ਅਸੀਂ ਕੀ ਬਣ ਗਏ-3
ਪੰਜਾਬੀ ਕਹਾਣੀ ਨੂੰ ਉਂਗਲ ਫੜਾ ਕੇ ਸਾਹਿਤ ਜਗਤ ਦੇ ਮੋਕਲੇ ਵਿਹੜੇ ਲਿਜਾਣ ਵਾਲੇ ਵਰਿਆਮ ਸਿੰਘ ਸੰਧੂ ਨੇ ਆਪਣੀ ਲੇਖ ਲੜੀ ‘ਅਸੀਂ ਕੀ ਬਣ ਗਏ’ ਵਿਚ ਸਾਹਿਤ ਅਤੇ ਜੀਵਨ ਦੀ ਜੁਗਲਬੰਦੀ ਦਾ ਤਰਾਨਾ ਛੇੜਿਆ ਹੈ। ਰੋਜ਼-ਮੱਰਾ ਦੀਆਂ ਯਾਦਾਂ ਅਤੇ ਘਟਨਾਵਾਂ ਕਿਸ ਤਰ੍ਹਾਂ ਅਨੁਵਾਦ ਹੋ ਕੇ ਕਾਗਜ਼ ਉਤੇ ਸਾਹਿਤ ਬਣ ਬਣ ਜੰਮਦੀਆਂ ਹਨ, ਇਹ ਖੁਲਾਸਾ ਉਹਨੇ ਇਸ ਲੰਮੇ ਲੇਖ ਵਿਚ ਕੀਤਾ ਹੈ। ਹੋਈਆਂ-ਬੀਤੀਆਂ ਘਟਨਾਵਾਂ ਦਾ ਇਹ ਅਨੁਵਾਦ ਦਿਲਚਸਪ ਤਾਂ ਹੈ ਹੀ, ਨਿਵੇਕਲਾ ਵੀ ਹੈ; ਐਨ ਵਰਿਆਮ ਦੀ ਕਹਾਣੀ ਕਲਾ ਵਾਂਗ।
ਉਸ ਕੋਲ ਘਟਨਾ ਨੂੰ ਚਿੱਤਰ ਵਾਂਗ ਪੇਸ਼ ਕਰਨ ਦੀ ਸਮਰੱਥਾ ਹੈ। ਇਸੇ ਸਮਰੱਥਾ ਕਰ ਕੇ ਹੀ ਤਾਂ ਉਹ ਪੰਜਾਬੀ ਸਾਹਿਤ ਜਗਤ ਨੂੰ ਯਾਦਗਾਰੀ ਰਚਨਾਵਾਂ ਦੇ ਸਕਿਆ ਹੈ। ਇਹ ਰਚਨਾਵਾਂ ਸਿਰਫ ਕਹਾਣੀ ਕਹਿਣ ਤੱਕ ਹੀ ਸੀਮਤ ਨਹੀਂ ਰਹਿੰਦੀਆਂ, ਸਗੋਂ ਇਸ ਵਿਚ ਜੀਵਨੀ ਅਤੇ ਸਫਰ ਵਾਲੇ ਸਾਹਿਤ ਤੋਂ ਇਲਾਵਾ ਨਸਰ ਦੀਆਂ ਹੋਰ ਵੰਨਗੀਆਂ ਵੀ ਸ਼ਾਮਲ ਹੋਈ ਜਾਂਦੀਆਂ ਹਨ। ਉਹ ਰੌਂ ਵਿਚ ਹੋਵੇ ਤਾਂ ਤੁਹਾਡੇ ਲਈ ਨਜ਼ਮ ਵਾਲਾ ਪੀੜ੍ਹਾ ਵੀ ਡਾਹ ਸਕਦਾ ਹੈ। ਅਸਲ ਵਿਚ ਸਭ ਤੋਂ ਪਹਿਲਾਂ ਉਹਨੇ ਸਾਹਿਤ ਦੇ ਵਿਹੜੇ ਵਿਚ ਨਜ਼ਮਾਂ ਵਾਲਾ ਪੀੜ੍ਹਾ ਹੀ ਡਾਹਿਆ ਸੀ ਜਦੋਂ ਲੈਨਿਨ ਦੀ ਉਠਦੀ ਉਂਗਲ ਵਾਂਗ ਉਹਦੀ ਕਵਿਤਾ ਦੀ ਉਂਗਲ ਖਲੋ ਗਈ ਸੀ। ਵੱਖ ਵੱਖ ਸਮਿਆਂ ਦੌਰਾਨ ਉਹ ਕਵਿਤਾ ਅਤੇ ਜੁਝਾਰੂਪਣ ਦੀ ਖੜ੍ਹੀ ਹੋਈ ਇਸ ਉਂਗਲ ਨੂੰ ਸਾਹਿਤ ਦੇ ਵੱਖ ਵੱਖ ਰੂਪਾਂ ‘ਚ ਆਪਣੇ ਪਾਠਕਾਂ ਨਾਲ ਸਾਂਝੀ ਕਰਦਾ ਰਿਹਾ ਹੈ। ਇਹ ਸਾਂਝ ਬਣਾਉਂਦਿਆਂ ਉਹ ਸਰੋਕਾਰਾਂ ਵਾਲਾ ਹੱਥ ਉਚਾ ਕਰਨਾ ਕਦੀ ਨਹੀਂ ਭੁੱਲਦਾ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਰਾਤ ਦਸ ਕੁ ਵਜੇ ਦਾ ਵਕਤ ਹੋਵੇਗਾ। ਟੀæਵੀæ ਵੇਖਣ ਤੋਂ ਵਿਹਲੇ ਹੋ ਕੇ ਬਾਲ-ਬੱਚੇ ਆਪਣੀ ਮਾਂ ਦੀ ਨਿਗਰਾਨੀ ਹੇਠ ਸਕੂਲ ਦਾ ਕੰਮ ਕਰ ਰਹੇ ਸਨ। ਮੈਂ ਕੋਈ ਕਿਤਾਬ ਪੜ੍ਹ ਰਿਹਾ ਸਾਂ। ਘਰ ਦੀ ਬਾਹਰਲੀ ਕੰਧ ਤੋਂ ਸਾਡੇ ਵਿਹੜੇ ਵਿਚ ‘ਦਗੜ ਦਗੜ’ ਛਾਲਾਂ ਵੱਜਣ ਦੀ ਆਵਾਜ਼ ਆਈ। ਸਾਡੇ ਕਲੇਜੇ ਮੁੱਠੀ ਵਿਚ ਆ ਗਏ। ਜਿਹੜੀ ਗੱਲ ਦਾ ਡਰ ਸੀ, ਉਹ ਆਖ਼ਰ ਹੋ ਕੇ ਹੀ ਰਹੀ। ਮੇਰੀ ਇਸ ‘ਹੋਣੀ’ ਨੂੰ ਮੇਰੇ ਕੁਲੀਗ ਅਤੇ ਦੋਸਤ ਅੰਦਰੋ-ਅੰਦਰ ਪਹਿਲਾਂ ਹੀ ਕਿਆਸੀ ਬੈਠੇ ਸਨ।
“ਤੁਸੀਂ ਉਸ ਦਿਨ ਬਹੁਤ ਵੱਡਾ ਰਿਸਕ ਲਿਆ, ਜ਼ਖ਼ਮੀਆਂ ਦੀ ਮਦਦ ਕਰ ਕੇ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਤੁਸੀਂ ਪੁਲਿਸ ਨੂੰ ਫ਼ੋਨ ਕਰ ਕੇ ‘ਸਿੰਘਾਂ’ ਨੂੰ ਫੜਵਾਉਣਾ ਚਾਹੁੰਦੇ ਸੀ। ਗੱਲਾਂ ਤਾਂ ਸਭ ਉਨ੍ਹਾਂ ਤੱਕ ਪੁੱਜ ਹੀ ਜਾਂਦੀਆਂ ਨੇ। ਆਪਣਾ ਬਚਾਅ ਰੱਖਿਓ! ਸਾਵਧਾਨ ਰਿਹਾ ਕਰੋ।” ਸਾਡੇ ਸਕੂਲ ਦੇ ਪੀæਟੀæ ਮਾਸਟਰ ਨੇ ਸਲਾਹ ਦਿੱਤੀ।
“ਮੈਂ ਉਨ੍ਹਾਂ ਨੂੰ ਫੜਾਉਣ ਲਈ ਨਹੀਂ, ਮੌਕੇ ‘ਤੇ ਆ ਕੇ ਹਾਲਾਤ ਨੂੰ ਵੇਖਣ ਅਤੇ ਜ਼ਖ਼ਮੀਆਂ ਨੂੰ ਸਾਂਭਣ ਲਈ ਮਦਦ ਕਰਨ ਵਾਸਤੇ ਪੁਲਿਸ ਨੂੰ ਬੁਲਾਉਣਾ ਚਾਹੁੰਦਾ ਸਾਂ। ਫ਼ੋਨ ਤਾਂ ਹੋਇਆ ਈ ਨਹੀਂ ਮੇਰੀ ਘਰਵਾਲੀ ਤੋਂ। ਉਹ ਤਾਂ ਲਾਲ ਦੇ ਟੱਬਰ ਦੇ ਜੀਆਂ ਨੂੰ ਈ ਦਿਲਬਰੀਆਂ ਦੇਣ ‘ਚ ਲੱਗੀ ਰਹੀ ਸੀ। ਨਾਲੇ ਪੁਲਿਸ ਨੇ ਉਨ੍ਹਾਂ ਨੂੰ ਕੀ ਫੜਨਾ ਸੀ! ਠਾਣੇਦਾਰ ਤਾਂ ਸਾਨੂੰ ਰਾਹ ‘ਚ ਹੀ ਮਿਲਿਆ ਸੀ; ਉਨ੍ਹਾਂ ਨੂੰ ਵੇਖ ਕੇ ਲੁਕ ਗਿਆ ਸੀ। ਫੜਨਾ ਪੁਲਿਸ ਨੇ ਆਪਣੀ ਮਾਂ ਦਾ ਸਿਰ ਸੀ!” ਮੈਂ ਸਫਾਈ ਵੀ ਦਿੰਦਾ ਅਤੇ ਆਪਣੇ ਆਪ ਨੂੰ ਤਸੱਲੀ ਵੀ, ਪਰ ਡਰ ਸਚਮੁੱਚ ਮੇਰੇ ਧੁਰ ਅੰਦਰ ਵੜ ਕੇ ਬੈਠ ਗਿਆ ਸੀ। ਅਸੀਂ ਦੋਵੇਂ ਜੀਅ ਜਦੋਂ ਕਦੀ ਇਕੱਲੇ ਬੈਠਦੇ ਤਾਂ ਸਾਡੀ ਗੱਲ-ਬਾਤ ਵਿਚ ਇਹ ਡਰ ਅਕਸਰ ਹੀ ਆਣ ਖਲੋਂਦਾ।
