26 ਸਤੰਬਰ ਨੂੰ ਟੋਰਾਂਟੋ ‘ਚ Ḕਸ਼ਬਦਾਂ ਦਾ ਜਾਦੂਗਰ- ਐਸ ਅਸ਼ੋਕ ਭੌਰਾ’ ਪੁਸਤਕ ਰਿਲੀਜ਼ ਸਮਾਰੋਹ ‘ਤੇ ਵਿਸ਼ੇਸ਼
ਸ਼ਮਸ਼ੇਰ ਸੰਧੂ
ਵੱਖ ਵੱਖ ਭਾਂਡਿਆਂ ‘ਚ ਪਾ ਕੇ ਦੇਖਣਾ ਚਾਹੀਦੈ ਐਸ ਅਸ਼ੋਕ ਭੌਰੇ ਨੂੰ: ਪੱਤਰਕਾਰ ਭੌਰਾ, ਮੇਲਿਆਂ ਵਾਲਾ ਭੌਰਾ, ਗੀਤਕਾਰ ਭੌਰਾ, ਗੌਣ ਵਾਲਿਆਂ ਦਾ ਭੌਰਾ, ਚੰਗਾ-ਮੰਦਾ ਭੌਰਾ।
ਮੈਂ ਕਈ ਦਿਨ ਸ਼ਸ਼ੋਪੰਜ ‘ਚ ਪਿਆ ਰਿਹਾ ਕਿਉਂਕਿ ਇਹ ਭਾਂਡੇ ਆਪਸ ਵਿਚ ਟਕਰਾ ਜਾਂਦੇ ਸਨ। ਲਿਖਤ ਵਿਚ ਸੂਤ ਜਿਹਾ ਨਹੀਂ ਸੀ ਲੱਗ ਰਿਹਾ। ਫੇਰ ਸੋਚਿਆ ਕਿ ਇਨ੍ਹਾਂ ਭਾਂਡਿਆਂ ਨੂੰ ਪਰ੍ਹੇ ਰੱਖ ਕੇ ਜੋ ਚਿੱਤ ‘ਚ ਆਵੇ, ਕਾਗਜ਼ ‘ਤੇ ਉਤਾਰੀ ਜਾਵਾਂ। ਸਿੱਧੇ ਜਿਹੇ ਜਾਂ ਸਾਊ ਬੰਦੇ ਬਾਰੇ ਲਿਖਣਾ ਔਖਾ ਹੁੰਦੈ।
ਭੌਰੇ ਵਿਚ ਤਾਂ ਇਹ ਗੁਣ ਭਰਪੂਰ ਮਾਤਰਾ ‘ਚ ਹੈ ਹੀ ਨਹੀਂ। ਖਟ-ਮਿੱਠੇ, ਵਿੰਗ-ਤੜਿੰਗੇ ਮਨੁੱਖ ਬਾਰੇ ਲਿਖਣਾ ਬਹੁਤ ਸੌਖਾ ਹੁੰਦਾ। ਨਾਲੇ, ਏਸ ਉਮਰੇ ਜੋ ਮਾੜੀ ਮੋਟੀ ਕਲਮ ਏਧਰ-ਓਧਰ ਤਿਲਕ ਵੀ ਗਈ ਤਾਂ ਵੱਡਾ ਰਿਸਕ ਨਹੀਂ ਹੈ। ਭੌਰਾ ਏਨਾ ਕੁ ਤਾਂ ਸਿਆਣਾ, ਹੁਣ ਤੀਹ ਚਾਲੀ ਸਾਲ ਦੀ ਦੋਸਤੀ ਦਾਅ ‘ਤੇ ਲਾ ਕੇ ਗੁੱਸਾ ਨਹੀਂ ਕਰੇਗਾ। ਉਂਜ ਵੀ, ਇਸ ਕਿਤਾਬ ‘ਚ ਮੈਨੂੰ ਭਾਸਦਾ, ਬਹੁਤਿਆਂ ਨੇ ਭੌਰੇ ਦੇ ਸੋਹਲੇ ਈ ਗਾਏ ਹੋਣੇ ਨੇ! ਚਲੋ ਖੈਰ।
ਕੋਈ ਵੇਲਾ ਸੀ, ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਵਿਚ ਵੰਨ-ਸੁਵੰਨੇ ਵਿਸ਼ਿਆਂ ‘ਤੇ ਭੌਰੇ ਦੀਆਂ ਲਿਖਤਾਂ ਅਕਸਰ ਦਿਖਾਈ ਦਿੰਦੀਆਂ ਸਨ। ਸਮਾਜਿਕ ਦੁੱਖਾਂ-ਸੁੱਖਾਂ ਬਾਰੇ, ਸਮੁੰਦਰ ਦੀ ਖੋਜ ਬਾਰੇ, ਡੁਬਈ ਦੇ ਹੋਟਲਾਂ ਬਾਰੇ। ਆਮ ਤੌਰ ‘ਤੇ ਅਖਬਾਰਾਂ ਵਾਲੇ ਲੇਖਕ ਨੂੰ ਵਾਰ ਵਾਰ ਤੇ ਛੇਤੀ ਛੇਤੀ ਨਹੀਂ ਛਾਪਦੇ ਪਰ ਭੌਰਾ ਸਭ ਢੰਗ ਤਰੀਕੇ ਇਸਤੇਮਾਲ ਕਰ ਲੈਂਦਾ ਸੀ। ਬਰਜਿੰਦਰ ਸਿੰਘ ਤੇ ਹਲਵਾਰਵੀ ਵਰਗਿਆਂ ਦੇ Ḕਭਾ ਜੀ’ Ḕਭਾਅ ਜੀ’ ਕਹਿ ਕੇ ਗੋਡੀਂ ਹੱਥ ਲਾ ਦਿੰਦਾ ਸੀ। ਬਲਵੰਤ ਬੱਲ ਜਾਂ ਬੇਦੀ ਵਰਗਿਆਂ ਨਾਲ ਹੱਥ ਘੁਟਣੀ ਕਰ ਲੈਂਦਾ ਸੀ। ਸ਼ਮਸ਼ੇਰ ਸੰਧੂ ਵਰਗਿਆਂ ਦਾ ਸ਼ੌਂਕੀ ਮੇਲੇ ‘ਤੇ ਸਨਮਾਨ ਕਰ ਦਿੰਦਾ ਤੇ ਨਾਲ ਹੀ ਟੈਕਸੀ ਦੇ ਕਿਰਾਏ ਦਾ ਲਿਫਾਫਾ ਵੀ ਫੜਾ ਦਿੰਦਾ। ਇਕ ਵਾਰ ਕੀ ਹੋਇਆ ਕਿ ਇਕ ਸਮਾਗਮ ਰਚਾ ਕੇ ਭੌਰੇ ਨੇ ਜਗਦੇਵ ਸਿੰਘ ਜੱਸੋਵਾਲ, ਹਰਭਜਨ ਮਾਨ ਤੇ ਹੋਰ ਨਾਮਵਰ ਸਖਸ਼ੀਅਤਾਂ ਹੱਥੋਂ ਨਵੀਂ ਨਕੋਰ ਕਾਰ ਦੀਆਂ ਚਾਬੀਆਂ ਲੈ ਕੇ ਫੋਟੋਆਂ ਛਪਵਾ ਲਈਆਂ। ਚਾਰੇ ਪਾਸੇ ਚਰਚਾ, ਬਈ ਭੌਰੇ ਦਾ ਕਲਕਾਰਾਂ ਨੇ ਕਾਰ ਨਾਲ ਸਨਮਾਨ ਕੀਤਾ। ਹਰਭਜਨ ਹਲਵਾਰਵੀ ਨੇ ਉਦੋਂ ਪੰਜਾਬੀ ਟ੍ਰਿਬਿਊਨ ਦੇ ਦਫਤਰ ‘ਚ ਮੈਨੂੰ ਆਪਣੇ ਕੈਬਿਨ ‘ਚ ਬੁਲਾਇਆ ‘ਤੇ ਤਪਿਆ ਹੋਇਆ ਕਹਿਣ ਲੱਗਾ, Ḕਉਹ ਭੌਰਾ ਕੀ ਚੀਜ਼ ਆ?’
Ḕਸਕੂਲ ‘ਚ ਟੀਚਰ ਆ ‘ਤੇ ਲਿਖਣ ਪੜ੍ਹਨ ਦਾ ਸ਼ੌਕ ਰੱਖਦੈ।’
Ḕਉੁਹ ਅਖਬਾਰਾਂ ਦੇ ਸਿਰ ‘ਤੇ ਕਾਰਾਂ ਦੇ ਗਿਫਟ ਲਈ ਜਾਂਦਾ। ਸਾਨੂੰ ਤਾਂ ਕਿਸੇ ਸਾਲੇ ਨੇ ਅਜੇ ਤੱਕ ਸਾਈਕਲ ਨਹੀਂ ਦਿਤਾ। ਅੱਗੋਂ ਤੋਂ ਬੰਦ ਕਰੋ ਉਹਦਾ ਮੈਟਰ।’
ਮਹੀਨੇ, ਦੋ ਮਹੀਨੇ ਬਾਅਦ ਮੈਂ ਕੋਲੋਂ ਹੀ ਗੱਲ ਬਣਾ ਕੇ ਭੌਰੇ ਦੀ ਲਾਲ ਫਾਈਲ ਠੱਪ ਕਰਵਾ ਦਿੱਤੀ। ਮੈਂ ਕਿਹਾ, Ḕਹਲਵਾਰਵੀ ਸਾਹਿਬ, ਉਹ ਕਾਰ ਕਲਾਕਾਰਾਂ ਨੇ ਕਾਹਨੂੰ ਦਿੱਤੀ। ਐਵੇਂ ਭੋਲੇ-ਭਾਅ ਸਮਾਗਮ ਰਚਾ ਬੈਠਾ।’ ਉਹ ਗੱਲ ਤੇ ਏਦਾਂ ਦੀਆਂ ਸਮੇਂ ਸਮੇਂ ਵਾਪਰਦੀਆਂ ਹੋਰ ਗੱਲਾਂ ਮੈਂ ਕਦੇ ਭੌਰੇ ਨੂੰ ਨਹੀਂ ਦੱਸੀਆਂ।
ਉਹਨੇ ਅਮਰੀਕਾ ਜਾ ਕੇ ਵੀ ਆਵਦੇ ਬਹਿਣ ਜੋਗੀ ਥਾਂ ਬਣਾ ਲਈ। ਸਾਡੇ ਪੁਰਾਣੇ ਬੇਲੀ ਅਮੋਲਕ ਸਿੰਘ ਜੰਮੂ ਦੀ ਅਖਬਾਰ Ḕਪੰਜਾਬ ਟਾਈਮਜ਼’ ਵਿਚ ਸਾਲਾਂ ਬੱਧੀ ਕਾਲਮ ਲਿਖਿਆ Ḕਗੱਲੀਂ ਬਾਤੀਂ’। ਕੈਨੇਡਾ ਦੇ Ḕਇੰਡੋ ਕੈਨੇਡੀਅਨ ਟਾਈਮਜ਼’ ਵਿਚ ਵੀ ਸਜਧਜ ਨਾਲ ਛਪ ਰਿਹਾ ਹੈ। ਲਾਸ ਏਂਜਲਸ ਖੇਤਰ ‘ਚ ਰਹਿੰਦੇ ਸਾਡੇ ਮਿੱਤਰ ਹਰਿੰਦਰ ਬੀਸਲਾ ਨੇ ਦੱਸਿਆ ਕਿ ਪਿੱਛੇ ਜਿਹੇ ਭੌਰੇ ਨੇ ਅਮਰੀਕਾ ‘ਚ ਵੀ ਇਕ ਵੱਡਾ ਮੇਲਾ ਕਰਵਾ ‘ਤਾ। ਨਵੇਂ ਨਵੇਂ ਗਾਇਕਾਂ ਨੂੰ ਸੀ ਡੀ ‘ਤੇ ਗਵਾ ਦਿੱਤਾ। ਨੱਚਣ ਦੇ ਸ਼ੌਕੀਨਾਂ ਨੂੰ ਨਚਾ ਦਿੱਤਾ। ਗਿੱਧਾ ਵੀ ਪੁਆ ਦਿੱਤਾ। ਮੇਲੇ ਦੀ ਐਂਟਰੀ ਲਈ ਟਿਕਟ ਵੀ ਸੋਹਣੇ ਵੇਚ ਲਏ।
ਹਾਂ ਮੇਲੇ ਤੋਂ ਗੱਲ ਚੇਤੇ ਆਈ। ਜਦੋਂ ਪੰਜਾਬ ‘ਚ ਮੇਲਿਆਂ ਦੀ ਲਹਿਰ ਚੱਲੀ ਤਾਂ ਭੌਰੇ ਨੇ ਮਾਹਿਲਪੁਰ ਵਿਚ ਢਾਡੀ ਅਮਰ ਸਿੰਘ ਸ਼ੌਂਕੀ ਦੇ ਨਾਂ ‘ਤੇ ਮੇਲੇ ਦਾ ਝੰਡਾ ਲਹਿਰਾ ਦਿੱਤਾ। ਇਹ ਮੇਲਾ ਬਹੁਤ ਭਰਦਾ। ਕਹਿੰਦੇ ਕਹਾਉਂਦੇ ਕਲਾਕਾਰ ਮੇਲੇ ਵਿਚ ਹੁੱਬ ਕੇ ਹਾਜ਼ਰੀ ਲੁਆਉਂਦੇ। ਇੰਗਲੈਂਡ ਤੋਂ ਮਲਕੀਤ ਸਿੰਘ ਪੁੱਜਦਾ। ਕੈਨੇਡਾ ਤੋਂ ਜੈਜ਼ੀ ਬੈਂਸ, ਹਰਭਜਨ ਮਾਨ ਤੇ ਸਰਬਜੀਤ ਚੀਮਾ। ਦਿੱਲੀ ਤੋਂ ਸੁਰਿੰਦਰ ਕੌਰ। ਗੱਲ ਕੀ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਸਦੀਕ-ਰਣਜੀਤ, ਕੁਲਦੀਪ ਪਾਰਸ, ਪੰਛੀ, ਬਿੰਦਰਖੀਆ, ਗੁਰਮੀਤ ਬਾਵਾ, ਸਰਦੂਲ ਸਿਕੰਦਰ, ਜੱਸੀ ਗੁਰਦਾਸਪੁਰੀਆ, ਢਾਡੀ ਜਥੇ ਤੇ ਕਵੀਸ਼ਰ ਜਥੇ। ਮੈਂ ਇਹ ਸਾਰੇ ਮੇਲੇ ਅੱਖੀਂ ਵੇਖੇ ਨੇ। Ḕਸੋ ਜਾ ਬੱਬੂਆ’ ਦਾ ਨੀਲੋਂ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਬਹੁਤ ਲੰਮੀ ਸੂਚੀ ਹੈ। ਭੌਰਾ ਹਰ ਕਿਸੇ ਨੁੰ ਜੀ ਆਇਆਂ ਕਹਿੰਦਾ ਸੀ। ਮੇਲੇ ਦਾ ਧੁਰਾ ਵੀ ਉਹ ਸੀ। ਫੇਰ ਇਸ ਮੇਲੇ ਨੂੰ ਨਜ਼ਰ ਲੱਗ ਗਈ। ਦੋ ਮੇਲੇ ਹੋ ਗਏ। ਭੌਰੇ ‘ਤੇ ਕਿੰਤੂ ਪ੍ਰੰਤੂ ਹੋਣ ਲੱਗੇ। ਉਹ ਪਰ੍ਹੇ ਹਟ ਗਿਆ ਪਰ ਮੇਲੇ ਚੱਲ ਨਾ ਸਕੇ। ਸਾਰੇ ਮੂੰਹ ਮੁਲਾਹਜ਼ੇ ਭੌਰੇ ਕਰਕੇ ਸੀ। ਮੈਂ ਖੁਦ ਆਪਣੇ ਸਹੁਰੇ ਪਿੰਡ ਗੁਣਾਚੌਰ ਚਾਰ ਪੰਜ ਸਾਲ ਵੱਡੇ ਮੇਲੇ ਕਰਵਾਏ ਸੀ। ਦਰਜਨਾਂ ਨਾਮੀ ਕਲਾਕਾਰ ਇਕੱਠੇ ਕਰਨੇ ਸੌਖੇ ਨਹੀਂ। ਸਭ ਨੂੰ ਬਾਅਦ ‘ਚ ਅਹਿਸਾਸ ਹੋਇਆ ਕਿ Ḕਸ਼ੌਂਕੀ ਮੇਲਾ’ ਦਰਅਸਲ Ḕਭੌਰਾ ਮੇਲਾ’ ਸੀ ਜਿਵੇਂ Ḕਮੋਹਨ ਸਿੰਘ ਮੇਲਾ’ ਅਸਲ ਵਿਚ Ḕਜੱਸੋਵਾਲ ਮੇਲਾ’ ਸੀ।
ਦੋ ਫਰੰਟ ਐਸੇ ਸੀ ਜਿਥੇ ਭੌਰਾ ਨਹੀਂ ਚੱਲ ਸਕਿਆ। ਉਹਨੇ ਗੀਤਕਾਰ ਬਣਨ ਦੀ ਕਾਫੀ ਕੋਸ਼ਿਸ਼ ਕੀਤੀ। ਪੰਛੀ ਤੇ ਸਰਦੂਲ-ਨੂਰੀ ਵਰਗਿਆਂ ਨੇ ਉਹਦੇ ਲਿਖੇ ਗੀਤ ਰਿਕਾਰਡ ਕਰਵਾਏ। ਪਰ ਗੀਤ ਫਿੱਕੇ ਰਹੇ। ਭੌਰੇ ਨੇ ਕੈਸਿਟਾਂ ਦਾ ਪੇਸ਼ਕਾਰ ਬਣਨ ਦੇ ਵੀ ਯਤਨ ਕੀਤੇ। ਸ਼ੌਂਕੀ ਦੀਆਂ ਗਾਈਆਂ ਰਚਨਾਵਾਂ ਨੂੰ ਗਮਦੂਰ ਅਮਨ, ਸੁਖਵਿੰਦਰ ਪੰਛੀ, ਸਰਦੂਲ, ਮਾਣਕ ਆਦਿ ਤੋਂ ਰਿਕਾਰਡ ਕਰਵਾਇਆ ਪਰ ਨਤੀਜਾ ਜ਼ੀਰੋ ਰਿਹਾ।
ਉਹਨੇ ਨਵੇਂ ਨਵੇਂ ਗਾਇਕਾਂ ਛਿੰਦਾ ਕੋਟ ਵਾਲਾ ਆਦਿ ਨੂੰ ਉਂਗਲ ਫੜਾ ਕੇ ਪੇਸ਼ਕਾਰ ਬਣਨਾ ਚਾਹਿਆ ਪਰ ਗੱਲ ਨਾ ਬਣੀ।
ਹਾਂ, ਇਨ੍ਹਾਂ ਫਰੰਟਾਂ ‘ਤੇ ਜਾਣੀ ਕਿ ਗੀਤਕਾਰ, ਪੇਸ਼ਕਾਰ ਤੇ ਨਵੇਂ ਗਾਇਕ ਦੀ ਪੇਸ਼ਕਾਰੀ ਆਦਿ ‘ਚ ਮੈਂ ਚੰਗੀਆਂ ਕੌਡੀਆਂ ਪਾਈਆਂ। ਚੈਨਲਾਂ ਜਾਂ ਦੂਰਦਰਸ਼ਨ ਤੋਂ Ḕਨਵੇਂ ਸਾਲ ਦੇ ਪ੍ਰੋਗਰਾਮ’ ਜਾਂ Ḕਵਿਸਾਖੀ ਪ੍ਰੋਗਰਾਮ’ ਬਣਾਉਣ ‘ਚ ਵੀ ਭੌਰੇ ਨੇ ਐਵੇਂ ਤੋਏ-ਤੋਏ ਕਰਵਾਈ। ਇਹ ਨਾ ਸਮਝਣਾ ਮੈਂ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਰਿਹਾਂ, ਸੱਚਾਈ ਤਾਂ ਸੱਚਾਈ ਹੈ। Ḕਨਵੇਂ ਸਾਲ ਦੇ ਪ੍ਰੋਗਰਾਮ’ ਬਣਾਉਣ ਦੀ ਮੈਨੂੰ ਬਹੁਤ ਜਾਚ ਆ ਗਈ ਸੀ।
