ਜਲੰਧਰ: ਪੰਜਾਬ ਕਾਂਗਰਸ ਵਿਚ ਪ੍ਰਧਾਨਗੀ ਨੂੰ ਲੈ ਕੇ ਛਿੜਿਆ ਕਲੇਸ਼ ਬਿਲੇ ਲੱਗਣ ਦੇ ਆਸਾਰ ਬਣ ਗਏ ਹਨ। ਹਾਈਕਮਾਨ ਨੇ ਇਸ ਵਾਰ ਕਿਸੇ ਇਕ ਆਗੂ ਨੂੰ ਸਾਰੀਆਂ ਸ਼ਕਤੀਆਂ ਨਾ ਦੇਣ ਦਾ ਫਾਰਮੂਲਾ ਵੀ ਤਿਆਰ ਕੀਤਾ ਹੈ। ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਦਲ ਦੇ ਨੇਤਾ ਸੁਨੀਲ ਕੁਮਾਰ ਜਾਖੜ ਨੂੰ ਪ੍ਰਦੇਸ਼ ਕਮੇਟੀ ਦਾ ਪ੍ਰਧਾਨ ਤੇ ਲਾਲ ਸਿੰਘ ਨੂੰ ਵਿਧਾਇਕ ਦਲ ਦਾ ਨੇਤਾ ਬਣਾਏ ਜਾਣਾ ਤਕਰੀਬਨ ਤੈਅ ਹੈ। ਪ੍ਰਤਾਪ ਸਿੰਘ ਬਾਜਵਾ, ਜਗਮੀਤ ਸਿੰਘ ਬਰਾੜ ਤੇ ਰਾਜਿੰਦਰ ਕੌਰ ਭੱਠਲ ਦਾ ਸਨਮਾਨ ਬਰਕਰਾਰ ਰੱਖਣ ਦੀ ਤਜਵੀਜ਼ ਵੀ ਹਾਈ ਕਮਾਨ ਦੇ ਵਿਚਾਰ ਅਧੀਨ ਹੈ।
ਇਸ ਤੋਂ ਪਹਿਲਾਂ ਹਾਈ ਕਮਾਨ ਨੇ ਅੰਬਿਕਾ ਸੋਨੀ ਨੂੰ ਪ੍ਰਧਾਨ ਬਣਾਏ ਜਾਣ ਉਤੇ ਮੋਹਰ ਲਾ ਦਿੱਤੀ ਸੀ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਨੀਲ ਜਾਖੜ ਨੂੰ ਹੀ ਵਿਧਾਇਕ ਦਲ ਦਾ ਆਗੂ ਬਣਾਈ ਰੱਖਣ ਦੀ ਜ਼ਿਦ ਨੇ ਬਣੀ ਬਣਾਈ ਖੇਡ ਵਿਗਾੜ ਦਿੱਤੀ ਸੀ। ਉਧਰ, ਅੰਬਿਕਾ ਸੋਨੀ ਵੀ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਦੇ ਮਾਮਲੇ ਨੂੰ ਲੈ ਕੇ ਦੁਚਿੱਤੀ ਵਿਚ ਸੀ। ਹਾਈ ਕਮਾਨ ਦਾ ਤਰਕ ਸੀ ਕਿ ਜੇ ਸ੍ਰੀਮਤੀ ਸੋਨੀ ਪ੍ਰਧਾਨ ਬਣਦੇ ਹਨ ਤਾਂ ਵਿਧਾਇਕ ਦਲ ਦਾ ਆਗੂ ਬਦਲਿਆ ਜਾਣਾ ਜ਼ਰੂਰੀ ਹੈ, ਕਿਉਂਕਿ ਦੋਵੇਂ ਮੁੱਖ ਅਹੁਦੇ ਇਕੋ ਵਰਗ ਨੂੰ ਨਹੀਂ ਦਿੱਤੇ ਜਾ ਸਕਦੇ। ਕੈਪਟਨ ਵੱਲੋਂ ਸ੍ਰੀ ਜਾਖੜ ਨੂੰ ਅਹੁਦੇ ਉੱਪਰ ਬਣਾਈ ਰੱਖਣ ਦਾ ਲਿਆ ਪੈਂਤੜਾ ਅਸਲ ਵਿਚ ਟਿੰਡ ਵਿਚ ਕਾਨਾ ਫਸਾਉਣ ਵਾਲੀ ਕਾਰਵਾਈ ਹੀ ਸਮਝਿਆ ਜਾ ਰਿਹਾ ਹੈ।
ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਇਹ ਕਿਸੇ ਕੀਮਤ ‘ਤੇ ਨਹੀਂ ਚਾਹੁੰਦੇ ਕਿ ਕੋਈ ਅਜਿਹਾ ਆਗੂ ਹੁਣ ਪ੍ਰਧਾਨ ਬਣੇ ਜੋ 2017 ਦੀਆਂ ਚੋਣਾਂ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਦੀ ਸਥਿਤੀ ਵਿਚ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਨੂੰ ਚੁਣੌਤੀ ਦੇ ਸਕਣ ਦੇ ਸਮਰੱਥ ਹੋਵੇ। ਹਾਈ ਕਮਾਨ ਬੇਸ਼ੱਕ ਕੈਪਟਨ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਣਾ ਕੇ ਅਗਲੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰਨ ਲਈ ਤਿਆਰ ਹੋ ਗਈ ਹੈ ਪਰ ਕੈਪਟਨ ਕੋਈ ਰਿਸਕ ਲੈਣ ਲਈ ਤਿਆਰ ਨਹੀਂ। ਸ੍ਰੀਮਤੀ ਸੋਨੀ ਅਜਿਹੀ ਨੇਤਾ ਹਨ ਜੋ ਕੈਪਟਨ ਨੂੰ ਚੁਣੌਤੀ ਦੇਣ ਦੇ ਸਮਰੱਥ ਹਨ। ਇਹੀ ਕਾਰਨ ਹੈ ਕਿ ਕੈਪਟਨ, ਲਾਲ ਸਿੰਘ ਵਰਗੇ ਸੀਨੀਅਰ ਕਾਂਗਰਸੀ ਨੇਤਾ ਨੂੰ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਸਵੀਕਾਰ ਨਹੀਂ ਕਰ ਰਹੇ, ਹਾਲਾਂਕਿ ਸ਼ ਲਾਲ ਸਿੰਘ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦਾ ਮੁੱਖ ਮੰਤਰੀ ਪਦ ਦਾ ਦਾਅਵੇਦਾਰ ਮੰਨਣ ਲਈ ਵੀ ਤਿਆਰ ਹਨ। ਹੁਣ ਤਾਂ ਇਹ ਆਮ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਤਾਂ ਖ਼ੁਦ ਹੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਕੇ ਸੰਤੁਸ਼ਟ ਹੋਣਗੇ ਜਾਂ ਫਿਰ ਉਹ ਕਿਸੇ ਅਜਿਹੇ ਆਗੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਹਨ ਜੋ ਇਕ ਤਰ੍ਹਾਂ ਨਾਲ ਡੰਮੀ ਪ੍ਰਧਾਨ ਹੋਵੇ ਤੇ ਅਸਲ ਵਿਚ ਸਾਰੀ ਤਾਕਤ ਉਸ ਦੇ ਹੱਥਾਂ ਵਿਚ ਹੀ ਕੇਂਦਰਿਤ ਹੋਵੇ।
____________________________________
ਕੈਪਟਨ ਨੇ ਹਾਈਕਮਾਨ ਨੂੰ ਦਿਖਾਈ ਤਾਕਤ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਵਾਰ ਵਾਰ ਇਕੱਠ ਕਰ ਕੇ ਤੇ ਸੂਬੇ ਦੇ ਕਾਂਗਰਸੀ ਵਿਧਾਇਕਾਂ ਨੂੰ ਖਾਣੇ ‘ਤੇ ਬੁਲਾ ਕੇ ਹਾਈਕਮਾਨ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਕੈਪਟਨ ਦੀ ਪੰਜਾਬ ਵਿਚ ਮਕਬੂਲੀਅਤ ਨੂੰ ਵੇਖ ਕੇ ਹਾਈ ਕਮਾਨ ਵੀ ਪੰਗਾ ਲੈਣ ਦੇ ਮੂਡ ਵਿਚ ਨਹੀਂ ਹੈ। ਵਿਧਾਨ ਸਭਾ ਵਿਚ ਇਸ ਸਮੇਂ 43 ਵਿਧਾਇਕਾਂ ਵਿਚੋਂ 33 ਕੈਪਟਨ ਦੇ ਨਾਲ ਹਨ। ਕੈਪਟਨ 21 ਸਤੰਬਰ ਤੋਂ ਵਿਦੇਸ਼ ਦੌਰੇ ‘ਤੇ ਜਾ ਰਹੇ ਹਨ ਤੇ ਉਹ ਚਹੁੰਦੇ ਹਨ ਕਿ ਇਸ ਤੋਂ ਪਹਿਲਾਂ ਪ੍ਰਧਾਨਗੀ ਵਾਲਾ ਮਸਲਾ ਸੁਲਝ ਜਾਵੇ।