-ਜਤਿੰਦਰ ਪਨੂੰ
ਭਾਰਤ ਦੇ ਆਮ ਲੋਕਾਂ ਨੂੰ ਮੰਡਲ ਅਤੇ ਕਮੰਡਲ ਵਿਚਾਲੇ ਥਾਲੀ ਦਾ ਬਤਾਊਂ ਸਮਝਣ ਵਾਲੇ ਲੋਕਤੰਤਰ ਦਾ ਇੱਕ ਹੋਰ ਤਮਾਸ਼ਾ ਹੁਣ ਬਿਹਾਰ ਵਿਚ ਹੋਣ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਦੀ ਇਸ ਵਿਚ ਦਿਲਚਸਪੀ ਹੈ। ਅਸੀਂ ਵੀ ਓਧਰ ਵੇਖਦੇ ਹਾਂ, ਪਰ ਓਸੇ ਤਰ੍ਹਾਂ, ਜਿਵੇਂ ਖੂੰਜੇ ਲੱਗਾ ਖੜਾ ਹਮਾਤੜ ਅੱਗੇ ਬਾਜ਼ਾਰ ਵਿਚ ਭਿੜਦੇ ਦੋ ਸੰਢਿਆਂ ਨੂੰ ਵੇਖਦਾ ਹੈ ਕਿ ਜਦੋਂ ਇਹ ਸਾਰਾ ਜ਼ੋਰ ਲਾ ਹਟਣਗੇ ਤਾਂ ਲੰਘਣ ਨੂੰ ਰਾਹ ਮਿਲ ਜਾਵੇਗਾ। ਰਾਜਨੀਤੀ ਪੱਖੋਂ ਇਸ ਵਿਚ ਸਿਰਫ ਏਨਾ ਮੁੱਦਾ ਅਹਿਮ ਹੈ ਕਿ ਸੁੱਕੇ ਮਰੂੰਡੇ ਨੂੰ ਦੇਵੀ ਦਾ ਪ੍ਰਸ਼ਾਦ ਆਖ ਕੇ ਵੰਡ ਸਕਣ ਦੇ ਮਾਹਰ ਨਰਿੰਦਰ ਮੋਦੀ ਦਾ ਦਿੱਲੀ ਤੋਂ ਬਾਅਦ ਦੂਸਰਾ ਵੱਕਾਰੀ ਮਜਮਾ ਬਿਹਾਰ ਵਿਚ ਜਾ ਲੱਗਾ ਹੈ।
ਦਿੱਲੀ ਵਿਚਲੇ ਮਜਮੇ ਵਿਚ ਭੀੜਾਂ ਮੋਦੀ ਵੱਲ ਵੱਧ ਸੁਣਨ ਜਾਂਦੀਆਂ ਸਨ, ਵੋਟਾਂ ਅਰਵਿੰਦ ਕੇਜਰੀਵਾਲ ਨੂੰ ਵੱਧ ਪੈ ਗਈਆਂ ਸਨ ਤੇ ਭਾਜਪਾ ਵੱਲੋਂ ਅੰਨਾ ਹਜ਼ਾਰੇ ਦੇ ਸਤਿਸੰਗ ਵਿਚੋਂ ਲਿਆਂਦੀ ਆਸ ਦੀ ‘ਕਿਰਨ’ ਆਪਣੇ ਆਪ ਨਿਰਾਸੀ ਗਈ ਸੀ। ਬਿਹਾਰ ਵੱਲੋਂ ਆਉਂਦੇ ਅਵਾੜੇ ਵੀ ਨਰਿੰਦਰ ਮੋਦੀ ਦੇ ਭਾਸ਼ਣ ਸੁਣਨ ਵਾਲੀ ਭੀੜ ਨੂੰ ਵੋਟਾਂ ਵਾਲੀ ਲਾਈਨ ਤੱਕ ਪੁਚਾਉਣ ਲਈ ਅਜੇ ਤੱਕ ਕੋਈ ਸੰਕੇਤ ਨਹੀਂ ਦਿੰਦੇ। ਸਰਵੇਖਣਾਂ ਵਿਚ ਨਿਤੀਸ਼ ਕੁਮਾਰ ਤੋਂ ਨਰਿੰਦਰ ਮੋਦੀ ਪਿੱਛੇ ਹੁੰਦਾ ਜਾਂਦਾ ਹੈ।
