ਗੁਜ਼ਾਰੀ ਆ ਈ ਰਾਤ ਵੇ’ ਨੂੰ ਮਿਲਿਆ। ਕਈ ਸਰੋਤੇ ਦੂਰ ਪਰ੍ਹੇ ਅੱਡੀਆਂ ਥਿਰਕਾਉਂਦੇ ਤੇ ਝੂਮਦੇ ਨਜ਼ਰ ਆਏ। ਗੁਰਦਾਸ ਮਾਨ ਅਤੇ ਹੁਣ ਕੰਵਰ ਗਰੇਵਾਲ ਦੀ ਰੀਸੇ ਕੁਝ ਸਰੋਤਿਆਂ ਨੇ ਛੋਟੇ ਛੋਟੇ ਬੱਚੇ-ਬੱਚੀਆਂ ਨੂੰ ਸਟੇਜ ‘ਤੇ ਚੜ੍ਹਾ ਦਿੱਤਾ ਅਤੇ ਮਾਨਾਂ ਨੇ ਵੀ ਉਨ੍ਹਾਂ ਦਾ ਪੂਰਾ ਮਾਣ ਰੱਖਿਆ।
ਕਈ ਦਰਸ਼ਕਾਂ ਦਾ ਵਿਚਾਰ ਸੀ ਕਿ ਪਿਛਲੇ ਕਈ ਸਾਲਾਂ ਵਿਚ ਹੋਏ ਗਾਇਕੀ ਦੇ ਪ੍ਰੋਗਰਾਮਾਂ ਵਿਚੋਂ ਇਹ ਸਭ ਤੋਂ ਵਧੀਆ ਪ੍ਰੋਗਰਾਮ ਹੈ।
ਮੇਲੀਆਂ ਲਈ ਗਰਮਾਂ-ਗਰਮ ਚਾਹ, ਪਕੌੜਿਆਂ ਅਤੇ ਜਲੇਬੀਆਂ ਦਾ ਵਧੀਆ ਪ੍ਰਬੰਧ ਸੀ। ਖਾਣੇ ਵਿਚ ਦਾਲ-ਚੌਲ, ਮਟਰ-ਪਨੀਰ, ਨਾਨ ਅਤੇ ਕੁਕੜ ਹਾਜਰ ਸਨ।
ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਘੋਤੜਾ, ਵਿੱਤ ਸਕੱਤਰ ਅਤੇ ਮੀਡੀਆ ਇੰਚਾਰਜ ਅਮਰੀਕ ਸਿੰਘ (ਅਮਰ ਕਾਰਪੈਟਸ), ਬੋਰਡ ਮੈਂਬਰਾਂ-ਹੈਪੀ ਹੀਰ, ਜਸਕਰਨ ਸਿੰਘ ਧਾਲੀਵਾਲ, ਲਵਦੀਪ ਸਿੰਘ ਦੁਲਤ, ਨਰਿੰਦਰ ਸਿੰਘ ਸਰਾਂ, ਗਿਆਨ ਸਿੰਘ ਸੀਹਰਾ, ਗੁਰਮੀਤ ਸਿੰਘ ਭੋਲਾ, ਰਾਜਿੰਦਰ ਸਿੰਘ ਦਿਆਲ, ਮਨਮਿੰਦਰ ਸਿੰਘ ਹੀਰ, ਲੱਕੀ ਸਹੋਤਾ ਅਤੇ ਸਵਰਨ ਸਿੰਘ ਸਿੱਧੂ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਮੇਲੇ ਨੂੰ ਕਾਮਯਾਬ ਬਣਾਉਣ ਲਈ ਪੂਰੇ ਤਾਲ-ਮੇਲ ਨਾਲ ਕੰਮ ਕੀਤਾ ਪਰ ਗੱਡੀ ਦੇ ਅੱਗੇ ਪ੍ਰਧਾਨ ਹਰਵਿੰਦਰ ਸਿੰਘ ਘੋਤੜਾ, ਵਿੱਤ ਸਕੱਤਰ ਅਤੇ ਮੀਡੀਆ ਇੰਚਾਰਜ ਅਮਰੀਕ ਸਿੰਘ, ਬੋਰਡ ਮੈਂਬਰਾਂ-ਹੈਪੀ ਹੀਰ ਤੇ ਨਰਿੰਦਰ ਸਿੰਘ ਸਰਾਂ ਲੱਗੇ ਹੋਏ ਸਨ। ਉਨ੍ਹਾਂ ਆਪਣੇ ਸਾਥੀਆਂ ਅਤੇ ਮੇਲੇ ‘ਚ ਪਹੁੰਚੇ ਲੋਕਾਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ।

