ਮਾਓਵਾਦੀ ਲਹਿਰ 1960ਵਿਆਂ ਦੇ ਅਖੀਰ ਜਿਹੇ ਵਿਚ ਪੱਛਮੀ ਬੰਗਾਲ ਦੇ ਨਿੱਕੇ ਜਿਹੇ ਪਿੰਡ ਨਕਸਲਬਾੜੀ ਵਿਚ ਵਾਪਰੀ ਘਟਨਾ ਤੋਂ ਬਾਅਦ ਸ਼ੁਰੂ ਹੋਈ ਸੀ। ਇਸ ਪਿੰਡ ਦੇ ਨਾਂ ‘ਤੇ ਹੀ ਇਸ ਲਹਿਰ ਦਾ ਨਾਮਕਰਨ ਹੋ ਗਿਆ। ਦਿਨਾਂ-ਮਹੀਨਿਆਂ ਵਿਚ ਹੀ ਲਹਿਰ ਨੇ ਮੁਲਕ ਭਰ ਦੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ। ਇਹ ਅਸਲ ਵਿਚ ਆਜ਼ਾਦ ਭਾਰਤ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਵੱਡੀ ਬਗਾਵਤ ਸੀ। ਬਾਅਦ ਵਿਚ ਸਰਕਾਰੀ ਜਬਰ ਅਤੇ ਲਹਿਰ ਦੀਆਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰ ਕੇ ਇਹ ਲਹਿਰ ਫੁੱਟ ਦਾ ਸ਼ਿਕਾਰ ਹੋ ਗਈ, ਪਰ ਇਨਕਲਾਬ ਦਾ ਸੁਪਨਾ ਲੈਣ ਵਾਲਿਆਂ ਨੇ ਆਪਣੀ ਤਾਕਤ ਇਕੱਠੀ ਕਰ ਕੇ ਹੰਭਲਾ ਮਾਰਨ ਦਾ ਯਤਨ ਕਦੀ ਨਹੀਂ ਛੱਡਿਆ। ਕਈ ਕਿਸਮ ਦੇ ਉਤਰਾਵਾਂ-ਚੜ੍ਹਾਵਾਂ ਤੋਂ ਬਾਅਦ 2004 ਵਿਚ ਇਸ ਲਹਿਰ ਨੂੰ ਭਰਵਾਂ ਹੁਲਾਰਾ ਮਿਲਿਆ।
ਉਦੋਂ ਸੀæਪੀæਆਈæ(ਐਮæਐਲ਼)-ਪੀਪਲਜ਼ ਵਾਰ ਅਤੇ ਐਮæਸੀæਸੀæ ਦੇ ਰਲੇਵੇਂ ਨਾਲ ਸੀæਪੀæਆਈæ (ਮਾਓਵਾਦੀ) ਹੋਂਦ ਵਿਚ ਆਈ। ਇਸ ਜਥੇਬੰਦੀ ਦੀ ਅਗਵਾਈ ਵਿਚ ਚੱਲ ਰਹੀ ਲਹਿਰ, ਅੱਜ ਭਾਰਤੀ ਹਕੂਮਤ ਲਈ ਵੱਡੀ ਵੰਗਾਰ ਬਣ ਕੇ ਟੱਕਰ ਰਹੀ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਲਹਿਰ ਦਾ ਤਾਣ ਸਰਕਾਰ ਤੋਂ ਟੁੱਟ ਨਹੀਂ ਰਿਹਾ। ਇਸ ਲਹਿਰ ਦੇ ਲਗਾਤਾਰ ਕਾਇਮ ਰਹਿਣ ਦੇ ਕੁਝ ਰਾਜ਼ ਪਰਮਜੀਤ ਰੋਡੇ ਨੇ ਆਪਣੇ ਇਸ ਲੇਖ ਵਿਚ ਜਾਹਰ ਕੀਤੇ ਹਨ। -ਸੰਪਾਦਕ
ਪਰਮਜੀਤ ਰੋਡੇ
ਮਾਓਵਾਦੀਆਂ (ਨਕਸਲਵਾਦੀਆਂ) ਦੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਹਰ ਰੋਜ਼ ਕੁਝ ਨਾ ਕੁਝ ਨਵਾਂ ਵਾਪਰਦਾ ਹੈ। ਅੱਜ ਕੱਲ੍ਹ ਝਾੜਖੰਡ ਦੇ ਤਿਸਕੋਪੀ ਇਲਾਕੇ ਵਿਚ ‘ਹਰੀਜਨ ਆਦਿਵਾਸੀ ਹਾਈ ਸਕੂਲ’ ਲੋਕਾਂ ਅਤੇ ਸੁਰੱਖਿਆ ਬਲਾਂ ਵਿਚ ਕਸ਼ੀਦਗੀ ਦਾ ਅਖਾੜਾ ਬਣਿਆ ਹੋਇਆ ਹੈ। ਸੰਕਟ ਉਦੋਂ ਸ਼ੁਰੂ ਹੋਇਆ ਜਦੋਂ ਸਕੂਲ ਅਧਿਆਪਕਾਂ ਦੇ ਵਿਰੋਧ ਦੇ ਬਾਵਜੂਦ 27 ਜੁਲਾਈ, 2015 ਨੂੰ ਸੀæਆਰæਪੀæਐਫ਼ ਅਤੇ ਪੁਲਿਸ ਨੇ ਅਚਾਨਕ, ਸਕੂਲ ਉਤੇ ਕਬਜ਼ਾ ਕਰ ਕੇ ਇਸ ਨੂੰ ਪੁਲਿਸ ਚੌਕੀ ਵਿਚ ਤਬਦੀਲ ਕਰ ਲਿਆ। ਅਧਿਆਪਕਾਂ ਦੇ ਪੁੱਛਣ ‘ਤੇ ਜਵਾਬ ਸੀ, ‘ਮਾਓਵਾਦੀਆਂ ਨੂੰ ਦਬੋਚਣ ਤੇ ਖਤਮ ਕਰਨ’ ਲਈ ਇੰਜ ਕਰਨਾ ਬੇਹੱਦ ਜ਼ਰੂਰੀ ਹੈ। ਫਿਰ ਕੀ ਸੀ, ਹੈਡਮਾਸਟਰ ਨੇ ਅਣਮਿਥੇ ਸਮੇਂ ਲਈ ਵਿਦਿਆਰਥੀਆਂ ਨੂੰ ਘਰੋ-ਘਰੀ ਭੇਜ ਦਿੱਤਾ।
ਇਕ ਵਾਰ ਤਾਂ ਸਕੂਲ ਬੰਦ ਹੋ ਗਿਆ, ਪਰ ਅਧਿਆਪਕ, ਵਿਦਿਆਰਥੀ ਅਤੇ ਮਾਪੇ ਇਸ ਨੂੰ ਮੁੜ ਖੁਲ੍ਹਵਾਉਣ ਲਈ ਬਜ਼ਿਦ ਹਨ। ਉਨ੍ਹਾਂ ਨੇ ਸਾਂਝੇ ਤੌਰ ‘ਤੇ ਗਵਰਨਰ ਦਰੋਪਦੀ ਮੁਰਮੂ, ਮੁੱਖ ਮੰਤਰੀ ਰਘੂਬਰ ਦਾਸ ਅਤੇ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਅਪੀਲਾਂ ਕੀਤੀਆਂ ਕਿ ਸਕੂਲ ਵਿਚੋਂ ਹਥਿਆਰਬੰਦ ਸੁਰੱਖਿਆ ਬਲਾਂ ਦਾ ਡੇਰਾ ਚੁਕਵਾਇਆ ਜਾਵੇ, ਪਰ ਕਿਸੇ ‘ਤੇ ਅਸਰ ਨਹੀਂ ਹੋਇਆ।
ਤੀਹ ਪਿੰਡਾਂ ਦੇ ਘੇਰੇ ਵਿਚ ਪੈਂਦਾ ਇਹ ਇਕੋ ਇਕ ਪ੍ਰਾਈਵੇਟ ਹਾਈ ਸਕੂਲ ਹੈ। 700 ਵਿਦਿਆਰਥੀਆਂ ਅਤੇ 15 ਅਧਿਆਪਕਾਂ ਵਾਲੇ ਇਸ ਸਕੂਲ ਦੀ ਇਮਾਰਤ ਲੋਕਾਂ ਨੇ ਆਪ ਫੰਡ ਇਕੱਠਾ ਕਰ ਕੇ ਬਣਵਾਈ ਸੀ। ਛੇ ਸਾਲ ਪਹਿਲਾਂ 2009 ਵਿਚ ਵੀ ਪੁਲਿਸ ਨੇ ਸਕੂਲ ‘ਤੇ ਇਸੇ ਤਰ੍ਹਾਂ ਕਬਜ਼ਾ ਕਰ ਲਿਆ ਸੀ। ਜਦੋਂ ਪੁਲਿਸ ਨੇ ਕਬਜ਼ਾ ਛੱਡਿਆ ਤਾਂ ਮਾਓਵਾਦੀਆਂ ਨੇ ਸੱਤ ਵੱਡੇ ਧਮਾਕੇ ਕਰ ਕੇ ਬਿਲਡਿੰਗ ਹੀ ਉਡਾ ਦਿੱਤੀ ਤਾਂ ਜੋ ਪੁਲਿਸ ਇਸ ਦੀ ਦੁਬਾਰਾ ਵਰਤੋਂ ਨਾ ਕਰ ਸਕੇ। ਲੋਕਾਂ ਨੇ ਜਿਵੇਂ ਤਿਵੇਂ ਮੁੜ ਫੰਡ ਇਕੱਠਾ ਕਰ ਕੇ ਇਹ ਬਿਲਡਿੰਗ ਖੜ੍ਹੀ ਕਰ ਲਈ, ਪਰ ਸਰਕਾਰ ਨੇ ਇਕ ਪਾਈ ਵੀ ਨਹੀਂ ਸੀ ਦਿੱਤੀ। ਆਦਿਵਾਸੀਆਂ ਨੂੰ ਸਕੂਲ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ।
ਹੈਡਮਾਸਟਰ ਸੰਜੇ ਕੁਮਾਰ ਮਹਾਤੋ ਮੁਤਾਬਕ, ਉਹ ਬਹੁਤ ਔਖੀ ਘੜੀ ਵਿਚੋਂ ਲੰਘ ਰਹੇ ਹਨ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ, ਉਪਰੋਂ ਮਾਓਵਾਦੀਆਂ ਵੱਲੋਂ ਧਮਕੀਆਂ ਵੀ ਆ ਰਹੀਆਂ ਹਨ ਕਿ ਜਾਂ ਤਾਂ ਇਨ੍ਹਾਂ ਖਾਕੀ ਵਰਦੀ ਵਾਲਿਆਂ ਨੂੰ ਸਕੂਲ ਵਿਚੋਂ ਬਾਹਰ ਕੱਢੋ, ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੋ। ਲੋਕਾਂ ਦੀ ਬੇਚੈਨੀ ਤੇ ਗੁੱਸੇ ਵਿਚ ਹੋਰ ਵਾਧਾ ਉਦੋਂ ਹੋਇਆ ਜਦੋਂ ਡੀæਆਈæਜੀæ ਸ਼ੰਭੂ ਠਾਕੁਰ ਨੇ ਇਹ ਬਿਆਨ ਦਾਗ ਦਿੱਤਾ ਕਿ ਉਹ ਸ਼ਾਂਤੀ ਸਥਾਪਤ ਕਰਨ ਆਏ ਹਨ ਤੇ ਛੇਤੀ ਹੀ ਮਾਓਵਾਦੀਆਂ ਨੂੰ ਖਤਮ ਕਰ ਦੇਣਗੇ। ਜੇ ਮਾਓਵਾਦੀ ਹੀ ਨਾ ਰਹੇ ਤਾਂ ਖਤਰਾ ਕਿਸ ਤੋਂ? ਪਰ ਜ਼ਮੀਨੀ ਹਕੀਕਤਾਂ ਕੀ ਹਨ ਤੇ ਡੀæਆਈæਜੀæ ਦੇ ਬਿਆਨ ਵਿਚ ਕਿੰਨਾ ਕੁ ਦਮ ਹੈ, ਇਸ ਨੂੰ ਸਥਾਨਕ ਲੋਕਾਂ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ? ਉਂਜ ਵੀ ਵਿਦਿਆਰਥੀਆਂ ਲਈ ਤਾਂ ਪਹਿਲਾਂ ਵੀ ਸ਼ਾਂਤੀ ਹੀ ਸੀ। ਉਹ ਤਾਂ ਪਿਛਲੇ ਛੇ ਸਾਲ ਤੋਂ ਨਿਰਵਿਘਨ ਪੜ੍ਹਾਈ ਕਰ ਰਹੇ ਸਨ। ਜੇ ਹੁਣ ਵਿਘਨ ਪਾਇਆ ਹੈ ਤਾਂ ਸਿਰਫ਼ ਪੁਲਿਸ ਨੇ।
ਅਸਲ ਵਿਚ ਮਾਓਵਾਦੀ (ਨਕਸਲੀ) ਲਹਿਰ ਸਰਕਾਰ ਅਤੇ ਸੁਰੱਖਿਆ ਬਲਾਂ ਲਈ ਅਜ ਵੱਡੀ ਚੁਣੌਤੀ ਬਣ ਚੁੱਕੀ ਹੈ। ਮੁਲਕ ਦੇ 10 ਸੂਬਿਆਂ (ਆਂਧਰਾ ਪ੍ਰਦੇਸ਼, ਤਿਲੰਗਾਨਾ, ਬਿਹਾਰ, ਛਤੀਸਗੜ੍ਹ, ਝਾੜਖੰਡ, ਮੱਧ ਪ੍ਰਦੇਸ਼, ਉੜੀਸਾ, ਯੂæਪੀæ, ਪੱਛਮੀ ਬੰਗਾਲ ਤੇ ਮਹਾਂਰਾਸ਼ਟਰ) ਵਿਚ ਮਾਓਵਾਦੀ ਲਹਿਰ ਨੇ ਪੈਰ ਪਸਾਰ ਲਏ ਹਨ। ਇਨ੍ਹਾਂ ਸੂਬਿਆਂ ਦੇ ਇਕ-ਦੂਜੇ ਨਾਲ ਲੱਗਦੇ ਬਾਰਡਰ ਏਰੀਏ ਤਾਂ ਪੂਰੀ ਤਰ੍ਹਾਂ ਲਹਿਰ ਦੇ ਕਲਾਵੇ ਵਿਚ ਹਨ। ਇਨ੍ਹਾਂ ਵਿਚੋਂ ਕੁਝ ਖਿੱਤੇ ਤਾਂ ਅਜਿਹੇ ਹਨ ਜਿਥੇ ਮਾਓਵਾਦੀਆਂ ਨੇ ਆਪਣੀ ਸਮਾਨੰਤਰ ਸਰਕਾਰ ਬਣਾ ਲਈ ਹੈ ਜਿਸ ਨੂੰ ਉਹ ਜਨਤਕ ਸਰਕਾਰ ਦਾ ਨਾਂ ਦਿੰਦੇ ਹਨ।
ਇਸ ਵਕਤ ਮਾਓਵਾਦੀਆਂ ਕੋਲ ਆਪਣੀ ਮਜ਼ਬੂਤ ਅਤੇ ਪੂਰੇ ਜ਼ਬਤ ਵਾਲੀ ਬਾਕਾਇਦਾ ਗੁਰੀਲਾ ਫੌਜ ਹੈ। ਹਥਿਆਰਬੰਦ ਸੁਰੱਖਿਆ ਬਲਾਂ ਨੇ ਮਾਓਵਾਦੀਆਂ ਦੀ ਆਪਸੀ ਗੱਲਬਾਤ ਨੂੰ ਸੰਨ੍ਹ ਲਾ ਕੇ ਅੰਦਾਜ਼ਾ ਲਾਇਆ ਹੈ ਕਿ ਉਨ੍ਹਾਂ ਕੋਲ ਨੌਂ ਹਜ਼ਾਰ ਹਥਿਆਰਬੰਦ ਗੁਰੀਲੇ ਹਨ। ਉਘੇ ਪੱਤਰਕਾਰ ਗੌਤਮ ਨਵਲੱਖਾ ਨੇ ਮਾਓਵਾਦੀਆਂ ਦੇ ਪ੍ਰਭਾਵ ਵਾਲੇ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਹੈ ਕਿ ਮਾਓਵਾਦੀਆਂ ਕੋਲ 10 ਹਜ਼ਾਰ ਦੀ ਬਾਕਾਇਦਾ ਗੁਰੀਲਾ ਫੌਜ ਤੋਂ ਇਲਾਵਾ 38 ਹਜ਼ਾਰ ਮਲੀਸ਼ੀਆ ਹਨ ਜੋ ਨਿਪੁੰਨ ਤੀਰਅੰਦਾਜ਼ ਹਨ।
ਮਾਓਵਾਦੀ ਗੁਰੀਲਾ ਫੌਜ ਕੋਲ ਸਿਰਫ਼ 20% ਆਧੁਨਿਕ ਹਥਿਆਰ ਹਨ ਜੋ ਉਨ੍ਹਾਂ ਨੇ ਪੁਲਿਸ ਅਤੇ ਸੀæਆਰæਪੀæਐਪæ ਤੋਂ ਖੋਹੇ ਹਨ। ਬਾਕੀ 80% ਤਾਂ ਬਿਨਾਂ ਮਾਰਕਾ, ਦੇਸੀ ਬੰਬ-ਬੰਦੂਕਾਂ ਹੀ ਹਨ। ਇੰਡੋ-ਤਿਬਤ ਸਰਹੱਦੀ ਪੁਲਿਸ (ਆਈæਟੀæਬੀæਪੀæ) ਨੇ ਮਾਓਵਾਦੀਆਂ ਦੇ ਹਥਿਆਰਾਂ ਦਾ ਜ਼ਖੀਰਾ ਫੜਨ ਪਿਛੋਂ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਨੇ ਸ਼ਕਤੀਸ਼ਾਲੀ ਰਾਕਟ ਤਿਆਰ ਕਰ ਲਏ ਹਨ, ਪਰ ਉਨ੍ਹਾਂ ਕੋਲ ਚੰਗੀ ਕੁਆਲਿਟੀ ਦੇ ਰਾਕਟ-ਲਾਂਚਰ ਨਹੀਂ ਹਨ। ਰਾਕਟ-ਲਾਂਚਰ ਉਡਣ-ਮਸ਼ੀਨਾਂ (ਹੈਲੀਕਾਪਟਰ, ਡਰੋਨ ਵਗੈਰਾ) ਵਿਰੁਧ ਵਰਤੇ ਜਾਣ ਵਾਲੇ ਹਥਿਆਰ ਹਨ। ਜੇ ਬਾਰਡਰ ਪੁਲਿਸ ਦਾ ਸ਼ੱਕ ਸੱਚਾ ਹੋਇਆ ਤਾਂ ਸਮਝੋ ਸਰਕਾਰ ਖਿਲਾਫ਼ ਮਾਓਵਾਦੀਆਂ ਦੀ ਲੜਾਈ ਨਵੇਂ ਦੌਰ ਵਿਚ ਦਾਖ਼ਲ ਹੋ ਰਹੀ ਹੈ।
ਮਾਓਵਾਦੀਆਂ ਨੂੰ ਖਤਮ ਕਰਨ ਲਈ ਕਾਂਗਰਸ ਸਰਕਾਰ ਨੇ ਕਈ ਜੰਗੀ ਮੁਹਿੰਮਾਂ ਚਲਾਈਆਂ, ਪਰ ਗੱਲ ਨਾ ਬਣੀ। ਹੁਣ ਨਰੇਂਦਰ ਮੋਦੀ ਸਰਕਾਰ ਇਸ ਲਹਿਰ ਦੇ ਖਾਤਮੇ ਦੇ ਵੱਡੇ ਦਾਅਵੇ ਕਰ ਰਹੀ ਹੈ। ਇਹ ਆਪਣੇ ਮਕਸਦ ਵਿਚ ਕਿਸ ਹੱਦ ਤੱਕ ਸਫ਼ਲ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਹ ਸਪਸ਼ਟ ਹੈ ਕਿ ਸਰਕਾਰ ਨੇ ਮਾਓਵਾਦੀਆਂ ਖਿਲਾਫ਼ ਜਿਸ ਪੱਧਰ ‘ਤੇ ਹਥਿਆਰਬੰਦ ਤਾਕਤਾਂ ਝੋਕੀਆਂ ਹਨ ਅਤੇ ਜਿੰਨੀ ਵੱਡੀ ਘੇਰਾਬੰਦੀ ਕੀਤੀ ਹੈ, ਇਹ 1946 ਤੋਂ 1951 ਵਾਲੀ ਤਿਲੰਗਾਨਾ ਹਥਿਆਰਬੰਦ ਲਹਿਰ ਤੋਂ ਬਾਅਦ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ। ਤਾਹੀਓਂ ਤਾਂ ਅਖ਼ਬਾਰ ‘ਦਿ ਇਕਨਾਮਿਕ ਟਾਈਮਜ਼’ ਨੇ ਇਸ ਨੂੰ ਇੰਡੀਆ ਦਾ ਮੋਸਟ ਮਿਲਟਰਾਈਜ਼ਡ ਜ਼ੋਨ ਕਿਹਾ ਹੈ।
ਮਾਓਵਾਦੀਆਂ ਦੇ ਪ੍ਰਭਾਵ ਵਾਲੇ ਸਮੁੱਚੇ ਖਿੱਤੇ ਵਿਚ ਸਟੇਟ ਆਰਮਡ ਪੁਲਿਸ ਦੇ ਦੋ ਲੱਖ ਜਵਾਨਾਂ ਤੋਂ ਇਲਾਵਾ ਇੰਡੀਅਨ ਰਿਜ਼ਰਵ ਬਟਾਲੀਅਨ, ਨਾਗਾ ਬਟਾਲੀਅਨ, ਆਂਧਰਾ ਗਰੇਅ-ਹਾਊਂਡਜ਼, ਇੰਡੋ-ਤਿਬਤੀਅਨ ਬਾਰਡਰ ਪੁਲਿਸ, ਸਪੈਸ਼ਲ ਅਪਰੇਸ਼ਨ ਗਰੁੱਪ ਅਤੇ ਕੋਬਰਾ ਆਦਿ ਨੂੰ ਮਿਲਾ ਕੇ ਗਿਣਤੀ ਤਿੰਨ ਲੱਖ ਤੋਂ ਵੀ ਟੱਪ ਜਾਂਦੀ ਹੈ। ਲੋੜ ਪੈਣ ‘ਤੇ ਇਨ੍ਹਾਂ ਫੋਰਸਾਂ ਦੀ ਮਦਦ ਲਈ ਏਅਰ ਫੋਰਸ ਦੇ ਐਮæਆਈæ17 ਅਤੇ ਐਮæਆਈæ17 ਵੀ-5 (ਰੂਸੀ ਹੈਲੀਕਾਪਟਰ) ਤਿਆਰ-ਬਰ-ਤਿਆਰ ਹਨ। ਇਜ਼ਰਾਈਲ ਤੋਂ ਖਰੀਦੇ ਬਿਨਾਂ ਪਾਇਲਟ ਸੂਹੀਆ ਜਹਾਜ਼ ਪਹਿਲਾਂ ਹੀ ਉਡਾਣਾਂ ਭਰ ਰਹੇ ਹਨ। ਰੱਖਿਆ ਖੋਜ ਤੇ ਵਿਕਾਸ ਸੰਸਥਾ (ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗੇਨਾਈਜੇਸ਼ਨ) ਨੇ ਵਿਸ਼ੇਸ਼ ਪਹਿਲਕਦਮੀ ਕਰ ਕੇ ਘੱਟ ਫਰੀਕੁਐਂਸੀ ਦੇ ਰਡਾਰਾਂ ਨਾਲ ਲੈਸ ਡਰੋਨ ਵਿਕਸਤ ਕੀਤੇ ਹਨ ਤਾਂ ਕਿ ਮਾਓਵਾਦੀਆਂ ਦੀ ਨਕਲੋ-ਹਰਕਤ ਨੂੰ ਬਰੀਕੀ ਵਿਚ ਨੋਟ ਕੀਤਾ ਜਾ ਸਕੇ।
ਇਹ ਤਾਂ ਸਪਸ਼ਟ ਹੈ ਕਿ ਤਾਕਤ ਪੱਖੋਂ ਮਾਓਵਾਦੀਆਂ ਦੇ ਮੁਕਾਬਲੇ ਸਰਕਾਰੀ ਹਥਿਆਰਬੰਦ ਦਲ ਬਹੁਤ ਮਜ਼ਬੂਤ ਹਨ। ਆਧੁਨਿਕ ਹਥਿਆਰ, ਉਤਮ ਤਕਨੀਕ ਤੇ ਵਧੀਆ ਸਕੂਲੀ ਟਰੇਨਿੰਗ ਦੇ ਮੁਕਾਬਲੇ ਮਾਓਵਾਦੀ ਬਹੁਤ ਹੀ ਮਾੜੀ ਪੁਜ਼ੀਸ਼ਨ ਵਿਚ ਹਨ, ਪਰ ਮਾਓਵਾਦੀ ਗੁਰੀਲਾ ਜ਼ੋਨ ਵਿਚ ਦੌਰਾ ਕਰ ਕੇ ਆਏ ਲੇਖਕਾਂ ਤੇ ਪੱਤਰਕਾਰਾਂ ਦੀਆਂ ਰਿਪੋਰਟਾਂ ਵਿਚੋਂ ਝਲਕਦਾ ਮਾਓਵਾਦੀਆਂ ਦਾ ਹੌਸਲਾ ਹੈਰਾਨ ਕਰਨ ਵਾਲਾ ਹੈ। ਸਿਰ ‘ਤੇ ਮੰਡਰਾਅ ਰਹੀ ਮੌਤ ਦੇ ਸਾਹਵੇਂ ਵੀ ਚੜ੍ਹਦੀ ਕਲਾ ਵਿਚ ਰਹਿਣ ਦਾ ਕੋਈ ਰਾਜ਼ ਤਾਂ ਹੋਵੇਗਾ ਹੀ!
