ਫਿਲਮ ‘ਐਮਐਸਜੀ-2’ ਚਲਾਉਣ ਲਈ ਅੜੇ ਡੇਰਾ ਪ੍ਰੇਮੀ

ਲੁਧਿਆਣਾ: ਡੇਰਾ ਮੁਖੀ ਦੀ ਫਿਲਮ ‘ਐਮਐਸਜੀ-2’ ਨੂੰ ਪੰਜਾਬ ਵਿਚ ਰਿਲੀਜ਼ ਨਾ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਡੇਰਾ ਪ੍ਰੇਮੀ ਜਿਥੇ ਫਿਲਮ ਰਿਲੀਜ਼ ਕਰਵਾਉਣ ‘ਤੇ ਅੜੇ ਹੋਏ ਹਨ, ਉਥੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਜਾਰੀ ਹੈ। ਡੇਰਾ ਪ੍ਰੇਮੀਆਂ ਵੱਲੋਂ ਇਸ ਮਸਲੇ ਨੂੰ ਲੈ ਕੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਜਾਰੀ ਹੈ। ਡੇਰਾ ਸਮਰਥਕਾਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਡੇਰਾ ਮੁਖੀ ਦੀ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇ ਰਹੀ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫਿਲਮ ਨੂੰ ਰਿਲੀਜ਼ ਨਾ ਕੀਤਾ ਗਿਆ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਦੱਸਣਯੋਗ ਹੈ ਕਿ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਇਸ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕਰਵਾਉਣ ਦੀ ਮੰਗ ਉਤੇ ਸੰਘਰਸ਼ ਵਿੱਢਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਸਫ਼ਾਈ ਦੇ ਰਹੀ ਹੈ ਕਿ ਇਸ ਫਿਲਮ ‘ਤੇ ਪਾਬੰਦੀ ਨਹੀਂ ਲਗਾਈ ਗਈ ਜਦਕਿ ਡੇਰਾ ਪੈਰੋਕਾਰਾਂ ਦਾ ਸ਼ਿਕਵਾ ਹੈ ਕਿ ਸਰਕਾਰ ਦੇ ਇਸ਼ਾਰੇ ਉਤੇ ਹੀ ਇਸ ਫਿਲਮ ਨੂੰ ਅਣਐਲਾਨੀ ਪਾਬੰਦੀ ਦੇ ਘੇਰੇ ਵਿਚ ਲਿਆ ਹੋਇਆ ਹੈ। ਅਜਿਹੇ ਵਿਚ ਸੂਬੇ ਦੇ ਸਿਨੇਮਾ ਘਰਾਂ ਵਾਲੇ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਝਿਜਕ ਰਹੇ ਹਨ।
ਡੇਰੇ ਦੀ ਸੂਬਾ ਕਮੇਟੀ ਦੇ ਬੁਲਾਰੇ ਧਰਮਪਾਲ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੋਗਲੀਆਂ ਨੀਤੀਆਂ ਅਪਣਾ ਰਹੀ ਹੈ ਜਿਸ ਕਾਰਨ ਡੇਰਾ ਪ੍ਰੇਮੀ ਸੜਕਾਂ ‘ਤੇ ਉਤਰਨ ਲਈ ਮਜਬੂਰ ਹਨ।
ਉਨ੍ਹਾਂ ਦਾ ਦੋਸ਼ ਸੀ ਕਿ ਇਕ ਪਾਸੇ ਸਰਕਾਰ ਫਿਲਮ ਨੂੰ ਰਿਲੀਜ਼ ਹੋਣ ਉਤੇ ਚੁੱਪੀ ਧਾਰੀ ਬੈਠੀ ਹੈ ਜਦੋਂਕਿ ਦੂਜੇ ਪਾਸੇ ਸਰਕਾਰ ਵੱਲੋਂ ਹੀ ਸਿਨਮਾਘਰਾਂ ਦੇ ਮਾਲਕਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤਾਂ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਫਿਲਮ ਵਿਚ ਕੋਈ ਵੀ ਅਜਿਹੀ ਚੀਜ਼ ਨਹੀਂ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ, ਪਰ ਸਾਜਿਸ਼ ਤਹਿਤ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸੇ ਤਰ੍ਹਾਂ ਪੂਰੇ ਪੰਜਾਬ ਵਿਚ ਡੇਰਾ ਪ੍ਰੇਮੀ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਇਸ ਦੌਰਾਨ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦਿੱਲੀ ਕੌਮੀ ਮਾਰਗ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ। ਇਥੋਂ ਤੱਕ ਕਿ ਗਲੀਆਂ ਵਿਚ ਵੀ ਨਾ ਕਿਸੇ ਨੂੰ ਜਾਣ ਦਿੱਤਾ ਤੇ ਨਾ ਹੀ ਬਾਹਰ ਆਉਣ ਦਿੱਤਾ। ਵੱਡੇ ਗਿਣਤੀ ਡੇਰਾ ਪ੍ਰੇਮੀਆਂ ਵੱਲੋਂ ਰੇਲਵੇ ਲਾਈਨ ‘ਤੇ ਰੋਸ ਧਰਨਾ ਲਗਾਉਂਦਿਆਂ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ। ਡੇਰਾ ਪ੍ਰੇਮੀਆਂ ਨੇ ਆਪਣੇ ਸਿਰਾਂ ‘ਤੇ ‘ਐਮਐਸਜੀ-2’ ਫਿਲਮ ਦੀ ਪੱਟੀ ਬੰਨ੍ਹ ਕੇ ਰੇਲਵੇ ਲਾਈਨ ਉਤੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ, ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ
________________________________
ਪੰਜਾਬ ਦਾ ਮਾਹੌਲ ਖ਼ਰਾਬ ਕਰੇਗੀ ਫਿਲਮ: ਜਥੇਦਾਰ
ਪਟਿਆਲਾ: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਫਿਲਮ ‘ਐਮਐਸਜੀ-2’ ਰਿਲੀਜ਼ ਹੋਣ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਸ ਵਿਵਾਦਿਤ ਫਿਲਮ ਉਤੇ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਵੀ ਪਾਬੰਦੀ ਆਇਦ ਕੀਤੀ ਗਈ ਹੈ, ਉਹ ਸ਼ਲਾਘਾਯੋਗ ਕਦਮ ਹੈ। ਜਥੇਦਾਰ ਨੇ ਆਖਿਆ ਕਿ ਜਦੋਂ ਅਸਲ ਕਹਾਣੀ ਉਤੇ ਆਧਾਰਿਤ ਫਿਲਮ ‘ਸੁੱਖਾ ਜਿੰਦਾ’, ਜਿਸਨੂੰ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ, ਉਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਈ ਜਾ ਸਕਦੀ ਹੈ ਤਾਂ ਫਿਰ ਡੇਰਾ ਸਿਰਸਾ ਦੇ ਮੁਖੀ ਦੀ ਅਹਿਮ ਭੂਮਿਕਾ ਆਧਾਰਿਤ ਫਿਲਮ ‘ਤੇ ਪਾਬੰਦੀ ਕਿਉਂ ਨਹੀਂ ਲੱਗ ਸਕਦੀ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਵਿਵਾਦਿਤ ਫਿਲਮ ਨਾਲ ਸਿੱਧੇ ਤੌਰ ‘ਤੇ ਮਾਹੌਲ ਖ਼ਰਾਬ ਹੁੰਦਾ ਹੈ, ਇਸ ਵਾਸਤੇ ਇਹ ਫਿਲਮ ਕਦੇ ਵੀ ਨਹੀਂ ਲੱਗਣੀ ਚਾਹੀਦੀ।
_____________________________
ਡੇਰੇ ਦੇ ਦੋ ਹਜ਼ਾਰ ਪੈਰੋਕਾਰਾਂ ਖ਼ਿਲਾਫ਼ ਕੇਸ ਦਰਜ
ਬਠਿੰਡਾ: ਬਠਿੰਡਾ ਜੰਕਸ਼ਨ ਕੋਲ ਰੇਲ ਮਾਰਗ ਜਾਮ ਕਰਨ ਵਾਲੇ ਡੇਰਾ ਸਿਰਸਾ ਦੇ ਤਕਰੀਬਨ 2000 ਪੈਰੋਕਾਰਾਂ ਖ਼ਿਲਾਫ਼ ਰੇਲਵੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਵਿਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਆਗੂ ਵੀ ਸ਼ਾਮਲ ਹਨ। ਡੇਰਾ ਸਿਰਸਾ ਦੇ ਹਜ਼ਾਰਾਂ ਪੈਰੋਕਾਰ 19 ਸਤੰਬਰ ਨੂੰ ਚਾਰ ਰੇਲ ਮਾਰਗਾਂ ਉਤੇ ਬੈਠ ਗਏ ਸਨ। ਉਨ੍ਹਾਂ ਦੀ ਮੰਗ ਸੀ ਕਿ ਡੇਰਾ ਮੁਖੀ ਦੀ ਫ਼ਿਲਮ ਐਮæਐਸ਼ਜੀ-2 ਨੂੰ ਸਿਨੇਮਾ ਘਰਾਂ ਵਿਚ ਚਲਾਇਆ ਜਾਵੇ। ਡੇਰਾ ਆਗੂ ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਨੇ ਫ਼ਿਲਮ ਚਲਾਉਣ ਦਾ ਭਰੋਸਾ ਦਿੱਤਾ ਹੈ ਤੇ ਜੇ ਫ਼ਿਲਮ ਨਾ ਚਲਾਈ ਗਈ ਤਾਂ ਉਹ ਮੁੜ ਪੰਜਾਬ ਪੱਧਰ ਦਾ ਸੰਘਰਸ਼ ਉਲੀਕਣਗੇ।