ਲੇਖ ਲਮਕ ਨਾ ਜਾਏ। ਚਲੋ ਇਕ ਹੋਰ ਗੱਲ ਕਰਨ ਦਾ ਮਨ ਹੈ। ਪੰਜਾਬੀ ਗਾਇਕਾਂ ਬਾਰੇ ਲੇਖ ਤੇ ਰੇਖਾ ਚਿੱਤਰ ਲਿਖਣ ਦੀ ਸ਼ੁਰੂਆਤ ਮੈਂ ਕੀਤੀ। ਮੈਂ ਚਾਹੁੰਦਾ ਸੀ, ਇਹ ਕੰਮ ਲਹਿਰ ਬਣ ਜਾਵੇ। ਲਹਿਰ ਵਿਚ ਐਸ ਅਸ਼ੋਕ ਭੌਰਾ ਨੇ ਭਰਵਾਂ ਤੇ ਸ਼ਾਨਦਾਰ ਯੋਗਦਾਨ ਪਾਇਆ। ਗਾਇਕਾਂ ਬਾਰੇ, ਉਨਾਂ੍ਹ ਦੀਆਂ ਪਤਨੀਆਂ, ਸਾਜ਼ਿੰਦਿਆਂ ਤੇ ਗੀਤਕਾਰਾਂ ਬਾਰੇ ਭੌਰੇ ਨੇ ਖੂਬ ਲਿਖਿਆ। ਕਿਤਾਬਾਂ ਵੀ ਛਪਵਾ ਦਿੱਤੀਆਂ। ਬਾਅਦ ‘ਚ ਨਿੰਦਰ ਘੁਗਿਆਣਵੀ ਨੇ ਵੀ ਚੰਗਾ ਕੰਮ ਕਰ ਵਿਖਾਇਆ। ਪਰ ਅਫਸੋਸ ਇਸ ਲਹਿਰ ਵਿਚ ਚਾਪਲੂਸੀ, ਚਮਚਾਗਿਰੀ ਤੇ ਸਰਕਾਰੀਏ ਜਿਹੇ ਪੱਤਰਕਾਰ ਵੀ ਘੁਸਪੈਠ ਕਰ ਗਏ। ਇਹ ਪ੍ਰਦੂਸ਼ਣ ਅਜੇ ਵੀ ਜਾਰੀ ਹੈ।
ਗਾਇਕੀ ਦੇ ਖੇਤਰ ਵਿਚ ਭੌਰੇ ਨੂੰ ਸਲਾਹੁਣ ਵਾਲੇ ਵੀ ਨੇ ਤੇ ਨਿੰਦਣ ਵਾਲੇ ਵੀ। ਪਰ ਮੈਂ ਭੌਰੇ ਦੀ ਪੱਕੀ ਵੋਟ ਬਣ ਕੇ ਖੜ੍ਹਾ ਹਾਂ। ਜੇਕਰ ਹਜ਼ਾਰਾਂ ਲੱਖਾਂ ਕਮਾਉਣ ਵਾਲਿਆਂ ਤੋਂ ਭੌਰੇ ਨੇ ਕਿਧਰੇ ਸੈਂਕੜੇ ਲੈ ਵੀ ਲਏ ਹੋਣਗੇ ਤਾਂ ਕਿੱਡੀ ਕੁ ਗੱਲ ਹੈ। ਉਹਨੇ ਕਿੰਨੀਆਂ ਕੁ ਕੋਠੀਆਂ ਪਾ ਲਈਆਂ ਜਾਂ ਕਿੰਨੇ ਕੁ ਫਾਰਮ ਹਾਊਸ ਬਣਾ ਲਏ! ਰੋਟੀ ਰੋਜ਼ੀ ਲਈ ਉਹ ਵਾਰ ਵਾਰ ਇੰਗਲੈਂਡ ਜਾਂਦਾ ਰਿਹਾ ਪਰ ਪੈਰ ਨਾ ਲੱਗੇ। ਹੁਣ ਵੀ ਅਮਰੀਕਾ ‘ਚ ਕਿਹੜਾ ਉਹਦੀ ਉਬਾਮਾ ਨਾਲ ਪਿੱਠ ਲੱਗਦੀ ਆ। ਬੱਸ, ਟੱਬਰ ਪਾਲ ਰਿਹਾ। ਨਾਲੇ ਇਨ੍ਹਾਂ ਕਲਕਾਰਾਂ ਨੂੰ ਮੈਂ ਕਿਹੜਾ ਭੁੱਲਿਆਂ। ਸਭ ਤੋਂ ਵੱਧ ਭੌਰੇ ਨੇ ਕੁਲਦੀਪ ਮਾਣਕ ਬਾਰੇ ਲਿਖਿਆ। ਮਾਣਕ ਵਿਚਾਰੇ ਨੇ ਕਦੇ ਵੀ ਵੱਡੀ ਕਮਾਈ ਨਹੀਂ ਕੀਤੀ। ਜਾਂ ਫੇਰ ਸਰਦੂਲ ਸਿਕੰਦਰ ਦੇ ਉਹਨੇ ਬਹੁਤ ਗੁਣ ਗਾਏ। ਸਰਦੂਲ ਬਾਰੇ ਵੀ ਪਤਾ ਈ ਆ, ਉਹ ਤਾਂ ਕਿਸੇ ਦੀ ਵੱਢੀ ਉਂਗਲ ‘ਤੇ ਮੁਫਤ ਧਾਰ ਨਹੀਂ ਮਾਰਦਾ। ਦਲੇਰ ਮਹਿੰਦੀ ਨੇ ਭੌਰੇ ਨੂੰ ਕੀ ਦੇ ਲੈਣਾ ਸੀ, ਏਨਾਂ ਹੀ ਬਹੁਤ ਆ ਉਹਨੇ ਇੰਟਰਵਿਊ ਲਈ ਟੈਮ ‘ਦੇ ਤਾ। ਸੁਰਿੰਦਰ ਛਿੰਦੇ ਦੀਆਂ Ḕਫਰਾਖਦਿਲੀਆਂ’ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ।
ਭੌਰੇ ਦੀ ਇਹ ਸਿਫਤ ਹੈ ਕਿ ਸਿਰੜੀ ਤੇ ਮਿਹਨਤੀ ਹੈ। ਸਹਿਜ ਹੈ। ਆਮ ਜਿਹੇ ਘਰਾਂ ‘ਚੋਂ ਮੇਰੇ ਵਰਗੇ ਭੌਰੇ ਨੇ ਉੁਠ ਕੇ ਦਿੱਲੀ ਦੱਖਣ ਗਾਹ ਮਾਰੇ। ਕਿਆ ਬਾਤ ਹੈ। ਉਹਦੀ ਕਿਤਾਬ Ḕਗੱਲੀਂ ਬਾਤੀਂ’ ਦੇ ਦਿਲਸਚਪ ਤੇ ਵੰਨ ਸੁਵੰਨੇ ਵਿਸ਼ਿਆਂ ਦੇ ਲੇਖ ਪੜ੍ਹ ਕੇ ਹਰ ਕਿਸੇ ਦੇ ਗਿਆਨ ਵਿਚ ਵਾਧਾ ਹੁੰਦਾ। ਟਰੱਕ ਵਾਲਾ ਗੁਰਜੰਟ, ਖੁਸਰਿਆਂ ਦੀ ਦੁਖਮਈ ਜ਼ਿੰਦਗੀ, ਸੱਪਾਂ ਦੀਆਂ ਸੈਂਕੜੇ ਕਿਸਮਾਂ।
ਜਵਾਨੀ ਵੇਲੇ ਭੌਰੇ ਦੀ ਗੁਟਕਵੀਂ ਤੋਰ ਸੀ। ਢਲਦੀ ਉਮਰੇ ਪਹਿਲਾਂ ਤਾਂ ਉਹਦਾ ਪੇਟ ਕਿੰਨਾ ਚਿਰ ਠੀਕ ਨਾ ਰਿਹਾ। ਫੇਰ ਮੋਢੇ, ਮੌਰ ‘ਤੇ ਫੋੜਾ ਨਿਕਲ ਆਇਆ। ਹੁਣ ਉਹ ਟੇਡਾ ਜਿਹਾ ਤੁਰਦਾ ਜਿਵੇਂ ਲੋਕਲ ਬੱਸ ਦੇ ਇਕ ਪਾਸੇ ਦੇ ਸ਼ੌਕਰ ਬੈਠੇ ਹੁੰਦੇ ਨੇ।
ਪਿੱਛੇ ਜਿਹੇ ਪੰਜਾਬ ਆਇਆ ਤਾਂ ਉਹਨੇ ਫੋਨ ਕੀਤਾ, Ḕਮੈਂ ਘਰੇ ਇਕ ਸਮਾਗਮ ਕਰ ਰਿਹਾਂ। ਸਾਰੇ ਪੁਰਾਣੇ ਕਲਾਕਾਰ ਮਿੱਤਰ ਤੇ ਰਿਸ਼ਤੇਦਾਰ ਪੁੱਜਣਗੇ। ਸਰਦੂਲ ਵੀ, ਨੂਰੀ ਵੀ, ਸ਼ਿੰਦਾ ਵੀ, ਫਲਾਣਾ ਵੀ, ਢਿਮਕਾ ਵੀ, ਤੂੰ ਜ਼ਰੂਰ ਆਈਂ।’ ਮੈ, ਹਰਬੰਸ ਹੀਓਂ, ਕਾਲਾ ‘ਤੇ ਕੁਝ ਹੋਰ ਮਿੱਤਰ ਉਹਦੇ ਘਰ ਸਜ-ਧਜ ਨਾਲ ਪੁੱਜੇ। ਕੀ ਦੇਖਦੇ ਹਾਂ ਕਿ ਓਥੇ ਕਲਾਕਾਰ ਭਾਈਚਾਰੇ ‘ਚੋਂ ਸਿਰਫ ਕੰਵਲਜੀਤ ਨੀਲੋਂ ਪੁੱਜਾ ਸੀ। ਮੈਂ ਭੌਰੇ ਨੂੰ ਕੁਝ ਨਾ ਕਹਿ ਸਕਿਆ। ਪਰ ਅੰਦਰੇ-ਅੰਦਰ ਹਉਕਾ ਭਰਿਆ। ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਭਾਈ। ਉਹ ਦਰਜਨਾਂ ਕਲਾਕਾਰ, ਜੋ ਭੋਰਾ ਸਾਹਿਬ, ਭੌਰਾ ਜੀ ਕਰਦੇ ਹੁੰਦੇ ਸੀ, ਆਲੇ-ਦੁਆਲੇ ਘੁੰਮਦੇ ਫਿਰਦੇ ਸੀ, ਉਨ੍ਹਾਂ ਲਈ ਭੌਰਾ ਹੁਣ Ḕਕੰਮ ਦੀ ਚੀਜ਼’ ਨਹੀਂ ਸੀ ਸ਼ਾਇਦ!
ਬਹੁਤ ਗੱਲਾਂ ਨੇ ਮੇਰੇ ਕੋਲ ਹੋਰ ਵੀ ਭੌਰੇ ਬਾਰੇ ਲਿਖਣ ਵਾਲੀਆਂ। ਮੈਨੂੰ ਮਾਣ ਹੈ ਕਿ ਉਹ ਮੇਰਾ ਦੋਸਤ ਹੈ। ਚਲੋ ਬਾਕੀ ਕਦੇ ਫੇਰ ਸਹੀ।
ਭੌਰਿਆ ਜੁੱਗ-ਜੱਗ ਜੀਅæææ
ਦੇਵ ਥਰੀਕਿਆਂ ਵਾਲਾ
ਲਿਖਣਾ ਬੜਾ ਹੀ ਕਠਿਨ ਕੰਮ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦਿਨ-ਰਾਤ ਹਿੰਮਤ ਤੇ ਹੌਂਸਲੇ ਨਾਲ ਮਿਹਨਤ ਕਰ ਰਿਹਾ ਹੈ-ਐਸ ਅਸ਼ੋਕ ਭੌਰਾ। ਬੰਗਿਆਂ ਦੇ ਨੇੜੇ ਛੋਟੇ ਜਿਹੇ ਪਿੰਡ ਭੌਰੇ ਦਾ ਜੰਮਿਆ-ਜਾਇਆ ਬੜਾ ਹੀ ਸੰਵੇਨਦਸ਼ੀਲ ਵਿਅਕਤੀ ਹੈ। ਡੂੰਘੇ ਵਿਚਾਰਾਂ ਦਾ ਧਨੀ ਹੈ ਉਹ, ਇਸੇ ਕਰਕੇ ਉਸ ਦੀ ਕਲਮ ਨਿਤ ਨਵੀਆਂ ਪੈੜਾਂ ਪਾ ਰਹੀ ਹੈ।
ਅਸ਼ੋਕ ਨੇ ਗੀਤ ਲਿਖੇ, ਕਵਿਤਾ ਤੇ ਗਜ਼ਲ ਲਿਖੀ, ਅਖਬਾਰਾਂ ਲਈ ਕਾਲਮ ਲਿਖੇ ਤੇ ਨਾਲ ਹੀ ਕਲਾਕਾਰਾਂ ਦੇ ਸ਼ਬਦ-ਚਿੱਤਰ। ਉਹ ਹਰ ਵਿਧਾ ਵਿਚ ਸਫਲ ਰਿਹਾ ਹੈ। ਉਸ ਦੀਆਂ ਹੁਣ ਤੱਕ ਦਰਜ਼ਨ ਤੋਂ ਉਪਰ ਕਿਤਾਬਾਂ ਆ ਚੁੱਕੀਆਂ ਹਨ। ਉਸ ਦੀ ਹਰ ਰਚਨਾ ਨੂੰ ਰੱਜਵਾਂ ਹੁੰਗਾਰਾ ਮਿਲਿਆ ਹੈ।