ਜਦੋਂ ਤੋਂ ਮਾਓਵਾਦੀ ਲਹਿਰ ਨੇ ਇਸ ਜੰਗਲੀ ਪਹਾੜੀ ਇਲਾਕੇ ਵਿਚ ਪੈਰ ਜਮਾਏ ਹਨ, ਆਦਿਵਾਸੀ ਲੋਕਾਂ ਦੀ ਸੋਚ ਅਤੇ ਜੀਵਨ-ਢੰਗ ਬਹੁਤ ਬਦਲ ਚੁੱਕੇ ਹਨ। ਭਾਰਤੀ ਸਮਾਜ ਦੇ ਸਭ ਤੋਂ ਪੱਛੜੇ ਹੋਏ ਹਿੱਸੇ ਦੇ ਗਰਭ ਵਿਚ ਨਵਾਂ ਅਤੇ ਬਿਲਕੁਲ ਹੀ ਵੱਖਰਾ ਸਮਾਜ ਪਲ ਰਿਹਾ ਹੈ। ਸੱਚ ਇਹ ਹੈ ਕਿ ਮਾਓਵਾਦੀਆਂ ਨੇ ਆਦਿਵਾਸੀਆਂ ਦੇ ਮਨਾਂ ਵਿਚ ਨਵੇਂ ਸਮਾਜ ਦਾ ਅਜਿਹਾ ਨਕਸ਼ਾ ਚਿੱਤਰ ਦਿੱਤਾ ਹੈ ਜਿਸ ਦੀ ਸਥਾਪਤੀ ਲਈ ਲੜਨ ਵਿਚ ਉਹ ਗੌਰਵ ਮਹਿਸੂਸ ਕਰਦੇ ਹਨ। ਅਜਿਹਾ ਸਮਾਜ ਜਿਸ ਨੂੰ ਉਹ ਨਵ-ਜਮਹੂਰੀ ਸਮਾਜ ਦਾ ਨਾਂ ਦਿੰਦੇ ਹਨ। ਮਾਓਵਾਦੀਆਂ ਦੀ ਅਗਵਾਈ ਵਿਚ ਲੋਕਾਂ ਨੇ ਕੁਝ ਅਜਿਹੇ ਕਦਮ ਉਠਾਏ ਹਨ ਜਿਨ੍ਹਾਂ ਨੂੰ ਅਜਿਹੇ ਸਮਾਜ ਦਾ ਭਰੂਣ ਰੂਪ ਕਿਹਾ ਜਾ ਸਕਦਾ ਹੈ।
ਮਾਓਵਾਦੀਆਂ ਨੇ ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿਚ ਠੇਕੇਦਾਰਾਂ, ਸਰਕਾਰੀ ਅਫਸਰਾਂ ਅਤੇ ਪੁਲਿਸ ਦੀ ਨਾਪਾਕ ਗਠਜੋੜ-ਤਾਕਤ ਨੂੰ ਚਕਨਾਚੂਰ ਕਰਦਿਆਂ ਲੋਕ ਸ਼ਕਤੀ ਦੇ ਨਵੇਂ ਕੇਂਦਰ ਉਭਾਰੇ ਹਨ। ਉਨ੍ਹਾਂ ਨੇ ਸਿਆਸੀ, ਆਰਥਿਕ ਤੇ ਸਮਾਜਕ ਖੇਤਰ ਵਿਚ ਲੋਕ ਜਮਹੂਰੀਅਤ ਦੇ ਸੰਕਲਪ ਨੂੰ ਅਮਲੀ ਰੂਪ ਦਿੱਤਾ ਹੈ ਤੇ ਭਾਰਤ ਸਰਕਾਰ ਦੇ ਸਮਾਨੰਤਰ ਸਰਕਾਰ ਸਥਾਪਤ ਕੀਤੀ ਹੈ ਜਿਸ ਨੂੰ ਉਹ ਜਨਤਕ ਸਰਕਾਰ ਕਹਿੰਦੇ ਹਨ ਤੇ ਇਸ ਦੇ ਨੁਮਾਇੰਦੇ ਲੋਕਾਂ ਵੱਲੋਂ ਸਿੱਧੇ ਰੂਪ ਵਿਚ ਚੁਣੇ ਜਾਂਦੇ ਹਨ। ਉਹ ਜਦੋਂ ਚਾਹੁਣ, ਉਨ੍ਹਾਂ ਨੂੰ ਵਾਪਸ ਬੁਲਾ ਕੇ ਨਵੇਂ ਚੁਣ ਸਕਦੇ ਹਨ। ਉਨ੍ਹਾਂ ਨੇ ਲੋਕ ਅਦਾਲਤਾਂ ਦੀ ਪਿਰਤ ਪਾਈ ਹੈ ਜਿਨ੍ਹਾਂ ਵਿਚ ਫੈਸਲੇ ਲੈਣ ਦੇ ਮਾਮਲੇ ਵਿਚ ਲੋਕਾਂ ਦੀ ਸਿੱਧੀ ਸ਼ਮੂਲੀਅਤ ਹੁੰਦੀ ਹੈ। ਕਿਸੇ ਵੀ ਬੰਦੇ ‘ਤੇ ਲੱਗੇ ਦੋਸ਼ਾਂ ਦੇ ਪੱਧਰ ਅਨੁਸਾਰ ਵੱਖ ਵੱਖ ਪੱਧਰ ਦੀਆਂ ਲੋਕ ਅਦਾਲਤਾਂ ਫੈਸਲੇ ਕਰਦੀਆਂ ਤੇ ਲਾਗੂ ਕਰਦੀਆਂ ਹਨ। ਗੱਦਾਰਾਂ ਤੇ ਪੁਲਿਸ ਮੁਖ਼ਬਰਾਂ ਨੂੰ ਮੌਤ ਤੱਕ ਦੀਆਂ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਨਿਊਜ਼ ਏਜੰਸੀ ਪੀæਟੀæਆਈæ ਮੁਤਾਬਕ, ਇਸ ਸਾਲ ਜੁਲਾਈ ਤੱਕ, ਸੱਤ ਮਹੀਨਿਆਂ ਵਿਚ 13 ਅਦਾਲਤਾਂ ਲੱਗੀਆਂ ਅਤੇ 25 ਬੰਦਿਆਂ ਨੂੰ ਸਖ਼ਤ ਸਜ਼ਾਵਾਂ ਹੋਈਆਂ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਉਹ ਵੀ ਸ਼ਰੇਆਮ