ਮੇਰੀ ਪਤਨੀ ਮੈਨੂੰ ਧੀਰਜ ਬੰਨ੍ਹਾਉਂਦੀ, “ਕੋਈ ਨਹੀਂ। ਉਹ ਸੱਚਾ ਪਾਤਸ਼ਾਹ ਤਾਂ ਸਭ ਵਿੰਹਦਾ ਏ। ਅਸੀਂ ਕਿਸੇ ਦੁਖੀ ਤੇ ਲੋੜਵੰਦ ਦੀ ਮਦਦ ਹੀ ਕੀਤੀ ਹੈ। ਸਿੱਖੀ ਵਿਚ ਕਿਸੇ ਮਜ਼ਲੂਮ ਦੀ ਜਾਨ ਬਚਾਉਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ ਕਿ ਪਾਪ ਦਾ? ਸਰਬੱਤ ਦਾ ਭਲਾ ਮੰਗਣ ਵਾਲਾ ਬਾਬਾ ਨਾਨਕ ਆਪੇ ਸਾਡਾ ਵੀ ਭਲਾ ਕਰੂ।” ਉਹ ਗੁਰੂ ਨਾਨਕ ਦੀ ਤਸਵੀਰ ਵੱਲ ਵੇਖ ਕੇ ਅੱਖਾਂ ਮੀਟ ਕੇ ਹੱਥ ਜੋੜ ਲੈਂਦੀ।
ਪਿੰਡ ਵਿਚ ਗੋਲੀ ਚੱਲਣ ਦੀ ਘਟਨਾ ਵਾਪਰੀ ਨੂੰ ਮਹੀਨੇ ਤੋਂ ਉਤੇ ਹੋ ਗਿਆ ਸੀ। ਇਸ ਸਮੇਂ ਵਿਚ ਮੁਲਕ ਅੰਦਰ ਬਹੁਤ ਕੁਝ ਹੋਰ ਵਾਪਰ ਚੁੱਕਾ ਸੀ। ਇੰਦਰਾ ਗਾਂਧੀ ਦਾ ਕਤਲ ਹੋ ਚੁੱਕਾ ਸੀ। ਦਿੱਲੀ ਅਤੇ ਪੰਜਾਬੋਂ ਬਾਹਰਲੇ ਹੋਰ ਸ਼ਹਿਰਾਂ ਵਿਚ ਵੱਸਦੇ ਸਿੱਖਾਂ ਦੇ ਯੋਜਨਾ-ਬੱਧ ਕਤਲੇਆਮ ਦੇ ਪ੍ਰਤੀਕਰਮ ਵਜੋਂ ਪੰਜਾਬ ਵਿਚ ਅਤੇ ਖ਼ਾਸ ਕਰ ਕੇ ਪਿੰਡਾਂ ਵਿਚ ‘ਹਿੰਦੂਆਂ’ ਦੇ ਜਾਨ-ਮਾਲ ਲਈ ਖ਼ਤਰਾ ਹੋਰ ਵੀ ਵਧ ਗਿਆ ਸੀ। ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੀ ਵੱਧ ਅਸੁਰੱਖਿਅਤ ਸਮਝਣ ਲੱਗੇ ਸਨ। ਜਿੱਥੇ ਅਤਿਵਾਦ ਦੀਆਂ ਘਟਨਾਵਾਂ ਵਧ ਰਹੀਆਂ ਸਨ, ਉਥੇ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਵੀ ਸ਼ਿਕੰਜਾ ਹੋਰ ਕੱਸਿਆ ਜਾ ਰਿਹਾ ਸੀ।
***
ਕੰਧ ਉਤੋਂ ਛਾਲਾਂ ਮਾਰ ਕੇ ਆਉਣ ਵਾਲਿਆਂ ਨੇ, ਜਿਸ ਕਮਰੇ ਵਿਚ ਅਸੀਂ ਬੈਠੇ ਹੋਏ ਸਾਂ, ਉਸ ਦਾ ਵੱਖੀ ਵਾਲਾ ਦਰਵਾਜ਼ਾ ਠਕੋਰਿਆ। ਅਸੀਂ ਦੋਹਾਂ ਜੀਆਂ ਨੇ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ। ਸੋਚਿਆ; ਸ਼ਾਇਦ ਇਹ ਇੱਕ ਦੂਜੇ ਦੇ ਅੰਤਮ ਦੀਦਾਰੇ ਹਨ। ਦਰਵਾਜ਼ਾ ਦੂਜੀ ਵਾਰੀ ਖੜਕਿਆ। ਮੈਨੂੰ ਛੇਤੀ ਨਾਲ ਬਾਹੋਂ ਫੜ ਕੇ ਆਪਣੇ ਪਿੱਛੇ ਕਰਦਿਆਂ ਪਤਨੀ ਨੇ ਹੌਸਲਾ ਕਰ ਕੇ ਦਰਵਾਜ਼ੇ ਦੀ ਚਿਟਕਣੀ ਖੋਲ੍ਹ ਦਿੱਤੀ। ਉਹ ‘ਪਹਿਲਾ ਵਾਰ’ ਆਪਣੇ ਉਤੇ ਝੱਲਣ ਲਈ ਤਿਆਰ ਸੀ!
ਸਾਹਮਣੇ ਦਰਵਾਜ਼ੇ ਵਿਚ ਖ਼ਾਕੀ ਵਰਦੀ ਵਿਚ ਕੱਸਿਆ, ਦਰਮਿਆਨੇ ਕੱਦ ਦਾ ਆਦਮੀ ਜਿਸ ਦੇ ਮੋਢੇ ਉਤੇ ਸਟਾਰ ਅਤੇ ਫ਼ੀਤੀ ਚਮਕ ਰਹੇ ਸਨ; ਹੱਥ ਵਿਚ ਰਿਵਾਲਵਰ ਲਈ ਖਲੋਤਾ ਸੀ। ਉਹਦੇ ਪਿੱਛੇ ਹਵਾਲਦਾਰ ਦੀ ਵਰਦੀ ਪਹਿਨੇ ਆਦਮੀ ਨੇ ਹੱਥ ਵਿਚ ਫੜੀ ਰਾਈਫ਼ਲ ਮੇਰੇ ਵੱਲ ਤਾਣੀ ਹੋਈ ਸੀ। ਉਹਦੇ ਪਿੱਛੇ ਹੋਰ ਦੋ ਜਣੇ ਪੁਲਿਸ ਵਰਦੀ ਵਿਚ ਸਨ।
‘ਤਾਂ ਇਹ ‘ਸਿੰਘ’ ਪੁਲਿਸ ਵਰਦੀ ਵਿਚ ਆਣ ਧਮਕੇ ਸਨ!’
ਮੈਂ ਮਨ ਹੀ ਮਨ ਅਨੁਮਾਨ ਲਾਇਆ।
“ਆ ਜਾ, ਨਿਕਲ ਆ ਬਾਹਰ। ਕਿੱਥੇ ਜਾਏਂਗਾ ਬਚ ਕੇ ਹੁਣ?” ਹਵਾਲਦਾਰ ਨੇ ਲਲਕਾਰਾ ਮਾਰਿਆ।
ਮੈਂ ਹੱਥ ਨਾਲ ਫੜ ਕੇ ਪਤਨੀ ਨੂੰ ਪਿੱਛੇ ਕੀਤਾ ਅਤੇ ਥਾਣੇਦਾਰ ਨੂੰ ਪੁੱਛਿਆ, “ਕੋਈ ਕਾਰਨ ਵੀ ਤਾਂ ਦੱਸੋ।”
ਮੈਂ ਜਾਣਨਾ ਚਾਹੁੰਦਾ ਸਾਂ ਕਿ ਇਹ ਸੱਚਮੁਚ ਪੁਲਿਸ ਵਾਲੇ ਸਨ ਜਾਂ ਪੁਲਿਸ ਦੀ ਵਰਦੀ ਵਿਚ ਤਥਾ-ਕਥਿਤ ਖਾੜਕੂ!