ਅਸ਼ੋਕ ਨੇ ਆਪਣੀਆਂ ਲਿਖਤਾਂ ਵਿਚ ਪੰਜਾਬ ਦੇ ਰਸਮੋ ਰਿਵਾਜ਼, ਰਹੁ ਰੀਤਾਂ, ਵਸਲ-ਵਿਛੋੜੇ, ਨੋਕਾਂ-ਝੋਕਾਂ, ਰੁੱਖਾਂ-ਮਨੁੱਖਾਂ, ਗੱਭਰੂਆਂ-ਮੁਟਿਆਰਾਂ, ਹਾਸਿਆਂ-ਰੋਸਿਆਂ, ਵਿਆਹ-ਸ਼ਾਦੀਆਂ, ਮੇਲਿਆਂ-ਮੁਸਾਵਿਆਂ, ਦੁੱਖਾਂ-ਸੁੱਖਾਂ ਦੀ ਆਪਣੀਆਂ ਰਚਨਾਵਾਂ ਵਿਚ ਬਾਤ ਪਾਈ ਹੈ। ਉਸ ਦੇ ਲਿਖੇ ਹਰਫ ਕਾਦਰ ਦੀ ਕੁਦਰਤ ਦੀ ਰਚਨਾ ਨੂੰ ਪਿਆਰਦੇ ਹਨ, ਭੰਨਦੇ-ਤੋੜਦੇ ਨਹੀਂ, ਸਗੋਂ ਉਸ ਦੇ ਨੈਣ ਨਕਸ਼ਾਂ ਨੂੰ ਨਿਖਾਰਦੇ ਹਨ। ਅਸ਼ੋਕ ਦੇ ਅੰਦਰ ਕਲਾ ਦਾ ਇਕ ਦਰਿਆ ਠਾਠਾਂ ਮਾਰਦਾ ਜਜ਼ਬਿਆਂ ਨਾਲ ਅਠਖੇਲੀਆਂ ਕਰਦਾ, ਸੰਗੀਤਕ ਰੂਪ ਪੈਦਾ ਕਰਦਾ ਵਗ ਰਿਹਾ ਹੈ। ਅਸ਼ੋਕ ਦੇ ਗੀਤ ਬਾਤਾਂ ਹਨ ਪਿਆਰ-ਮੁਹੱਬਤ ਦੀਆਂ, ਦਿਲ ਤੇ ਹੰਢਾਏ ਦਰਦ ਦੀਆਂ, ਗਮੀਆਂ ਤੇ ਖੁਸ਼ੀਆਂ ਦੀਆਂ, ਦੋਸਤੀ ਦੇ ਨਿੱਘ ਦੀਆਂ।
ਅਸ਼ੋਕ ਨੇ ਆਪਣੀਆਂ ਰਚਨਾਵਾਂ ਵਿਚ ਸੇਧਾਂ ਤੇ ਸੋਧਾਂ ਦੀ ਵੀ ਗੱਲ ਕੀਤੀ ਹੈ। ਕਿਤੇ ਵੀ ਅਸੱਭਿਅਕ ਤੇ ਨਿਰਾਰਥਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਤੇ ਨਾ ਹੀ ਆਪਣੀ ਲਿਖਤ ਨੂੰ ਮੰਡੀ ਦੀ ਜਿਣਸ ਬਣਾਇਆ ਹੈ। ਅਸ਼ੋਕ ਅਜੇ ਵੀ ਪੰਜਾਬ ਦੇ ਪਿੰਡਾਂ ਦੀਆਂ ਜੂਹਾਂ-ਖੂਹਾਂ, ਸੱਥਾਂ-ਖੇਤਾਂ ਤੇ ਪੌਣਾਂ ਨੂੰ ਨਹੀਂ ਭੁੱਲਿਆ, ਪਰਦੇਸ ਜਾ ਕੇ ਵੀ ਪਰਦੇਸੀ ਨਹੀਂ ਹੋਇਆ। ਆਪਣੇ ਪਿੰਡੇ ਨੂੰ ਅਮਰੀਕਾ ਦੀ ਮਿੱਟੀ ਨਹੀਂ ਲੱਗਣ ਦਿੱਤੀ।
ਭੌਰਾ ਸ਼ਬਦਾਂ ਦਾ ਜਾਦੂਗਰ ਹੈ। ਸੁੱਤੇ ਸ਼ਬਦਾਂ ਨੂੰ ਜਗਾਉਣਾ ਹਾਰੀ ਸਾਰੀ ਦਾ ਕੰਮ ਨਹੀਂ। ਇਹ ਭੌਰੇ ਵਰਗੇ ਕੁਝ ਕੁ ਲੋਕਾਂ ਦੇ ਹਿੱਸੇ ਹੀ ਆਇਆ ਹੈ। ਅਸ਼ੋਕ ਪੰਜਾਬੀ ਮਾਂ ਬੋਲੀ ਦਾ ਮਾਣਮੱਤਾ ਲੇਖਕ ਹੈ। ਧਰਤੀ ਦੇ ਕਿਸੇ ਕੋਨੇ ਉਤੇ ਵੀ ਮਨੁੱਖ ਦਾ ਖੂਨ ਨਾ ਡੁੱਲ੍ਹੇ, ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿਣ, ਕੁਦਰਤ ਗੁੱਸੇ ਵਿਚ ਨਾ ਆਵੇ, ਹਵਾ ਵਿਚ ਬਰੂਦ ਦੀ ਗੰਧ ਨਾ ਫੈਲੇ, ਇਹ ਉਸ ਦੀ ਰੀਝ ਹੈ।
ਜਦੋਂ ਦੀ ਕਲਮ ਉਹਦੇ ਹੱਥ ਆਈ ਹੈ ਅਸ਼ੋਕ ਨੇ ਕਲਮ ਨੂੰ ਇਕ ਪਲ ਵੀ ਦਮ ਲੈਣ ਨਹੀਂ ਦਿੱਤਾ। ਬੜਾ ਹੀ ਉਦਮੀ ਬੰਦਾ ਹੈ, ਨਾ ਟਿਕਦਾ ਹੈ ਨਾ ਕਲਮ ਨੂੰ ਚੈਨ ਲੈਣ ਦਿੰਦਾ ਹੈ। ਨਿੱਕੀ ਜਿਹੀ ਗੱਲ ਦੀ ਪੀੜ ਮਹਿਸੂਸ ਕਰਨ ਵਾਲਾ, ਯਾਰਾਂ ਦਾ ਯਾਰ, ਪਿਆਰ ਦਾ ਮੁਜੱਸਮਾ ਹੈ ਅਸ਼ੋਕ। ਮੇਰੇ ਨਾਲ ਅਸ਼ੋਕ ਦੀ ਅਜੀਬ ਸਾਂਝ ਹੈ। ਮੈਨੂੰ ਉਹ ਬਾਈ, ਯਾਰ ਵੀ, ਭਰਾ ਵੀ, ਕੁਲਦੀਪ ਮਾਣਕ ਵਾਂਗੂ ਬੁੜ੍ਹਾ ਵੀ ਤੇ ਬਾਪੂ ਵੀ ਕਹਿੰਦਾ ਹੈ। ਉਹ ਮੇਰੇ ਦਿਲ ਵਿਚ ਉਤਰਿਆ ਬੰਦਾ ਹੈ, ਜਿਸ ਨੂੰ ਮੈਂ ਜਿਉਂਦੇ ਜੀਅ ਭੁੱਲ ਨਹੀਂ ਸਕਦਾ। ਜਦੋਂ ਵੀ ਉਸ ਨੂੰ ਕਿਸੇ ਕੋਲੋਂ ਪਤਾ ਲੱਗਦਾ ਹੈ ਕਿ ਦੇਵ ਅੱਜਕੱਲ੍ਹ ਢਿੱਲਾ ਮੱਠਾ ਰਹਿੰਦਾ ਹੈ ਤਾਂ ਝੱਟ ਫੋਨ ਘੁਮਾ ਦਿੰਦਾ ਹੈ, “ਬਾਪੂ ਕੈਮ ਰਿਹਾ ਕਰ, ਆਪਣਾ ਖਿਆਲ ਰੱਖਿਆ ਕਰ। ਲਾ ਪਾ ਕੇ ਸਾਡੇ ਕੋਲ ਹੁਣ ਤੂੰ ਇਕੋ ਹੀ ਬਜ਼ੁਰਗ ਗੀਤਕਾਰ ਹੈਂ। ਸੇਵਾ ਦਸ। ਕੀ ਭੇਜਾਂ ਬਾਪੂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸੰਕੋਚ ਨਾ ਕਰੀਂ।” ਮੈਨੂੰ ਇਉਂ ਮਹਿਸੂਸ ਹੋਣ ਲੱਗ ਜਾਂਦੈ, ਜਿਵੇਂ ਮਾਣਕ ਦੇ ਘਰੇ ਉਹ ਮੇਰੇ ਕੋਲ ਹੀ ਬੈਠਾ ਹੋਵੇ। ਫੋਨ ਬੰਦ ਕਰਨ ਤੋਂ ਪਹਿਲਾਂ ਇਕ ਗੱਲ ਜ਼ਰੂਰ ਦੁਹਰਾਉਂਦਾ, “ਓ ਬਾਪੂ ਆਪਣਾ ਖਿਆਲ ਰੱਖੀਂ ਅਸੀਂ ਤੇਰੇ ਪੁੱਤ ਬੈਠੇ ਹਾਂ ਫਿਕਰ ਨਾ ਕਰੀਂ” ਬਸ ਮੈਥੋਂ ਐਨਾ ਹੀ ਆਖ ਹੁੰਦਾ ਹੈ, Ḕਚੰਗਾ ਜਿਉਂਦਾ ਰਹਿ ਭੌਰਿਆ’।
ਅਸ਼ੋਕ ਨਾਲ ਮੇਰੀ ਪੰਜਾਹ ਸਾਲ ਦੀ ਸਾਂਝ ਹੈ ਜਦੋਂ ਉਹ ਪੜ੍ਹਦਾ ਸੀ, ਤੇ ਮੈਂ ਕਿਸੇ ਸਕੂਲ ਵਿਚ ਪੜ੍ਹਾਉਂਦਾ ਸੀ। ਏਨੇਂ ਵਰ੍ਹਿਆਂ ‘ਚ ਉਸ ਨੂੰ ਇਹ ਨਹੀਂ ਪੁੱਛ ਸਕਿਆ ਕਿ ਆਪਣੇ ਨਾਂ ਦੇ ਸ਼ੁਰੂ ‘ਚ Ḕਐਸ’ ਲਿਖਣ ਦਾ ਕੀ ਰਾਜ਼ ਹੈ। ਫੇਰ ਮੈਂ ਆਪੇ ਹੀ ਲਖਣ ਲਾ ਲੈਂਦਾ ਹਾਂ ਕਿ ਜੇ ਐਸ ਮਹਿੰਦਰ ਬੰਬਈ ਵਾਲਾ (ਪ੍ਰਸਿੱਧ ਸੰਗੀਤਕਾਰ) ਆਪਣੇ ਨਾ ਨਾਲ Ḕਐਸ’ ਲਿਖਦਾ ਸੀ, ਅਸ਼ੋਕ ਵੀ ਮਹਿੰਦਰ ਵਾਂਗ Ḕਐਸ’ ਲਿਖ ਲੈਂਦਾ ਹੋਊ। ਸੋਚਦਾਂ, ਕਦੇ ਅਸ਼ੋਕ ਆਪ ਹੀ ਦਸ ਦੇਊ। ਹੁਣ ਤੱਕ Ḕਨਾ ਤੂੰ ਪੁੱਛੀਆਂ ਤੇ ਨਾ ਮੈਂ ਦੱਸੀਆਂ’ ਵਾਲੀ ਗੱਲ ਹੀ ਬਣੀ ਪਈ ਹੈ।
ਅਸ਼ੋਕ ਨੇ ਜਿਸ ਨਾਲ ਵੀ ਦੋਸਤੀ ਪਾਈ, ਪੂਰੀ ਤਰ੍ਹਾਂ ਨਿਭਾਈ ਹੈ। ਕੁਲਦੀਪ ਮਾਣਕ ਉਸ ਦਾ ਪੱਗ ਵੱਟ ਭਰਾ ਸੀ, ਮਿੱਤਰ ਸੀ, ਜਿਹਦੇ ਨਾਲ ਹੁਣ ਤੱਕ ਉਹਨੇ ਤੋੜ ਨਿਭਾਈ ਹੈ। ਮਾਣਕ ਭਾਵੇਂ ਚਲਿਆ ਗਿਆ ਪਰ ਅਸ਼ੋਕ ਉਹਦੇ ਪਿੱਛੋਂ ਵੀ ਉਹਦੇ ਪਰਿਵਾਰ ਦੀ ਪੂਰੀ ਮਦਦ ਕਰਦਾ ਹੈ। ਮਾਣਕ ਦੀ ਧੀ ਸ਼ਕਤੀ ਨੂੰ ਮਾਣਕ ਦੇ ਜਾਣ ਪਿੱਛੋਂ ਅਮਰੀਕਾ ਸੱਦ ਕੇ ਪੂਰੀ ਮਦਦ ਕੀਤੀ ਹੈ, ਉਸ ਨੇ ਮਾਣਕ ਦੇ ਬੋਲ ਪੁਗਾ ਦਿੱਤੇ, Ḕਵਕਤ ਪਏ ਤੇ ਪਰਖੀ ਜਾਂਦੀ ਯਾਰੀ ਯਾਰਾਂ ਦੀ।’ (ਗੀਤਕਾਰ ਬਾਕਲਮ ਖੁਦ ਹਰਦੇਵ ਦਿਲਗੀਰ-ਦੇਵ ਥਰੀਕੇ ਵਾਲਾ)।