ਮਾਓਵਾਦੀਆਂ ਦੀ ਜਨਤਕ ਸਰਕਾਰ ਨੇ ਭੂਮੀ ਸੁਧਾਰ ਵੀ ਕੀਤੇ ਹਨ। ਇਨ੍ਹਾਂ ਇਲਾਕਿਆਂ ਵਿਚ ਪਈ ਸਰਕਾਰੀ ਅਤੇ ਬੇਆਬਾਦ ਜ਼ਮੀਨ ਦੇ ਛੋਟੇ-ਵੱਡੇ ਟੁਕੜਿਆਂ ਨੂੰ ਆਬਾਦ ਕਰ ਕੇ ਉਨ੍ਹਾਂ ਨੇ ਆਪਸ ਵਿਚ ਵੰਡ ਲਿਆ ਹੈ ਤੇ ਮਿਲ-ਜੁਲ ਕੇ ਖੇਤੀ ਕਰਦੇ ਹਨ। ਮੀਂਹ ਤੇ ਝਰਨਿਆਂ ਦਾ ਪਾਣੀ ਕੰਟਰੋਲ ਹੇਠ ਲਿਆ ਕੇ ਸਿੰਜਾਈ ਲਈ ਵਰਤਣ ਲੱਗੇ ਹਨ। ਦਾਲ ਤੇ ਚੌਲਾਂ ਦੀ ਮੁੱਠ ‘ਤੇ ਗੁਜ਼ਾਰਾ ਕਰਨ ਵਾਲੇ ਆਦਿਵਾਸੀਆਂ ਨੇ ਨਵੀਆਂ ਫਸਲਾਂ ਅਤੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਓਵਾਦੀ ਲਹਿਰ ਦੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਮਰਦ-ਔਰਤ ਦੇ ਆਪਸੀ ਰਿਸ਼ਤੇ ਵਿਚ ਵੱਡੀ ਤਬਦੀਲੀ ਆਈ ਹੈ। ਉਥੇ ਔਰਤ ਪਹਿਲਾਂ ਨਾਲੋਂ ਵੱਧ ਆਜ਼ਾਦ ਹੈ ਅਤੇ ਔਰਤ, ਮਰਦ ਦੇ ਬਰਾਬਰ ਆਣ ਖੜ੍ਹੀ ਹੋਈ ਹੈ। ਮਾਓਵਾਦੀਆਂ ਦੀ ਗੁਰੀਲਾ ਫੌਜ ਦੀਆਂ 27 ਡਿਵੀਜ਼ਨਾਂ ਵਿਚੋਂ 20 ਦੀਆਂ ਕਮਾਂਡਰ ਔਰਤਾਂ ਹਨ। ਲੜਾਕੂ ਕੇਡਰ ਵਿਚ ਔਰਤਾਂ ਦਾ ਅਨੁਪਾਤ 45% ਤੋਂ ਵਧ ਕੇ 60% ਹੋ ਗਿਆ ਹੈ। ਮਾਓਵਾਦੀ ਪਾਰਟੀ ਦੀ ਚੇਤੰਨ ਕੋਸ਼ਿਸ਼ ਅਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੇ ਇਹ ਕ੍ਰਿਸ਼ਮਾ ਬਹੁਤ ਥੋੜ੍ਹੇ ਸਮੇਂ ਵਿਚ ਕਰ ਦਿਖਾਇਆ ਹੈ।
ਮਾਓਵਾਦੀ ਇਲਾਕਿਆਂ ਵਿਚ ਜਾਤ-ਪਾਤ ਅਤੇ ਨਫ਼ਰਤ ਦੀ ਬੁਰਾਈ ਬਹੁਤ ਪਿੱਛੇ ਰਹਿ ਗਈ ਹੈ। ਸੁਰੱਖਿਆ ਬਲਾਂ ਤੇ ਸਰਕਾਰ ਖਿਲਾਫ਼ ਲੜੀ ਜਾ ਰਹੀ ਇਸ ਲੜਾਈ ਵਿਚ ਜਾਤ-ਪਾਤ ਤੇ ਕਬੀਲਿਆਂ ਦੀ ਆਪਸੀ ਸਾਂਝ ਵਾਲਾ ਪਹਿਲੂ ਮਜ਼ਬੂਤ ਹੋਇਆ ਹੈ। ਨੌਜਵਾਨਾਂ ਵਿਚ ਅੰਤਰਜਾਤੀ ਵਿਆਹਾਂ ਦੇ ਰੁਝਾਨ ਨੇ ਜ਼ੋਰ ਫੜਿਆ ਹੈ। ਊਚ-ਨੀਚ ਦੀਆਂ ਸਮਾਜਕ ਕੰਧਾਂ ਢਹਿ-ਢੇਰੀ ਹੋ ਰਹੀਆਂ ਹਨ। ਇਹ ਬੇਸ਼ੱਕ ਸ਼ੁਰੂਆਤੀ ਦੌਰ ਹੈ, ਪਰ ਇਹ ਲਹਿਰ ਦੀ ਬਾਹਰਮੁਖੀ ਤੇ ਅਣਸਰਦੀ ਲੋੜ ਬਣ ਗਈ ਹੈ।
ਉਪਰੋਕਤ ਸਿਆਸੀ, ਆਰਥਿਕ ਤੇ ਸਮਾਜਕ ਤਬਦੀਲੀਆਂ ਦੀ ਬਦੌਲਤ ਲੋਕਾਂ ਦੀ ਬਦਲੀ ਸੋਚ ਤੇ ਜੀਵਨ ਢੰਗ ਅਜਿਹਾ ਵਰਤਾਰਾ ਹੈ ਜਿਸ ਨੂੰ ਪਿਛਲਮੋੜਾ ਦੇਣਾ ਕਿਸੇ ਦੇ ਵੱਸ ਦੀ ਗੱਲ ਨਹੀਂ। ਅਣਖ ਨਾਲ ਜਿਉਣ ਦਾ ਗਰੂਰ ਅਤੇ ਬਿਹਤਰ ਜ਼ਿੰਦਗੀ ਲਈ ਲੜਨ ਦਾ ਸਰੂਰ, ਦੋ ਅਜਿਹੇ ਪਹਿਲੂ ਹਨ ਜਿਨ੍ਹਾਂ ਸਦਕਾ ਉਨ੍ਹਾਂ ਦਾ ਮਨੋਬਲ ਬਹੁਤ ਉਚਾ ਹੈ। ਤਾਕਤਵਰ ਸੁਰੱਖਿਆ ਬਲਾਂ ਖਿਲਾਫ਼ ਹੁਣ ਤੱਕ ਦੀ ਸਫ਼ਲ ਲੜਾਈ ਦਾ ਇਹੀ ਰਾਜ਼ ਹੈ।
ਸੁਰੱਖਿਆ ਬਲਾਂ ਦੀ ਸਥਿਤੀ ਬਿਲਕੁਲ ਉਲਟ ਹੈ। ਉਨ੍ਹਾਂ ਦਾ ਮਨੋਬਲ ਡਿੱਗ ਚੁੱਕਾ ਹੈ ਅਤੇ ਮਾਓਵਾਦੀ ਹਊਆ ਦਿਨ-ਰਾਤ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ। ਹਰ ਸਮੇਂ ਮਾਨਸਿਕ ਤਣਾਓ ਤੇ ਅਸੁਰੱਖਿਅਤ ਹਾਲਾਤ ਕਈ ਮਾਨਸਿਕ ਰੋਗਾਂ ਦਾ ਕਾਰਨ ਬਣ ਰਹੇ ਹਨ। ਖ਼ੁਦਕੁਸ਼ੀਆਂ ਦੀ ਦਰ ਉਚੀ ਹੈ। ਪਿਛਲੇ 4-5 ਸਾਲਾਂ ਵਿਚ 650 ਤੋਂ ਵੱਧ ਸਿਪਾਹੀ ਖੁਦਕੁਸ਼ੀਆਂ ਤੇ ਦਿਲ ਦੇ ਦੌਰੇ ਕਾਰਨ ਜ਼ਿੰਦਗੀ ਗੁਆ ਬੈਠੇ ਹਨ। ਐਨæਡੀæਟੀæਵੀæ ਦਾ ਪੱਤਰਕਾਰ ਸਿਧਾਰਥ ਰੰਜਨ ਦਾਸ ਜਦੋਂ ਮਾਓਵਾਦੀ ਇਲਾਕਿਆਂ ਵਿਚ ਦੌਰੇ ‘ਤੇ ਗਿਆ ਤਾਂ ਉਸ ਨੂੰ ਸੀæਆਰæਪੀæਐਫ਼ ਦੇ ਸਿਪਾਹੀਆਂ ਨੇ ਦੱਸਿਆ ਕਿ ਉਹ ਬਾਰਡਰ ‘ਤੇ ਡਿਊਟੀ ਸਮੇਂ ਬਹੁਤ ਖੁਸ਼ ਅਤੇ ਸੌਖੇ ਸਨ।
ਸਰਕਾਰ ਵੀ ਸੁਰੱਖਿਆ ਬਲਾਂ ਦੇ ਡਿੱਗ ਚੁੱਕੇ ਮਨੋਬਲ ਤੋਂ ਭਲੀਭਾਂਤ ਜਾਣੂ ਹੈ। ਇਸੇ ਲਈ ਉਹ ਮਨੋਬਲ ਉਚਾ ਚੁੱਕਣ ਲਈ ਹਰ ਹੀਲਾ ਵਰਤ ਰਹੀ ਹੈ। ਮਾਓਵਾਦੀ ਖਤਰੇ ਵਾਲੇ ਇਲਾਕਿਆਂ ਵਿਚ 400 ਨਵੇਂ ਥਾਣੇ ਬਣਾਏ ਜਾ ਰਹੇ ਹਨ ਤਾਂ ਕਿ ਇਨ੍ਹਾਂ ਕਿਲ੍ਹੇਬੰਦ ਥਾਣਿਆਂ ਵਿਚ ਰਹਿਣ ਸਮੇਂ ਸਿਪਾਹੀ ਬੇਖੌਫ਼ ਤੇ ਸੌਖੇ ਮਹਿਸੂਸ ਕਰ ਸਕਣ। ਇਨ੍ਹਾਂ ਥਾਣਿਆਂ ਉਤੇ 400 ਕਰੋੜ ਰੁਪਏ ਖਰਚ ਕਰਨ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰਾਂ ਨੇ ਸਿਪਾਹੀਆਂ ਲਈ ਆਪੋ-ਆਪਣੇ ਪੱਧਰ ‘ਤੇ ਤਨਖ਼ਾਹਾਂ ਵਿਚ ਵਾਧੇ ਤੋਂ ਇਲਾਵਾ ਸਹੂਲਤਾਂ ਦੇ ਵੱਡੇ ਪੈਕੇਜ ਜਾਰੀ ਕੀਤੇ ਹਨ ਤੇ ਉਨ੍ਹਾਂ ਦਾ ਜੀਵਨ ਬੀਮਾ ਪੰਜ ਗੁਣਾਂ ਵਧਾ ਦਿੱਤਾ ਹੈ, ਤਾਂ ਕਿ ਮਾਰੇ ਜਾਣ ਦੀ ਸੂਰਤ ਵਿਚ ਸਿਪਾਹੀ ਆਪਣੇ ਪਰਿਵਾਰ ਦੇ ਰੁਲਣ ਬਾਰੇ ਸੋਚਣ ਤੱਕ ਨਾ। ਇਹ ਵੀ ਖ਼ਬਰ ਹੈ ਕਿ ਸਿਪਾਹੀਆਂ ਦਾ ਮਨੋਬਲ ਬਹਾਲ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੀæਆਰæਪੀæਐਫ਼ ਦੇ ਕੈਂਪਾਂ ਵਿਚ ਰਾਤ ਗੁਜ਼ਾਰ ਕੇ ਆਇਆ ਹੈ।
ਆਦੀਵਾਸੀ, ਮਾਓਵਾਦੀ ਗੁਰੀਲਾ ਫੌਜ ਵਿਚ ਮਨਮਰਜ਼ੀ ਨਾਲ ਭਰਤੀ ਹੋਏ ਹਨ ਅਤੇ ਕੋਈ ਵੀ ਗੁਰੀਲਾ ਤਨਖਾਹ ਨਹੀਂ ਲੈਂਦਾ। ਇਸੇ ਲਈ ਉਹ ਸਰਕਾਰੀ ਸਿਪਾਹੀਆਂ ਨੂੰ ਭਾੜੇ ਦੇ ਸਿਪਾਹੀ ਆਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਲੱਖ ਕੋਸ਼ਿਸ਼ਾਂ ਕਰੇ, ਪਰ ਸਰਕਾਰੀ ਸਿਪਾਹੀਆਂ ਵਿਚ ਉਨ੍ਹਾਂ ਵਾਲਾ ਜੋਸ਼-ਖ਼ਰੋਸ਼ ਨਹੀਂ ਆ ਸਕਦਾ; ਸਗੋਂ ਉਹ ਤਾਂ ਜਮਾਤੀ ਸਾਂਝ ਦਾ ਵਾਸਤਾ ਪਾ ਕੇ ਸਿਪਾਹੀਆਂ ਨੂੰ ਅਪੀਲਾਂ ਕਰ ਰਹੇ ਹਨ ਕਿ ਉਹ ਸੁਰੱਖਿਆ ਬਲਾਂ ਨੂੰ ਛੱਡ ਕੇ ਉਨ੍ਹਾਂ ਵਿਚ ਰਲ ਜਾਣ।
ਇਕ ਹੋਰ ਅਹਿਮ ਪਹਿਲੂ ਇਹ ਹੈ ਕਿ ਮਾਓਵਾਦੀ ਗੁਰੀਲਾ ਫੌਜ ਅਤੇ ਮਲੀਸ਼ੀਆਂ ਦੇ ਮੈਂਬਰ ਸਥਾਨਕ ਹਨ ਜਿਸ ਕਰ ਕੇ ਉਹ ਜੰਗਲਾਂ ਤੇ ਪਹਾੜਾਂ ਦੇ ਚੱਪੇ ਚੱਪੇ ਤੋਂ ਜਾਣੂ ਹਨ। ਵਾਧੇ ਵਾਲੀ ਗੱਲ ਇਹ ਹੈ ਕਿ ਸਥਾਨਕ ਲੋਕਾਂ ਦੀ ਬਹੁਗਿਣਤੀ ਵੀ ਉਨ੍ਹਾਂ ਦੇ ਨਾਲ ਹੈ। ਇਹੀ ਕਾਰਨ ਹੈ ਕਿ ਸੁਰੱਖਿਆ ਦਲਾਂ ‘ਤੇ ਹਮਲੇ ਪਿਛੋਂ ਮਾਓਵਾਦੀ ਗੁਰੀਲੇ ਸੌਖ ਨਾਲ ਹੀ ਛੁਪ ਜਾਂਦੇ ਹਨ। ਪਿੱਛਾ ਕਰਨ ‘ਤੇ ਕਦੇ ਇਕ ਵੀ ਗੁਰੀਲਾ ਸੁਰੱਖਿਆ ਬਲਾਂ ਦੇ ਹੱਥ ਨਹੀਂ ਆਇਆ। ਜੇ ਠੀਕ ਕਹਿਣਾ ਹੋਵੇ ਤਾਂ ਇਸ ਪੱਖੋਂ ਸੁਰੱਖਿਆ ਦਲ ਬਹੁਤ ਹੀ ਘਾਟੇਵੰਦੇ ਹਾਲਤ ਵਿਚ ਹਨ ਅਤੇ ਮਾਓਵਾਦੀਆਂ ਦੀ ਲੱਤ ਉਪਰ ਹੈ।
ਜ਼ਾਹਿਰ ਹੈ, ਮਾਓਵਾਦੀਆਂ ਨੂੰ ਭਾਂਜ ਦੇਣੀ ਸੁਰੱਖਿਆ ਬਲਾਂ ਦੇ ਵੱਸ ਦੀ ਗੱਲ ਨਹੀਂ ਲੱਗਦੀ, ਅਗੇਤੇ-ਪਛੇਤੇ ਸਰਕਾਰ ਨੂੰ ਫੌਜ ਬੁਲਾਉਣੀ ਪੈਣੀ ਹੈ। ਇਹ ਵੀ ਸਪਸ਼ਟ ਹੈ ਕਿ ਭਾਰਤੀ ਫੌਜ ਜਿੰਨੀ ਤਾਕਤਵਰ ਹੈ, ਇਹ ਇਕ ਵਾਰ ਮਾਓਵਾਦੀਆਂ ਨੂੰ ਖਦੇੜ ਦੇਵੇਗੀ, ਪਰ ਉਹ ਫਿਰ ਆ ਜਾਣਗੇ, ਹੋਰ ਨਵੇਂ ਪੈਦਾ ਕਰ ਲੈਣਗੇ; ਕਿਉਂਕਿ ਉਨ੍ਹਾਂ ਦੀ ਰਣਨੀਤੀ ਹੀ ਇਹੋ ਹੈ। 10 ਕੁ ਸਾਲ ਪਹਿਲਾਂ ਮਾਓਵਾਦੀਆਂ ਨੇ ਕਿਹਾ ਸੀ, ਭਾਰਤੀ ਇਨਕਲਾਬ ਨੂੰ 50 ਕੁ ਸਾਲ ਲੱਗ ਸਕਦੇ ਹਨ। ਜ਼ਾਹਿਰ ਹੈ ਕਿ ਉਹ ਮੰਨ ਕੇ ਚੱਲ ਰਹੇ ਹਨ ਕਿ ਭਾਰਤੀ ਸਟੇਟ ਖਿਲਾਫ਼ ਉਨ੍ਹਾਂ ਦੀ ਲੜਾਈ ਲੰਮੀ ਅਤੇ ਲਮਕਵੀਂ ਹੈ ਤੇ ਉਹ ਤਿਆਰੀ ਵੀ ਇਸੇ ਹਿਸਾਬ ਨਾਲ ਕਰ ਰਹੇ ਹਨ। ਦੋਵੇਂ ਧਿਰਾਂ ਇਕ-ਦੂਜੀ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਮਾਓਵਾਦੀਆਂ ਦੀ ਪਾਲਸੀ ਹੈ ਕਿ ਜੰਗਲਾਂ ਪਹਾੜਾਂ ਵਿਚ ਪੈਰ ਜਮਾ ਕੇ ਇਸ ਨੂੰ ਆਧਾਰ ਇਲਾਕੇ ਦੇ ਤੌਰ ‘ਤੇ ਵਰਤਦਿਆਂ, ਇਨਕਲਾਬੀ ਲਹਿਰ ਦਾ ਪਸਾਰਾ ਮੁਲਕ ਦੇ ਬਾਕੀ ਹਿੱਸਿਆਂ ਵਿਚ ਵੀ ਕੀਤਾ ਜਾਵੇ। ਸਰਕਾਰ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਨੂੰ ਜੰਗਲਾਂ ਤੋਂ ਬਾਹਰ ਨਾ ਫੈਲਣ ਦਿੱਤਾ ਜਾਵੇ ਤੇ ਲਹਿਰ ਨੂੰ ਕਮਜ਼ੋਰ ਕਰਕੇ ਉਥੇ ਈ ਜਾਮ ਕਰ ਦਿੱਤਾ ਜਾਵੇ। ਮਾਓਵਾਦੀਆਂ ਦੀ ਕੋਸ਼ਿਸ਼ ਹੈ ਕਿ ਜਨਤਕ ਸਰਕਾਰ ਦੇ ਤਜਰਬੇ ਅਤੇ ਪ੍ਰਾਪਤੀਆਂ ਮੁਲਕ ਦੇ ਬਾਕੀ ਹਿੱਸਿਆਂ ਵਿਚ ਖੂਬ ਪ੍ਰਚਾਰੀਆਂ ਜਾਣ, ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਜਨ ਸਰਕਾਰ ਦੀ ਜੇ ਕੋਈ ਗੱਲ ਬਾਹਰ ਜਾਂਦੀ ਵੀ ਹੈ ਤਾਂ ਇਸ ਦਾ ਵਿਗੜਿਆ ਹੋਇਆ ਮੁਹਾਂਦਰਾ ਹੀ ਜਾਵੇ।
ਹਾਲਾਤ ਕੀ ਮੋੜਾ ਲੈਂਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ। ਭਾਰਤੀ ਸਿਆਸੀ, ਆਰਥਿਕ ਤੇ ਸਮਾਜਕ ਸਿਸਟਮ ਜਿੰਨੀਆਂ ਬੁਰਾਈਆਂ ਤੇ ਬਦਫੈਲੀਆਂ ਨੂੰ ਜਨਮ ਦੇ ਰਿਹਾ ਹੈ, ਤੇ ਇਸ ਲੋਕ-ਵਿਰੋਧੀ ਸਿਸਟਮ ਦੀਆਂ ਨੁਮਾਇੰਦਾ ਕੇਂਦਰੀ ਤੇ ਸੂਬਾ ਸਰਕਾਰਾਂ, ਜਿੰਨੀਆਂ ਕੁਰੱਪਟ, ਨੀਰਸ ਅਤੇ ਵਿਕਾਊ ਹਨ, ਰਲਾ-ਮਿਲਾ ਕੇ ਮਾਓਵਾਦੀ ਪ੍ਰੋਗਰਾਮ ਦੇ ਵਧਾਰੇ ਲਈ ਜ਼ਰਖੇਜ਼ ਜ਼ਮੀਨ ਤਿਆਰ ਹੋ ਰਹੀ ਹੈ। ਮਾਓਵਾਦੀ ਜੇ ਸੱਚਮੁੱਚ ਆਪਣੇ ਪ੍ਰੋਗਰਾਮ ਨੂੰ ਮੁਲਕ ਦੇ ਲੋਕਾਂ ਵਿਚ ਲਿਜਾਣ ਅਤੇ ਸਮਝਾਉਣ ਵਿਚ ਕਾਮਯਾਬ ਹੋ ਜਾਂਦੇ ਹਨ, ਤਾਂ ਹਥਿਆਰਬੰਦ ਇਨਕਲਾਬ ਨੂੰ ਕੋਈ ਕਿਵੇਂ ਰੋਕ ਸਕਦਾ ਹੈ?