ਜਿਹੜੀ ਗੱਲ ਸਾਡੇ ਲਈ ਵਧੇਰੇ ਅਹਿਮ ਹੈ, ਉਹ ਭਾਰਤ ਦੇ ਬੜਾ ਪ੍ਰਚਾਰੇ ਜਾਂਦੇ ‘ਸੰਸਾਰ ਦਾ ਸਭ ਤੋਂ ਵੱਡਾ ਲੋਕ-ਰਾਜ’ ਵੱਲ ਇਸ ਦੇ ਆਮ ਲੋਕਾਂ ਦੀ ਵਧਦੀ ਨਿਰਾਸ਼ਾ ਹੈ। ਇਸ ਹਫਤੇ ਇਹ ਖੁਲਾਸਾ ਕਈ ਰਾਜਾਂ ਅੰਦਰ ਹੁੰਦਾ ਵੇਖਿਆ ਗਿਆ ਹੈ। ਕਦੀ ਨੌਜਵਾਨਾਂ ਵਿਚ ਇਹ ਖਾਸ ਖਿੱਚ ਹੁੰਦੀ ਸੀ ਕਿ ਉਹ ਆਪਣੀ ਵੋਟ ਬਣਾਉਣਗੇ ਅਤੇ ਵੋਟਾਂ ਵਾਲੇ ਦਿਨ ਪਾਉਣ ਜਾਣਗੇ। ਹੁਣ ਹਾਲਤ ਇਹ ਹੈ ਕਿ ਅਠਾਰਾਂ ਤੋਂ ਟੱਪ ਗਏ ਅਤੇ ਉਨੀ ਤੋਂ ਹੇਠਾਂ ਜਿਹੜੇ ਲੱਖਾਂ ਨੌਜਵਾਨ ਹਨ, ਉਨ੍ਹਾਂ ਵਿਚੋਂ ਮਸਾਂ ਤੀਜਾ ਹਿੱਸਾ ਵੋਟ ਬਣਾਉਣ ਦਾ ਫਾਰਮ ਭਰਨ ਗਏ ਹਨ, ਦੋ-ਤਿਹਾਈ ਦੀ ਇਸ ਵਿਚ ਕੋਈ ਰੁਚੀ ਹੀ ਨਹੀਂ। ਦੇਸ਼ ਦੀ ਇੱਕ ਵੀ ਪਾਰਟੀ ਇਸ ਅੰਕੜੇ ਬਾਰੇ ਨਹੀਂ ਬੋਲ ਸਕੀ। ਜਿਸ ਦੇਸ਼ ਵਿਚ ਲੱਖਾਂ ਹੀ ਨੌਜਵਾਨ ਆਪਣੀ ਵੋਟ ਪਾਉਣ ਦੀ ਗੱਲ ਕਿਧਰੇ ਰਹੀ, ਬਣਾਉਣ ਨੂੰ ਵੀ ਤਿਆਰ ਨਹੀਂ, ਉਸ ਦੇ ‘ਸੰਸਾਰ ਦਾ ਸਭ ਤੋਂ ਵੱਡਾ ਲੋਕ-ਰਾਜ’ ਹੋਣ ਦੀਆਂ ਟਾਹਰਾਂ ਵੀ ਖੋਖਲੀਆਂ ਹੋ ਜਾਂਦੀਆਂ ਹਨ।
ਨੌਜਵਾਨਾਂ ਵਿਚ ਆਪਣੇ ਦੇਸ਼ ਦੇ ਰਾਜ ਪ੍ਰਬੰਧ ਵੱਲ ਏਦਾਂ ਦੀ ਉਦਾਸੀਨਤਾ ਦਾ ਕਾਰਨ ਜਾਣਨ ਦੀ ਹਰ ਰਾਜਸੀ ਪਾਰਟੀ ਤੇ ਹਰ ਦੇਸ਼-ਦਰਦੀ ਨੂੰ ਲੋੜ ਹੋਣੀ ਚਾਹੀਦੀ ਹੈ, ਪਰ ਉਨ੍ਹਾਂ ਲਈ ਇਹ ਬੇਲੋੜਾ ਮੁੱਦਾ ਹੈ। ਲੋੜ ਦੇ ਮੁੱਦੇ ਇਸ ਦੀ ਥਾਂ ‘ਵੱਡੇ ਲੋਕ’ ਕਹੇ ਜਾਂਦੇ ਲੀਡਰਾਂ ਦੇ ਹਵਾਈ ਭਾਸ਼ਣ ਹਨ।
ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਬਹੁਤ ਨੇਕ ਬੰਦਾ ਸੀ, ਦੇਸ਼ ਦੇ ਲੋਕਾਂ ਦਾ ਬਹੁਤ ਵੱਡਾ ਨਾਇਕ ਵੀ ਸੀ। ਉਹ ਦੇਸ਼ ਦੇ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦਾ ਸੀ ਕਿ ਉਨ੍ਹਾਂ ਨੂੰ ਸੁਫਨੇ ਲੈਣੇ ਚਾਹੀਦੇ ਹਨ। ਨੌਜਵਾਨ ਸੁਫਨੇ ਲੈਂਦੇ ਹਨ, ਪਰ ਉਨ੍ਹਾਂ ਦੇ ਸੁਫਨੇ ਪੂਰੇ ਕਰਨ ਵਲ ਕੋਈ ਰਾਹ ਹੀ ਨਹੀਂ ਜਾਂਦਾ। ਕਿਧਰੇ ਕੋਈ ਇੱਕ ਨੌਕਰੀ ਨਿਕਲਦੀ ਹੈ, ਉਹ ਮਿਲਣ ਦਾ ਸੁਫਨਾ ਲੈ ਕੇ ਇੱਕ ਹਜ਼ਾਰ ਨੌਜਵਾਨ ਅਰਜ਼ੀਆਂ ਦੇ ਦੇਂਦੇ ਹਨ ਤੇ ਆਸ ਰੱਖਦੇ ਹਨ ਕਿ ਨੌਕਰੀ ਮੈਨੂੰ ਹੀ ਮਿਲਣੀ ਹੈ। ਇੱਕ ਨੂੰ ਨੌਕਰੀ ਮਿਲਦੀ ਅਤੇ ਨੌਂ ਸੌ ਨੜਿੰਨਵੇਂ ਨੌਜਵਾਨ ਜਦੋਂ ਇਹੋ ਜਿਹੀਆਂ ਅਰਜ਼ੀਆਂ ਚਾਲੀ-ਪੰਜਾਹ ਵਾਰੀ ਦੇ ਚੁੱਕਣ ਦੇ ਬਾਅਦ ਹਰ ਵਾਰੀ ਨਤੀਜਾ ਨਾਂਹ-ਪੱਖੀ ਆਉਂਦਾ ਵੇਖਣਗੇ, ਉਦੋਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਡਾਕਟਰ ਏ ਪੀ ਜੇ ਕਲਾਮ ਕੋਈ ਸਮਝਾਉਣੀ ਦੱਸੇ ਬਿਨਾਂ ਤੁਰ ਗਿਆ ਹੈ।
ਸਾਡੇ ਕੋਲ ਇੱਕ ਤਾਜ਼ਾ ਮਿਸਾਲ ਹੈ, ਬਹੁਤ ਹੀ ਭੱਦੀ ਮਿਸਾਲ, ਜਿਹੜੀ ਸੁਫਨਿਆਂ ਦਾ ਜਲੂਸ ਕੱਢ ਦੇਣ ਤੱਕ ਜਾਂਦੀ ਹੈ। ਉਤਰ ਪ੍ਰਦੇਸ਼ ਵਿਚ ਸੇਵਾਦਾਰ ਰੱਖਣੇ ਹਨ, ਜਿਨ੍ਹਾਂ ਦਾ ਕੰਮ ਇੱਕ ਦਫਤਰ ਦੀ ਚਿੱਠੀ ਦੂਸਰੇ ਦਫਤਰ ਤੱਕ ਦੇਣ ਜਾਣਾ ਅਤੇ ਵਿਹਲੇ ਵੇਲੇ ਕਿਸੇ ਅਫਸਰ ਨੂੰ ਪਾਣੀ ਪਿਆਉਣ ਤੋਂ ਉਸ ਦਾ ਰੋਟੀ ਵਾਲਾ ਡੱਬਾ ਘਰੋਂ ਜਾ ਕੇ ਫੜ ਲਿਆਉਣ ਤੱਕ ਸੀਮਤ ਹੈ। ਯੋਗਤਾ ਏਨੀ ਹੈ ਕਿ ਉਮੀਦਵਾਰ ਨੇ ਪੰਜ ਜਮਾਤਾਂ ਪਾਸ ਕੀਤੀਆਂ ਹੋਣ ਅਤੇ ਸਾਈਕਲ ਚਲਾਉਣਾ ਜਾਣਦਾ ਹੋਵੇ। ਜਿਨ੍ਹਾਂ ਬੱਚਿਆਂ ਨੇ ਨੌਕਰੀ ਦੀ ਅਰਜ਼ੀ ਦਿੱਤੀ ਹੈ, ਉਨ੍ਹਾਂ ਵਿਚ ਹਜ਼ਾਰਾਂ ਨੌਜਵਾਨ ਐਮ ਏ ਜਾਂ ਇਸ ਤੋਂ ਵਡੀ ਡਿਗਰੀ ਵਾਲੇ ਹਨ ਤੇ ਕਈ ਸੈਂਕੜੇ ਨੌਜਵਾਨ ਉਹ ਵੀ ਹਨ, ਜਿਨ੍ਹਾਂ ਨੇ ਡਾਕਟਰੇਟ ਜਾਂ ਇੰਜੀਨੀਅਰ ਦੀ ਡਿਗਰੀ ਲਈ ਹੋਈ ਹੈ। ਵਿਚਾਰੇ ਲੱਖਾਂ ਰੁਪਏ ਪੜ੍ਹਾਈ ‘ਤੇ ਫੂਕ ਕੇ, ਆਪਣੇ ਮਾਂ-ਬਾਪ ਨੂੰ ਕਰਜ਼ੇ ਦੇ ਬੋਝ ਹੇਠ ਦੱਬਣ ਪਿੱਛੋਂ ਹੁਣ ਸਿਰਫ ਪੰਜ ਜਮਾਤਾਂ ਦੀ ਯੋਗਤਾ ਵਾਲੀ ਲਾਈਨ ਵਿਚ ਖੜੋਤੇ ਹਨ। ਅਗਲੀ ਗੱਲ ਹੋਰ ਦੁਖੀ ਕਰ ਸਕਦੀ ਹੈ। ਸੇਵਦਾਰ ਰੱਖਣ ਲਈ ਇਹ ਨੌਕਰੀਆਂ ਸਿਰਫ ਤਿੰਨ ਸੌ ਸੱਠ ਹਨ, ਉਥੇ ਇੱਕ ਲਈ ਦਸ ਜਣੇ ਅਰਜ਼ੀ ਦੇਂਦੇ ਤਾਂ ਛੱਤੀ ਸੌ ਹੁੰਦੇ ਤੇ ਇੱਕ ਪੋਸਟ ਲਈ ਸੌ ਅਰਜ਼ੀਆਂ ਦੇਂਦੇ ਤਾਂ ਛੱਤੀ ਹਜ਼ਾਰ ਹੋ ਜਾਂਦੇ। ਅਸੀਂ ਪਹਿਲਾਂ ਕਿਹਾ ਹੈ ਕਿ ਇੱਕ ਨੌਕਰੀ ਲਈ ਇੱਕ ਹਜ਼ਾਰ ਅਰਜ਼ੀਆਂ ਆ ਜਾਂਦੀਆਂ ਹਨ, ਇਸ ਹਿਸਾਬ ਜੇ ਤਿੰਨ ਸੌ ਸੱਠ ਦੇ ਲਈ ਉਥੇ ਇੱਕ-ਇੱਕ ਹਜ਼ਾਰ ਅਰਜ਼ੀਆਂ ਆ ਜਾਂਦੀਆ ਤਾਂ ਉਹ ਤਿੰਨ ਲੱਖ ਸੱਠ ਹੋਣੀਆਂ ਸਨ। ਅਫਸੋਸ ਕਿ ਉਥੇ ਤਿੰਨ ਸੌ ਸੱਠ ਨੌਕਰੀਆਂ ਲਈ ਤੇਈ ਲੱਖ ਨੌਜਵਾਨਾਂ ਅਰਜ਼ੀ ਦਿੱਤੀ ਹੈ। ਇੱਕ ਨੌਕਰੀ ਲਈ ਛੇ ਹਜ਼ਾਰ ਚਾਰ ਸੌ ਨੱਬੇ ਬੱਚਿਆਂ ਨੂੰ ਝਾਕ ਹੈ। ਸਿਰਫ ਇੱਕ ਜਣਾ ਨੌਕਰੀ ਲੈ ਲਵੇਗਾ, 6399 ਬੈਠੇ ਰੋਣਗੇ।
ਹੁਣ ਇੱਕ ਦੂਸਰਾ ਪੱਖ ਵੇਖੀਏ। ਭਾਰਤ ਵਿਚ ਆਮ ਆਦਮੀ ਛੋਟੀ-ਮੋਟੀ ਚੋਰੀ ਲਈ ਫੜਿਆ ਜਾਵੇ, ਉਸ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ, ਪਰ ਵੱਡੇ ਲੋਕਾਂ ਲਈ ‘ਸਮਰੱਥ ਕੋ ਨਹੀਂ ਦੋਸ ਗੋਸਾਈਂ’ ਦਾ ਫਾਰਮੂਲਾ ਮੁਕੰਮਲ ਰੂਪ ਵਿਚ ਲਾਗੂ ਹੁੰਦਾ ਹੈ। ਕਦੇ-ਕਦਾਈਂ ਕੋਈ ਓਮ ਪ੍ਰਕਾਸ਼ ਚੌਟਾਲਾ ਕਿਸੇ ਵੱਡੇ ਸਿਆਸੀ ਵਿਰੋਧ ਕਾਰਨ ਭਰਤੀ ਦੇ ਘੋਟਾਲੇ ਵਿਚ ਫਸ ਜਾਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ। ਵੱਡੇ ਤੋਂ ਵੱਡੇ ਚੋਰ ਫਸਣ ਪਿੱਛੋਂ ਅਦਾਲਤ ਤੋਂ ਜਦੋਂ ਸਜ਼ਾ ਹੋ ਜਾਂਦੀ ਹੈ, ਉਦੋਂ ਵੀ ਲੋਕਾਂ ਉਤੇ ਟੌਹਰ ਨਾਲ ਰਾਜ ਕਰੀ ਜਾਂਦੇ ਹਨ। ਪੰਜਾਬ ਦੇ ਇੱਕ ਸੱਜਣ ਨੂੰ ਅਦਾਲਤ ਨੇ ਕੈਦ ਦੀ ਸਜ਼ਾ ਦੇ ਦਿੱਤੀ, ਉਹ ਉਤਲੀ ਅਦਾਲਤ ਵਿਚ ਅਪੀਲ ਕਰਨ ਪਿੱਛੋਂ ਆਰਾਮ ਨਾਲ ਵਜ਼ੀਰੀ ਕਰਦਾ ਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਫਿਰਦਾ ਹੈ। ਆਮ ਆਦਮੀ ਉਤੇ ਕਿਸੇ ਸਰਕਾਰੀ ਅਦਾਰੇ ਦੀ ਦੇਣਦਾਰੀ ਦੇ ਦਸ ਹਜ਼ਾਰ ਦੀ ਰਕਮ ਖੜੀ ਹੋਵੇ, ਸਾਂਝੇ ਖਾਤੇ ਦੀ ਪੰਜ ਮਰਲੇ ਜ਼ਮੀਨ ਉਸ ਦੇ ਘਰ ਦੇ ਨਾਲ ਡੰਗਰਾਂ ਵਾਸਤੇ ਵਲਗਣ ਕਰਨ ਦਾ ਦੋਸ਼ ਲੱਗ ਗਿਆ ਹੋਵੇ ਤਾਂ ਉਹ ਪੰਚਾਇਤ ਦੀ ਚੋਣ ਤੱਕ ਨਹੀਂ ਲੜ ਸਕਦਾ। ਕੇਂਦਰ ਸਰਕਾਰ ਵਿਚ ਇੱਕ ਮੰਤਰੀ ਇਹੋ ਜਿਹਾ ਜਾ ਬਣਿਆ, ਜਿਸ ਨੇ ਚੋਣ ਲੜਨ ਵੇਲੇ ਆਪ ਹਲਫੀਆ ਬਿਆਨ ਦਿੱਤਾ ਹੋਇਆ ਹੈ ਕਿ ਉਸ ਦਾ ਨਾਂ ਕੇਂਦਰ ਸਰਕਾਰ ਦੇ ਇੱਕ ਬੈਂਕ ਨਾਲ ਹੋਈ ਤਿੰਨ ਸੌ ਕਰੋੜ ਰੁਪਏ ਦੀ ਹੇਰਾਫੇਰੀ ਦੇ ਕੇਸ ਵਿਚ ਸ਼ਾਮਲ ਹੈ। ਤਕੜੇ ਦਾ ਕਾਨੂੰਨ ਦੇ ਕਾਗਜ਼ਾਂ ਵਿਚ ਵੀ ‘ਸੱਤੀਂ ਵੀਹੀਂ ਸੌ’ ਇਸੇ ਤਰ੍ਹਾਂ ਚੱਲੀ ਜਾਂਦਾ ਹੈ ਤੇ ਮਾੜਿਆਂ ਨੂੰ ਇਹ ਕਿਹਾ ਜਾਣਾ ਜਾਰੀ ਰਹਿੰਦਾ ਹੈ ਕਿ ‘ਸੰਸਾਰ ਦਾ ਸਭ ਤੋਂ ਵੱਡਾ ਲੋਕ-ਰਾਜ’ ਤੁਸੀਂ ਮਾਣ ਰਹੇ ਹੋ, ਇਸ ਕਰਕੇ ਇਸ ਨੂੰ ਜਿਹੋ ਜਿਹਾ ਵੀ ਕਾਣਾ-ਗੰਜਾ ਲੱਗਦਾ ਹੈ, ਕਬੂਲ ਕਰਕੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਮਾਰਦੇ ਰਹੋ।
ਕਦੇ-ਕਦੇ ਇਸ ਫੋਕੀ ਨਾਅਰੇਬਾਜ਼ੀ ਤੋਂ ਲੋਕ ਅੱਕ ਜਾਂਦੇ ਹਨ। ਉਹ ਫਿਰ ਮੈਦਾਨ ਵਿਚ ਆਉਣ ਲੱਗਣ ਤਾਂ ਉਨ੍ਹਾਂ ਨੂੰ ਉਸ ਤਰ੍ਹਾਂ ਦੀ ਮਿਥਿਹਾਸਕ ਛਲਾਵੇ ਦੀ ਗਊ ਵਰਗਾ ਸੁਫਨਾ ਵਿਖਾਇਆ ਜਾਂਦਾ ਹੈ, ਜਿਹੜੀ ਗਊ ਦੇ ਅਗਲੇ ਪਾਸੇ ਖੂਬਸੂਰਤ ਮੁਟਿਆਰ ਦਾ ਸਿਰ ਲੱਗਾ ਦਿਖਾਈ ਦੇਂਦਾ ਹੈ। ਨਾ ਉਸ ਖੂਬਸੂਰਤ ਸਿਰ ਵਾਲੀ ਕੁੜੀ ਨਾਲ ਵਿਆਹ ਕਰਵਾਇਆ ਜਾ ਸਕਦਾ ਹੈ, ਨਾ ਉਸ ਧੜ ਵਾਲੀ ਗਊ ਨੇ ਦੁੱਧ ਦੇਣਾ ਹੈ। ਉਹ ਸਿਰਫ ਛਲਾਵਾ ਹੁੰਦੀ ਹੈ। ਭਾਰਤ ਦਾ ਲੋਕ-ਰਾਜ ਵੀ ਸਮੇਂ-ਸਮੇਂ ਆਪਣੇ ਲੋਕਾਂ ਨੂੰ ਏਦਾਂ ਦੀਆਂ ਗਊਆਂ ਦੇ ਦਰਸ਼ਨ ਕਰਾਉਂਦਾ ਰਹਿੰਦਾ ਹੈ। ਪਿਛਲੇ ਸਾਲਾਂ ਵਿਚ ਜਦੋਂ ਅੰਨਾ ਦਾ ਅੰਦੋਲਨ ਹੋਇਆ ਸੀ, ਉਹ ਵੀ ਏਦਾਂ ਦੀ ਗਊ ਸਾਬਤ ਹੋਇਆ ਹੈ। ਬਹੁਤ ਵੱਡੇ ਲੋਕਾਂ ਦੇ ਹੜ੍ਹ ਸਾਹਮਣੇ ਲੀਡਰਾਂ ਨੇ ਇਹ ਐਲਾਨ ਕੀਤੇ ਸਨ ਕਿ ਉਹ ਤਾਂ ਭ੍ਰਿਸ਼ਟਾਚਾਰ ਨੂੰ ਹੂੰਝਾ ਫੇਰ ਦੇਣਗੇ, ਸਿੱਟਾ ਸਿਰਫ ਇਹ ਨਿਕਲਿਆ ਕਿ ਉਨ੍ਹਾਂ ਵਿਚੋਂ ਕੁਝ ਨਵੇਂ ਆਗੂ ਇਸ ਲੋਕ-ਰਾਜ ਨੂੰ ਮਿਲ ਗਏ, ਭ੍ਰਿਸ਼ਟਾਚਾਰ ਦਾ ਵਹਿਣ ਵਗਦਾ ਰਿਹਾ। ਕੁਝ ਤਾਂ ਆਮ ਆਦਮੀ ਪਾਰਟੀ ਬਣਾ ਬੈਠੇ ਤੇ ਕੁਝ ਜਨਰਲ ਵੀ ਕੇ ਸਿੰਘ ਅਤੇ ਕਿਰਨ ਬੇਦੀ ਵਰਗੇ ਸਨ, ਜਿਨ੍ਹਾਂ ਦਾ ਬਾਅਦ ਵਿਚ ਇਹ ਭੇਦ ਖੁੱਲ੍ਹਾ ਕਿ ਉਹ ਲਹਿਰ ਨੂੰ ਲੀਹੋਂ ਲਾਹੁਣ ਵਾਸਤੇ ਉਥੇ ਭੇਜੇ ਗਏ ਸਨ। ਜਿਸ ਲੋਕ-ਰਾਜ ਕੋਲ ਲੋਕਾਂ ਦੀ ਕਿਸੇ ਵੀ ਲੋਕ-ਲਹਿਰ ਦਾ ਭੱਠਾ ਬਿਠਾਉਣ ਲਈ ਰਾਮਦੇਵ ਦੇ ਸਵਾਭਿਮਾਨ ਟਰੱਸਟ ਵਰਗੇ ਕਈ ਮੰਚ ਖੜੇ ਪੈਰ ਬਣਾਉਣ ਦੇ ਖਰੜੇ ਹਰ ਵੇਲੇ ਮੌਜੂਦ ਹੁੰਦੇ ਹਨ, ਉਹ ਲੋਕਾਂ ਨੂੰ ਉਠਣ ਜੋਗਾ ਛੱਡਦਾ ਹੀ ਨਹੀਂ।
ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਅਤੇ ਤਾਜ਼ਾ-ਤਾਜ਼ਾ ਲੋਕ-ਰਾਜ ਆਇਆ ਸੀ, ਲੋਕਾਂ ਦੇ ਮਨ ਵਿਚ ਭਰਮ ਪੈ ਗਿਆ ਸੀ ਕਿ ਹੁਣ ਅੰਗਰੇਜ਼ਾਂ ਤੇ ਰਾਜਿਆਂ ਦੇ ਬਾਟੀ-ਚੱਟ ਗਿਣੇ ਜਾਂਦੇ ਜਗੀਰਦਾਰਾਂ ਤੋਂ ਉਹ ਜ਼ਮੀਨਾਂ ਵੀ ਖੋਹ ਲੈਣਗੇ। ਮੁਜ਼ਾਰਿਆਂ ਦੀ ਲਹਿਰ ਸਾਰੇ ਦੇਸ਼ ਵਿਚ ਫੈਲ ਗਈ ਸੀ। ਉਦੋਂ ਭਾਰਤੀ ਲੋਕ-ਰਾਜ ਨੇ ਵਿਨੋਬਾ ਭਾਵੇ ਨੂੰ ਅੱਗੇ ਕਰਕੇ ਇਹ ਛਲਾਵਾ ਪੇਸ਼ ਕੀਤਾ ਕਿ ਹੱਕ ਲੈਣ ਲਈ ਐਵੇਂ ਲੜਨ ਦੀ ਲੋੜ ਨਹੀਂ, ਇਹ ਸੰਤ ਜਗੀਰਦਾਰਾਂ ਦੇ ਮਨਾਂ ਨੂੰ ਪਲਟ ਦੇਵੇਗਾ ਅਤੇ ਉਹ ਆਪਣੇ ਕੋਲ ਵਾਧੂ ਪਈਆਂ ਜ਼ਮੀਨਾਂ ਦਾਨ ਕਰ ਦੇਣਗੇ। ਪਹਿਲ ਇੱਕ ਜਗੀਰਦਾਰ ਵੱਲੋਂ ਇੱਕ ਸੌ ਏਕੜ ਦਾਨ ਕਰਨ ਤੋਂ ਹੋਈ ਤਾਂ ਕੋਈ ਇੱਕ ਤੇ ਕੋਈ ਦਸ ਹਜ਼ਾਰ ਏਕੜ ਦਾਨ ਕਰਨ ਲੱਗ ਪਿਆ। ਲੋਕ ਸੰਘਰਸ਼ ਦਾ ਰਾਹ ਛੱਡ ਕੇ ਬਹਿ ਗਏ। ਜ਼ਮੀਨਾਂ ਦਾਨ ਵਿਚ ਮਿਲਦੀਆਂ ਰਹੀਆਂ, ਅੰਕੜੇ ਗਿਣਨ ਦਾ ਕੰਮ ਵੀ ਹੁੰਦਾ ਰਿਹਾ ਅਤੇ ਲੋਕ ਖੁਸ਼ ਹੋਈ ਜਾਣ। ਨਤੀਜਾ ਇਹ ਨਿਕਲਿਆ ਕਿ ਸਾਢੇ ਸੰਤਾਲੀ ਲੱਖ ਏਕੜ ਤੋਂ ਵੱਧ ਜ਼ਮੀਨ ਹਾਸਲ ਕੀਤੀ ਅਤੇ ਸਾਢੇ ਚੌਵੀ ਲੱਖ ਏਕੜ ਵੰਡ ਦੇਣ ਦਾ ਭਰਮ ਪਾ ਕੇ ਤੇਈ ਲੱਖ ਏਕੜ ਤੋਂ ਵੱਧ ਅਣਵਰਤੀ ਰੱਖ ਕੇ ਇਹ ਦੱਸਿਆ ਹੀ ਨਹੀਂ ਕਿ ਇਹ ਕਿਸ ਦੇ ਕੋਲ ਰਹਿਣੀ ਹੈ? ਏਨਾ ਹੀ ਨਹੀਂ, ਸਗੋਂ ਅਗਲੀ ਗੱਲ ਇਹ ਕਿ ਜਿਹੜੀ ਜ਼ਮੀਨ ਵੰਡੀ ਗਈ, ਉਹ ਦਾਨ ਦੇਣ ਵਾਲੇ ਜਗੀਰਦਾਰਾਂ ਨੇ ਆਪਣੇ ਮੁਜ਼ਾਰਿਆਂ ਦੇ ਨਾਂ ਕਰਨ ਦਾ ਵਿਖਾਵਾ ਕਰਕੇ ਬੇਨਾਮੀ ਮਾਲਕੀ ਵਜੋਂ ਆਪਣੇ ਕਬਜ਼ੇ ਵਿਚ ਰੱਖਣ ਦੇ ਰਾਹ ਕੱਢ ਲਏ ਸਨ। ਭਾਰਤ ਦੇ ਲੋਕਾਂ ਨੂੰ ਅੱਜ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਵਿਨੋਬਾ ਭਾਵੇ ਬਿਨਾਂ ਸ਼ੱਕ ਨੀਤ ਦਾ ਖੋਟਾ ਨਾ ਹੋਵੇ, ਭਾਰਤ ਦੇ ਲੋਕ-ਰਾਜ ਦਾ ਝੰਡਾ ਵਿਖਾ ਕੇ ਅੰਨ੍ਹੀ ਮਚਾਉਣ ਵਾਲੇ ਠੱਗਾਂ ਨੇ ਉਸ ਨੂੰ ਇੱਕ ਸੁਹਾਵਣਾ ਸੁਫਨਾ ਵਿਖਾਉਣ ਲਈ ਵਰਤ ਲਿਆ ਸੀ।
ਸੱਚ ਦੇ ਦਰਸ਼ਨ ਕਰਨ ਤੋਂ ਬੜੀ ਵਾਰੀ ਲੋਕ ਵਾਂਝੇ ਰਹਿ ਜਾਂਦੇ ਹਨ। ਏਥੇ ਕਿਸੇ ਪਿੰਡ ਵਿਚ ਅੱਜ ਜ਼ਮੀਨ ਚੁਣ ਕੇ ਚਾਰ ਸਿਆਸੀ ਬੰਦੇ ਖਰੀਦਦੇ ਹਨ, ਇੱਕ ਮਹੀਨੇ ਬਾਅਦ ਉਥੇ ਸਰਕਾਰ ਦਾ ਪ੍ਰਾਜੈਕਟ ਲਵਾ ਕੇ ਕੌਡੀਆਂ ਦੇ ਭਾਅ ਲਈ ਜ਼ਮੀਨ ਅੰਦਰ-ਖਾਤੇ ਸੈਨਤ ਮਿਲਾ ਕੇ ਸਰਕਾਰ ਨੂੰ ਕਰੋੜਾਂ ਦੇ ਭਾਅ ਸੌਂਪ ਕੇ ਮਾਲ ਕਮਾ ਜਾਂਦੇ ਹਨ। ਏਸੇ ਦੇਸ਼ ਵਿਚ ਕਦੇ ਹਰੀਕੇ ਪੱਤਣ ਦਾ ਹੈਡ ਵਰਕਸ ਬਣਿਆ ਸੀ, ਉਥੇ ਗ੍ਰਹਿਣ ਕੀਤੀ ਜ਼ਮੀਨ ਦਾ ਸਬੰਧਤ ਕਿਸਾਨਾਂ ਵਿਚੋਂ ਕਈਆਂ ਨੂੰ ਸੱਠ ਸਾਲ ਲੰਘਣ ਪਿੱਛੋਂ ਵੀ ਜਾਇਜ਼ ਮੁਆਵਜ਼ਾ ਨਹੀਂ ਮਿਲਿਆ। ਲੋਕ-ਰਾਜ ਉਨ੍ਹਾਂ ਲਈ ਲੁੱਟ-ਰਾਜ ਬਣ ਗਿਆ। ਜਿਸ ਦੇਸ਼ ਵਿਚ ਆਮ ਆਦਮੀ ਦਾ ਇਹ ਹਾਲ ਹੈ, ਉਥੇ ਲੋਕ-ਰਾਜ ਨਾਲ ਲੋਕਾਂ ਦਾ ਮੋਹ ਕਿੱਦਾਂ ਹੋ ਸਕਦਾ ਹੈ? ਲੋਕਾਂ ਦਾ ਲੋਕ-ਰਾਜ ਨਾਲੋਂ ਮੋਹ ਟੁੱਟ ਰਿਹਾ ਹੈ, ਦਿਨੋ-ਦਿਨ ਟੁੱਟ ਰਿਹਾ ਹੈ ਤੇ ਉਨ੍ਹਾਂ ਨੂੰ ਸੁੱਤੇ-ਜਾਗਦੇ ਇੱਕੋ ਮੁਹਾਵਰੇ ਦੀ ਧੁਨ ਸੁਣਾਈ ਦੇ ਰਹੀ ਹੈ: ‘ਭੱਠ ਪਵੇ ਸੋਨਾ, ਭੱਠ ਪਵੇ ਸੋਨਾ, ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ’। ਵਿਨੋਬਾ ਭਾਵੇ ਤੋਂ ਅੰਨਾ ਹਜ਼ਾਰੇ ਤੱਕ ਜਿੰਨੇ ਸੁਧਾਰਕ ਆਏ ਹਨ, ਅਸੀਂ ਉਨ੍ਹਾਂ ਦੀ ਨੀਤ ਉਤੇ ਸ਼ੱਕ ਨਹੀਂ ਕਰਦੇ, ਪਰ ਇਸ ਲੋਕ-ਰਾਜ ਨੂੰ ਲੱਗੇ ਰੋਗ ਦੇ ਇਲਾਜ ਲਈ ਜਿੱਦਾਂ ਦਾ ਓਹੜ-ਪੋਹੜ ਉਹ ਕਰਦੇ ਹਨ, ਉਸ ਤੋਂ ਲੋਕ ਆਵਾਜ਼ਾਰ ਹਨ।