ਕੁਝ ਹੋਰ ਵੀæææ
ਮੌਸਮ ਬਹੁਤ ਹੀ ਸੁਖਾਵਾਂ ਸੀ, ਨਾ ਬਹੁਤਾ ਠੰਡਾ ਨਾ ਗਰਮ। ਇਸ ਮੇਲੇ ਤੋਂ ਠੀਕ ਇਕ ਹਫਤਾ ਪਹਿਲਾਂ ਇਸੇ ਹੀ ਥਾਂ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਮੇਲੇ ਵਾਲੇ ਦਿਨ ਗਰਮੀ ਨੇ ਕੜਾਕੇ ਕੱਢੀ ਰਖੇ ਜਿਸ ਨੇ ਮੇਲੀਆਂ ਨੂੰ ਤੰਬੂਆਂ ਜਾਂ ਰੁਖਾਂ ਹੇਠ ਦੜੇ ਬੈਠੇ ਰਹਿਣ ਲਈ ਮਜਬੂਰ ਕਰੀ ਰਖਿਆ। ਮੇਲਾ ਹੋਵੇ ਤੇ ਪੰਜਾਬੀ ਦਾਰੂ-ਪਾਣੀ ਨਾਲ ਰੂਹ ਰਾਜੀ ਨਾ ਕਰਨ, ਇਹ ਤਾਂ ਜੱਗੋਂ ਬਾਹਰੀ ਗੱਲ ਹੋਵੇਗੀ, ਪਰੰਤੂ ਉਸ ਦਿਨ ਬੇਹੱਦ ਗਰਮੀ ਨੇ ਮੇਲੀਆਂ ਦਾ ਕਾਰਾਂ ਵਿਚ ਹੋਣ ਵਾਲੀ ਸੇਵਾ ਲਈ ਬਹੁਤਾ ਦਾਅ ਨਹੀਂ ਲੱਗਾ ਪਰ ਪੰਜਾਬ ਸਪੋਰਟਸ ਕਲੱਬ ਦੇ ਇਸ ਮੇਲੇ ਵਾਲੇ ਦਿਨ ਸੁਖਾਵੇਂ ਮੌਸਮ ਕਰਕੇ ਮੇਲੀਆਂ ਨੇ ਪੂਰੀ ਮੌਜ ਕੀਤੀ ਅਤੇ ਹਵਾ-ਪਿਆਜੀ ਹੋਣ ਦੇ ਸ਼ੁਕੀਨਾਂ ਨੇ ‘ਕਾਰ ਸੇਵਾ’ ਦਾ ਪੂਰਾ ਲਾਭ ਲਿਆ। ਸੜਕ ਦੇ ਐਨ ਕੰਢੇ ਕਾਰਾਂ ਕੋਲ ਖਲੋ ਕੇ ਮੇਲੀ ਆਪੋ-ਆਪਣੀਆਂ ਸ਼ਬੀਲਾਂ ਲਾਈ ਬੈਠੇ ਨਜ਼ਰ ਆਏ।

ਮੇਲੇ ਵਿਚ ਬਹੁਤੇ ਲੋਕ ਪਰਿਵਾਰਾਂ ਸਮੇਤ ਪਹੁੰਚੇ। ਬੀਬੀਆਂ ਤੇ ਬੱਚਿਆਂ ਦੀ ਚੋਖੀ ਗਿਣਤੀ ਸੀ। ਮਾਹੌਲ ਕੁਝ ਪਰਿਵਾਰਕ ਪਿਕਨਿਕ ਵਾਲਾ ਬਣਿਆ ਹੋਇਆ ਸੀ। ਪ੍ਰਿੰæ ਸਰਵਣ ਸਿੰਘ ਨੇ ਆਪਣੀ ਇਹ ਗੱਲ ਫਿਰ ਦੋਹਰਾਈ ਕਿ ਸ਼ਿਕਾਗੋ ਵਿਚ ਇਹ ਗੱਲ ਬਹੁਤ ਵਧੀਆ ਤੇ ਉਸਾਰੂ ਹੈ ਕਿ ਲੋਕ ਪਰਿਵਾਰਾਂ ਸਮੇਤ ਮੇਲਾ ਦੇਖਣ ਆਉਂਦੇ ਹਨ ਜਿਸ ਕਰਕੇ ਮੇਲੀ ਜ਼ਬਤ ਵਿਚ ਰਹਿੰਦੇ ਹਨ। ਹਰਭਜਨ ਮਾਨ ਨੇ ਵੀ ਕਿਹਾ, ਪੰਜਾਬ ਦੇ ਮੇਲਿਆਂ ਵਿਚ ਤਾਂ ਸੁਣਨ ਵਾਲੀਆਂ ਬੀਬੀਆਂ ਦੀ ਗਿਣਤੀ ਏਨੀ ਘਟ ਹੁੰਦੀ ਹੈ ਕਿ ਬੈਟਰੀ ਮਾਰ ਕੇ ਲਭਣੀਆਂ ਪੈਂਦੀਆਂ ਹਨ। ਵੇਸੇ ਇਹਦਾ ਕਰੈਡਟ ਮੈਂ ਵੀ ਲੈਂਦਾ ਹਾਂ ਕਿ ਬੀਬੀਆਂ ਮੇਰੀਆਂ ਕੁਝ ਜਿਆਦਾ ਹੀ ਫੈਨ ਹਨ।

