ਸੱਤਾ ‘ਤੇ ਕਾਬਜ਼ ਬਾਦਲਾਂ ਦੇ ਹਲਕੇ ਵਿਚ ਸਭ ਕੁਝ ਜਾਇਜ਼!

ਬਠਿੰਡਾ: ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਰਿਵਾਰ ਦੇ ਹਲਕਿਆਂ ਵਿਚ ਸਭ ਕੁਝ ਜਾਇਜ਼ਾ ਹੈ। ਸੂਬੇ ਵਿਚੋਂ ਇਕੱਲਾ ਬਾਦਲ ਪਰਿਵਾਰ ਦਾ ਹਲਕਾ ਹੈ ਜਿਥੇ 80 ਫੀਸਦੀ ਅਯੋਗ ਬੁਢਾਪਾ ਪੈਨਸ਼ਨਾਂ ਨੂੰ ਮੁੜ ਯੋਗ ਬਣਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਇਨ੍ਹਾਂ ਨੂੰ ਪੈਨਸ਼ਨ ਦੇ ਪੁਰਾਣੇ ਬਕਾਏ ਵੀ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨਾਂ ਦੀ ਪਹਿਲੀ ਜਨਵਰੀ 2014 ਮਗਰੋਂ ਜਦੋਂ ਪਹਿਲੀ ਪੜਤਾਲ ਕਰਾਈ ਗਈ ਤਾਂ ਪੰਜਾਬ ਭਰ ਵਿਚ 3æ76 ਲੱਖ ਬੁਢਾਪਾ ਪੈਨਸ਼ਨਾਂ ਅਯੋਗ ਨਿਕਲੀਆਂ।

ਸੂਬਾ ਸਰਕਾਰ ਨੇ ਇਨ੍ਹਾਂ ਅਯੋਗ ਪੈਨਸ਼ਨਾਂ ਦੀ ਮੁੜ ਪੜਤਾਲ ਕਰਾਈ ਤਾਂ ਇਨ੍ਹਾਂ ਵਿਚੋਂ ਪੰਜਾਬ ਭਰ ਵਿਚ 75506 ਲਾਭਪਾਤਰੀ ਮੁੜ ਯੋਗ ਬਣ ਗਏ। ਇਕੱਲੇ ਬਠਿੰਡਾ ਜ਼ਿਲ੍ਹੇ ਤੋਂ ਬਿਨਾਂ ਬਾਕੀ ਪੰਜਾਬ ਵਿਚ ਮੁੜ ਪੜਤਾਲ ਵਿਚ ਜੋ ਯੋਗ ਲਾਭਪਾਤਰੀ ਬਣੇ ਹਨ, ਉਨ੍ਹਾਂ ਨੂੰ ਪੁਰਾਣੇ ਬਕਾਏ ਨਹੀਂ ਦਿੱਤੇ ਗਏ ਹਨ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੁਣ ਨੌਂ ਸਤੰਬਰ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੁੜ ਬੁਢਾਪਾ ਪੈਨਸ਼ਨਾਂ ਦੇ ਅਯੋਗ ਲਾਭਪਾਤਰੀਆਂ ਦੀ ਪੜਤਾਲ ਕਰਨ ਦੇ ਹੁਕਮ ਕੀਤੇ ਹਨ। ਪੰਜਾਬ ਵਿਚੋਂ ਸਿਰਫ਼ ਬਾਦਲਾਂ ਦਾ ਹਲਕਾ (ਬਠਿੰਡਾ, ਮੁਕਤਸਰ) ਹੈ ਜਿਥੇ ਅਯੋਗ ਬੁਢਾਪਾ ਪੈਨਸ਼ਨਾਂ ਦੀ ਮੁੜ ਪੜਤਾਲ ਦੇ ਹੁਕਮ ਹੋਏ ਹਨ। ਆਰæਟੀæਆਈæ ਦੇ ਵੇਰਵਿਆਂ ਅਨੁਸਾਰ ਬੁਢਾਪਾ ਪੈਨਸ਼ਨ ਦੀ ਪਹਿਲੀ ਪੜਤਾਲ ਵਿਚ ਬਠਿੰਡਾ ਜ਼ਿਲ੍ਹੇ ਵਿਚ 18395 ਲਾਭਪਾਤਰੀ ਅਯੋਗ ਨਿਕਲੇ ਸਨ। ਤਿੰਨ ਪੜਤਾਲਾਂ ਮਗਰੋਂ ਹੁਣ ਇਨ੍ਹਾਂ ਅਯੋਗ ਲਾਭਪਾਤਰੀਆਂ ਦੀ ਗਿਣਤੀ ਸਿਰਫ 3575 ਰਹਿ ਗਈ ਹੈ। ਮਤਲਬ ਕਿ ਤਕਰੀਬਨ 80 ਫੀਸਦੀ ਲਾਭਪਾਤਰੀ ਅਯੋਗ ਤੋਂ ਯੋਗ ਬਣ ਗਏ ਹਨ। ਅਯੋਗ ਤੋਂ ਯੋਗ ਬਣੇ ਲਾਭਪਾਤਰੀਆਂ ਨੂੰ ਪੁਰਾਣੇ ਬਕਾਇਆ ਸਮੇਤ 73 ਲੱਖ ਦੀ ਪੈਨਸ਼ਨ ਵੀ ਜਾਰੀ ਕਰ ਦਿੱਤੀ ਹੈ। ਹੁਣ ਸਰਕਾਰ ਚੌਥੀ ਦਫਾ ਅਯੋਗ ਬਚੇ 3575 ਲਾਭਪਾਤਰੀਆਂ ਦੀ ਪੜਤਾਲ ਕਰਾ ਰਹੀ ਹੈ। ਇਵੇਂ ਮੁਕਤਸਰ ਜ਼ਿਲ੍ਹੇ ਵਿਚ ਪਹਿਲੀ ਪੜਤਾਲ ਵਿਚ 20987 ਲਾਭਪਾਤਰੀ ਅਯੋਗ ਨਿਕਲੇ ਸਨ। ਤਿੰਨ ਪੜਤਾਲਾਂ ਮਗਰੋਂ ਅਯੋਗ ਪੈਨਸ਼ਨਾਂ ਦੀ ਗਿਣਤੀ 9505 ਰਹਿ ਗਈ ਹੈ। ਹੁਣ ਇਨ੍ਹਾਂ ਦੀ ਚੌਥੀ ਪੜਤਾਲ ਸ਼ੁਰੂ ਹੋ ਗਈ ਹੈ।
ਡਿਪਟੀ ਕਮਿਸ਼ਨਰ ਮੁਕਤਸਰ ਨੇ ਅਯੋਗ ਤੋਂ ਯੋਗ ਬਣੇ ਲਾਭਪਾਤਰੀਆਂ ਨੂੰ ਪੁਰਾਣੇ ਬਕਾਏ ਦੇਣ ਦੇ ਹੁਕਮ ਕਰ ਦਿੱਤੇ ਹਨ।
ਬਾਕੀ ਪੰਜਾਬ ਵਿਚ ਅਜਿਹਾ ਨਹੀਂ ਹੋਇਆ ਹੈ। ਪਟਿਆਲਾ ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਬੈਂਸ ਦਾ ਕਹਿਣਾ ਹੈ ਕਿ ਜੋ ਮੁੜ ਪੜਤਾਲ ਵਿਚ ਅਯੋਗ ਤੋਂ ਯੋਗ ਲਾਭਪਾਤਰੀ ਬਣੇ ਹਨ, ਉਨ੍ਹਾਂ ਨੂੰ ਪੁਰਾਣੇ ਬਕਾਏ ਜਾਣ ਦੀ ਮਹਿਕਮੇ ਵੱਲੋਂ ਕੋਈ ਹਦਾਇਤ ਨਹੀਂ ਹੈ। ਉਹ ਤਾਜ਼ਾ ਪੈਨਸ਼ਨਾਂ ਹੀ ਦੇ ਰਹੇ ਹਨ। ਕਪੂਰਥਲਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ (ਡੀæਐਸ਼ਐਸ਼ਓ) ਗੁਲਬਰਗ ਲਾਲ ਨੇ ਵੀ ਇਹੀ ਦੱਸਿਆ ਕਿ ਮੁੜ ਪੜਤਾਲ ਵਿਚ ਯੋਗ ਬਣੇ ਲਾਭਪਾਤਰੀਆਂ ਨੂੰ ਪੁਰਾਣਾ ਬਕਾਇਆ ਨਹੀਂ ਦੇ ਰਹੇ ਹਨ ਤੇ ਨਾ ਹੀ ਕੋਈ ਸਰਕਾਰੀ ਹੁਕਮ ਹਨ। ਜ਼ਿਲ੍ਹਾ ਬਠਿੰਡਾ ਦੇ ਸਮਾਜਿਕ ਸੁਰੱਖਿਆ ਅਫਸਰ ਨਵੀਨ ਗਡਵਾਲ ਦਾ ਕਹਿਣਾ ਸੀ ਕਿ ਬਠਿੰਡਾ ਜ਼ਿਲ੍ਹੇ ਵਿਚ ਜ਼ਿਆਦਾ ਲਾਭਪਾਤਰੀ ਪੜਤਾਲਾਂ ਸਮੇਂ ਗੈਰਹਾਜ਼ਰ ਰਹਿ ਗਏ ਸਨ, ਜਿਨ੍ਹਾਂ ਨੇ ਹੁਣ ਹਾਜ਼ਰ ਹੋ ਕੇ ਸਬੂਤ ਦੇ ਦਿੱਤੇ ਹਨ। ਇਸ ਕਰਕੇ ਅਯੋਗ ਤੋਂ ਯੋਗ ਬਣੇ ਲਾਭਪਾਤਰੀਆਂ ਦੀ ਗਿਣਤੀ ਜ਼ਿਆਦਾ ਹੈ।
____________________________________
ਬਠਿੰਡਾ ਜ਼ਿਲ੍ਹਾ ਸਭ ਤੋਂ ਵੱਧ ਖੁਸ਼ਕਿਸਮਤ
ਚੰਡੀਗੜ੍ਹ: ਪੰਜਾਬ ਵਿਚੋਂ ਇਕੱਲਾ ਬਠਿੰਡਾ ਜ਼ਿਲ੍ਹਾ ਹੈ ਜਿਥੇ ਅਯੋਗ ਲਾਭਪਾਤਰੀ ਸਭ ਤੋਂ ਜ਼ਿਆਦਾ ਯੋਗ ਬਣੇ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ 29953 ਅਯੋਗ ਵਿਚੋਂ ਮੁੜ ਪੜਤਾਲ ਵਿਚ ਸਿਰਫ 3437 ਲਾਭਪਾਤਰੀ ਤੇ ਫਿਰੋਜ਼ਪੁਰ ਵਿਚ 16454 ਵਿਚੋਂ 2095 ਤੇ ਪਟਿਆਲਾ ਵਿਚ 19439 ਅਯੋਗ ਵਿਚੋਂ 1833 ਲਾਭਪਾਤਰੀ ਯੋਗ ਬਣੇ ਹਨ। ਤਰਨਤਾਰਨ ਵਿਚ ਪਹਿਲੀ ਪੜਤਾਲ ਵਿਚ ਅਯੋਗ ਨਿਕਲੇ 21638 ਵਿਚੋਂ ਦੂਜੀ ਪੜਤਾਲ ਵਿਚ ਸਿਰਫ 3580 ਯੋਗ ਬਣੇ ਹਨ। ਦੂਜੀ ਪੜਤਾਲ ਮਗਰੋਂ ਜੋ ਯੋਗ ਲਾਭਪਾਤਰੀ ਬਣ ਗਏ ਹਨ, ਉਨ੍ਹਾਂ ਨੂੰ ਇਕੱਲੇ ਬਠਿੰਡਾ ਜ਼ਿਲ੍ਹੇ ਨੂੰ ਛੱਡ ਕੇ ਕਿਤੇ ਵੀ ਪੁਰਾਣੇ ਬਕਾਏ ਨਹੀਂ ਦਿੱਤੇ ਗਏ ਹਨ।
_____________________________________
ਬਾਦਲਾਂ ਦੇ ਹਲਕੇ ਵਿਚ ਨਾਅਰੇ ਮਾਰਨੇ ਪਏ ਮਹਿੰਗੇ
ਬਠਿੰਡਾ: ਵੀæਆਈæਪੀæ ਹਲਕੇ ਦੀਆਂ ਸੜਕਾਂ ‘ਤੇ ਉਤਰੇ ਲੋਕਾਂ ਖ਼ਿਲਾਫ਼ ਪੁਲਿਸ ਨੇ ਧੜਾਧੜ ਕੇਸ ਦਰਜ ਕੀਤੇ ਹਨ। ਲੰਘੇ ਅੱਠ ਵਰ੍ਹਿਆਂ ਵਿਚ ਬਠਿੰਡਾ ਜ਼ੋਨ ਦੇ ਸੱਤ ਜ਼ਿਲ੍ਹਿਆਂ ਵਿਚ ਤਕਰੀਬਨ ਛੇ ਹਜ਼ਾਰ ਸੰਘਰਸ਼ੀ ਲੋਕਾਂ ਖ਼ਿਲਾਫ਼ ਪੁਲਿਸ ਕੇਸ ਦਰਜ ਹੋਏ ਹਨ, ਜਿਨ੍ਹਾਂ ਵਿਚੋਂ ਇਕੱਲੇ ਬਠਿੰਡਾ ਜ਼ਿਲ੍ਹੇ ਤੇ ਹਲਕਾ ਲੰਬੀ ਵਿਚ 5250 ਲੋਕਾਂ ਵਿਰੁੱਧ ਕੇਸ ਦਰਜ ਹੋਏ ਹਨ। ਕੇਸਾਂ ਵਿਚ ਵੱਡੀ ਗਿਣਤੀ ਅਣਪਛਾਤੇ ਲੋਕਾਂ ਦੀ ਹੈ। ਮੁੱਖ ਮੰਤਰੀ ਪੰਜਾਬ ਦੇ ਹਲਕੇ ਦੇ ਥਾਣਾ ਲੰਬੀ ਵਿਚ ਪਹਿਲੀ ਅਪਰੈਲ 2007 ਤੋਂ ਜੂਨ 2015 ਤੱਕ 1399 ਸੰਘਰਸ਼ੀ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਧਾਰਾ 107,151 ਤਹਿਤ ਜੇਲ੍ਹ ਭੇਜੇ ਜਾਂਦੇ ਸੰਘਰਸ਼ੀ ਲੋਕਾਂ ਦੀ ਗਿਣਤੀ ਵੱਖਰੀ ਹੈ। ਆਰæਟੀæਆਈ ਤਹਿਤ ਮਿਲੇ ਵੇਰਵਿਆਂ ਅਨੁਸਾਰ ਪੁਲਿਸ ਨੇ ਸੰਘਰਸ਼ੀ ਲੋਕਾਂ ਖ਼ਿਲਾਫ਼ ਇਰਾਦਾ ਕਤਲ ਵਰਗੇ ਕੇਸ ਵੀ ਦਰਜ ਕੀਤੇ ਹਨ।