ਉਂਜ ਮੇਰੇ ਲਈ ‘ਪੈਂਦੇ ਸੌਵਾਂ, ਸਿਰਹਾਣੇ ਸੌਵਾਂ’ ਵਾਲੀ ਗੱਲ ਹੀ ਸੀ।’ ‘ਖਾੜਕੂਆਂ’ ਦਾ ਡਰ ਤਾਂ ਸੀ ਹੀ, ਪਰ ਪੁਲਿਸ ਵੀ ਕਿਹੜੀ ਘੱਟ ਕਰ ਰਹੀ ਸੀ! ਬਲੂ ਸਟਾਰ ਓਪਰੇਸ਼ਨ ਤੋਂ ਪਿੱਛੋਂ ਇਹ ਓਪਰੇਸ਼ਨ ਵੁੱਡ-ਰੋਜ਼ ਵਾਲੇ ਦਿਨ ਸਨ। ਸਰਕਾਰ ਨੇ ਭਾਰਤੀ ਫੌਜ ਅਤੇ ਨੀਮ ਫੌਜੀ ਦਲਾਂ ਨੂੰ ‘ਅਤਿਵਾਦ’ ਕੁਚਲਣ ਲਈ ਲਗਭਗ ‘ਮਾਰਸ਼ਲ-ਲਾਅ’ ਵਾਲੇ ਅਧਿਕਾਰ ਦਿੱਤੇ ਹੋਏ ਸਨ; ਜਿਨ੍ਹਾਂ ਅਧੀਨ ਪਿੰਡਾਂ ਵਿਚੋਂ ‘ਅਤਿਵਾਦੀਆਂ’ ਨੂੰ ਚੁਣ ਚੁਣ ਕੇ ਲੱਭਣਾ ਅਤੇ ਕਾਬੂ ਕਰਨਾ ਸ਼ਾਮਲ ਸੀ। ਸਿੱਖ ਧਰਮ ਅਤੇ ਸਭਿਆਚਾਰ ਤੋਂ ਅਣਜਾਣ, ਇਹ ਫੋਰਸਾਂ, ਹਰ ਅੰਮ੍ਰਿਤਧਾਰੀ ਅਤੇ ਖੁੱਲ੍ਹੇ ਦਾੜ੍ਹੇ ਵਾਲੇ ਆਦਮੀ ਦੇ ‘ਅਤਿਵਾਦੀ’ ਹੋਣ ਦੇ ਭਰਮ ਦਾ ਸ਼ਿਕਾਰ ਸਨ। ਇਸ ਭੁਲੇਖੇ ਕਾਰਨ ਅਤੇ ਕਈ ਵਾਰ ਜਾਣ ਬੁੱਝ ਕੇ ਵੀ ਅਜਿਹੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਜਿਨ੍ਹਾਂ ਦਾ ਬਿਲਕੁਲ ਕੋਈ ਕਸੂਰ ਨਾ ਹੁੰਦਾ। ਕਈ ਛੋਟੇ ‘ਗੁਨਾਹਾਂ’ ਵਾਲਿਆਂ ਨੂੰ ਵੱਡੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਇਨ੍ਹਾਂ ਛੋਟੇ ਗੁਨਾਹਾਂ ਵਿਚ ਕਿਸੇ ਖਾੜਕੂ ਦਾ ਰਿਸ਼ਤੇਦਾਰ ਹੋਣਾ, ਉਸ ਨਾਲ ਮਾੜੀ ਮੋਟੀ ਜਾਣ-ਪਛਾਣ ਹੋਣਾ, ਉਸ ਨੂੰ ਜਬਰੀ ਘਰ ਆ ਵੜੇ ਨੂੰ ਰੋਟੀ ਖਵਾਉਣਾ ਆਦਿ ਦੋਸ਼ ਸ਼ਾਮਿਲ ਸਨ। ਕਈਆਂ ਦੋਸ਼ੀਆਂ ਅਤੇ ਕਈ ਨਿਰਦੋਸ਼ਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾਣ ਲੱਗਾ। ਜਿਨ੍ਹਾਂ ਦਾ ਕਿਸੇ ਕਾਰਨ ਪਹਿਲਾਂ ਹੀ ਪੁਲਿਸ ਦੇ ਰਿਕਾਰਡ ਵਿਚ ਨਾਂ ਸੀ, ਉਨ੍ਹਾਂ ਲਈ ਵੀ ਇਹ ‘ਭਲੇ ਦੇ ਦਿਨ’ ਨਹੀਂ ਸਨ।
ਇਸ ਦੋ-ਮੂੰਹੀਂ ਕੁੜਿੱਕੀ ਵਿਚੋਂ ਮੈਂ ਕਿਹੜੀ ਦੇ ਮੂੰਹ ਵਿਚ ਆਉਣ ਵਾਲਾ ਸਾਂ!
“ਪੱਗ ਰੱਖ ਲੌ ਸਿਰ ‘ਤੇ। ਰਾਤ ਲਈ ਠੰਢ ਤੋਂ ਬਚਾ ਲਈ ਕੋਈ ਕੱਪੜਾ ਵੀ ਲੈ ਲਵੋ।” ਥਾਣੇਦਾਰ ਦੇ ਬੋਲਾਂ ਵਿਚ ਹਲੀਮੀ ਸੀ।
“ਪਰ ਭਾ ਜੀ, ਕੋਈ ਕਸੂਰ ਤਾਂ ਦੱਸੋ ਇਨ੍ਹਾਂ ਦਾ। ਐਵੇਂ ਨਾਹੱਕ ਈ ਤੁਸੀਂ ਕਿਵੇਂ ਲੈ ਤੁਰੋਗੇ ਇਨ੍ਹਾਂ ਨੂੰ?” ਮੇਰੀ ਪਤਨੀ ਦਾ ਉਜ਼ਰ ਸੀ।
“ਹੱਕ-ਨਾਹੱਕ ਦਾ ਸਭ ਪਤਾ ਲੱਗ ਜੂ।” ਹਵਾਲਦਾਰ ਫਿਰ ਗੜ੍ਹਕਿਆ। ਥਾਣੇਦਾਰ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਨ ਲਈ ਕਿਹਾ।
“ਚਲੋ ਤਿਆਰ ਹੋ ਜੋ, ਛੇਤੀ। ਕਸੂਰ ਅਸੀਂ ਨਹੀਂ ਦੱਸ ਸਕਦੇ।” ਥਾਣੇਦਾਰ ਨੇ ਆਖਿਆ। ਅੜਨ ਦਾ ਕੋਈ ਚਾਰਾ ਨਹੀਂ ਸੀ। ਸਾਰੀ ਸਥਿਤੀ ਨੂੰ ‘ਰੱਬ ਆਸਰੇ’ ਛੱਡ ਕੇ ਮੈਂ ਵਿਚਲੇ ਦਰਵਾਜ਼ੇ ਵਿਚੋਂ ਲੰਘ ਕੇ ਦੂਜੇ ਕਮਰੇ ਵਿਚ ਕੱਪੜੇ ਬਦਲਣ ਚਲਾ ਗਿਆ। ਮੈਂ ਪਤਨੀ ਨੂੰ ਕੱਪੜੇ ਕੱਢ ਕੇ ਦੇਣ ਲਈ ਆਵਾਜ਼ ਮਾਰੀ। ਉਹ ਉਠਣ ਲੱਗੀ ਤਾਂ ਉਹਨੂੰ ਕਿਹਾ ਗਿਆ, “ਨਹੀਂ, ਆਪਣੀ ਥਾਂ ਤੋਂ ਹਿੱਲਣਾ ਨਹੀਂ!” ਉਹ ਬੇਵੱਸ ਹੋ ਕੇ ਬੈਡ ਦੀ ਬਾਹੀ ਉਤੇ ਬੈਠ ਗਈ। ਪੁਲਸੀਏ ਵੀ ਕਮਰੇ ਵਿਚ ਡੱਠੀਆਂ ਕੁਰਸੀਆਂ ਉਤੇ ਨਿੱਠ ਕੇ ਬੈਠ ਗਏ।
ਮੈਂ ਅਲਮਾਰੀ ਵਿਚੋਂ ਕੱਪੜੇ ਲੱਭਣ ਲੱਗਾ।
ਮੇਰੀ ਪਤਨੀ ਥਾਣੇਦਾਰ ਕੋਲ ਮੇਰੇ ‘ਪ੍ਰਸਿੱਧ ਲੇਖਕ’ ਹੋਣ, ਪਿੰਡ ਦੇ ਸਕੂਲ ਵਿਚ ਕਈ ਸਾਲਾਂ ਤੋਂ ਲੱਗੇ ‘ਜ਼ਿੰਮੇਵਾਰ ਅਧਿਆਪਕ’ ਹੋਣ ਅਤੇ ਪਿੰਡ ਦੇ ਲੋਕਾਂ ਵੱਲੋਂ ‘ਪਿਆਰੇ ਅਤੇ ਸਤਿਕਾਰੇ ਜਾਣ ਵਾਲੇ’ ਹੋਣ ਦਾ ਜ਼ਿਕਰ ਬਿਨਾਂ ਰੁਕੇ ਕਰੀ ਜਾ ਰਹੀ ਸੀ।
“ਅਹੁ ਵਰਦੀ ਵਾਲੀ ਤਸਵੀਰ ਕਿਸ ਦੀ ਹੈ?” ਅੰਗੀਠੀ ‘ਤੇ ਪਈ ਤਸਵੀਰ ਵੱਲ ਇਸ਼ਾਰਾ ਕਰ ਕੇ ਥਾਣੇਦਾਰ ਨੇ ਪੁੱਛਿਆ ਤਾਂ ਮੇਰੀ ਪਤਨੀ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਇੱਕ ਹੋਰ ‘ਵੋਟ’ ਮਿਲ ਗਈ।
“ਇਹ ਮੇਰੇ ਪਿਤਾ ਜੀ ਨੇ। ਪੁਲਿਸ ਵਿਚ ਇੰਸਪੈਕਟਰ ਹੁੰਦੇ ਸਨ। ਛੱਬੀ ਜਨਵਰੀ ਵਾਲੇ ਦਿਨ ਖੇਡਾਂ ਕਰਦਿਆਂ, ਘੋੜੇ ਤੋਂ ਡਿੱਗ ਕੇ ਉਨ੍ਹਾਂ ਦੀ ਮੌਤ ਹੋ ਗਈ ਸੀ।” ਉਹ ਆਪਣੇ ਇੰਸਪੈਕਟਰ ਪਿਤਾ ਦੀ ਥਾਣੇਦਾਰ ਨਾਲ ‘ਕਿੱਤੇ ਦੀ ਸਾਂਝ’ ਜੋੜ ਕੇ ਉਸ ਦੀ ‘ਹਮਦਰਦੀ ਬਟੋਰਨਾ’ ਚਾਹੁੰਦੀ ਸੀ ਸ਼ਾਇਦ!
ਮੈਂ ਕੱਪੜੇ ਬਦਲ ਕੇ ਵਾਪਸ ਆਇਆ। ਮੇਰੀ ਵੱਡੀ ਧੀ ਅਤੇ ਪੁੱਤਰ ਸਹਿਮੇ ਹੋਏ ਸਾਰਾ ‘ਨਾਟਕ’ ਵੇਖ ਰਹੇ ਸਨ। ਸਭ ਤੋਂ ਛੋਟੀ ਬੱਚੀ ਮੇਰੀ ਪਤਨੀ ਦੀ ਬਾਂਹ ਖਿੱਚ ਕੇ ਵਾਰ ਵਾਰ ਆਖ ਰਹੀ ਸੀ, “ਮੰਮੀ ਮੈਨੂੰ ਪੜ੍ਹਾਓ ਵੀ।”
ਮੈਂ ਬੱਚੀ ਦੇ ਸਿਰ ‘ਤੇ ਹੱਥ ਫੇਰਿਆ। ਦੂਜੇ ਬੱਚਿਆਂ ਵੱਲ ਤਰਦੀ ਜਿਹੀ ਨਜ਼ਰ ਮਾਰੀ ਅਤੇ ਕਮਰੇ ‘ਚੋਂ ਬਾਹਰ ਨਿਕਲ ਆਇਆ।
ਪੁਲਿਸ ਚੌਕੀ ਵਿਚ ਪਹੁੰਚਣ ‘ਤੇ ਹਵਾਲਦਾਰ ਨੇ ਕਮਰੇ ਵਿਚ ਪਏ ਅਲਾਣੇ ਮੰਜੇ ਵੱਲ ਇਸ਼ਾਰਾ ਕਰ ਕੇ ਮੈਨੂੰ ਕਿਹਾ, “ਇਥੇ ਪੈ ਜਾਓ। ਹੋਰ ਕੱਪੜੇ ਲੀੜੇ ਦੀ ਤਾਂ ਲੋੜ ਨਹੀਂ?” ਉਸ ਦਾ ਰਵੱਈਆ ਵੀ ਲਚਕਦਾਰ ਹੋ ਗਿਆ ਸੀ। ਮੇਰੀ ਪਤਨੀ ਵੱਲੋਂ ਮੇਰੇ ਬਾਰੇ ਦੱਸੇ ਜਾਣ ਕਰ ਕੇ ਜਾਂ ਥਾਣੇਦਾਰ ਦੇ ਸਮਝਾਉਣ ਕਰ ਕੇ ਜਾਂ ਰੱਬੀਂ ਹੀ ਉਸ ਦੇ ਮਨ ਵਿਚ ਮਿਹਰ ਪੈ ਗਈ ਸੀ! ਇਸ ਬਾਰੇ ਕੁਝ ਨਹੀਂ ਸੀ ਕਿਹਾ ਜਾ ਸਕਦਾ।
ਮੈਂ ‘ਧੰਨਵਾਦ’ ਕਹਿ ਕੇ ਮੰਜੇ ‘ਤੇ ਬੈਠ ਗਿਆ। ਸਾਰੇ ਪੁਲਸੀਏ ਚੌਕੀ ਦਾ ਬਾਹਰਲਾ ਦਰਵਾਜ਼ਾ ਬੰਦ ਕਰ ਕੇ ਆਪੋ-ਆਪਣੇ ਟਿਕਾਣਿਆਂ ‘ਤੇ ਜਾ ਕੇ ਲੰਮੇਂ ਪੈ ਗਏ। ਜ਼ਾਹਿਰ ਸੀ ਕਿ ਮੈਨੂੰ ਦਿਨ ਚੜ੍ਹਨ ਤੀਕ ਇਕੱਲਾ ਛੱਡ ਦਿੱਤਾ ਗਿਆ ਸੀ। ਮੈਂ ਮੰਜੇ ‘ਤੇ ਲੰਮਾ ਪਿਆ ਆਪਣੀ ਗ੍ਰਿਫ਼ਤਾਰੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸਾਂ।
ਦਿਨ ਚੜ੍ਹਿਆ ਤਾਂ ਮੈਂ ਵੇਖਿਆ ਕਿ ਪਿੰਡ ਦਾ ਸਾਬਕਾ ਸਰਪੰਚ ਸਵਰਨ ਸਿੰਘ ਪੰਜ-ਸੱਤ ਬੰਦਿਆਂ ਸਮੇਤ ਮੇਰੇ ਕੋਲ ਆਇਆ, “ਭਾ ਜੀ, ਤੁਸੀਂ ਕੋਈ ਫ਼ਿਕਰ ਨਾ ਕਰੋ। ਅਸੀਂ ਹੁਣੇ ਥਾਣੇਦਾਰ ਨੂੰ ਮਿਲਦੇ ਆਂ।” ਕਿਸੇ ਨੇ ਮੇਰੇ ਲਈ ਲਿਆਂਦੀ ਚਾਹ ਮੇਰੇ ਕੋਲ ਰੱਖੀ।
ਹੌਲੀ ਹੌਲੀ ਹੋਰ ਬੰਦੇ ਆਉਂਦੇ ਗਏ। ਮੇਰੇ ਹੱਕ ਵਿਚ ਮੇਰੇ ਹਮਦਰਦਾਂ ਦੀ ਭੀੜ ਜੁੜਦੀ ਜਾ ਰਹੀ ਸੀ। ਲੋਕਾਂ ਦੇ ਇਸ ਇਕੱਠ ਪਿੱਛੇ ਮੇਰੀ ਪਤਨੀ ਦੀ ਹਿੰਮਤ ਸੀ। ਰਾਤੀਂ ਜਦੋਂ ਪੁਲਿਸ ਵਾਲੇ ਮੈਨੂੰ ਫੜ ਕੇ ਲੈ ਆਏ ਤਾਂ ਉਹ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਸਾਰੀ ਰਾਤ ਜਾਗਦੀ ਰਹੀ। ਨੀਂਦ ਕਿੱਥੇ ਆਉਣੀ ਸੀ! ਰਾਤ ਨੂੰ ਇਕੱਲੀ ਕਿਤੇ ਜਾ ਨਹੀਂ ਸੀ ਸਕਦੀ। ਆਂਢੀ-ਗੁਆਂਢੀ ਤਾਂ ਦੂਜੇ ਘਰ ਕੁਝ ‘ਹੁੰਦਾ’ ਸੁਣ ਕੇ ਉਚੀ ਸਾਹ ਨਹੀਂ ਸਨ ਬਾਹਰ ਕੱਢਦੇ! ਮੈਂ ਪਹਿਲਾਂ ਵੀ ਦੱਸਿਆ ਹੈ; ਉਦੋਂ ਅਜੇ ਪਿੰਡ ਦੇ ਕੁਝ ਇੱਕ ਮੋਹਤਬਰ ਬੰਦਿਆਂ ਦੇ ਘਰੀਂ ਹੀ ਟੈਲੀਫ਼ੋਨ ਲੱਗੇ ਹੋਏ ਸਨ। ਮੈਂ ‘ਮੋਹਤਬਰ’ ਤਾਂ ਨਹੀਂ ਸਾਂ, ਪਰ ਟੈਲੀਫ਼ੋਨ ਮੈਂ ਵੀ ਲਵਾਇਆ ਹੋਇਆ ਸੀ। ਇਸ ਟੈਲੀਫ਼ੋਨ ਕਰ ਕੇ ਮੇਰੇ ਨੇੜਲੇ ਯਾਰ ਮੇਰਾ ਮਜ਼ਾਕ ਵੀ ਉਡਾਉਂਦੇ ਰਹਿੰਦੇ ਸਨ। ਮੈਂ ਇਹ ਟੈਲੀਫ਼ੋਨ ਕਰਨਾ ਕਿਸ ਨੂੰ ਸੀ! ਸਿਵਾਇ ਇੱਕ ਅੱਧੇ ਰਿਸ਼ਤੇਦਾਰ ਦੇ, ਮੇਰੇ ਜਾਣੂਆਂ ਜਾਂ ਰਿਸ਼ਤੇਦਾਰਾਂ ‘ਚੋਂ ਕਿਸੇ ਕੋਲ ਵੀ ਤਾਂ ਟੈਲੀਫ਼ੋਨ ਨਹੀਂ ਸੀ ਲੱਗਾ ਹੋਇਆ! ਮੇਰੇ ਘਰ ਬੱਝਾ ਇਹ ‘ਕਾਲਾ ਹਾਥੀ’ ਕਿਸ ਕੰਮ ਸੀ! ਪਰ ਉਸ ਰਾਤ ਇਹ ਬੜਾ ਕੰਮ ਆਇਆ। ਪਤਨੀ ਨੇ ਤੜਕੇ ਅੰਮ੍ਰਿਤ ਵੇਲੇ, ਜਦੋਂ ਅਜੇ ਸਾਰੇ ਸੁੱਤੇ ਹੋਏ ਸਨ, ਸਭ ਨੂੰ ਫ਼ੋਨ ਖੜਕਾ ਕੇ ਮੇਰੇ ਗ੍ਰਿਫ਼ਤਾਰ ਹੋਣ ਬਾਰੇ ਦੱਸ ਦਿੱਤਾ ਸੀ ਅਤੇ ਉਨ੍ਹਾਂ ਨੂੰ ਮੇਰੇ ਪਿੱਛੇ ਜਾਣ ਦੀ ਬੇਨਤੀ ਕੀਤੀ ਸੀ। ਇਨ੍ਹਾਂ ਵਿਚੋਂ ਬਹੁਤੇ ਲੋਕਾਂ ਨੂੰ ਤਾਂ ਉਸ ਨੇ ਵੇਖਿਆ ਵੀ ਨਹੀਂ ਸੀ ਹੋਇਆ, ਜ਼ਬਾਨ ਸਾਂਝੀ ਕਰਨੀ ਤਾਂ ਕਿਤੇ ਰਹੀ! ਸਭ ਪਿੰਡ ਵਾਸੀਆਂ ਨੇ ਮੇਰਾ ਮਾਣ ਰੱਖਿਆ ਸੀ। ਉਹ ਭੀੜ ਦੇ ਰੂਪ ਵਿਚ ਮੇਰੇ ਮਗਰ ਉਮਡ ਆਏ ਸਨ! ਉਹ ਮੇਰੇ ਕਮਰੇ ਵਿਚ ਆਉਂਦੇ। ਮੇਰੇ ਨਾਲ ਹੱਥ ਮਿਲਾਉਂਦੇ ਅਤੇ ‘ਫ਼ਿਕਰ ਨਾ ਕਰਨ’ ਲਈ ਆਖ ਕੇ ਚੌਕੀ ਦੇ ਬਾਹਰਲੇ ਗੇਟ ਸਾਹਮਣੇਂ ਇਕੱਠੇ ਹੋਣ ਲੱਗੇ। ਮੈਂ ਹੌਸਲੇ ਵਿਚ ਹੋ ਗਿਆ। ਆਖ਼ਰ ਮੈਂ ਕਸੂਰ ਕਿਹੜਾ ਕੀਤਾ ਸੀ ਜਿਸ ਕਰ ਕੇ ਪੁਲਿਸ ਵਾਲੇ ਮੇਰੀ ਗ੍ਰਿਫ਼ਤਾਰੀ ਨੂੰ ‘ਹੱਕ-ਬਜਾਨਬ’ ਠਹਿਰਾਉਣਗੇ!
ਸਾਰੇ ਜਣੇ ਚੌਕੀ ਦੇ ਬਾਹਰ ਖਲੋਤੇ, ਥਾਣੇਦਾਰ ਦੇ ਆਉਣ ਅਤੇ ਹਕੀਕਤ ਜਾਣਨ ਦੀ ਉਡੀਕ ਕਰ ਰਹੇ ਸਨ। ਇੰਨੇ ਚਿਰ ਨੂੰ ਦੋ ਸਿਪਾਹੀਆਂ ਦੇ ਨਾਲ ਬੂਟਾ ਮੇਰੇ ਕੋਲ ਆਇਆ। ਉਸ ਦੇ ਚਿਹਰੇ ਦਾ ਰੰਗ ਉਡਿਆ ਹੋਇਆ ਸੀ। ਮੈਂ ਸਮਝਿਆ ਮੇਰੇ ਫ਼ਿਕਰ ਕਰ ਕੇ ਚਿੰਤਾਵਾਨ ਹੈ! ਮੈਂ ਉਹਨੂੰ ਧੀਰਜ ਧਰਨ ਲਈ ਕਿਹਾ।
“ਇਹ ਮੈਨੂੰ ਵੀ ਫੜ ਕੇ ਲਿਆਏ ਨੇ।” ਉਸ ਨੇ ਖ਼ੁਲਾਸਾ ਕੀਤਾ।
“ਚੰਗਾ ਹੋਇਆ ਸਗੋਂ ਸਾਥ ਬਣ ਗਿਆ!” ਮੈਂ ਮਜ਼ਾਕ ਕੀਤਾ।
“ਪਰ ਭਾ ਜੀ ਆਪਾਂ ਨੂੰ ਲਿਆਂਦਾ ਕਿਉਂ ਆਂ?” ਬੂਟੇ ਨੇ ਪੁੱਛਿਆ ਅਤੇ ਫਿਰ ਆਪ ਹੀ ਕਿਆਫ਼ਾ ਲਾਇਆ, “ਇਹæææਹੁਰਾਂ ਦਾ ਕੰਮ ਲੱਗਦਾ!”
ਬੂਟਾ ਸਾਡੇ ਪਿੰਡ ਦੇ ਪਰਜਾਪਤ ਸਿੱਖਾਂ ਦਾ ਮੁੰਡਾ ਸੀ। ਇਕ੍ਹੱਤਰ-ਬਹੱਤਰ ਦੇ ਸਾਲਾਂ ਵਿਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮæਏæ ਦਾ ਵਿਦਿਆਰਥੀ ਸੀ। ਜਦੋਂ ਉਹ ਬੀæਏæ ਦਾ ਵਿਦਿਆਰਥੀ ਸੀ ਤਾਂ ਮੇਰੇ ਪ੍ਰਭਾਵ ਅਧੀਨ ‘ਤੱਤੀ ਲਹਿਰ’ ਦੇ ਨੇੜੇ ਆ ਗਿਆ ਸੀ। ਪ੍ਰਚਾਰ ਦੇ ਕੰਮ ਵਿਚ ਸਰਗਰਮੀ ਨਾਲ ਹੱਥ ਵਟਾਉਂਦਾ। ਰਾਤ-ਬਰਾਤੇ ਕੰਧਾਂ ਉਤੇ ਇਸ਼ਤਿਹਾਰ ਲਾਉਂਦਾ, ਲਵਾਉਂਦਾ। ਵਿਦਿਆਰਥੀ ਯੂਨੀਅਨ ਅਤੇ ਨੌਜਵਾਨ ਸਭਾ ਵਿਚ ਕੰਮ ਕਰਦਾ। ਆਗੂਆਂ ਵੱਲੋਂ ਕੀਤੀਆਂ ਗੁਪਤ ਮੀਟਿੰਗਾਂ ਵਿਚ ਭਾਗ ਲੈਂਦਾ ਅਤੇ ਹੋਰ ਨੌਜਵਾਨ ਸਾਥੀਆਂ ਨੂੰ ਲਹਿਰ ਨਾਲ ਜੋੜਨ ਦਾ ਕੰਮ ਕਰਦਾ। ਫਿਰ ਉਹ ਐਮæਏæ ਦੀ ਪੜ੍ਹਾਈ ਵਿਚੇ ਛੱਡ ਕੇ ਗ਼ੈਰ-ਕਾਨੂੰਨੀ ਢੰਗ ਨਾਲ ਜਰਮਨੀ ਚਲਾ ਗਿਆ। ਉਥੇ ਦਿਲ ਨਾ ਲੱਗਾ ਤਾਂ ਵਾਪਸ ਪਰਤ ਆਇਆ। ਮੈਨੂੰ ਕਹਿੰਦਾ, “ਭਾ ਜੀ! ਮੈਂ ਸੋਚਿਆ ਕਿ ਜੇ ਉਥੇ ਜਰਮਨੀ ਵਿਚ ਰਹਿ ਕੇ, ਔਖੇ ਹੋ ਕੇ, ਲੁਕ ਛਿਪ ਕੇ, ‘ਇਲੀਗਲ’ ਕੰਮ ਕਰ ਕੇ ਹੀ ਪੈਸੇ ਕਮਾਉਣੇ ਨੇ ਤਾਂ ਆਪਣੇ ਮੁਲਕ ਵਿਚ ਹੀ ਇਹ ‘ਇਲੀਗਲ’ ਕੰਮ ਕਰ ਕੇ, ਪੈਸੇ ਕਿਹੜੇ ਨਹੀਂ ਕਮਾਏ ਜਾ ਸਕਦੇ!” ਹੁਣ ਉਹ ਪਿੰਡ ਘੱਟ ਵੱਧ ਹੀ ਰਹਿੰਦਾ ਸੀ। ਬਹੁਤਾ ‘ਬਾਹਰ ਅੰਦਰ’ ਹੀ ਰਹਿੰਦਾ। ਆਪਣੇ ‘ਕੰਮ-ਕਾਰ’ ਕਰਦਾ। ਉਸ ਦੀ ਜੋਟੀ ਹੁਣ ‘ਉਹੋ ਜਿਹੇ’ ਲੋਕਾਂ ਨਾਲ ਹੀ ਸੀ। ਵਰ੍ਹੇ-ਛਿਮਾਹੀ ਮਿਲਦਾ ਤਾਂ ‘ਜੁਰਮ ਦੀ ਦੁਨੀਆਂ’ ਦੀ ਕੋਈ ਨਾ ਕੋਈ ਦਿਲਚਸਪ ਸਾਖ਼ੀ ਸੁਣਾ ਜਾਂਦਾ। ਇਨ੍ਹਾਂ ਸਾਖੀਆਂ ਵਿਚ ਇੱਕ ਵਾਰ ਉਸ ਨੇ ਇਹ ਵੀ ਦੱਸਿਆ ਕਿ ਭਿੰਡਰਾਂਵਾਲੇ ਦੀ ਸੱਜੀ ਬਾਂਹ ਸੋਢੀ (ਸੁਰਿੰਦਰ ਸਿੰਘ) ਨੂੰ ਮਾਰਨ ਵਾਲਾ ਉਹਦਾ ਯਾਰ ਛਿੰਦਾ ਹੈ। ਉਸ ਨੇ ਸੋਢੀ ਦੇ ਕਤਲ ਦੀ ਕਹਾਣੀ ਵੀ ਸੁਣਾਈ ਅਤੇ ਫਿਰ ਛਿੰਦੇ ਦੇ ਕਤਲ ਦੀ ਵੀ! ਉਹ ਇਸ ਗੱਲੋਂ ਵੀ ਡਰਦਾ ਕਿ ਛਿੰਦੇ ਨਾਲ ਉਹਦੀ ਯਾਰੀ ਰਹੀ ਹੋਣ ਕਰ ਕੇ ਉਹਨੂੰ ਵੀ ਨਾ ਮਾਰ ਦਿੱਤਾ ਜਾਵੇ! ਕਦੀ ਕਦੀ ਇਹ ਵੀ ਪਤਾ ਲੱਗਦਾ ਕਿ ਕਿਸੇ ‘ਕੇਸ’ ਵਿਚ ਉਹਨੂੰ ਫੜਨ ਲਈ ਪੁਲਿਸ ਨੇ ਪਿੰਡ ਵਿਚ ਛਾਪਾ ਮਾਰਿਆ ਸੀ।
“ਪਰ ਭਾ ਜੀ, ਇਨ੍ਹਾਂ ਨੇ ਆਪਾਂ ਨੂੰ ਫੜਿਆ ਕਿਉਂ?” ਉਸ ਦੇ ਸਵਾਲ ਦਾ ਜਵਾਬ ਮੇਰੇ ਕੋਲ ਵੀ ਤਾਂ ਨਹੀਂ ਸੀ।
***
ਥਾਣੇਦਾਰ ਆਇਆ। ਸਾਹਮਣੇ ਵਿਹੜੇ ਵਿਚ ਧੁੱਪੇ ਲੱਗੇ ਮੇਜ਼ ‘ਤੇ ਬੈਠ ਕੇ ਉਸ ਨੇ ਪੰਜ-ਚਾਰ ਮੋਹਤਬਰ ਬੰਦਿਆਂ ਨੂੰ ਕੋਲ ਬੁਲਾਇਆ ਅਤੇ ‘ਅੰਦਰਲੀ ਗੱਲ’ ਦੱਸੀ।
ਥਾਣੇਦਾਰ ਦੀ ਗੱਲ ਸੁਣ ਕੇ ਉਹ ਸਾਡੇ ਕੋਲ ਆਏ। ਉਨ੍ਹਾਂ ਦੇ ਚਿਹਰੇ ਗੰਭੀਰ ਸਨ।
“ਭਿੱਖੀਵਿੰਡ ਵਾਲੇ ਐਸ਼ਐਚæਓæ ਨੂੰ ਆ ਲੈਣ ਦਿਓ। ਉਸ ਦੇ ਆਇਆਂ ਹੀ ਅਸਲੀ ਗੱਲ ਦਾ ਪਤਾ ਲੱਗੂ। ਅਸੀਂ ਇਥੇ ਬਾਹਰ ਹੀ ਉਡੀਕਦੇ ਆਂ।” ਉਨ੍ਹਾਂ ਦੇ ਬੋਲਾਂ ਵਿਚ ਪਹਿਲਾਂ ਵਾਲਾ ਉਤਸ਼ਾਹ ਨਹੀਂ ਸੀ। ਚੌਕੀ ਵਾਲੇ ਥਾਣੇਦਾਰ ਨੇ ‘ਹਕੀਕਤ’ ਦੱਸ ਕੇ ਉਨ੍ਹਾਂ ਦਾ ਜੋਸ਼ ਮੱਠਾ ਕਰ ਦਿੱਤਾ ਸੀ। ਇਹ ਹਕੀਕਤ ਹੈ ਕੀ ਸੀ?
ਵੇਖਿਆ; ਫੁੱਫੜ ਸੂਰਤਾ ਸਿੰਘ ਮੇਰੇ ਦੋਹਾਂ ਵੱਡੇ ਬੱਚਿਆਂ, ਰੂਪ ਅਤੇ ਸੁਪਨਦੀਪ ਨੂੰ ਆਪਣੀਆਂ ਦੋਹਾਂ ਉਂਗਲਾਂ ਨਾਲ ਲਾਈ ਚੌਕੀ ਦਾ ਦਰਵਾਜ਼ਾ ਲੰਘ ਰਿਹਾ ਸੀ। ਰੂਪ ਨੌਂ ਕੁ ਸਾਲ ਦੀ ਸੀ ਅਤੇ ਸੁਪਨ ਛੇ ਕੁ ਸਾਲ ਦਾ। ਬੱਚਿਆਂ ਵੱਲ ਵੇਖ ਕੇ ਮੇਰਾ ਮਨ ਭਰ ਆਇਆ। ਕੀ ਸੋਚਦੇ ਹੋਣਗੇ ਮੇਰੇ ਬਾਰੇ ਇਹ ਮਾਸੂਮ ਬੱਚੇ! ਇਨ੍ਹਾਂ ਨੂੰ ਤਾਂ ਨਾ ਹੀ ਮੁਲਕ ਦੀ ਸਿਆਸਤ ਅਤੇ ਨਾ ਹੀ ਜੁਰਮ ਦੀ ਦੁਨੀਆਂ ਬਾਰੇ ਕੋਈ ਗਿਆਨ ਸੀ। ਉਨ੍ਹਾਂ ਲਈ ਤਾਂ ਉਨ੍ਹਾਂ ਦਾ ਪਿਉ ‘ਬੜੀ ਵੱਡੀ ਤਾਕਤ’ ਹੁੰਦਾ ਸੀ ਜਿਸ ਦੀ ਬੁੱਕਲ ਵਿਚ ਉਹ ਸਦਾ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੇ ਸਨ! ਉਨ੍ਹਾਂ ਦੀ ਇਹ ‘ਤਾਕਤ’ ਪੁਲਸੀਆਂ ਦੇ ਹੁਕਮ ਅਤੇ ਇਸ਼ਾਰੇ ‘ਤੇ ਬੈਠਣ, ਉਠਣ ਅਤੇ ਬੋਲਣ ਜੋਗੀ ਰਹਿ ਗਈ ਸੀ!
ਸੂਰਤਾ ਸਿੰਘ ਦੀ ਇਸ ਥਾਣੇਦਾਰ ਨਾਲ ‘ਦੂਰ-ਨੇੜੇ’ ਦੀ ਕੋਈ ਰਿਸ਼ਤੇਦਾਰੀ ਸੀ। ਉਹ ਮੇਰੀ ਪਤਨੀ ਨੂੰ ਧਰਵਾਸ ਦੇ ਕੇ ਆਇਆ ਸੀ, “ਬੀਬੀ ਰਜਵੰਤ! ਥਾਣੇਦਾਰ ਆਪਣਾ ਮੁੰਡਾ ਹੈ। ਉਹਦੇ ਹੁੰਦਿਆਂ ਆਪਣੇ ਨਾਲ ਨਜਾਇਜ਼ ਨਹੀਂ ਹੁੰਦੀ। ਤੂੰ ਰਤੀ ਭਰ ਵੀ ਫ਼ਿਕਰ ਨਾ ਕਰ।” ਉਹਦਾ ਧਰਵਾਸ ਵਾਜਬ ਸੀ। ਪਤਨੀ ਚਿੰਤਾ-ਮੁਕਤ ਹੋ ਕੇ ਹੋਰ ਘੜੀ ਪਲ ਤਕ ਮੇਰੀ ਵਾਪਸੀ ਦੀ ਉਡੀਕ ਕਰ ਰਹੀ ਸੀ।
ਮੈਨੂੰ ਬੱਚਿਆਂ ਨੂੰ ਮਿਲਣ ਲਈ ਥਾਣੇਦਾਰ ਵਾਲੀ ਮੇਜ਼ ਕੋਲ ਹੀ ਬੁਲਾ ਲਿਆ ਗਿਆ। ਮੈਂ ਲਾਡ ਨਾਲ ਦੋਹਾਂ ਦੀਆਂ ਗੱਲ੍ਹਾਂ ਥਪਥਪਾਈਆਂ। ਮੁਸਕਰਾ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਨ੍ਹਾਂ ਨੂੰ ਕੁਤਕੁਤਾਇਆ। ਮੈਂ ਸਹਿਜ ਰਹਿਣ ਦਾ ਯਤਨ ਕਰਦਾ ਹੋਇਆ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਉਨ੍ਹਾਂ ਦਾ ਪਿਤਾ ਹੁਣ ਵੀ ‘ਵੱਡੀ ਤਾਕਤ’ ਹੈ! ਉਹ ਪਤਾ ਨਹੀਂ ਕੀ ਮਹਿਸੂਸ ਕਰ ਰਹੇ ਸਨ!
ਥਾਣੇਦਾਰ ਨੇ ਸੂਰਤਾ ਸਿੰਘ ਨੂੰ ਅਲੱਗ ਕਰ ਕੇ ‘ਕੁਝ’ ਦੱਸਿਆ। ਇੰਨੇ ਚਿਰ ਵਿਚ ਜੀਪ ਬਾਹਰਲੇ ਗੇਟ ਕੋਲ ਰੁਕੀ ਅਤੇ ਉਸ ਵਿਚੋਂ ਨਿਕਲੇ ਐਸ਼ਐਚæਓæ ਨੂੰ ਬਾਹਰ ਖਲੋਤੇ ਬੰਦਿਆਂ ਨੇ ਘੇਰ ਲਿਆ। ਉਨ੍ਹਾਂ ਨਾਲ ਗੱਲ ਕਰ ਕੇ ਅਤੇ ਉਨ੍ਹਾਂ ਨੂੰ ਬਾਹਰ ਹੀ ਰੁਕਣ ਦਾ ਕਹਿ ਕੇ, ਉਹ ਅੰਦਰ ਆਇਆ। ਚੌਕੀ ਵਾਲੇ ਛੋਟੇ ਥਾਣੇਦਾਰ ਨੇ ਉਠ ਕੇ ਉਹਨੂੰ ਸਲੂਟ ਮਾਰਿਆ। ਮੈਂ ਵੀ ਕੁਰਸੀ ਤੋਂ ਉਠ ਖਲੋਤਾ। ਉਸ ਨੇ ਮੈਨੂੰ ਬੈਠ ਜਾਣ ਲਈ ਇਸ਼ਾਰਾ ਕੀਤਾ। ਹੁਣ ਸਾਡੀ ਗ੍ਰਿਫ਼ਤਾਰੀ ਦਾ ਰਹੱਸ ਖੁੱਲ੍ਹਣ ਦਾ ਮੌਕਾ ਸੀ। ਥਾਣੇਦਾਰ ਬੜੇ ਠਰ੍ਹੰਮੇ ਨਾਲ ਬੋਲ ਰਿਹਾ ਸੀ, ਪਰ ਮੇਰੇ ਕੰਨਾਂ ਵਿਚ ਗੜਗੜਾਹਟ ਹੋ ਰਹੀ ਸੀ। ਮੈਂ ਵਿਚਾਰਗੀ ਦੀ ਹਾਲਤ ਵਿਚ ਉਸ ਦੇ ਬੋਲਾਂ ਦੇ ਮਲਬੇ ਹੇਠਾਂ ਦੱਬਿਆ ਗਿਆ ਸਾਂ!
“ਤੁਹਾਡੇ ਪਿੱਛੇ ਆਇਆ ਸਾਰਾ ਪਿੰਡ ਤੁਹਾਡਾ ਕਸੂਰ ਪੁੱਛਦਾ ਪਿਆ ਹੈ! ਲੌ ਸੁਣ ਲਓ ਆਪਣਾ ਕਸੂਰ। ਪਿੰਡ ਸੁਰ ਸਿੰਘ ਵਿਚ ਮਹੀਨਾਂ ਪਹਿਲਾਂ ਜਿਹੜੀ ਗੋਲੀ ਚੱਲੀ ਹੈ, ਅਸੀਂ ਕਹਿੰਦੇ ਹਾਂ ਕਿ ਉਹ ਤੁਸੀਂ ਚਲਾਈ ਹੈ। ਇੱਕ ਬੰਦੇ ਨੂੰ ਤੁਸੀਂ ਕਤਲ ਕੀਤਾ ਏ ਅਤੇ ਬਾਕੀ ਬੰਦੇ ਜ਼ਖ਼ਮੀ ਕੀਤੇ ਨੇ। ਇਹ ਕੇਸ ਬਣਦਾ ਹੈ ਤੁਹਾਡੇ ‘ਤੇ। ਹੁਣ ਤੁਸੀਂ ਸਾਬਤ ਕਰਨਾ ਹੈ ਕਿ ਗੋਲੀ ਤੁਸੀਂ ਨਹੀਂ ਚਲਾਈ! ਬੰਦਾ ਤੁਸੀਂ ਨਹੀਂ ਮਾਰਿਆ!”
ਉਹ ਉਤਸੁਕ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਾ। ‘ਦੰਦ ਜੁੜ ਜਾਣੇ’ ਦਾ ਮੁਹਾਵਰਾ ਮੈਨੂੰ ਪਹਿਲੇ ਦਿਨ ਇੰਨੀ ਬਾਰੀਕੀ ਨਾਲ ‘ਸਮਝ’ ਆਇਆ! ਮੈਨੂੰ ਸੁੱਝ ਅਹੁੜ ਹੀ ਨਹੀਂ ਸੀ ਰਹੀ ਕਿ ਕੀ ਜਵਾਬ ਦੇਵਾਂ! ਮੈਂ ਇਹ ਕਿਵੇਂ ਸਾਬਤ ਕਰ ਸਕਦਾ ਸਾਂ ਭਲਾ! ਦੋਸ਼ ਲਾਉਣ ਵਾਲੇ ਉਨ੍ਹਾਂ ਦਿਨਾਂ ਵਿਚ, ਉਂਜ ਵੀ, ‘ਸਾਬਤ’ ਕਰਨ ਦਾ ਮੌਕਾ ਕਿੱਥੇ ਦਿੰਦੇ ਸਨ! ਜੇ ਕੋਈ ਸਾਬਤ ਕਰਨ ਲਈ ਦੱਸਦਾ ਵੀ ਸੀ ਤਾਂ ਮੰਨਦੇ ਕਿੱਥੇ ਸਨ!
“ਤੁਹਾਨੂੰ ਮੇਰੇ ਬਾਰੇ ਮੇਰੇ ਪਿੱਛੇ ਆਉਣ ਵਾਲੇ ਲੋਕਾਂ ਕੋਲੋਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਕਿਹੋ ਜਿਹਾ ਬੰਦਾ ਹਾਂ! ਉਨ੍ਹਾਂ ਦੱਸ ਹੀ ਦਿੱਤਾ ਹੋਵੇਗਾ ਕਿ ਮੈਂ ਗੋਲੀ ਚਲਾਉਣ ਵਾਲਾ ਸਾਂ ਜਾਂ ਗੋਲੀ ਲੱਗਣ ਵਾਲਿਆਂ ਨੂੰ ਬਚਾਉਣ ਵਾਲਾ। ਇਸ ਤੋਂ ਵੱਧ ਮੈਨੂੰ ਸੁੱਝਦਾ ਹੀ ਨਹੀਂ ਕਿ ਮੈਂ ਆਪਣੀ ਸਫ਼ਾਈ ਵਿਚ ਕੀ ਆਖਾਂ!”
ਸੂਰਤਾ ਸਿੰਘ ਮੇਰੇ ਹੱਕ ਵਿਚ ਬੋਲਣ ਲੱਗਾ ਤਾਂ ਥਾਣੇਦਾਰ ਨੇ ਕਿਹਾ, “ਸਰਦਾਰ ਜੀ, ‘ਪੁੱਛ-ਗਿੱਛ’ ਨਾਲ ਸਾਰੀ ਸੱਚਾਈ ਵੇਖਿਓ ਕਿਵੇਂ ਸਾਹਮਣੇਂ ਆਉਂਦੀ! ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਕੇ ਰੱਖ ਦਿਆਂਗੇ।”
ਸੂਰਤਾ ਸਿੰਘ ਨੇ ਬੱਚਿਆਂ ਨੂੰ ਉਂਗਲ ਲਾਇਆ ਅਤੇ ਮੇਰੀ ਪਤਨੀ ਤਕ ਇਹ ਮਨਹੂਸ ਖ਼ਬਰ ਪਹੁੰਚਾਉਣ ਲਈ ਤੁਰ ਪਿਆ। ਬੱਚਿਆਂ ਨੇ ਥਾਣੇਦਾਰ ਦੀ ਸਾਰੀ ਗੱਲ ਸੁਣ ਲਈ ਸੀ। ਉਹ ਬੱਬੋਲਿਕੇ ਹੋਏ ਧੌਣਾਂ ਮੋੜ ਕੇ ਮੇਰੇ ਵੱਲ ਮੁੜ ਮੁੜ ਵੇਖਦੇ ਦਰਵਾਜ਼ੇ ਤੋਂ ਬਾਹਰ ਹੋ ਗਏ।
ਥੋੜ੍ਹੇ ਚਿਰ ਪਿੱਛੋਂ, ਭਿੱਖੀਵਿੰਡ ਲਿਜਾਣ ਲਈ ਸਾਨੂੰ ਵੱਖਰੇ ਟੈਂਪੂ ਵਿਚ ਬਿਠਾ ਲਿਆ। ਮੇਰੇ ਹਮਾਇਤੀ ਬੇਵੱਸ ਅਤੇ ਖ਼ਾਮੋਸ਼ ਖਲੋਤੇ ਸਨ। ਇੰਨੇ ਚਿਰ ਨੂੰ ਸਕੂਲ ਵਿਚ ਮੇਰਾ ਜਮਾਤੀ ਰਹਿ ਚੁੱਕਾ ਕਿਰਪਾਲ ਆਇਆ ਅਤੇ ਥਾਣੇਦਾਰ ਨੂੰ ਜੀਪ ਵਿਚ ਵੜਦੇ ਨੂੰ ਹੱਸ ਕੇ ਪੁੱਛਿਆ, “ਸਾਡੇ ਜਮਾਤੀ ਨੂੰ ਕਿੱਥੇ ਲੈ ਚੱਲੇ ਓ ਸਰਦਾਰ ਜੀ! ਸਾਨੂੰ ਕੋਈ ਗੱਲ ਤਾਂ ਦੱਸ ਕੇ ਜਾਓ। ਇਹ ਤਾਂ ਸਾਡਾ ਹੀਰਾ ਹੈ। ਮੈਨੂੰ ਤਾਂ ਹੁਣੇ ਪਤਾ ਲੱਗਾ; ਭੱਜਾ ਆਇਆਂ ਮੈਂ।”
ਕਿਰਪਾਲ ਜਿਸ ਨੂੰ ਸਾਰੇ ‘ਪਾਲ’ ਕਹਿੰਦੇ ਸਨ, ਪਹਿਲਾਂ ਪੁਲਿਸ ਵਿਚ ਹੀ ਹੁੰਦਾ ਸੀ। ਨਕਸਲੀ ਦੌਰ ਵਿਚ ਉਹਦੀ ਡਿਊਟੀ ਮੇਰੀਆਂ ਗਤੀਵਿਧੀਆਂ ਦਾ ਧਿਆਨ ਰੱਖਣ ‘ਤੇ ਵੀ ਲੱਗੀ ਰਹੀ ਸੀ। ਉਹ ਉਦੋਂ ਵੀ ਮੈਨੂੰ ਜਮਾਤੀ ਹੋਣ ਕਰ ਕੇ ‘ਸੰਭਲ ਕੇ ਚੱਲਣ’ ਦੀ ‘ਹਦਾਇਤ’ ਕਰਦਾ ਹੁੰਦਾ ਸੀ। ਹੁਣ ਉਸ ਨੇ ਨੌਕਰੀ ਛੱਡ ਦਿੱਤੀ ਸੀ ਅਤੇ ਸਿਆਸਤ ਵਿਚ ਸਰਗਰਮ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੋਈ ਸੀ। ਪੁਲਿਸ ਵਿਚ ਰਿਹਾ ਹੋਣ ਕਰ ਕੇ ਅਤੇ ਲੋਕਾਂ ਦੇ ‘ਕੰਮ-ਧੰਦੇ’ ਕਰਵਾਉਣ ਲਈ ਪੁਲਸੀਆਂ ਨੂੰ ਅਕਸਰ ਮਿਲਦਾ ਰਹਿਣ ਕਰ ਕੇ, ਪੁਲਿਸ ਵਾਲਿਆਂ ਨਾਲ ਉਸ ਦੇ ਸਬੰਧ ਨਿਰ-ਉਚੇਚ ਸਨ। ਥਾਣੇਦਾਰ ਨੇ ਉਹਨੂੰ ਕਿਹਾ, “ਆ, ਤੂੰ ਵੀ ਆ ਜਾਹ। ਤੇਰੇ ਵੱਲ ਵੀ ਜਾਣਾ ਸੀ।”
“ਚੱਲੋ!” ਹੱਸਦਾ ਹੋਇਆ ਉਹ ਉਨ੍ਹਾਂ ਨਾਲ ਹੀ ਜੀਪ ਵਿਚ ਸਵਾਰ ਹੋ ਗਿਆ।
ਟੈਂਪੂ ਚੱਲਿਆ ਤਾਂ ਰੋਣ-ਹਾਕੇ ਬੂਟੇ ਨੇ ਕੰਬਦੇ ਹੋਠਾਂ ਨਾਲ ਕਿਹਾ, “ਭਾ ਜੀ! ਮੈਂ ਪੱਕਾ ਹਿਸਾਬ ਲਾ ਲਿਆ ਇਨ੍ਹਾਂ ਨੇ ਆਪਾਂ ਨੂੰ ਗੋਲੀ ਮਾਰ ਦੇਣੀ ਏਂ। ਇਹ ਐਸ਼ਐਸ਼ਪੀæ ਇਸ ਜ਼ਿਲ੍ਹੇ ‘ਚ ਲਾਇਆ ਈ ਇਸੇ ਕਰ ਕੇ ਆ। ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇਹਨੇ ਕਈ ਬੰਦੇ ਮਰਵਾ ਦਿੱਤੇ ਨੇ। ਆਪਾਂ ਨੂੰ ਵੀ ਇਹ ਛੱਡਣ ਨਹੀਂ ਲੱਗੇ!”
ਬੂਟਾ ਜੋ ਕਹਿ ਰਿਹਾ ਸੀ, ਉਹ ਝੂਠ ਨਹੀਂ ਸੀ। ਇਹ ‘ਸਭ ਕੁਝ’ ਹੋ ਰਿਹਾ ਸੀ। ਜੇ ਪੁਲਿਸ ਨੇ ਇਹ ਸੱਚ ਮੰਨ ਹੀ ਲਿਆ ਹੈ ਕਿ ਸੁਰ ਸਿੰਘ ਪਿੰਡ ਵਿਚ ਅਸੀਂ ਹੀ ਗੋਲੀ ਚਲਾਈ ਹੈ ਤਾਂ ਬੂਟੇ ਦਾ ਖ਼ਦਸ਼ਾ ਸੋਲਾਂ ਆਨੇ ਸੱਚ ਸੀ। ਮੇਰੇ ਸਰੀਰ ਵਿਚੋਂ ਵੀ ਦਹਿਸ਼ਤ ਦੀ ਕੰਬਣੀ ਲੰਘੀ ਅਤੇ ਮੱਥੇ ‘ਤੇ ਪਸੀਨੇ ਦੀਆਂ ਬੂੰਦਾਂ ਉਭਰ ਆਈਆਂ।
“ਹੈਂ ਭਾ ਜੀ! ਜੇ ਇਨ੍ਹਾਂ ਨੇ ਆਪਾਂ ਨੂੰ ਗੋਲੀ ਮਾਰ ਦਿੱਤੀ ਤਾਂ!” ਉਹਦੇ ਬੋਲਾਂ ਵਿਚ ਬੱਚਿਆਂ ਵਰਗੀ ਵਿਲਕਣੀ ਅਤੇ ਜਗਿਆਸਾ ਸੀ। ਇਹ ਨਹੀਂ ਕਿ ਮੈਂ ਅੰਦਰੋਂ ਬੜਾ ਬਲਵਾਨ ਅਤੇ ਸਹਿਜ ਸਾਂ, ਪਰ ਮੈਂ ਆਪਣੇ ਮਨ ਨੂੰ ਕਰੜਾ ਕਰ ਕੇ, ਮੁਸਕਰਾ ਕੇ ਉਹਨੂੰ ਕਿਹਾ, “ਬੂਟਾ ਸਿਅ੍ਹਾਂ! ਜੇ ਇਨ੍ਹਾਂ ਨੇ ਗੋਲੀ ਮਾਰਨੀ ਹੀ ਹੋਈ ਤਾਂ ਆਪਾਂ ਕਿਹੜੀ ਹੱਥਾਂ ਨਾਲ ਰੋਕ ਲੈਣੀ ਏਂ! ਹੌਸਲਾ ਰੱਖ! ਜੋ ਹੋਊ, ਵੇਖੀ ਜਾਊ।” ਮੈਂ ਨਹੀਂ ਸਾਂ ਚਾਹੁੰਦਾ ਕਿ ਸਾਨੂੰ ਲੈ ਕੇ ਜਾਣ ਵਾਲੇ ਸਿਪਾਹੀਆਂ ਦੇ ਸਾਹਮਣੇ ਸਾਡੀ ਹਾਲਤ ਹਾਸੋਹੀਣੀ ਲੱਗੇ।
ਥਾਣੇ ਜਾ ਕੇ ਸਾਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਪਲਾਂ ਪਿੱਛੋਂ ਪਾਲ ਨੂੰ ਵੀ ਇੱਕ ਸਿਪਾਹੀ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਵਾੜਿਆ ਤਾਂ ਮੈਂ ਸਮਝਿਆ ਕਿ ਪੁਲਿਸ ਨਾਲ ਨੇੜਲੇ ਸਬੰਧਾਂ ਕਰ ਕੇ ਉਹ ਮੇਰੇ ਨਾਲ ‘ਗੱਲ-ਬਾਤ’ ਕਰਨ ਲਈ ਹਵਾਲਾਤ ਵਿਚ ਅੰਦਰ ਆ ਗਿਆ ਹੈ, ਪਰ ਉਹ ਸਾਡੇ ਨਾਲ ਹੀ ਫ਼ਰਸ਼ ‘ਤੇ ਆਣ ਬੈਠਾ।
“ਮੈਂ ਤਾਂ ਤੇਰੇ ਪਿੱਛੇ ਆਉਣ ਕਰ ਕੇ ਫਸ ਗਿਆ। ਨਹੀਂ ਤਾਂ ਮੈਂ ਇਨ੍ਹਾਂ ਦੇ ਕਿੱਥੇ ਕਾਬੂ ਆਉਣਾ ਸੀ!”
ਤਾਂ ਥਾਣੇਦਾਰ ਸੱਚ ਹੀ ਆਖਦਾ ਸੀ ਉਹਨੂੰ, “ਤੂੰ ਵੀ ਆ ਜਾਹ। ਤੇਰੇ ਵੱਲ ਵੀ ਜਾਣਾ ਸੀ।”
***
ਪਾਲ ਨੇ ਮਿਲੀ ਸੂਚਨਾ ਅਨੁਸਾਰ ਦੱਸਿਆ ਕਿ ਪਿੰਡ ਦੇ ਸਾਰੇ ਸਰਕਰਦਾ ਬੰਦਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨਿਕਲੀ ਹੋਈ ਹੈ। ਸਾਬਕਾ ਸਰਪੰਚਾਂ ਸਮੇਤ ਹੁਣ ਦੇ ਸਰਪੰਚ ਨੂੰ ਵੀ ਲੱਭਦੀ ਫਿਰਦੀ ਹੈ।
(ਚਲਦਾ)