‘ਆਪ’ ਤੇ ਕੈਪਟਨ ਦੀ ਸਰਗਰਮੀ ਨੇ ਅਕਾਲੀਆਂ ਦੇ ਫਿਕਰ ਵਧਾਏ

ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਰੈਲੀਆਂ ਨੂੰ ਮਿਲ ਰਹੇ ਹੁੰਗਾਰੇ ਨੇ ਹਾਕਮ ਸ਼੍ਰੋਮਣੀ ਅਕਾਲੀ ਦਲ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ‘ਆਪ’ ਦੀਆਂ ਸਰਗਰਮੀਆਂ ਨੂੰ ਅਕਾਲੀ ਦਲ ਵੱਡੀ ਚੁਣੌਤੀ ਵਜੋਂ ਦੇਖ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਉਤੇ ਜ਼ੋਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਰੁਖ਼ ਆਮ ਆਦਮੀ ਪਾਰਟੀ (ਆਪ) ਵੱਲੋਂ ਮੋੜਨ ਲਈ ਗਰੀਬਾਂ, ਕਿਸਾਨਾਂ ਤੇ ਨੌਜਵਾਨਾਂ ਲਈ ਸਰਕਾਰੀ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਜਾਵੇ। ਕੋਰ ਕਮੇਟੀ ਦੀ ਮੀਟਿੰਗ ਦੌਰਾਨ ‘ਆਪ’ ਨਾਲ ਟਾਕਰਾ ਕਰਨ ਦਾ ਬਦਲ ਇਹੀ ਲੱਭਾ ਹੈ ਕਿ ਵਿਕਾਸ ਕਾਰਜਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੇਪਰੇ ਚਾੜ੍ਹਿਆ ਜਾਵੇ। ਮੀਟਿੰਗ ਵਿਚ ਜਿਨ੍ਹਾਂ ਮੁੱਦਿਆਂ ‘ਤੇ ਚਰਚਾ ਹੋਈ, ਉਨ੍ਹਾਂ ਵਿਚ ‘ਆਪ’ ਦੀਆਂ ਸਰਗਰਮੀਆਂ ਤੇ ਲੋਕਾਂ ਵੱਲੋਂ ਦਿੱਤਾ ਗਿਆ ਸਮਰਥਨ, ਕੈਪਟਨ ਅਮਰਿੰਦਰ ਸਿੰਘ ਦੀਆਂ ਰੈਲੀਆਂ, ਸਰਕਾਰੀ ਵਿਭਾਗਾਂ ਵਿਚਲਾ ਭ੍ਰਿਸ਼ਟਾਚਾਰ, ਰੇਤ-ਬਜਰੀ ਦੀ ਕਾਲਾਬਾਜ਼ਾਰੀ, ਭਾਈਵਾਲ ਭਾਜਪਾ ਨਾਲ ਚੱਲ ਰਹੇ ਸਬੰਧਾਂ ਤੇ ਭਵਿੱਖ ਦੀ ਸਿਆਸੀ ਰਣਨੀਤੀ ਸ਼ਾਮਲ ਹਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਬੁਢਾਪਾ, ਵਿਧਵਾ, ਅੰਗਹੀਣਾਂ ਤੇ ਬੇਸਹਾਰਾ ਬੱਚਿਆਂ ਦੀਆਂ ਪੈਨਸ਼ਨਾਂ 250 ਰੁਪਏ ਤੋਂ ਵਧਾ ਕੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਤੇ ਟਿਊਬਵੈਲ ਕੁਨੈਕਸ਼ਨ ਦੇਣ ਸਮੇਤ ਹੋਰ ਕਿਸਾਨੀ ਮੁੱਦਿਆਂ ਦੇ ਹੱਲ ਲਈ ਜ਼ੋਰ ਦਿੱਤਾ ਗਿਆ।
ਨੀਲੇ ਕਾਰਡਾਂ ਵਿਚ ਕੱਟੇ ਗਏ ਪੰਜ ਲੱਖ ਪਰਿਵਾਰਾਂ ਦੇ ਨਾਂ ਵੀ ਮੁੜ ਸੂਚੀ ਵਿਚ ਸ਼ਾਮਲ ਕੀਤੇ ਜਾਣਗੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੈਨਸ਼ਨਾਂ ਵਿਚ ਵਾਧੇ ਉਤੇ ਮੋਹਰ ਲਾ ਦਿੱਤੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਕਣਕ ਦੀ ਬਿਜਾਈ ਤੋਂ ਬਾਅਦ ਵਿਧਾਨ ਸਭਾ ਪੱਧਰ ਉਤੇ ਹਲਕਾ ਵਾਰ ਰਾਜਸੀ ਰੈਲੀਆਂ ਕੀਤੀਆਂ ਜਾਣ ਤੇ ਇਨ੍ਹਾਂ ਰੈਲੀਆਂ ਤੋਂ ਪਹਿਲਾਂ ਸਾਰੀਆਂ ਯੋਜਨਾਵਾਂ ਦਾ ਐਲਾਨ ਕਰ ਦਿੱਤਾ ਜਾਵੇ। ਯੋਜਨਾਵਾਂ ਵਿਚ ਕਿਸਾਨਾਂ ਦਾ ਜੀਵਨ ਬੀਮਾ, ਟਿਊਬਵੈਲ ਕੁਨੈਕਸ਼ਨ ਤੇ ਹਰ ਵਿਧਾਨ ਸਭਾ ਹਲਕੇ ਨੂੰ 25 ਕਰੋੜ ਰੁਪਏ ਦੀ ਗਰਾਂਟ ਦੇਣਾ ਵੀ ਸ਼ਾਮਲ ਹੈ। ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੀਆਂ ਸ਼ਾਖਾਵਾਂ ਹਰ ਕਾਲਜ ਤੇ ਯੂਨੀਵਰਸਿਟੀ ਵਿਚ ਖੋਲ੍ਹਣ ਦਾ ਫ਼ੈਸਲਾ ਵੀ ਕੀਤਾ ਗਿਆ ਤਾਂ ਜੋ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਿਆ ਜਾ ਸਕੇ। ਪਾਰਟੀ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਕਤ ਤਿੰਨੋਂ ਵਰਗ ਅਕਾਲੀ ਦਲ ਤੋਂ ਦੂਰ ਹੋ ਰਹੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਉਕਤ ਸਾਰੀਆਂ ਸਕੀਮਾਂ ਆਉਣ ਵਾਲੇ ਦੋ ਕੁ ਮਹੀਨਿਆਂ ਦੇ ਸਮੇਂ ਅੰਦਰ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਾਰਟੀ ਵੱਲੋਂ ਕੀਤੀਆਂ ਜਾਣ ਵਾਲੀਆਂ ਹਲਕਾ ਪੱਧਰ ਦੀਆਂ ਰੈਲੀਆਂ ਵਿਚ ਇਨ੍ਹਾਂ ਯੋਜਨਾਵਾਂ ਨੂੰ ਪ੍ਰਚਾਰ ਦਾ ਆਧਾਰ ਬਣਾਇਆ ਜਾਵੇਗਾ।
____________________________________
ਅਕਾਲੀ ਦਲ ਦੀ ਰਣਨੀਤੀ
– ਵਿਕਾਸ ਕਾਰਜਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੇਪਰੇ ਚਾੜ੍ਹਨ ਦਾ ਪ੍ਰਣ
– ਪੈਨਸ਼ਨਾਂ 250 ਤੋਂ ਵਧਾ ਕੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੀ ਸਿਫਾਰਸ਼
– ਟਿਊਬਵੈਲ ਕੁਨੈਕਸ਼ਨ ਦੇਣ ਸਮੇਤ ਹੋਰ ਕਿਸਾਨੀ ਮੁੱਦਿਆਂ ਦੇ ਹੱਲ ਲਈ ਜ਼ੋਰ
– ਹਰ ਵਿਧਾਨ ਸਭਾ ਹਲਕੇ ਨੂੰ 25 ਕਰੋੜ ਰੁਪਏ ਦੀ ਗਰਾਂਟ ਦੇਣਾ
– ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਰਣਨੀਤੀ
– ਸਿਰਫ਼ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ
– ਮਾੜੀ ਕਾਰਗੁਜ਼ਾਰੀ ਵਾਲੇ ਵਿਧਾਇਕਾਂ ਦੀਆਂ ਟਿਕਟਾਂ ਕੱਟਣ ‘ਤੇ ਸਹਿਮਤੀ
_________________________________
ਪਾਰਟੀ ਦੀ ਧੜੇਬੰਦੀ ਤੋਂ ਬਾਦਲ ਫ਼ਿਕਰਮੰਦ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਰ ਕਮੇਟੀ ਦੀ ਮੀਟਿੰਗ ਵਿਚ ਕਈ ਜ਼ਿਲ੍ਹਿਆਂ ਦੇ ਆਗੂਆਂ ਦਰਮਿਆਨ ਚੱਲ ਰਹੀ ਖਹਿਬਾਜ਼ੀ ਉਤੇ ਚਿੰਤਾ ਪ੍ਰਗਟਾਈ ਤੇ ਅਕਾਲੀ ਆਗੂਆਂ ਨੂੰ ਨਸੀਹਤ ਦਿੰਦਿਆਂ ਧੜੇਬੰਦੀ ਖ਼ਤਮ ਕਰਨ ਲਈ ਕਿਹਾ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਬਹੁ ਗਿਣਤੀ ਜ਼ਿਲ੍ਹਿਆਂ ਵਿਚ ਅੰਦਰੂਨੀ ਜੰਗ ਸਿਖਰਾਂ ‘ਤੇ ਹੈ ਜਿਸ ਨਾਲ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ।