ਤਿਲ ਦਾ ਮਾਣ

ਬਲਜੀਤ ਬਾਸੀ
ਆਪਾਂ ਨਿਮਾਣਿਆਂ ਦਾ ਮਾਣ ਵਧਾਉਣ ਦਾ ਬੀੜਾ ਚੁੱਕਿਆ ਹੈ। ਇਸ ਫੈਸਲੇ ਕਾਰਨ ਇਸ ਵਾਰ ਤਿਲ ਨੂੰ ਸਾਡੇ ਉਪਕਾਰ ਦਾ ਲਾਭ ਪੁੱਜੇਗਾ। ਇਕ ਹਿੰਦੂ ਵਿਸ਼ਵਾਸ ਅਨੁਸਾਰ ਤਿਲ ਵਿਸ਼ਨੂੰ ਦੇ ਪਸੀਨੇ ਦੀਆਂ ਬੂੰਦਾਂ ਤੋਂ ਪੈਦਾ ਹੋਏ। ਗੁਰੂ ਸਾਹਿਬਾਂ ਨੇ ਤਿਲ ਕਾ ਮਾਨ ਉਕਤੀ ਕਈ ਵਾਰੀ ਵਰਤੀ ਹੈ। “ਜੇ ਕੋ ਪਾਵੈ ਤਿਲ ਕਾ ਮਾਨੁ॥” (ਗੁਰੂ ਰਾਮ ਦਾਸ) ਏਥੇ ਇਸ ਦਾ ਅਰਥ ਤਿਲ ਜਿੰਨੀ ਭਾਵ ਬਹੁਤ ਥੋੜ੍ਹੀ ਵਡਿਆਈ ਲਿਆ ਜਾਂਦਾ ਹੈ, ਮਾਨੁ= ਵਡਿਆਈ। ਤਿਲ ਸ਼ਕਲ ਵਜੋਂ ਚਪਟਾ, ਇਕ ਪਾਸਿਓਂ ਗੋਲ, ਦੂਜੇ ਪਾਸਿਓਂ ਨੁਕਤੇ ਜਿਹਾ ਅਤੇ ਆਕਾਰ ਵਜੋਂ ਬਹੁਤ ਹੀ ਮਹੀਨ ਹੁੰਦਾ ਹੈ।

ਭਾਈ ਗੁਰਦਾਸ ਨੇ ਤਿਲ ਦਾ ਰੇਖਾ ਚਿੱਤਰ ਇਸ ਤਰ੍ਹਾਂ ਉਲੀਕਿਆ ਹੈ,
ਤਿਲੁ ਕਾਲਾ ਫੁਲੁ ਉਜਲਾ
ਹਰਿਆ ਬੂਟਾ ਕਿਆ ਨੀਸਾਣੀ।
ਮੁਢਹੁ ਵਢਿ ਬਣਾਈਐ
ਸਿਰ ਤਲਵਾਇਆ ਮਝਿ ਬਿਬਾਣੀ।
ਕਰਿ ਕਟਿ ਪਾਈ ਝੰਬੀਐ
ਤੇਲੁ ਤਿਲੀਹੂੰ ਪੀੜੇ ਘਾਣੀ।
ਜਦ ਹੀਰ, ਰਾਂਝੇ ਤੋਂ ਰੁਖਸਤ ਹੁੰਦੀ ਹੈ ਤਾਂ ਸਹਿਤੀ ਵਲੋਂ ਕੀਤੇ ਕਲਾਮ ਵਿਚ ਤਿਲ ਸ਼ਬਦ ਦੀ ਵਰਤੋਂ ਦੇਖੋ,
ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ,
ਡੁੱਕਾਂ ਭੰਨ ਚੋਲੀ ਵਿਚ ਟੇਲੀਆਂ ਨੀ।
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ,
ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ।
ਕਿਸੇ ਅੰਬ ਤੇਰੇ ਅੱਜ ਚੂਪ ਲਏ,
ਤਿਲ ਪੀੜ ਕਢੇ ਜਿਵੇਂ ਤੇਲੀਆਂ ਨੀ।
ਤੇਰਾ ਕਿਸੇ ਨੱਢੇ ਨਾਲ ਮੇਲ ਹੋਇਆ,
ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ।
ਤੇਰੀਆਂ ਗੱਲ੍ਹਾਂ ‘ਤੇ ਦੰਦਾਂ ਦੇ ਦਾਗ਼ ਦਿੱਸਣ,
ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ। (ਵਾਰਿਸ ਸ਼ਾਹ)
ਭਿੰਨ-ਭਿੰਨ ਫਸਲਾਂ ਬੀਜਣ ਸਬੰਧੀ ਇਕ ਸਿਖਿਆਦਾਇਕ ਕਹਾਵਤ ਹੈ, ‘ਤਿਲ ਸੰਘਣਾ, ਮੋਠ ਛਿਦਰਾ, ਡੱਡੂ ਟੱਪ ਜਵਾਰ; ਕੋਈ ਕੋਈ ਬੂਟਾ ਕਪਾਹ ਦਾ, ਕਦੀ ਨਾ ਹੋਵੇ ਹਾਰ।’ ਸਰੀਰ ਉਤੇ ਕੁਦਰਤੀ ਤੌਰ ‘ਤੇ ਪਏ ਤਿਲ ਜਿਹੇ ਕਾਲੇ ਨਿਸ਼ਾਨ ਅਤੇ ਅੱਖ ਦੀ ਪੁਤਲੀ ਵਿਚਲੇ ਕਾਲੇ ਨਿਸ਼ਾਨ ਨੂੰ ਵੀ ਤਿਲ ਕਿਹਾ ਜਾਂਦਾ ਹੈ। ਇਸ ਦਾ ਇਕ ਰੁਪਾਂਤਰ ਤਿਣ ਹੈ। ਗੋਰੇ ਮੁਖੜੇ ‘ਤੇ ਪਏ ਤਿਣ ਸੁੰਦਰਤਾ ਵਿਚ ਵਾਧਾ ਕਰਦੇ ਹਨ। ਸ਼ੋਭਾ ਵਧਾਉਣ ਲਈ ਚਿਹਰੇ ‘ਤੇ ਕਾਲਾ ਤਿਲ ਵੀ ਲਾਇਆ ਜਾਂਦਾ ਹੈ। “ਤੇਰੇ ਮੂੰਹ ‘ਤੇ ਕਾਲਾ ਤਿਲ ਕੁੜੀਏ ਨੀ, ਤੇਰੇ ਮੂੰਹ ‘ਤੇ ਕਾਲਾ ਤਿਲ ਕੁੜੀਏ, ਸਾਡੇ ਸੀਨੇ ਦੇ ਵਿਚ ਇੰਜ ਖੁਭਦਾ ਜਿਉਂ ਟੈਰ ਦੇ ਵਿਚ ਕੋਈ ਕਿਲ ਕੁੜੀਏæææ।”
ਇਨ੍ਹਾਂ ਨੂੰ ਤਿਤੋਲੜੇ ਵੀ ਕਿਹਾ ਜਾਂਦਾ ਹੈ, ਵਾਰਿਸ ਸ਼ਾਹ ਰਾਂਝੇ ਦਾ ਹੁਸਨ ਬਿਆਨ ਕਰਦਾ ਹੈ, “ਤੇਰੇ ਸਿਆਹ ਤਤੋਲੜੇ ਕਜਲੇ ਦੇ ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ।” ਤਿਲ ਤੋਂ ਭਾਵ ਤਿਲਮਾਤਰ ਅਰਥਾਤ ਰੀਣ ਕੁ ਵੀ ਹੁੰਦਾ ਹੈ, ਤਿਲ ਸੁੱਟਣ ਜਿੰਨੀ ਥਾਂ ਨਾ ਹੋਣੀ ਮੁਹਾਵਰਾ ਇਥੋਂ ਹੀ ਬਣਿਆ। ਇਸ ਤੋਂ ਪਲ, ਛਣ ਦਾ ਭਾਵ ਵੀ ਲਿਆ ਜਾਂਦਾ ਹੈ, “ਰਾਮ ਨਾਮੁ ਇਕੁ ਤਿਲ ਤਿਲ ਗਾਵੈ॥” ਤਿਲ ਦੁਨੀਆਂ ਵਿਚ ਸਭ ਤੋਂ ਪੁਰਾਣਾ ਤੇਲ ਬੀਜ ਗਿਣਿਆ ਜਾਂਦਾ ਹੈ। ਸਭ ਤੋਂ ਵਧੀਆ ਕਿਸਮ ਦਾ ਤਿਲ ਭਾਰਤ ਵਿਚ ਉਗਾਇਆ ਜਾਣ ਲੱਗਾ ਸੀ। ਤਿਲ ਵਿਚ ਵਧੇਰੇ ਮਾਤਰਾ ਵਿਚ ਤੇਲ ਹੁੰਦਾ ਹੈ ਹਾਲਾਂ ਕਿ ਕੁਝ ਬਾਂਝ ਵੀ ਹੁੰਦੇ ਹਨ ਜਿਸ ਕਾਰਨ ‘ਇਨ੍ਹਾਂ ਤਿਲਾਂ ਵਿਚ ਤੇਲ ਨਹੀਂ’ ਕਹਾਵਤ ਬਣੀ। ਇਸ ਦੇ ਤੇਲ ਨੂੰ ਮਿੱਠਾ ਤੇਲ ਕਿਹਾ ਜਾਂਦਾ ਹੈ।
ਸਿਰਫ ਭਾਰਤ ਵਿਚ ਹੀ ਨਹੀਂ, ਹੋਰ ਦੇਸ਼ਾਂ ਵਿਚ ਵੀ ਖਾਣ-ਪੀਣ ਵਾਲੇ ਪਕਵਾਨਾਂ ਵਿਚ ਤਿਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਕਈ ਫਾਸਟ ਫੂਡਾਂ ਦੇ ਬੰਨਾਂ ਨੂੰ ਜ਼ਾਇਕੇਦਾਰ ਬਣਾਉਣ ਲਈ ਤਿਲਾਂ ਦਾ ਛੱਟਾ ਦਿੱਤਾ ਜਾਂਦਾ ਹੈ। ਡਬਲਰੋਟੀਆਂ ਅਤੇ ਬਿਸਕੁਟਾਂ ਵਿਚ ਵੀ ਤਿਲ ਚਿਪਕਾਏ ਜਾਂਦੇ ਹਨ। ਕਹਿੰਦੇ ਹਨ, ਮੈਕਸੀਕੋ ਵਿਚ ਪੈਦਾ ਹੁੰਦੇ ਤਿਲਾਂ ਦਾ ਪੌਣਾ ਹਿੱਸਾ ਮੈਕਡੋਨਲਡ ਵਾਲੇ ਹੀ ਖਰੀਦ ਲੈਂਦੇ ਹਨ।
ਤਿਲ ਕਈ ਰੰਗਾਂ ਦੇ ਹੁੰਦੇ ਹਨ ਪਰ ਭਾਰਤ ਵਿਚ ਇਹ ਚਿੱਟੇ ਅਤੇ ਕਾਲੇ- ਦੋ ਰੰਗਾਂ ਵਿਚ ਮਿਲਦੇ ਹਨ। ਇਸ ਵਿਚ ਚੌਲ ਪਾ ਕੇ ਇਕ ਤਰ੍ਹਾਂ ਦੀ ਖਿਚੜੀ ਪਕਾਈ ਜਾਂਦੀ ਹੈ ਜਿਸ ਨੂੰ ਤਿਲਚੌਲੀ ਕਿਹਾ ਜਾਂਦਾ ਹੈ। ਕਈ ਧਾਰਮਿਕ ਰੁਚੀਆਂ ਵਾਲੇ ਭਲੇ ਲੋਕ ਕੀੜਿਆਂ ਦੇ ਭੌਣ ਉਤੇ ਤਿਲਚੌਲੀ ਪਾਉਂਦੇ ਹਨ। ਕਾਲੀ ਚਿੱਟੀ ਦਾੜ੍ਹੀ ਨੂੰ ਤਿਲਚੌਲੀ ਕਿਹਾ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਵਿਚ ਸਾਲਟ ਐਂਡ ਪੈਪਰ ਆਖਦੇ ਹਨ। ਭਾਰਤ ਵਿਚ ਪ੍ਰਾਚੀਨ ਕਾਲ ਤੋਂ ਹੀ ਤਿਲ ਨੂੰ ਬਹੁਤ ਮਹੱਤਤਾ ਮਿਲੀ ਹੈ। ਤਿਲਾਂ ਦੀ ਵਰਤੋਂ ਧਾਰਮਿਕ ਰਸਮਾਂ -ਰੀਤੀਆਂ ਵਿਚ ਵੀ ਕੀਤੀ ਜਾਂਦੀ ਹੈ। ਲੋਹੜੀ ਦੌਰਾਨ ਤਿਲ ਧੂਣੀ ‘ਤੇ ਵਾਰਿਆ ਜਾਂਦਾ ਹੈ। ਇਸ਼ਟ ਅੱਗੇ ਤਿਲਫੁੱਲ ਭੇਟ ਕੀਤੇ ਜਾਂਦੇ ਸਨ ਪਰ ਅੱਜ ਤਿਲਫੁੱਲ ਸ਼ਬਦ ਦੀ ਕਦਰ ਘਟਾਈ ਹੋ ਗਈ ਹੈ। ਇਸ ਦੇ ਅਰਥ ਹੋ ਗਏ ਹਨ- ਬਹੁਤ ਹੀ ਨਿਗੂਣੀ ਮਾਤਰਾ ਦੀ ਭੇਟਾ, ਜਿਵੇਂ ਮਾਤਾ ਦਾ ਮਾਲ ਹੁੰਦਾ ਹੈ। ਗੁੜ ਅਤੇ ਤਿਲ ਕੁੱਟ ਕੇ ਤਿਲ-ਭੁੱਗਾ ਜਿਸ ਨੂੰ ਸਿਰਫ ਭੁੱਗਾ ਵੀ ਕਹਿੰਦੇ ਹਨ, ਤਿਆਰ ਕੀਤਾ ਜਾਂਦਾ ਹੈ। ਬਚਪਨ ਵਿਚ ਇਸ ਦਾ ਸੇਵਨ ਕਰਕੇ ਜੋ ਸਵਰਗ ਦੇ ਨਜ਼ਾਰੇ ਲਏ ਹਨ, ਉਹ ਹੁਣ ਇਸ ਦੀਆਂ ਡਬਲਰੋਟੀਆਂ ਵਿਚੋਂ ਵੀ ਨਹੀਂ ਮਿਲਦੇ। ਦੁਆਬੇ ਵਿਚ ਇਸ ਨੂੰ ਕੁੱਲਰ ਕਿਹਾ ਜਾਂਦਾ ਹੈ। ਭਾਰਤ ਵਿਚ ਤਿਲ ਲੱਗੀਆਂ ਰੇਓੜੀਆਂ ਅਤੇ ਗੱਚਕ ਬੜੇ ਸ਼ੌਕ ਨਾਲ ਖਾਧੇ ਜਾਂਦੇ ਹਨ। ਭੁੰਨੇ ਹੋਏ ਤਿਲ ਅਤੇ ਗੁੜ ਮਿਲਾ ਕੇ ਤਲੂਣੇ ਬਣਾਏ ਜਾਂਦੇ ਹਨ।
ਅਯੁਰਵੇਦ ਅਨੁਸਾਰ ਇਸ ਦੇ ਕਈ ਰੋਗਨਾਸ਼ਕ ਗੁਣ ਹਨ। ਇਹ ਭਾਰੀ, ਗਰਮ, ਕਫ-ਪਿੱਤ ਪੈਦਾ ਕਰਨ ਵਾਲੇ ਅਤੇ ਸ਼ਕਤੀ ਵਰਧਕ ਹੁੰਦੇ ਹਨ। ਇਹ ਧੌਲਿਆਂ ਨੂੰ ਕਾਲਾ ਕਰਦੇ, ਥਣਾਂ ਵਿਚ ਦੁਧ ਵਧਾਉਂਦੇ, ਦੰਦਾਂ ਦੇ ਦਰਦ ਹਟਾਉਂਦੇ, ਖੰਘ ਤੋਂ ਰਾਹਤ ਦਿਵਾਉਂਦੇ ਅਤੇ ਕਬਜ਼ ਨੂੰ ਖੋਲ੍ਹਦੇ ਹਨ। ਕਹਿੰਦੇ ਹਨ, ਰੋਜ਼ ਸਵੇਰ ਸ਼ਾਮ ਇਕ ਮੁੱਠੀ ਤਿਲ ਖਾਣ ਨਾਲ ਬੰਦਾ ਰਿਸ਼ਟ-ਪੁਸ਼ਟ ਰਹਿੰਦਾ ਹੈ। ਤਿਲ ਤੋਂ ਤਿਲਾਂਜਲੀ ਸ਼ਬਦ ਬਣਿਆ ਹੈ। ਤਿਲਾਂਜਲੀ ਅਸਲ ਵਿਚ ਪਾਣੀ ਵਿਚ ਤਿਲ ਮਿਲਾ ਕੇ ਦਿੱਤੀ ਹੋਈ ਚੂਲੀ ਨੁੰ ਆਖਦੇ ਹਨ। ਇਹ ਹਿੰਦੂਆਂ ਦੀ ਇੱਕ ਰੀਤੀ ਹੈ ਜੋ ਖ਼ਾਸ ਕਰਕੇ ਮੁਰਦਾ ਜਲਾਉਣ ਪਿੱਛੋਂ ਕੀਤੀ ਜਾਂਦੀ ਹੈ। ਨਿਸ਼ਚਾ ਹੈ ਕਿ ਮੋਏ ਜੀਵ ਨੂੰ ਇਹ ਪਾਣੀ ਪ੍ਰਾਪਤ ਹੁੰਦਾ ਹੈ। ਹੁਣ ਮੁਹਾਵਰੇ ਵਿਚ ਤਿਲਾਂਜਲੀ ਦਾ ਅਰਥ ਤਰਕ ਕਰਨਾ, ਛੱਡਣਾ ਹੋ ਗਿਆ ਹੈ ਜਿਵੇਂ ਉਸ ਨੇ ਕੁਕਰਮਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ, ਭਾਵ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਲਗਦਾ ਹੈ, ਪ੍ਰਾਚੀਨ ਕਾਲ ਵਿਚ ਸਭ ਤੋਂ ਪਹਿਲਾਂ ਤਿਲਾਂ ਤੋਂ ਹੀ ਤੇਲ ਕੱਢਿਆ ਗਿਆ ਹੋਵੇਗਾ ਇਸ ਲਈ ਤਿਲ ਤੋਂ ਹੀ ਤੇਲ ਸ਼ਬਦ ਬਣਿਆ। ਤੇਲ ਦੀ ਬਹੁਪੱਖੀ ਉਪਯੋਗਤਾ ਕਾਰਨ ਤਿਲ ਨੂੰ ਵੀ ਬਹੁਤ ਮਾਣ ਮਿਲਣ ਲੱਗਾ। ਪਰ ਜਦ ਤੋਂ ਮਨੁਖ ਨੇ ਤੇਲ ਹਥਿਆਇਆ ਹੈ, ਉਸ ਦੀ ਜ਼ਿੰਦਗੀ ਹੀ ਬਦਲ ਗਈ। ਇਸ ਦਾ ਸਭ ਤੋਂ ਵੱਡਾ ਉਪਯੋਗ ਤਾਂ ਪਕਵਾਨ ਤਲਣ ਲਈ ਕੀਤਾ ਜਾਂਦਾ ਹੈ ਪਰ ਹਨੇਰਾ ਹਟਾਉਣ ਨਮਿਤ ਦੀਵਾ ਬੱਤੀ ਜਗਾਉਣ ਲਈ ਇਸ ਦੀ ਵਰਤੋਂ ਨੇ ਮਨੁਖ ਦੀ ਜ਼ਿੰਦਗੀ ਰੌਸ਼ਨ ਹੀ ਕਰ ਦਿੱਤੀ, “ਬਿਨੁ ਤੇਲ ਦੀਵਾ ਕਿਉ ਜਲੇ॥” (ਗੁਰੂ ਨਾਨਕ ਦੇਵ)। ਘਰ ਵਿਚ ਆਏ ਕਿਸੇ ਪ੍ਰਾਹੁਣੇ ਦੇ ਸਵਾਗਤ ਵਜੋਂ ਤੇਲ ਚੁਆਇਆ ਜਾਂਦਾ ਹੈ, “ਸੰਬਤਿ ਸਾਹਾ ਲਿਖਿਆ ਮਿਲਿ ਕਰ ਪਾਵਹੁ ਤੇਲੁ॥” (ਗੁਰੂ ਨਾਨਕ ਦੇਵ)। “ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ॥” (ਭਗਤ ਕਬੀਰ)। ਪ੍ਰਕਾਸ਼ ਪੈਦਾ ਕਰਨ ਵਾਲਾ ਤੇਲ ਗਿਆਨ ਦਾ ਪ੍ਰਤੀਕ ਵੀ ਬਣ ਜਾਂਦਾ ਹੈ, “ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕ ਦੇਹ ਉਜਣਾਰਾ॥” (ਭਗਤ ਕਬੀਰ)। ਪਰ ‘ਜੜ੍ਹੀਂ ਤੇਲ ਦੇਣ’ ਅਤੇ ‘ਬਲਦੀ ਉਤੇ ਤੇਲ ਪਾਉਣ’ ਨਾਲ ਇਸ ਦੇ ਵਿਨਾਸ਼ਕਾਰੀ ਤੇ ਵਿਕਰਾਲ ਪੱਖ ਦੇ ਵੀ ਦਰਸ਼ਨ ਕੀਤੇ ਜਾ ਸਕਦੇ ਹਨ, “ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ॥”
ਜ਼ਮਾਨੇ ਅਨੁਸਾਰ ਚੱਲਣ ਦਾ ਅਰਥਾਵਾਂ ਇਕ ਅਖਾਣ ਹੈ, ਤੇਲ ਦੇਖੋ ਤੇਲ ਦੀ ਧਾਰ ਦੇਖੋ। ਤੇਲ ਦਾ ਇਕ ਵਿਸਤ੍ਰਿਤ ਅਰਥ ਪਸੀਨਾ ਵੀ ਹੈ ਖਾਸ ਤੌਰ ‘ਤੇ ਤੇਲ ਕੱਢਣਾ ਮੁਹਾਵਰੇ ਵਿਚ, ਜਿਸ ਦਾ ਮਤਲਬ ਕਿਸੇ ਤੋਂ ਬਹੁਤ ਕੰਮ ਲੈ ਕੇ ਉਸ ਨੂੰ ਥਕਾ ਦੇਣਾ ਹੁੰਦਾ ਹੈ। ਤੇਲ ਕੱਢਣ ਵਾਲਾ ਵਿਅਕਤੀ ਜਾਂ ਜਾਤ ਨੂੰ ਤੇਲੀ ਆਖਦੇ ਹਨ, “ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ॥” (ਭਗਤ ਨਾਮਦੇਵ)। ਗੁਰਬਾਣੀ ਵਿਚ ਤੇਲੀ ਵਿਸ਼ੇਸ਼ਣ ਵਜੋਂ ਵੀ ਵਰਤਿਆ ਗਿਆ ਹੈ ਅਰਥਾਤ ਤੇਲ ਕੱਢਣ ਵਾਲਾ ਜਿਵੇਂ ਬਲਦ, “ਓਹੁ ਤੇਲੀ ਸੰਦਾ ਬਲਦ॥” (ਗੁਰੂ ਰਾਮ ਦਾਸ)। ਤੇਲ ਤੋਂ ਹੀ ਅੱਗੇ ਤੇਲਾ ਸ਼ਬਦ ਬਣਿਆ। ਇਸ ਦੇ ਦੋ ਅਰਥ ਹਨ, ਮਜੀਠ ਅਤੇ ਤੇਲ ਦੇ ਮੇਲ ਤੋਂ ਬਣਾਇਆ ਇਕ ਰੰਗ; ਤੇਲ ਜਿਹਾ ਚੀਕਣਾ ਇਕ ਰਸ-ਚੂਸਕ ਕੀਟ; ਇਹ ਕੀਟ ਇਕ ਲੇਸਦਾਰ ਪਦਾਰਥ ਵੀ ਛੱਡਦਾ ਹੈ। ਮੁੜ੍ਹਕੇ ਦੀ ਮਹਿਕ ਤੇਲੀਆ ਹੁੰਦੀ ਹੈ ਅਤੇ ਮੰਦ ਬੁਧ ਵਾਲੇ ‘ਨਮਦਾ ਬੁਧ’ ਦੇ ਟਾਕਰੇ ‘ਤੇ ਤੀਖਣ ਬੁਧੀ ਵਾਲੇ ‘ਤੇਲੀਆ ਬੁਧ’ ਹੁੰਦੇ ਹਨ, ਜਾਣੋਂ ਉਨ੍ਹਾਂ ਦਾ ਦਿਮਾਗ ਚੱਪਲ ਹੁੰਦਾ ਹੈ ਜਿਵੇਂ ਤੇਲ ਦਿੱਤਾ ਹੋਵੇ। ਇਸ ਤੋਂ ਬਣੇ ਤਿਲਕਣਾ ਦਾ ਅਰਥ ਫਿਸਲ ਜਾਣਾ ਹੁੰਦਾ ਹੈ, ਸਮਝੋ ਤੇਲ ‘ਤੇ ਪੈਰ ਧਰੇ ਗਏ।
ਤਿਲ ਤੋਂ ਤਿਲਕ ਸ਼ਬਦ ਬਣਿਆ ਅਰਥਾਤ ਤਿਲ ਦੇ ਫੁੱਲ ਵਾਂਗ ਜੋ ਸ਼ੋਭਾ ਦੇਵੇ, ਐਸਾ ਚੰਦਨ ਕੇਸਰ ਭਸਮ ਆਦਿ ਦਾ ਮੱਥੇ ਅਤੇ ਸ਼ਰੀਰ ਦੇ ਅੰਗਾਂ ਉਪਰ ਲਾਇਆ ਚਿੰਨ੍ਹ, ਟੀਕਾ, “ਗਲਿ ਮਾਲਾ ਤਿਲਕੁ ਲਿਲਾਟੰ॥” (ਗੁਰੂ ਨਾਨਕ ਦੇਵ)। ਹਿੰਦੂ ਧਰਮ ਦੇ ਅਨੇਕਾਂ ਫਿਰਕਿਆਂ ਦੇ ਅਨੁਆਈ ਮੱਥੇ ‘ਤੇ ਤਿਲਕ ਲਾਉਂਦੇ ਹਨ। ਹਰ ਫਿਰਕੇ ਦੇ ਤਿਲਕ ਦੀ ਸ਼ਕਲ ਵੱਖਰੀ ਹੁੰਦੀ ਹੈ। ਮਸਲਨ ਸ਼ੈਵ ਟੇਢਾ ਅਤੇ ਵੈਸ਼ਣਵ ਖੜਵਾਂ ਤਿਲਕ ਲਾਉਂਦੇ ਹਨ। ਅੰਜਨ ਵਾਲੇ ਲੇਖ ਵਿਚ ਪ੍ਰਾਚੀਨ ਵਿਚ ਤੇਲ ਦੀ ਮਹੱਤਤਾ ਦਰਸਾਉਂਦਿਆਂ ਦੱਸਿਆ ਗਿਆ ਸੀ ਕਿ ਕਿਸੇ ਨੂੰ ਰਾਜ ਸਿੰਘਾਸਣ ਉਤੇ ਬਿਠਾਉਣ ਸਮੇਂ ਮੱਥੇ ‘ਤੇ ਤੇਲ ਦਾ ਨਿਸ਼ਾਨ ਲਾਇਆ ਜਾਂਦਾ ਸੀ, ਇਸੇ ਤੋਂ ਤਿਲਕ ਅਤੇ ਰਾਜ-ਤਿਲਕ ਸ਼ਬਦ ਬਣੇ।
ਅੰਗਰੇਜ਼ੀ ਸ਼ਬਦ ਅਨਨੋਨਿਟ ਦਾ ਇਕ ਅਰਥ ਤੇਲ ਦੇਣਾ ਤੇ ਦੂਜਾ ਰਾਜ ਗੱਦੀ ਤੇ ਬਿਠਾਉਣਾ ਹੁੰਦਾ ਹੈ। ਵਿਅਕਤੀ ਨਾਂ ਵਿਚ ਵੀ ਤਿਲਕ ਸ਼ਬਦ ਵਰਤਿਆ ਜਾਂਦਾ ਹੈ ਜਿਵੇਂ ਤਿਲਕ ਰਾਜ। ਤਿਲਕ ਮਹਾਰਾਸ਼ਟਰੀ ਚਿਤਪਾਵਨ ਬ੍ਰਾਹਮਣਾਂ ਦਾ ਗੋਤ ਵੀ ਹੈ ਜਿਵੇਂ ਬਾਲ ਗੰਗਾਧਰ ਤਿਲਕ। ਸੰਸਕ੍ਰਿਤ ਵਿਚ ਵੀ ਤਿਲ ਲਈ ਤਿਲ ਸ਼ਬਦ ਹੀ ਹੈ ਜਿਸ ਤੋਂ ਪਿੱਛੇ ਇਸ ਦਾ ਹੋਰ ਧਾਤੂ ਨਹੀਂ ਲਭਦਾ। ਬਹੁਤੀਆਂ ਹਿੰਦ-ਆਰਿਆਈ ਭਾਸ਼ਾਵਾਂ ਵਿਚ ਥੋੜ੍ਹੇ ਬਹੁਤੇ ਇਸ ਦੇ ਰੁਪਾਂਤਰ ਹੀ ਮਿਲਦੇ ਹਨ ਜਿਵੇਂ ਪਰਾਕ੍ਰਿਤ ਤਿਲ, ਮਰਾਠੀ ਤੀਲ, ਸਿੰਧੀ ਤਿਰੁ, ਗੁਜਰਾਤੀ ਤਲ ਆਦਿ।

ਕਿਸੇ ‘ਨਮਦਾ ਬੁਧ’ ਬੰਦੇ ਨੇ ‘ਨਮਦਾ ਬੁੱਧ’ ਅਤੇ ‘ਤੇਲੀਆ ਬੁੱਧ’ ਬਾਰੇ ਇਕ ਆਮ ਪ੍ਰਚਲਿਤ ਤੋਂ ਉਲਟ ਵਿਆਖਿਆ ਕੀਤੀ ਹੈ। ਅਖੇ ‘ਨਮਦਾ ਬੁਧ’ ਤੇਜ਼ ਬੁਧੀ ਵਾਲੇ ਹੁੰਦੇ ਹਨ, ਜਿਵੇਂ ਨਮਦਾ ਪਾਣੀ ਆਦਿ ਨੂੰ ਝਟ ਸੋਖ ਲੈਂਦਾ ਹੈ, ਇਸੇ ਤਰ੍ਹਾਂ ਨਮਦਾ ਬੁੱਧ ਦਾ ਦਿਮਾਗ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਨੂੰ ਪਕੜ ਲੈਂਦਾ ਹੈ। ਦੂਜੇ ਪਾਸੇ ਤੇਲੀਆ ਬੁੱਧ ਵਾਲੇ ਦੇ ਦਿਮਾਗ ‘ਚੋਂ ਕੋਈ ਔਖੀ ਗੱਲ ਇਸ ਤਰ੍ਹਾਂ ਤਿਲਕ ਜਾਂਦੀ ਹੈ ਜਿਵੇਂ ਤੇਲੀਆ (ਤੇਲ ਵਾਲੀ) ਚੀਜ਼ ਤੋਂ ਕੋਈ ਤਿਲਕ ਜਾਂਦਾ ਹੈ।