ਗੈਰਕਾਨੂੰਨੀ ਸਰਗਰਮੀਆਂ ਦਾ ਗੜ੍ਹ ਬਣ ਰਹੀਆਂ ਨੇ ਜੇਲ੍ਹਾਂ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਸੁਧਾਰ ਘਰ ਦੀ ਥਾਂ ਵਿਗਾੜ ਘਰ ਬਣਦੀਆਂ ਜਾ ਰਹੀਆਂ ਹਨ। ਸਟਾਫ ਦੀ ਘਾਟ ਤੇ ਆਧੁਨਿਕ ਨਿਗਰਾਨੀ ਯੰਤਰਾਂ ਦੀ ਅਣਹੋਂਦ ਕਾਰਨ ਜੇਲ੍ਹਾਂ ਵਿਚ ਗ਼ੈਰਕਾਨੂੰਨੀ ਗਤੀਵਿਧੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਦੀਆਂ ਜੇਲ੍ਹਾਂ ਵਿਚ ਤਕਰੀਬਨ 250 ਕੈਦੀ ਵੱਖ-ਵੱਖ ਕਾਰਨਾਂ ਕਰਕੇ ਦਮ ਤੋੜ ਚੁੱਕੇ ਹਨ। ਇਕੱਲੀ ਕਪੂਰਥਲਾ ਜੇਲ੍ਹ ਵਿਚ ਹੀ ਪਿਛਲੇ ਇਕ ਸਾਲ ਦੌਰਾਨ 45 ਕੈਦੀ ਮਰ ਚੁੱਕੇ ਹਨ।

ਜੇਲ੍ਹਾਂ ਵਿਚ ਆਤਮ ਹੱਤਿਆ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਜੇਲ੍ਹਾਂ ਵਿਚ ਕੈਦੀਆਂ ਦੇ ਰਹਿਣ ਲਈ ਉਚਿਤ ਵਾਤਾਵਰਨ ਨਹੀਂ ਹੈ। ਸਿਹਤ ਸਹੂਲਤਾਂ ਦੀ ਘਾਟ ਕੈਦੀਆਂ ਦੀ ਜ਼ਿੰਦਗੀਆਂ ਉੱਪਰ ਭਾਰੂ ਪੈ ਰਹੀ ਹੈ। ਰਸੂਖ਼ਵਾਨ ਤੇ ਜਰਾਇਮ ਪੇਸ਼ਾ ਕੈਦੀਆਂ ਤੇ ਜੇਲ੍ਹਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਇਹ ਅਪਰਾਧੀਆਂ ਲਈ ਚਾਰਦੀਵਾਰੀ ਵਿਚ ਘਿਰੀਆਂ ਸੁਰੱਖਿਅਤ ਅੱਡੇ ਬਣ ਚੁੱਕੀਆਂ ਹਨ। ਸੰਗਰੂਰ ਤੇ ਕਪੂਰਥਲਾ ਦੀਆਂ ਜੇਲ੍ਹਾਂ ਦੇ ਕਈ ਕੈਦੀਆਂ ਵੱਲੋਂ ਮੋਬਾਈਲ ਫੋਨ ਰਾਹੀਂ ਵੀਡੀਓਜ਼ ਤੇ ਫੋਟੋਜ਼ ਪੋਸਟ ਕਰਨ ਤੋਂ ਇਲਾਵਾ ਫੇਸਬੁੱਕ ਦੀ ਵਰਤੋਂ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਪਰਾਧੀ ਪਿਛੋਕੜ ਵਾਲੇ ਕੈਦੀ ਮੋਬਾਈਲ ਫੋਨਾਂ ਰਾਹੀਂ ਜੇਲ੍ਹ ਵਿਚ ਬੈਠ ਕੇ ਵੀ ਆਪਣਾ ਕਾਰੋਬਾਰ ਚਲਾ ਰਹੇ ਹਨ।
ਸਰਕਾਰ ਵੱਲੋਂ ਹਰ ਜੇਲ੍ਹ ਵਿਚ ਸੀæਸੀæਟੀæਵੀæ ਕੈਮਰਿਆਂ ਤੇ ਫੋਨ ਜੈਮਰ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਹ ਯੰਤਰ ਲਗਾਉਣ ਲਈ ਵੀ ਸਰਕਾਰ ਦਾ ਆਰਥਿਕ ਸੰਕਟ ਜੇਲ੍ਹ ਵਿਭਾਗ ‘ਤੇ ਭਾਰੀ ਪੈ ਰਿਹਾ ਹੈ। ਹੁਣ ਤੱਕ ਸਿਰਫ ਨਾਭਾ, ਸੰਗਰੂਰ ਤੇ ਫ਼ਿਰੋਜ਼ਪੁਰ ਦੀਆਂ ਜੇਲ੍ਹਾਂ ਵਿਚ ਹੀ ਫੋਨ ਜੈਮਰ ਲੱਗੇ ਹਨ। ਸੀæਸੀæਟੀæਵੀæ ਕੈਮਰੇ ਭਾਵੇਂ ਸਾਰੀਆਂ ਜੇਲ੍ਹਾਂ ਵਿਚ ਲਗਾ ਦਿੱਤੇ ਗਏ ਹਨ ਪਰ ਇਨ੍ਹਾਂ ਦੇ ਅਕਸਰ ਹੀ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ।
ਆਮ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਤੇ ਸਿਹਤ ਬਾਰੇ ਮਾਮਲਿਆਂ ਦੀ ਜੇਲ੍ਹ ਅਧਿਕਾਰੀਆਂ ਵੱਲੋਂ ਅਕਸਰ ਹੀ ਅਣਦੇਖੀ ਕੀਤੀ ਜਾਂਦੀ ਹੈ ਜਦੋਂਕਿ ਅਸਰ-ਰਸੂਖ਼ ਵਾਲਿਆਂ ਲਈ ਜੇਲ੍ਹਾਂ ਸੁਰੱਖਿਅਤ ਆਰਾਮ ਘਰ ਬਣੀਆਂ ਹੋਈਆਂ ਹਨ। ਪਿਛਲੇ ਇਕ ਸਾਲ ਦੌਰਾਨ ਸੂਬੇ ਦੀਆਂ ਜੇਲ੍ਹਾਂ ਵਿਚੋਂ ਵੱਡੀ ਪੱਧਰ ‘ਤੇ ਫੜੇ ਗਏ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਜਿਥੇ ਜੇਲ੍ਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਰਸੂਖ਼ਵਾਨ ਕੈਦੀਆਂ ਨਾਲ ਮਿਲੀ ਭੁਗਤ ਨੂੰ ਜੱਗ ਜ਼ਾਹਿਰ ਕਰਦੇ ਹਨ, ਉਥੇ ਜੇਲ੍ਹਾਂ ਦੇ ਨਿਘਾਰ ਵੱਲ ਵੀ ਸੰਕੇਤ ਕਰਦੇ ਹਨ।
________________________________________
ਸਮਰੱਥਾ ਤੋਂ ਕਿਤੇ ਵੱਧ ਹਨ ਜੇਲ੍ਹਾਂ ਅੰਦਰ ਕੈਦੀ
ਚੰਡੀਗੜ੍ਹ: ਪੰਜਾਬ ਦੀਆਂ 26 ਜੇਲ੍ਹਾਂ ਵਿਚ 18,000 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਪਰ ਇਨ੍ਹਾਂ ਵਿਚ 26,000 ਕੈਦੀ ਬੰਦ ਹਨ। ਇਕ ਪਾਸੇ ਜੇਲ੍ਹਾਂ ਵਿਚ ਕੈਦੀ ਸਮਰੱਥਾ ਤੋਂ 44 ਫ਼ੀਸਦੀ ਵੱਧ ਹਨ, ਦੂਜੇ ਪਾਸੇ ਉਨ੍ਹਾਂ ਦੀ ਸਾਂਭ-ਸੰਭਾਲ ਵਾਲਾ ਲੋੜੀਂਦਾ ਸਟਾਫ ਘੱਟ ਹੈ। ਸੂਬੇ ਦੇ ਜੇਲ੍ਹ ਵਿਭਾਗ ਵਿਚ ਵੱਖ-ਵੱਖ ਵਰਗਾਂ ਦੀਆਂ ਤਕਰੀਬਨ 2,000 ਅਸਾਮੀਆਂ ਖਾਲੀ ਪਈਆਂ ਹਨ ਤੇ ਵਿਭਾਗ ਵੱਲੋਂ ਲੋੜੀਂਦੇ ਜ਼ਰੂਰੀ ਕਾਰਜਾਂ ਲਈ ਕੁਝ ਹੋਮਗਾਰਡਾਂ ਨਾਲ ਬੁੱਤਾ ਸਾਰਿਆ ਜਾ ਰਿਹਾ ਹੈ। ਸਰਕਾਰ ਵੱਲੋਂ ਜੇਲ੍ਹ ਵਿਭਾਗ ਵਿਚ ਲੋੜੀਂਦੀਆਂ ਭਰਤੀਆਂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
____________________________________
ਨਸ਼ਿਆਂ ਨੇ ਭਰੀਆਂ ਪੰਜਾਬ ਦੀਆਂ ਜੇਲ੍ਹਾਂ
ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਤਕਰੀਬਨ 26 ਹਜ਼ਾਰ ਕੈਦੀ ਹਨ ਤੇ ਇਨ੍ਹਾਂ ਵਿਚੋਂ ਤਕਰੀਬਨ 12,000 ਕੈਦੀ ਨਸ਼ੇ ਨਾਲ ਜੁੜੇ ਕੇਸਾਂ ਵਿਚ ਬੰਦੇ ਹਨ। ਇਹ ਜਾਣਕਾਰੀ ਪੰਜਾਬ ਦੇ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਇਹ ਅੰਕੜਾ ਘਟੇਗਾ ਕਿਉਂਕਿ ਹੁਣ ਪੰਜਾਬ ਵਿਚ ਨਸ਼ੇ ਲਈ ਕੋਈ ਥਾਂ ਨਹੀਂ ਹੈ। ਜਿਹੜੇ ਕੈਦੀ ਨਸ਼ੇ ਦੇ ਮਾਮਲੇ ਵਿਚ ਜੇਲ੍ਹਾਂ ਵਿਚ ਬੰਦ ਹਨ, ਲਈ ਡੀ-ਅਡਿਕਸ਼ਨ ਸੈਂਟਰ ਚੱਲ ਰਹੇ ਹਨ ਤਾਂ ਕਿ ਇਨ੍ਹਾਂ ਵਿਚ ਸੁਧਾਰ ਹੋ ਸਕੇ। ਜੇਲ੍ਹਾਂ ਵਿਚ ਅਜਿਹੇ ਕੈਦੀਆਂ ਲਈ ਸਮਾਜਿਕ ਤੇ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।