ਪੰਜਾਬੀਆਂ ਦਾ ਮੇਲਾ ਹੋਵੇ ਅਤੇ ਉਹ ਚਾਰ-ਚੁਫੇਰੇ ਕੂੜਾ ਨਾ ਖਿਲਾਰਨ, ਇਹ ਤਾਂ ਸ਼ਾਇਦ ਹੋ ਹੀ ਨਹੀਂ ਸਕਦਾ। ਸੋ ਹੋਰਨਾਂ ਮੇਲਿਆਂ ਵਾਂਗ ਇਥੇ ਵੀ ਉਨ੍ਹਾਂ ਖਾ-ਪੀ ਕੇ ਕੱਪ-ਪਲੇਟਾਂ ਕੂੜੇ ਵਾਲੇ ਥਾਂ ਸੁਟਣ ਦੀ ਥਾਂ ਚੁਫੇਰੇ ਖਿਲਾਰੀਆਂ ਹੋਈਆਂ ਸਨ। ਪਤਾ ਨਹੀਂ ਸਾਡੇ ਲੋਕ ਸਫਾਈ ਵਲ ਕਦੋਂ ਧਿਆਨ ਦੇਣਗੇ? ਪ੍ਰਬੰਧਕਾਂ ਨੂੰ ਕੂੜੇ ਵਾਲੇ ਢੋਲ ਜਗ੍ਹਾ-ਜਗ੍ਹਾ ਰਖਣੇ ਚਾਹੀਦੇ ਹਨ ਤਾਂ ਜੋ ਕਿਸੇ ਨੂੰ ਇਹ ਕਹਿਣ ਦਾ ਬਹਾਨਾ ਨਾ ਮਿਲੇ ਕਿ ਭਾਈ ਸੁਟਦੇ ਕਿਥੇ? ਨੇੜੇ ਕੋਈ ਗਾਰਬੇਜ ਕੇਨ ਦਿੱਸਿਆ ਹੀ ਨਹੀਂ।

ਕੁਝ ਸੱਜਣਾਂ-ਬੇਲੀਆਂ ਨੇ ਆਪਣਾ ਵਖਰਾ ਚੁੱਲ੍ਹਾ ਬਾਲਿਆ ਹੋਇਆ ਸੀ ਤੇ ਵਖਰਾ ਬੱਕਰਾ ਵੀ ਬਣਾ ਕੇ ਛਕਿਆ। ਗੈਸ ਵਾਲਾ ਚੁੱਲ੍ਹਾ, ਪਤੀਲਾ ਤੇ ਖਾਣ ਪੀਣ ਦਾ ਸਮਾਨ ਘਰੋਂ ਲੈ ਕੇ ਆਏ ਯਾਨਿ ਮੇਲੇ ਦਾ ਅਨੰਦ ਭਰਪੂਰ ਮਾਤਰਾ ਵਿਚ ਲੁਟਿਆ।

ਪੁਲਿਸ ਨੇ ਮੈਦਾਨ ਦੇ ਧੁਰ ਅੰਦਰ ਖੜੀ ਇਕ ਵੈਨ ਨੂੰ ਟਿਕਟ ਵੀ ਦਿੱਤੀ ਜੋ ਵੈਨ ਦੀ ਵਿੰਡ ਸ਼ੀਲਡ ‘ਤੇ ਝੁਲਦੀ ਰਹੀ। ਸ਼ਾਇਦ ਇਹ ਮੇਲੀਆਂ ਨੂੰ ਕਾਇਦੇ-ਕਾਨੂੰਨ ਦੇ ਦਾਇਰੇ ਵਿਚ ਰਹਿਣ ਦਾ ਸੁਨੇਹਾ ਸੀ।

ਸਾਰੀਆਂ ਟੀਮਾਂ ਦੇ ਖਿਡਾਰੀ ਉਹੀ ਸਨ ਜੋ ਹਫਤਾ ਪਹਿਲਾਂ ਹੋਏ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਕਬੱਡੀ ਟੂਰਨਾਮੈਂਟ ਅਤੇ ਇਕ ਦਿਨ ਪਹਿਲਾਂ ਸਿਨਸਿਨੈਟੀ ਵਿਚ ਹੋਏ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਟੂਰਨਾਮੈਂਟ ਵਿਚ ਖੇਡੇ। ਬਸ ਸਿਰਫ ਟੀਮਾਂ ਦੇ ਨਾਂ ਹੀ ਬਦਲੇ ਗਏ ਸਨ।

ਭਾਵੇਂ ਸਟੇਜ ‘ਤੇ ਲਗੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ, ਸ਼ਿਕਾਗੋ ਦੇ ਬੈਨਰ ਦੇ ਦੋਵੇਂ ਪਾਸੀਂ ਖੰਡੇ ਸਜੇ ਹੋਏ ਸਨ ਪਰ ਸਟੇਜ ਤੋਂ ਕਿਸੇ ਵੀ ਸਿਆਸੀ ਪਾਰਟੀ ਜਾਂ ਸ਼ਖਸੀਅਤ ਦਾ ਗੁਣਗਾਨ ਨਹੀਂ ਕੀਤਾ ਗਿਆ।

ਗਾਇਕੀ ਦੇ ਇਸ ਅਖਾੜੇ ਦੌਰਾਨ ਪ੍ਰਬੰਧਕਾਂ ਨੇ ਅਨਾਊਂਸਮੈਂਟਾਂ ਕਰ ਕਰ ਕੋਈ ਰੁਕਾਵਟ ਨਹੀਂ ਪਾਈ। ਹਰਭਜਨ ਮਾਨ ਨੇ ਇਸ ਦੀ ਤਾਰੀਫ ਵੀ ਕੀਤੀ। ਕੁਝ ਬੀਬੀਆਂ ਸਟੇਜ ਦੇ ਐਨ ਮੂਹਰੇ ਲੋਕ ਰੰਗ ਗੀਤਾਂ ‘ਤੇ ਗਿੱਧਾ ਪਾਉਣ ਲੱਗੀਆਂ ਜੋ ਆਮ ਤੌਰ ‘ਤੇ ਅਜਿਹੇ ਖੁੱਲ੍ਹੇ ਅਖਾੜਿਆਂ ਵਿਚ ਨਜ਼ਰੀਂ ਨਹੀਂ ਪੈਂਦਾ। ਖਾਸ ਗੱਲ ਇਹ ਰਹੀ ਕਿ ਆਮ ਮੇਲਿਆਂ ਦੇ ਉਲਟ ਸਰੋਤਿਆਂ ਦੀ ਗਿਣਤੀ ਅਖੀਰ ਤੱਕ ਵੀ ਉਨੀ ਹੀ ਰਹੀ।

ਮਾਨ ਭਰਾਵਾਂ ਨੇ ਗਾਇਕੀ ਦਾ ਸਫਰ ਢਾਡੀ ਤੇ ਕਵੀਸ਼ਰੀ ਦੇ ਤੌਰ ‘ਤੇ ਕੀਤਾ ਸੀ ਇਸ ਲਈ ਅੱਜ ਵੀ ਉਨ੍ਹਾਂ ਦੇ ਗੀਤਾਂ ਦੀਆਂ ਤਰਜਾਂ ਵਿਚ ਢਾਡੀ ਪਰੰਪਰਾ ਦੀ ਝਲਕ ਕਾਇਮ ਹੈ।

ਸ਼ਾਮ 4 ਵਜੇ ਤੱਕ ਲੋਕ ਆਉਂਦੇ ਰਹੇ। ਇਸ ‘ਤੇ ਕਿਸੇ ਨੇ ਟਿਪਣੀ ਕੀਤੀ, ਇਹ ਤਾਂ ਸਿਰਫ ਹਰਭਜਨ ਮਾਨ ਦੇ ਗੀਤ ਸੁਣਨ ਆਏ ਹਨ।

ਪ੍ਰਬੰਧਕਾਂ ਵਲੋਂ ਬੀਬੀਆਂ ਲਈ ਮੁਫਤ ਮਹਿੰਦੀ ਲਾਉਣ ਦਾ ਵਿਸ਼ੇਸ਼ ਇਤਜ਼ਾਮ ਕੀਤਾ ਗਿਆ ਸੀ। ਚੋਖੀ ਗਿਣਤੀ ਵਿਚ ਬੀਬੀਆਂ ਨੇ ਵੱਖ ਵੱਖ ਡਿਜ਼ਾਈਨਾਂ ਦੇ ਵੇਲ-ਬੂਟੇ ਆਪਣੇ ਹੱਥਾਂ ‘ਤੇ ਪਵਾ ਕੇ ਚਾਅ ਪੂਰੇ ਕੀਤੇ।