ਅਸ਼ੋਕ ਨੇ ਪਿੰਡ ਭੌਰੇ ਤੋਂ ਉਠ ਕੇ ਅਮਰੀਕਾ ਦੇ ਵਾਈਟ ਹਾਊਸ ਨਾਲ ਸਾਂਝ ਪਾਈ ਹੈ। Ḕਨਿਕਸਨ’ ਤੇ Ḕਓਬਾਮੇ’ ਨਾਲ ਦਿਲ ਦੀ ਗੱਲ ਸਾਂਝੀ ਕਰ ਚੁੱਕਿਆ ਹੈ। ਇਹ ਅਸ਼ੋਕ ਭੌਰੇ ਦਾ ਹੀ ਹੌਂਸਲਾ ਹੈ ਜਿਹੜਾ ਨਿਧੜਕ ਹੋ ਕੇ ਕਿਸੇ ਵੱਡੇ ਮੁਲਕ ਦੇ ਰਾਸ਼ਟਰਪਤੀ ਭਵਨ ਦੀਆਂ ਦੇਹਲੀਆਂ ਟੱਪ ਸਕਦਾ ਹੈ। ਧਰਤੀ ਨੂੰ ਆਪਣੇ ਪੈਰਾਂ ਨਾਲ ਗਾਹ ਚੁੱਕਿਆ ਹੈ, ਅਜੇ ਵੀ ਚੱਲ ਸੋ ਚੱਲ ਹੈ।
ਅਸ਼ੋਕ ਨੇ ਗੀਤਕਾਰਾਂ, ਗਵੱਈਆਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਬਾਰੇ ਬਹੁਤ ਕੁਝ ਲਿਖਿਆ ਹੈ। ਉਸ ਦੀਆਂ ਲਿਖਤਾਂ ਨੇ ਇਨ੍ਹਾਂ ਵਿਚੋਂ ਅੰਬਰ ਦੀ ਟੀਸੀ ਨੂੰ ਹੱਥ ਲੁਆ ਦਿੱਤਾ ਹੈ, ਜਿਹੜੇ ਕਦੇ ਵੀ ਅਸ਼ੋਕ ਨੂੰ ਆਪਣੀ ਜ਼ਿੰਦਗੀ ‘ਚ ਨਾ ਭੁੱਲ ਸਕਦੇ ਹਨ ਤੇ ਨਾ ਹੀ ਅਸ਼ੋਕ ਦਾ ਦੇਣ ਦੇ ਸਕਦੇ ਹਨ। ਅਸ਼ੋਕ ਦੀਆਂ ਲਿਖਤਾਂ ਕਈ ਅਖਬਾਰਾਂ ਵਿਚ ਛਪਦੀਆਂ ਹਨ, ਖੁਸ਼ਵੰਤ ਸਿੰਘ ਦੇ ਕਾਲਮ Ḕਨਾ ਕਾਹੂ ਸੇ ਵੈਰ ਵਾਂਗ’। ਕਦੇ ਅਮਰੀਕਾ ਵਿਚ ਟੀ ਵੀ ‘ਤੇ ਕਿਸੇ ਦੀ ਇੰਟਰਵਿਊ ਕਰ ਰਿਹਾ ਹੁੰਦਾ ਹੈ ਤੇ ਕਦੇ ਉਥੇ ਬੈਠਾ ਉਥੇ ਦੇ ਰੇਡੀਓ ਲਈ ਪੰਜਾਬ ਬੈਠੇ ਕਿਸੇ ਨਾ ਕਿਸੇ ਲੇਖਕ, ਗਾਇਕ, ਗੀਤਕਾਰ, ਸਿਆਸਤਦਾਨ ਨਾਲ ਇੰਟਰਵਿਊ ਕਰ ਰਿਹਾ ਹੁੰਦਾ ਹੈ। ਇਹ ਕੰਮ ਬਸ ਭੌਰਾ ਹੀ ਕਰ ਸਕਦਾ ਹੈ। ਮੈਂ ਉਸ ਨੂੰ ਸ਼ਾਬਾਸ਼ ਦਿੰਦਿਆਂ ਕਹਿੰਦਾ ਹਾਂ, Ḕਮਾਂ ਦਿਆ ਪੁੱਤਾ ਦੱਬੀ ਚਲ ਕੰਮ ਨੂੰ, ਤਾਂ ਜੋ ਪੰਜਾਬੀ ਮਾਂ ਬੋਲੀ ਦਾ ਕੁਝ ਸੰਵਰ ਜੇ। ਇਨ੍ਹਾਂ ਗਾਇਕਾਂ ਨੂੰ ਅਕਲ ਆ ਜਾਵੇ ਤੇ ਗੀਤਕਾਰ ਗੀਤਾਂ ਨੂੰ ਗੰਦ-ਮੰਦ ‘ਚ ਲਬੇੜਨੋ ਹਟ ਜਾਣ।
ਬਹੁਤ ਸਾਰੇ ਗਾਇਕਾਂ ਨੇ ਭੌਰੇ ਦੇ ਗੀਤ ਗਾਏ ਹਨ। ਭੌਰੇ ਨੇ ਹੁਣ ਤੱਕ ਜੋ ਲਿਖਿਆ, ਲੋਕਾਂ ਨੇ ਸਿਰ ਮੱਥੇ ਕਬੂਲਿਆ। ਉਸ ਨੇ ਹੱਕ ਸੱਚ ਦੀ ਬਾਤ ਪਈ ਹੈ ਆਪਣੀਆਂ ਲਿਖਤਾਂ ਰਾਹੀਂ, ਪੰਜਾਬੀ ਮਾਂ ਬੋਲੀ ‘ਚ ਕਿਤਾਬਾਂ ਦਾ ਛੱਜ ਭਰਕੇ ਭੇਟ ਕੀਤਾ ਹੈ। ਮੈਂ ਇਸ ਦੀ ਕਲਮ ਨੂੰ ਸਲਾਮ ਕਰਦਾ ਹਾਂ। ਉਸ ਦੀ ਕਲਮ ਸਦਾ ਸਲਾਮਤ ਰਹੇ, ਚੰਨ ਤਾਰਿਆਂ ਦੇ ਝੁਰਮਟ ਵਿਚ ਬਹਿ ਕੇ ਰਾਤਾਂ ਨੂੰ ਬਾਤਾਂ ਸੁਣਾਵੇ, ਦੁਨੀਆਂ ਤੇ ਵਸਦੇ ਪੰਜਾਬੀ ਇਹਦੀਆਂ ਬਾਤਾਂ ਦਾ ਹੁੰਗਾਰਾ ਭਰਦੇ ਰਹਿਣ।